ਜਪਾਨ 'ਚ 'ਟਵਿੱਟਰ ਕਿਲਰ' ਨੂੰ ਮੌਤ ਦੀ ਸਜ਼ਾ, ਜਾਣੋ ਕੌਣ ਹੈ ਇਹ ਸ਼ਖ਼ਸ

ਇੱਕ ਵਿਅਕਤੀ, ਜਿਸ ਨੇ ਟਵਿੱਟਰ ਜ਼ਰੀਏ 9 ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਦਾ ਕਤਲ ਕੀਤਾ, ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਹਾਈ ਪ੍ਰੋਫ਼ਾਈਲ ਮਾਮਲੇ ਨੇ ਜਪਾਨ ਨੂੰ ਡਰਾ ਦਿੱਤਾ ਸੀ।

"ਟਵਿੱਟਰ ਕਿਲਰ" ਵਜੋਂ ਜਾਣੇ ਜਾਂਦੇ ਹੀਰੋ ਸ਼ਿਰੈਸ਼ੀ ਨੂੰ ਉਨ੍ਹਾਂ ਦੇ ਫ਼ਲੈਟ ਵਿੱਚੋਂ ਮ੍ਰਿਤਕ ਸਰੀਰਾਂ ਦੇ ਅੰਗ ਮਿਲਣ ਤੋਂ ਬਾਅਦ ਸਾਲ 2017 ਵਿੱਚ ਹਿਰਾਸਤ 'ਚ ਲਿਆ ਗਿਆ ਸੀ।

30 ਸਾਲਾ ਸ਼ਿਰੈਸ਼ੀ ਨੇ ਕਬੂਲਿਆ ਕਿ ਉਨ੍ਹਾਂ ਨੇ ਪੀੜਤਾਂ ਦਾ ਕਤਲ ਕੀਤਾ ਅਤੇ ਉਨ੍ਹਾਂ ਦੇ ਸਰੀਰ ਦੇ ਅੰਗ ਕੱਟੇ। ਇਹ ਸਭ ਉਹ ਜਵਾਨ ਔਰਤਾਂ ਸਨ ਜੋ ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਨੂੰ ਮਿਲੀਆਂ।

ਲੜੀਵਾਰ ਕਤਲੇਆਮ ਨੇ ਇਹ ਬਹਿਸ ਛੇੜ ਦਿੱਤੀ ਕਿ ਖ਼ੁਦਕੁਸ਼ੀ ਬਾਰੇ ਆਨਲਾਈਨ ਚਰਚਾ ਕਿਵੇਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ-

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਮੰਗਲਵਾਰ 400 ਤੋਂ ਵੱਧ ਲੋਕਾਂ ਨੇ ਇਸ ਮਾਮਲੇ ਦਾ ਫ਼ੈਸਲਾ ਸੁਣਿਆ ਜਦਕਿ ਕੋਰਟ ਵਿੱਚ ਆਮ ਲੋਕਾਂ ਲਈ ਮਹਿਜ਼ 16 ਸੀਟਾਂ ਹੀ ਉਪਲੱਬਧ ਸਨ।

ਜਪਾਨ ਵਿੱਚ ਮੌਤ ਦੀ ਸਜ਼ਾ ਲਈ ਜਨਤਕ ਹਮਾਇਤ ਬਹੁਤ ਜ਼ਿਆਦਾ ਹੈ। ਜਪਾਨ ਮੌਤ ਦੀ ਸਜ਼ਾ ਜਾਰੀ ਰੱਖਣ ਵਾਲੇ ਕੁਝ ਇੱਕ ਵਿਕਸਿਤ ਦੇਸਾਂ ਵਿੱਚੋਂ ਇੱਕ ਹੈ।

ਉਹ ਆਪਣੇ ਸ਼ਿਕਾਰਾਂ ਨੂੰ ਕਿਵੇਂ ਲੱਭਦੇ ਸਨ?

ਸ਼ਿਰੈਸ਼ੀ ਨੇ ਖ਼ੁਦਕਸ਼ੀ ਕਰਨ ਵਾਲੀਆਂ ਔਰਤਾਂ ਨੂੰ ਆਪਣੇ ਘਰ ਬਲਾਉਣ ਲਈ ਟਵਿੱਟਰ ਦੀ ਮਦਦ ਲਈ।

ਉਹ ਉਨ੍ਹਾਂ ਨੂੰ ਕਹਿੰਦਾ ਕਿ ਉਹ ਮਰਨ ਵਿੱਚ ਔਰਤਾਂ ਦੀ ਮਦਦ ਕਰਨਗੇ ਅਤੇ ਦਾਅਵਾ ਕਰਦਾ ਕਿ ਉਹ ਖ਼ੁਦ ਵੀ ਉਨ੍ਹਾਂ ਨਾਲ ਹੀ ਮਰ ਜਾਵੇਗਾ।

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਜਪਾਨ ਦੀ ਖ਼ਬਰ ਏਜੰਸੀ ਕਿਓਡੋ ਨਿਊਜ਼ ਨੇ ਕਿਹਾ, "ਉਸ ਨੇ 15 ਤੋਂ 26 ਸਾਲਾਂ ਦੀ ਉਮਰ ਦਰਮਿਆਨ ਦੀਆਂ ਅੱਠ ਔਰਤਾਂ ਅਤੇ ਇੱਕ ਮਰਦ ਦਾ ਗਲ਼ਾ ਘੁੱਟ ਦਿੱਤਾ ਅਤੇ ਅੰਗ-ਅੰਗ ਕੱਟ ਦਿੱਤਾ।"

ਕਾਤਲ ਪਹਿਲੀ ਵਾਰ ਉਸ ਸਾਲ ਹੈਲੋਵੀਨ ਦੇ ਤਿਉਹਾਰ ਦੌਰਾਨ ਸਾਹਮਣੇ ਆਇਆ, ਜਦੋਂ ਪੁਲਿਸ ਨੂੰ ਟੋਕੀਏ ਨੇੜੇ, ਜਪਾਨੀ ਸ਼ਹਿਰ ਜ਼ਾਮਾ ਵਿਚਲੇ ਸ਼ਿਰੈਸ਼ੀ ਦੇ ਫ਼ਲੈਟ ਵਿੱਚ ਕੱਟੇ ਹੋਏ ਅੰਗ ਮਿਲੇ।

ਜਾਂਚ ਅਧਿਕਾਰੀਆਂ ਨੂੰ ਨੌਂ ਸਿਰ, ਕਈ ਬਾਹਾਂ ਅਤੇ ਕਈ ਲੱਤਾਂ ਦੀਆਂ ਹੱਡੀਆਂ ਕੂਲਰਾਂ ਅਤੇ ਔਜ਼ਾਰਾਂ ਦੇ ਬਕਸਿਆਂ ਵਿੱਚ ਮਿਲਣ ਤੋਂ ਬਾਅਦ ਜਪਾਨੀ ਮੀਡੀਆ ਨੇ ਇਹ ਇਸਨੂੰ "ਭੈਅ ਦਾ ਘਰ" ਕਿਹਾ।

ਸੁਣਵਾਈ ਵਿੱਚ ਕੀ ਹੋਇਆ?

ਸਰਕਾਰੀ ਵਕੀਲਾਂ ਨੇ ਸ਼ਿਰੈਸ਼ੀ, ਜਿਸ ਨੇ ਪੀੜਤਾਂ ਦੇ ਕਤਲ ਕਰਨ ਅਤੇ ਉਨ੍ਹਾਂ ਦੇ ਸਰੀਰਾਂ ਨੂੰ ਕੱਟਣ ਦੀ ਗੱਲ ਨੂੰ ਸਵੀਕਾਰਿਆ, ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ।

ਪਰ ਸ਼ਿਰੈਸ਼ੀ ਦੇ ਵਕੀਲਾਂ ਨੇ ਤਰਕ ਦਿੱਤਾ ਕਿ ਉਹ ਸਹਿਮਤੀ ਨਾਲ ਕਤਲ ਦਾ ਦੋਸ਼ੀ ਹੈ ਅਤੇ ਉਸ ਨੂੰ ਘੱਟ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਪੀੜਤਾਂ ਨੇ ਖ਼ੁਦ ਸ਼ਿਰੈਸ਼ੀ ਨੂੰ ਉਨ੍ਹਾਂ ਦਾ ਕਤਲ ਕਰਨ ਦੀ ਇਜਾਜ਼ਤ ਦਿੱਤੀ ਸੀ।

ਸ਼ਿਰੈਸ਼ੀ ਨੇ ਬਾਅਦ ਵਿੱਚ ਆਪਣੇ ਹੀ ਬਚਾਅ ਟੀਮ ਵਲੋਂ ਦਿੱਤੇ ਗਏ ਘਟਨਾਕ੍ਰਮ ਦੇ ਵੇਰਵਿਆਂ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਉਸ ਨੇ ਇਹ ਕਤਲ ਪੀੜਤਾਂ ਦੀ ਸਹਿਮਤੀ ਤੋਂ ਬਿਨ੍ਹਾਂ ਕੀਤੇ ਸਨ।

ਮੰਗਲਵਾਰ ਫ਼ੈਸਲਾ ਸੁਣਾਉਣ ਵਾਲੇ ਜੱਜ ਨੇ ਕਿਹਾ, "ਕੋਈ ਵੀ ਪੀੜਤ ਮਾਰੇ ਜਾਣ ਲਈ ਸਹਿਮਤ ਨਹੀਂ ਸੀ।"

ਸਟ੍ਰੇਟਸ ਟਾਈਮਜ਼ ਅਖ਼ਬਾਰ ਦੀ ਖ਼ਬਰ ਮੁਤਾਬਕ, ਨਾਓਕੁਨੀ ਯਾਨੋ ਨੇ ਕਿਹਾ, "ਬਚਾਅ ਪੱਖ ਪੂਰੀ ਤਰ੍ਹਾਂ ਜ਼ਿੰਮੇਵਾਰ ਪਾਇਆ ਗਿਆ।"

ਇਸ ਮਾਮਲੇ ਦਾ ਅਸਰ ਕੀ ਪਿਆ?

ਜਪਾਨੀ ਪ੍ਰਸਾਰਣ ਐਨਐਚਕੇ ਮੁਤਾਬਕ, 25 ਸਾਲਾਂ ਦੇ ਇੱਕ ਪੀੜਤ ਦੇ ਪਿਤਾ ਨੇ ਪਿਛਲੇ ਮਹੀਨੇ ਅਦਾਲਤ ਨੂੰ ਕਿਹਾ, "ਉਹ ਸ਼ਿਰੈਸ਼ੀ ਨੂੰ ਕਦੀ ਮੁਆਫ਼ ਨਹੀਂ ਕਰਨਗੇ, ਚਾਹੇ ਉਹ ਮਰ ਜਾਵੇ।"

ਉਨ੍ਹਾਂ ਕਿਹਾ, "ਹੁਣ ਵੀ ਜਦੋਂ ਮੈਂ ਆਪਣੀ ਧੀ ਦੀ ਉਮਰ ਦੀ ਕਿਸੇ ਔਰਤ ਨੂੰ ਦੇਖਦਾ ਹਾਂ, ਮੈਨੂੰ ਆਪਣੀ ਧੀ ਦਾ ਭੁਲੇਖਾ ਪੈਂਦਾ ਹੈ। ਇਹ ਦਰਦ ਕਦੇ ਨਹੀਂ ਜਾਵੇਗਾ। ਮੈਨੂੰ ਉਹ ਵਾਪਸ ਦੇ ਦਿਓ।"

ਇਨਾਂ ਕਤਲਾਂ ਨੇ ਜਪਾਨ ਨੂੰ ਹਿਲਾ ਦਿੱਤਾ। ਉਹ ਵੈੱਬਸਾਈਟਾਂ, ਜਿਨਾਂ 'ਚ ਖ਼ੁਦਕਸ਼ੀਆਂ ਬਾਰੇ ਚਰਚਾ ਕੀਤੀ ਜਾਂਦੀ ਹੈ ਬਾਰੇ ਇੱਕ ਨਵੀਂ ਬਹਿਸ ਛਿੜੀ ਹੈ।

ਇਸ ਮੌਕੇ ਸਰਕਾਰ ਨੇ ਇਹ ਸੰਕੇਤ ਦਿੱਤੇ ਕਿ ਸ਼ਾਇਦ ਉਸ ਵੱਲੋਂ ਨਵੇਂ ਨਿਯਮ ਲਿਆਂਦੇ ਜਾਣ।

ਕਤਲਾਂ ਨੇ ਟਵਿੱਟਰ ਨੂੰ ਵੀ ਬਦਲਾਅ ਲਈ ਪ੍ਰੇਰਿਆ, ਜਿਸਨੇ ਆਪਣੇ ਨਿਯਮਾਂ ਵਿੱਚ ਸੋਧ ਕੀਤੀ, ਇਹ ਕਹਿਣ ਲਈ ਕਿ ਯੂਜਰ "ਖ਼ੁਦਕਸ਼ੀ ਜਾਂ ਸਵੈ-ਨੁਕਸਾਨ ਨੂੰ ਉਤਸ਼ਾਹਿਤ ਨਾ ਕਰਨ"।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)