ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੇ ਕੀ ਕਿਹਾ - ਪ੍ਰੈਸ ਰੀਵਿਊ

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਦੇ ਇੱਕ 70 ਸਾਲਾ ਕਿਸਾਨ ਨੇ ਦਿੱਲੀ ਵਿੱਚ ਸਿੰਘੂ ਬਾਰਡਰ 'ਤੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਪੁਲਿਸ ਮੁਤਾਬਕ ਨਿਰੰਜਨ ਸਿੰਘ ਤਰਨਤਾਰਨ ਦੇ ਭੱਟਲ ਭਾਈ ਕੇ ਪਿੰਡ ਦੇ ਰਹਿਣ ਵਾਲੇ ਹਨ।

ਉਨ੍ਹਾਂ ਨੂੰ ਪਹਿਲਾਂ ਸੋਨੀਪਤ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿੱਚ ਰੋਹਤਕ ਦੇ ਪੀਜੀਆਈਐਮਐਸ ਵਿੱਚ ਦਾਖਲ ਕਰਵਾਇਆ ਗਿਆ।

ਉਨ੍ਹਾਂ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਇੱਕ ਸੀਨਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ, "ਜਾਂਚ ਅਧਿਕਾਰੀ ਨੇ ਨਿਰੰਜਨ ਸਿੰਘ ਦਾ ਬਿਆਨ ਦਰਜ ਕਰ ਲਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਉਹ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹਾਲਤ ਅਤੇ ਸਰਕਾਰ ਦੀ ਬੇਰੁਖੀ ਤੋਂ ਪਰੇਸ਼ਾਨ ਸੀ।"

ਨਿਰੰਜਨ ਸਿੰਘ ਦੇ ਪਿੰਡਵਾਸੀ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਹੈਰਾਨ ਹਨ। "ਉਨ੍ਹਾਂ ਨੂੰ ਕੋਈ ਵਿੱਤੀ ਤੰਗੀ ਨਹੀਂ ਹੈ। ਉਹ ਬਹੁਤ ਧਾਰਮਿਕ ਵਿਅਕਤੀ ਹਨ।"

ਸਰਕਾਰ ਵਲੋਂ ਮੀਟਿੰਗ ਦੇ ਸੱਦੇ 'ਤੇ ਅੱਜ ਕਿਸਾਨ ਜਥੇਬੰਦੀਆਂ ਲੈ ਸਕਦੀਆਂ ਹਨ ਫੈਸਲਾ

ਪੰਜਾਬੀ ਟ੍ਰਿਬਿਊਨ ਮੁਤਾਬਕ ਕਿਸਾਨ ਆਗੂਆਂ ਨੇ ਸੋਮਵਾਰ ਨੂੰ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹਨ ਪਰ ਸਰਕਾਰ ਕੋਈ 'ਠੋਸ ਹੱਲ' ਪੇਸ਼ ਕਰੇ।

ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਅਗਲੇ ਗੇੜ ਦੀ ਗੱਲਬਾਤ ਲਈ ਭੇਜੀ ਚਿੱਠੀ ਵਿੱਚ ਕੁਝ ਨਵਾਂ ਨਹੀਂ ਹੈ।

ਭਾਰਤੀ ਕਿਸਾਨ ਯੂਨੀਅਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ 'ਚ ਸੋਧ ਦੀ ਪਹਿਲੀ ਤਜਵੀਜ਼ ਬਾਰੇ ਗੱਲਬਾਤ ਕਰਨਾ ਚਾਹੁੰਦੀ ਹੈ।

ਟਿਕੈਤ ਨੇ ਪੀਟੀਆਈ ਨੂੰ ਦੱਸਿਆ, ''ਇਸ ਮੁੱਦੇ 'ਤੇ ਅਸੀਂ ਉਨ੍ਹਾਂ ਨਾਲ ਪਹਿਲਾਂ ਗੱਲਬਾਤ ਨਹੀਂ ਕੀਤੀ ਸੀ। ਅਸੀਂ ਹਾਲ ਦੀ ਘੜੀ ਸਰਕਾਰ ਨੂੰ ਕੀ ਜਵਾਬ ਦੇਣਾ ਹੈ ਇਸ 'ਤੇ ਵਿਚਾਰ ਵਟਾਂਦਰਾ ਕਰ ਰਹੇ ਹਾਂ।''

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਸਿੰਘ ਨੇ ਕਿਹਾ ਕਿ ਕਿਸਾਨ ਆਗੂਆਂ ਦੀ ਮੰਗਲਵਾਰ ਨੂੰ ਮੀਟਿੰਗ ਹੋ ਸਕਦੀ ਹੈ, ਜਿਸ ਵਿੱਚ ਉਹ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨਗੇ।

ਦਾਖਲਾ ਰੱਦ ਹੋਣ 'ਤੇ ਪੂਰੀ ਫੀਸ ਵਾਪਸ ਕਰਨ ਅਦਾਰੇ- ਯੂਜੀਸੀ

ਹਿੰਦੁਸਤਾਨ ਟਾਈਮਜ਼ ਮੁਤਾਬਕ ਯੂਜੀਸੀ ਨੇ ਵਿਦਿਅਕ ਅਦਾਰਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾ ਮਹਾਂਮਾਰੀ ਕਾਰਨ ਪਹਿਲੇ ਸਾਲ ਦੇ ਵਿਦਿਆਰਥੀ ਵਿੱਤੀ ਤੰਗੀ ਜਾਂ ਕਿਸੇ ਹੋਰ ਕਾਰਨ ਦਾਖਲੇ ਤੋਂ ਬਾਅਦ ਕੋਰਸ ਨਹੀਂ ਕਰ ਪਾਉਂਦੇ ਤਾਂ ਸੰਸਥਾਵਾਂ ਵਲੋਂ ਪੂਰਾ ਰੀਫੰਡ ਨਾ ਕਰਨ 'ਤੇ ਉਨ੍ਹਾਂ ਖਿਲਾਫ਼ ਕਾਰਵਾਈ ਹੋਵੇਗੀ।

ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ 17 ਦਸੰਬਰ ਨੂੰ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਸੀ ਕਿ ਰੈਗੂਲੇਟਰ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕਾਲਜ ਪੂਰੀ ਫੀਸ ਨਹੀਂ ਦੇ ਰਹੇ ਜਾਂ ਥੋੜ੍ਹੀ ਹੀ ਫੀਸ ਵਾਪਸ ਕਰ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)