'ਮੇਰੇ ਭਰਾ ਨੇ ਕਿਸੇ ਹੱਥ ਸਲਫਾਸ ਭੇਜੀ ਹੈ ਤੇ ਮੈਂ , ਪਤੀ ਤੇ ਧੀ ਖਾਕੇ ਮਰਨ ਜਾ ਰਹੇ ਹਾਂ' - ਖੁਦਕਸ਼ੀ ਤੋਂ ਪਹਿਲਾਂ ਬਣਾਈ ਵੀਡੀਓ

    • ਲੇਖਕ, ਗੁਰਪ੍ਰੀਤ ਸਿੰਘ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

''ਮੇਰੇ ਭਰਾ ਨੇ ਕਿਸੇ ਹੱਥ ਸਲਫਾਸ ਭੇਜੀ ਹੈ, ਮੈਂ, ਮੇਰਾ ਪਤੀ ਤੇ ਮੇਰੀ ਧੀ ਖਾ ਕੇ ਤਿੰਨੇ ਜਣੇ ਖੁਦਕਸ਼ੀ ਕਰ ਰਹੇ ਹਾਂ'', ਇਹ ਆਖ਼ਰੀ ਸ਼ਬਦ ਗੁਰਦਾਸਪੁਰ ਦੇ ਧਾਰੀਵਾਲ ਕਸਬੇ ਦੀ ਭਾਰਤੀ ਸ਼ਰਮਾ ਦੇ ਹਨ।

ਆਪਣੇ ਘਰ ਦੀ ਪਹਿਲੀ ਮੰਜ਼ਿਲ ਦੇ ਕਮਰੇ ਵਿਚ ਦਰਵਾਜ਼ੇ ਬੰਦ ਕਰਕੇ ਜਦੋਂ ਉਹ ਵੀਡੀਓ ਬਣਾ ਰਹੀ ਸੀ ਤਾਂ ਪਤੀ ਸਲਫਾਸ ਖਾ ਰਿਹਾ ਸੀ ਅਤੇ ਨਾਬਾਗਲ ਧੀ ਬੈੱਡ ਉੱਤੇ ਬੈਠੀ ਸੀ।

ਭਾਰਤੀ ਦਾ ਅੱਗੇ ਕਹਿਣਾ ਸੀ ਕਿ ਮਰਨ ਨੂੰ ਕਿਸਦਾ ਮਨ ਕਰਦਾ ਹੈ, ਪਰ ਕੀ ਕਰੀਏ ਸਾਨੂੰ ਮਜ਼ਬੂਰ ਕਰ ਦਿੱਤਾ ਗਿਆ ਹੈ। ਹਾਲਾਤ ਲਈ ਉਹ ਆਪਣੇ ਭਰਾ ਪ੍ਰਦੀਪ ਦੇ ਨਾਲ ਹੋ ਕਈ ਜਣਿਆਂ ਦਾ ਨਾਂ ਲੈ ਰਹੇ ਸਨ।

ਇਹ ਵੀਡੀਓ ਜਦੋਂ ਵਾਇਰਲ ਹੋਈ ਅਤੇ ਉਨ੍ਹਾਂ ਦਾ ਪੁੱਤਰ ਤੇ ਹੋਰ ਰਿਸ਼ਤੇਦਾਰ ਘਰ ਪਹੁੰਚੇ ਉਦੋਂ ਤੱਕ ਭਾਣਾ ਵਰਤ ਚੁੱਕਾ ਸੀ।

ਇਹ ਵੀ ਪੜ੍ਹੋ

ਕੀ ਦੱਸਿਆ ਖੁਦਕਸ਼ੀ ਦਾ ਕਾਰਨ

ਪੈਸਿਆਂ ਦੇ ਲੈਣ-ਦੇਣ ਤੋਂ ਦੁਖੀ ਹੋ ਕੇ ਤੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਪਤੀ, ਪਤਨੀ ਅਤੇ ਨਾਬਾਲਗ ਧੀ ਵਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕੀਤੇ ਜਾਣ ਦੀ ਪੁਲਿਸ ਨੇ ਪੁਸ਼ਟੀ ਕੀਤੀ ਹੈ।

ਇਸ ਮਾਮਲੇ 'ਚ ਪੁਲਿਸ ਥਾਣਾ ਧਾਰੀਵਾਲ ਵਲੋਂ 10 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਮੁਤਾਬਕ ਪਰਿਵਾਰ ਵਲੋਂ ਆਤਮਹੱਤਿਆ ਕਰਨ ਤੋਂ ਪਹਿਲਾ ਇਕ ਵੀਡੀਓ ਬਣਾਇਆ ਗਿਆ। ਇਨ੍ਹਾਂ ਨੇ ਆਪਬੀਤੀ ਸੁਣਾ ਕੇ ਵੀਡੀਓ ਵਾਇਰਲ ਕਰਕੇ ਆਪਣੀ ਜੀਵਨਲੀਲਾ ਖਤਮ ਕੀਤੀ ਦਿੱਤੀ।

ਇਸੇ ਪਰੇਸ਼ਾਨੀ ਕਾਰਨ ਪਰਿਵਾਰ ਦੇ ਤਿੰਨੇ ਜੀਅ, ਪਤੀ-ਪਤਨੀ ਅਤੇ ਬੇਟੀ ਵਲੋਂ ਆਤਮਹੱਤਿਆ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵੀਡੀਓ ਅਤੇ ਮ੍ਰਿਤਕ ਦੇ ਬੇਟੇ ਕੁਨਾਲ ਦੇ ਬਿਆਨ ਉੱਤੇ ਪ੍ਰਦੀਪ ਸਮੇਤ 10 ਲੋਕਾਂ ਖਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਐਸ ਪੀ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮ੍ਰਿਤਕ ਭਾਰਤੀ ਸ਼ਰਮਾ ਦਾ ਆਪਣੇ ਭਰਾ ਪ੍ਰਦੀਪ ਸ਼ਰਮਾ ਨਾਲ ਪੈਸੇ ਦਾ ਲੈਣ ਦੇਣ ਸੀ ਅਤੇ ਉਹਨਾਂ ਦੋਵਾਂ ਪਰਿਵਾਰਾਂ ਚ ਉਸ ਦਾ ਝਗੜਾ ਚਲ ਰਿਹਾ ਸੀ।

ਮ੍ਰਿਤਕ ਦੇ ਜੋੜੇ ਦੇ ਪੁੱਤਰ ਦੇ ਇਲਜ਼ਾਮ

ਮ੍ਰਿਤਕ ਦੇ ਬੇਟੇ ਕੁਨਾਲ ਸ਼ਰਮਾ (19 ਸਾਲ) ਮੁਤਾਬਕ ਜਿਸ ਸਮੇ ਉਸ ਦੇ ਪਿਤਾ, ਮਾਂ ਅਤੇ ਭੈਣ ਨੇ ਇਹ ਕਦਮ ਚੁੱਕਿਆ ਤਾਂ ਉਹ ਵੀ ਘਰ ਵਿਚ ਨਹੀਂ ਸੀ ਲੇਕਿਨ ਉਹਨਾਂ ਆਪਣੇ ਕਮਰੇ ਨੂੰ ਅੰਦਰੋਂ ਬੰਦ ਕਰ ਇਹ ਕਦਮ ਪੁਟਿਆ ਹੈ |

ਕੁਨਾਲ ਦਾ ਕਹਿਣਾ ਹੈ ਕਿ ਉਸ ਦਾ ਮਾਮਾ ਅਤੇ ਉਹਨਾਂ ਦੇ ਹੋਰ ਰਿਸਤੇਦਾਰ ਅਤੇ ਹੋਰਨਾਂ ਲੋਕ ਲਗਾਤਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਸਾਡੇ ਘਰ ਆਉਂਦੇ ਸਨ ਅਤੇ ਮੇਰੇ ਮਾਤਾ-ਪਿਤਾ ਅਤੇ ਪਰਿਵਾਰ ਨੂੰ ਧਮਕੀਆਂ ਦੇਂਦੇ ਸਨ ਅਤੇ ਜਿਸ ਕਾਰਨ ਮਾਨਸਿਕ ਪ੍ਰੇਸ਼ਾਨੀ ਬਹੁਤ ਸੀ।

ਇਸ ਤੋਂ ਇਲਾਵਾ ਕੁਨਾਲ ਨੇ ਪੁਲਿਸ ਨੂੰ ਦੱਸਿਆ, ''ਮੇਰੇ ਮਾਮਾ ਪ੍ਰਦੀਪ ਸ਼ਰਮਾ ਆਪਣੀ ਪਤਨੀ ਨੀਤੀ ਪਠਾਨੀਆਂ ਦੇ ਇਲਾਜ ਦਾ ਬਹਾਨਾ ਬਣਾ ਕੇ ਸਾਡੀ ਕਾਰ ਮੰਗ ਕੇ ਲੈ ਗਿਆ ਤੇ ਕਾਰ ਵਿਚ ਪਈ ਮੇਰੀ ਮਾਤਾ ਦੀ ਐਚ.ਡੀ.ਐਫ.ਸੀ. ਬੈਂਕ ਦੀ ਚੈੱਕ ਬੁੱਕ ਵਿਚੋਂ ਕੁਝ ਚੈੱਕ ਚੋਰੀ ਕਰ ਲਈ।''

''ਮਾਤਾ ਦੇ ਜਾਅਲੀ ਹਸਤਾਖਰ ਕਰਕੇ ਮੇਰੇ ਮਾਤਾ-ਪਿਤਾ ਕੋਲੋਂ ਪੈਸੇ ਲੈਣ ਲਈ ਤੰਗ ਪ੍ਰੇਸ਼ਾਨ ਕਰਨਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ।ਜਿਸ ਤੋਂ ਦੁੱਖੀ ਹੋ ਕੇ ਮੇਰੇ ਮਾਤਾ-ਪਿਤਾ ਅਕਸਰ ਮਾਨਸਿਕ ਪ੍ਰੇਸ਼ਾਨੀ ਵਿਚ ਰਹਿੰਦੇ ਸਨ।''

ਇਸ ਦੇ ਨਾਲ ਹੀ ਵਾਇਰਲ ਵੀਡੀਓ ਵਿਚ ਵੀ ਭਾਰਤੀ ਸ਼ਰਮਾ ਵਲੋਂ ਆਪਣੇ ਭਰਾ ਪ੍ਰਦੀਪ ਸ਼ਰਮਾ ਅਤੇ ਹੋਰਨਾਂ ਬਾਰੇ ਇਲਜ਼ਾਮ ਲਗਾਏ ਹਨ ਤੇ ਇਥੋਂ ਤੱਕ ਆਖਿਆ ਗਿਆ ਕਿ ਉਸਦੇ ਭਰਾ ਨੇ ਹੀ ਕਿਸੇ ਦੇ ਹੱਥ ਸਲਫਾਸ ਦੀਆਂ ਗੋਲੀਆਂ ਭੇਜੀਆਂ ਹਨ ਕਿ ਇਹ ਸਲਫਾਸ ਦੀਆਂ ਗੋਲੀਆਂ ਖਾ ਕੇ ਪਰਿਵਾਰ ਸਮੇਤ ਮਰ ਜਾਵੋ।

ਕੁਨਾਲ ਸ਼ਰਮਾ ਮੁਤਾਬਕ ਜਦ ਉਸ ਦੇ ਮਾਤਾ ਪਿਤਾ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆਂ ਦੀ ਵੀਡੀਓ ਵਾਈਰਲ ਕੀਤੀ ਤਾਂ ਉਸ ਵੇਲੇ ਉਹ ਆਪਣੇ ਘਰ ਉੱਪਰਲੇ ਕਮਰੇ ਵਿਚ ਸੀ।

ਇਸ ਬਾਬਤ ਪਤਾ ਲੱਗਣ ਤੇ ਉਸ ਵਲੋਂ ਪਿਤਾ ਦਾ ਕਮਰਾ ਖੜਕਾਇਆ ਗਿਆ ਤਾਂ ਉਹ ਕਮਰੇ ਦਾ ਦਰਵਾਜਾ ਬੰਦ ਸੀ।

ਉਹ ਦਰਵਾਜਾ ਤੋੜ ਕੇ ਅੰਦਰ ਗਿਆ ਤਾਂ ਮਾਤਾ ਭਾਰਤੀ ਸ਼ਰਮਾ ਨੇ ਦੱਸਿਆ ਕਿ ਉਸਨੇ ਅਤੇ ਉਸਦੇ ਪਿਤਾ ਨਰੇਸ਼ ਕੁਮਾਰ ਅਤੇ ਭੈਣ ਮਾਨਸੀ ਨੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਹਨ ਅਤੇ ਸਾਰੀ ਗੱਲ ਫੋਨ ਵਿਚ ਰਿਕਾਰਡ ਵੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)