ਕਿਸਾਨ ਅੰਦੋਲਨ: ਕਿਸਾਨ ਜਥੇਬੰਦੀਆਂ ਦੀ ਇਹ ਹੈ 5 ਨੁਕਾਤੀ ਅਗਲੀ ਰਣਨੀਤੀ - ਸਿੰਘੂ ਬਾਰਡਰ ਉੱਤੇ ਹੋਇਆ ਐਲਾਨ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਸੰਗਠਨਾਂ ਨੇ ਸਿੰਘੂ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਕਰਕੇ ਅਗਲੀ ਰਣਨੀਤੀ ਦਾ ਐਲਾਨ ਕੀਤਾ। ਦੂਜੇ ਪਾਸੇ ਪੰਜਾਬ ਵਿਚ ਆਮਦਨ ਕਰ ਦੀ ਛਾਪਮੇਰੀ ਖ਼ਿਲਾਫ਼ ਆੜ੍ਹਤੀਆਂ ਅੱਜ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਪ੍ਰੇਮ ਸਿੰਘ ਭੰਗੂ ਪ੍ਰਧਾਨ, ਕਿਸਾਨ ਕਨਫੈਡਰੇਸ਼ਨ ਅਤੇ ਹਰਿੰਦਰ ਸਿੰਘ ਲੱਖੋਵਾਲ, ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਹਰਦੇਵ ਸਿੰਘ ਸੰਧੂ,ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਨੇ ਸਾਂਝੀ ਪ੍ਰੈਸ ਕਾਨਫਰੰਸ ਵਿਚ ਅਗਲੀ ਰਣਨੀਤੀ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ:

ਪ੍ਰੈਸ ਕਾਨਫੰਰਸ ਦੌਰਾਨ ਜੋ ਨੁਕਤੇ ਸਾਂਝੇ ਕੀਤੇ

  • 23 ਅਤੇ 26-27 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦਾ 'ਸ਼ਹੀਦੀ ਦਿਹਾੜਾ' ਮਨਾਇਆ ਜਾਵੇਗਾ। ਜਿਸ ਵਿਚ ਰਾਗੀ ਢਾਡੀ, ਕਵੀਸ਼ਰੀ ਜਥੇ ਅਤੇ ਵਿਦਵਾਨ ਹਿੱਸਾ ਲੈਣਗੇ।
  • ਕਿਸਾਨ ਇੰਗਲੈਂਡ ਦੇ ਸੰਸਦ ਮੈਂਬਰਾਂ ਨੂੰ ਅਪੀਲ ਕਰਨਗੇ ਕਿ ਉਹ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਉੱਤੇ ਦਬਾਅ ਪਾਉਣ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਭਾਰਤ ਦੌਰਾ ਨਾ ਕਰਨ।
  • ਭਾਰਤ ਸਰਕਾਰ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਸਮਾਗਮਾਂ ਵਿਚ ਮੁੱਖ ਮਹਿਮਾਨ ਵਲੋਂ ਬੁਲਾਇਆ ਹੈ।
  • ਵਿਦੇਸ਼ੀ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਆਪੋ ਆਪਣੇ ਮੁਲਕਾਂ ਵਿਚ ਭਾਰਤੀ ਅੰਬੈਸੀਆਂ ਅੱਗੇ ਮੁਜ਼ਾਹਰੇ ਕਰਕੇ ਮੋਦੀ ਸਰਕਾਰ ਉੱਤੇ ਦਬਾਅ ਬਣਾਉਣ।
  • ਸਰਕਾਰੀ ਪ੍ਰਾਪੇਗੰਡੇ ਦਾ ਸੋਸ਼ਲ ਮੀਡੀਆ ਉੱਤੇ ਟਾਕਰਾ ਕਰਨ ਲਈ ਪ੍ਰੋਗਰਾਮ ਬਣਾਇਆ ਹੈ। 10 ਲੱਖ ਹਿੰਦੀ , 10 ਲੱਖ ਪੰਜਾਬੀ ਤੇ 5 ਲੱਖ ਅੰਗਰੇਜ਼ੀ ਵਿਚ ਕਿਤਾਬਚੇ ਵੰਡੇ ਜਾਣਗੇ। ਪਿੰਡਾਂ ਵਿਚ ਗੁਰਦੁਆਰਿਆਂ ਦੇ ਸਪੀਕਰਾਂ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ।
  • 24 ਦਸੰਬਰ ਨੂੰ ਕਿਸਾਨ ਲੀਡਰਾਂ ਦਾ ਲਾਈਵ ਵੈਬੀਨਾਰ ਹੋਵੇਗਾ ਜਿਸ 'ਚ ਲੋਕ ਅੰਦੋਲਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਵਾਲ ਕਰ ਸਕਦੇ ਹਨ। ਇਹ ਵੈਬੀਨਾਰ 24 ਦਸੰਬਰ ਨੂੰ ਦੁਪਹਿਰ 12 ਵਜੇ ਹੋਵੇਗਾ ਜਿਸ ਵਿੱਚ ਪੰਜ ਕਿਸਾਨ ਲੀਡਰ ਬੈਠਣਗੇ ਜੋ ਤੁਹਾਡੇ ਸਵਾਲਾਂ ਦਾ ਜਵਾਬ ਦੇਣਗੇ। ਇਸ ਵੈਬੀਨਾਰ ਦਾ ਲਿੰਕ ਕਿਸਾਨ ਅੰਦੋਲਨ ਦੇ ਡਿਜੀਟਲ ਪਲੈਟਫਾਰਮ 'ਤੇ ਪਾਇਆ ਜਾਵੇਗਾ। ਪਹਿਲੇ ਜ਼ੂਮ ਲਿੰਕ 'ਚ 10,000 ਲੋਕ ਜੁੜ ਸਕਦੇ ਹਨ।
  • ਅਗਲੇ ਕੁਝ ਦਿਨਾਂ ਵਿਚ ਹਰਿਆਣਾ ਵਿਚ ਵੀ ਟੋਲ ਪਲਾਜ਼ੇ ਪਰਚੀ ਮੁਕਤ ਕਰਵਾਏ ਜਾਣਗੇ।

ਉਗਰਾਹਾਂ ਤੇ ਪੰਧੇਰ ਨੇ ਕੀ ਕਿਹਾ

ਕੇਂਦਰ ਸਰਕਾਰ ਵਲੋਂ ਭੇਜੇ ਗੱਲਬਾਤ ਦੇ ਸੱਦੇ ਬਾਰੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਇਹ ਗੱਲਬਾਤ ਦਾ ਸੱਦਾ ਨਹੀਂ ਬਲਕਿ ਇੱਕ ਪੰਜ ਪੇਜ਼ਾਂ ਦੀ ਚਿੱਠੀ ਹੈ।

ਜਿਸ ਵਿਚ ਪੂਰਾ ਗੱਲਬਾਤ ਦਾ ਪ੍ਰੋਸੈਸ ਦੱਸਦਿਆਂ ਲੋਕਾਂ ਵਿਚ ਭਰਮ ਖੜਾ ਕਰਨ ਲਈ ਭੇਜਿਆ ਗਿਆ ਹੈ। ਟਿਕਰੀ ਬਾਰਡਰ ਉੱਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ਮੈਂ ਆਪਣੇ 35-40 ਸਾਲਾਂ ਦੇ ਜਨਤਕ ਅੰਦੋਲਨਾਂ ਦੇ ਸਮੇਂ ਵਿਚ ਪਹਿਲੀ ਵਾਰ ਦੇਖਿਆ ਹੈ ਕਿ ਸਰਕਾਰ ਕਹਿ ਰਹੀ ਕਿ ਸਮਾਂ ਵੀ ਤੁਹਾਡਾ ਅਤੇ ਥਾਂ ਵੀ ਤੁਹਾਡਾ।

ਉਗਰਾਹਾਂ ਨੇ ਕਿਹਾ ਕਿ ਅਸਲ ਵਿਚ ਇਸ ਚਿੱਠੀ ਰਾਹੀ ਇਹ ਸਾਬਤ ਕਰਨਾ ਚਾਹੁੰਦੀ ਹੈ ਕਿ ਉਹ ਗੱਲਬਾਤ ਸੋਧਾਂ ਦੇ ਦਾਇਰੇ ਵਿਚ ਹੀ ਰਹਿ ਕੇ ਕਰਨਾ ਚਾਹੁੰਦੀ ਹੈ।

ਉਸ ਨੇ ਇਹ ਸੋਧਾਂ ਕਰਨ ਦੀ ਗੱਲ ਮੰਨ ਕੇ ਅਤੇ ਹੋਰ ਸੋਧਾਂ ਲਈ ਤਿਆਰ ਹੋਕੇ ਇਹ ਸਵਿਕਾਰ ਕਰ ਲਿਆ ਹੈ ਕਿ ਕਾਨੂੰਨਾਂ ਵਿਚ ਕੁਝ ਨਾ ਕੁਝ ਗਲਤ ਜਰੂਰ ਹੈ।

ਭਰਮ ਪੈਦਾ ਕਰਨ ਦੇ ਯਤਨ ਵਿਚ ਸਰਕਾਰ

ਉਗਰਾਹਾਂ ਨੇ ਕਿਹਾ ਕਿ ਸਰਕਾਰ ਘੋਲ ਤੋਂ ਬਾਹਰ ਬੈਠੇ ਲੋਕਾਂ ਨੂੰ ਆਪਣੇ ਗੋਦੀ ਮੀਡੀਆ ਰਾਹੀ ਇਹ ਜਚਾ ਰਹੀ ਹੈ ਕਿ ਸਰਕਾਰ ਨੇ ਚਿੱਠੀ ਭੇਜੀ ਹੋਈ ਹੈ ਪਰ ਕਿਸਾਨ ਗੱਲਾਬਤ ਲਈ ਨਹੀਂ ਆ ਰਹੇ।

ਉਨ੍ਹਾਂ ਕਿਹਾ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਸੋਧਾਂ ਕਰਵਾ ਲਵੋ, ਗੱਲਬਾਤ ਲਈ ਆ ਜਾਓ, ਪਰ ਉਹ ਕਾਨੂੰਨ ਰੱਦ ਕਰਨ ਲਈ ਤਿਆਰ ਨਹੀਂ ਹੈ।

ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਦੋ ਜਥੇਬੰਦੀਆਂ ਇਸ ਨੂੰ ਸੱਦਾ ਪੱਤਰ ਨਾ ਸਮਝ ਕੇ ਚਿੱਠੀ ਸਮਝ ਰਹੇ ਹਨ।

ਇਸ ਬਾਰੇ ਫੈਸਲਾ ਹੁਣ ਜਥੇਬੰਦੀਆਂ ਨੇ ਅਜੇ ਕਰਨਾ ਹੈ।

ਸਰਕਾਰ ਨਾਲ ਅਗਲੀ ਬੈਠਕ ਬਾਰੇ ਕਿਸਾਨਾਂ ਦਾ ਫੈਸਲੇ ਅੱਜ

ਕੇਂਦਰ ਸਰਕਾਰ ਵਲੋਂ ਬੈਠਕ ਦੇ ਸੱਦੇ ਲਈ ਮਿਲੀ ਚਿੱਠੀ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਅੱਜ ਬੈਠਕ ਕਰਨਗੀਆਂ। ਕਿਸਾਨ ਆਗੂਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਸਰਕਾਰ ਕੋਈ 'ਠੋਸ ਹੱਲ' ਪੇਸ਼ ਕਰੇ।

ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਭੇਜੀ ਚਿੱਠੀ ਵਿੱਚ ਕੁਝ ਨਵਾਂ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਦੀ ਪਹਿਲੀ ਤਜਵੀਜ਼ ਬਾਰੇ ਗੱਲਬਾਤ ਕਰਨਾ ਚਾਹੁੰਦੀ ਹੈ।

ਰਾਕੇਸ਼ ਟਿਕੈਤ ਨੇ ਪੀਟੀਆਈ ਨੂੰ ਦੱਸਿਆ, ''ਇਸ ਮੁੱਦੇ 'ਤੇ ਅਸੀਂ ਉਨ੍ਹਾਂ ਨਾਲ ਪਹਿਲਾਂ ਗੱਲਬਾਤ ਨਹੀਂ ਕੀਤੀ ਸੀ। ਅਸੀਂ ਹਾਲ ਦੀ ਘੜੀ ਸਰਕਾਰ ਨੂੰ ਕੀ ਜਵਾਬ ਦੇਣਾ ਹੈ ਇਸ 'ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ।''

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਮੰਗਲਵਾਰ ਨੂੰ ਮੀਟਿੰਗ ਹੋ ਸਕਦੀ ਹੈ, ਜਿਸ ਵਿੱਚ ਉਹ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ।

ਆੜ੍ਹੀਆਂ ਦੀ ਹੜਤਾਲ ਅੱਜ ਤੋਂ

ਪੰਜਾਬ ਦੇ ਆੜ੍ਹਤੀਆਂ ਵਲੋਂ ਅੱਜ ਤੋਂ ਹੜਤਾਲ ਕੀਤੀ ਜਾ ਰਹੀ ਹੈ। ਪੰਜਾਬ ਦੀ ਆੜ੍ਹਤ ਐਸੋਸੀਏਸ਼ਨ ਨੇ 22 ਦਸੰਬਰ ਤੋਂ 25 ਦਸੰਬਰ ਤੱਕ ਅਨਾਜ ਮੰਡੀਆਂ ਵਿੱਚ ਕੰਮਕਾਜ ਠੱਪ ਕਰਨ ਦਾ ਐਲਾਨ ਕੀਤਾ ਹੈ।

ਆੜ੍ਹਤੀਆਂ ਨੇ ਇਹ ਫੈਸਲਾ ਇਨਕਮ ਟੈਕਸ ਮਹਿਕਮੇ ਵੱਲੋਂ ਕਥਿਤ ਤੌਰ 'ਤੇ ਕੁਝ ਆੜ੍ਹਤੀਆਂ 'ਤੇ ਮਾਰੇ ਗਏ ਛਾਪਿਆਂ ਦੇ ਰੋਸ ਵਿੱਚ ਲਿਆ ਹੈ।

ਇਸ ਸਬੰਧੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਆੜ੍ਹੀਆਂ ਨੂੰ ਵੀ ਮਿਲੇ ਸਨ।

ਉਨ੍ਹਾਂ ਟਵੀਟ ਕਰਕੇ ਕਿਹਾ, "ਆਪਣੇ ਆੜ੍ਹਤੀ ਭਰਾਵਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ 'ਤੇ ਆਈਟੀ ਵਿਭਾਗ ਨੇ ਕੇਂਦਰ ਦੇ ਕਹਿਣ ਤੇ ਛਾਪੇਮਾਰੀ ਕੀਤੀ।"

"ਮੈਂ ਭਰੋਸਾ ਦਿਵਾਉਂਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਨੂੰ ਕਿਸੇ ਵੀ ਦਬਾਅ ਕਾਰਨ ਝੁਕਣ ਨਹੀਂ ਦੇਵੇਗੀ।"

ਸਿੰਘੂ ਬਾਰਡਰ 'ਤੇ ਕਿਸਾਨ

ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦਾ ਧਰਨਾ 27ਵੇਂ ਦਿਨ ਲਗਾਤਾਰ ਜਾਰੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)