ਕਿਸਾਨ ਅੰਦੋਲਨ: ਸੁਖਬੀਰ ਬਾਦਲ ਨੇ ਭਾਜਪਾ ਨੂੰ ‘ਟੁੱਕੜੇ-ਟੁੱਕੜੇ ਗੈਂਗ’ ਕਿਹਾ ਤਾਂ ਭਾਜਪਾ ਨੇ ਦਿੱਤਾ ਇਹ ਜਵਾਬ

ਸੁਖਬੀਰ ਬਾਦਲ

ਤਸਵੀਰ ਸਰੋਤ, Ani

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ 'ਤੇ ਹਿੰਦੂ-ਸਿੱਖਾਂ ਵਿਚਾਲੇ ਫਿਰਕੂਵਾਦ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ।

ਸੁਖਬੀਰ ਬਾਦਲ ਨੇ ਕਿਹਾ, "ਬੀਜੇਪੀ ਦੇਸ਼ ਵਿੱਚ ਅਸਲੀ ਟੁਕੜੇ-ਟੁਕੜੇ ਗੈਂਗ ਹੈ। ਬੀਜੇਪੀ ਨੇ ਦੇਸ਼ ਦੀ ਅੰਖਡਤਾ ਨੂੰ ਤਾਰ-ਤਾਰ ਕਰ ਦਿੱਤਾ ਹੈ। ਪਹਿਲਾਂ ਹਿੰਦੂਆਂ ਨੂੰ ਮੁਸਲਮਾਨਾਂ ਖ਼ਿਲਾਫ਼ ਭੜਕਾਇਆ ਅਤੇ ਹੁਣ ਹਿੰਦੂਆਂ ਨੂੰ ਉਨ੍ਹਾਂ ਦੇ ਸਿੱਖ ਭਰਾਵਾਂ ਖ਼ਿਲਾਫ਼ ਕਰ ਰਹੇ ਹਨ। ਉਹ ਪੰਜਾਬ ਵਿੱਚ ਫ਼ਿਰਕੂਵਾਦ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।"

ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਐਤਵਾਰ ਨੂੰ ਪਟਨਾ ਵਿੱਚ ਕਿਹਾ ਸੀ ਕਿ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਓਟ ਵਿੱਚ ਆਪਣਾ ਮੁਫ਼ਾਦ ਕੱਢਣ ਦੇ ਯਤਨ ਵਿੱਚ ਲੱਗੇ 'ਟੁਕੜੇ-ਟੁਕੜੇ ਗੈਂਗ' ֹਨਾਲ ਸਖ਼ਤੀ ਨਾਲ ਨਜਿੱਠੇਗੀ।

ਇਹ ਵੀ ਪੜ੍ਹੋ-

"ਸੁਖਬੀਰ ਆਪਣਾ ਆਧਾਰ ਹਾਸਲ ਕਰਨ ਲਈ ਅਜਿਹੇ ਬਿਆਨ ਦੇ ਰਹੇ"

ਬੀਜੇਪੀ ਲੀਡਰ ਹਰਜੀਤ ਗਰੇਵਾਲ

ਤਸਵੀਰ ਸਰੋਤ, fb/harjeet garewal

ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਸੁਖਬੀਰ ਬਾਦਲ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆ ਕਿਹਾ, "ਸੁਖਬੀਰ ਬਾਦਲ ਕਿੰਨ੍ਹੇ ਸਾਲ ਸਾਡੇ ਨਾਲ ਗਠਜੋੜ 'ਚ ਰਹੇ। ਉਨ੍ਹਾਂ ਨੂੰ ਉਹ ਦਿਨ ਭੁੱਲ ਗਏ ਹਨ। ਉਦੋਂ ਉਹ ਕੀ ਕਰ ਰਹੇ ਸਨ ਜਦੋਂ ਸਾਡੇ ਏਜੰਡਾ ਅੱਗੇ ਹੋਕੇ ਲਾਗੂ ਕਰਦੇ ਸਨ। ਮੈਨੂੰ ਨਹੀਂ ਸਮਝ ਆਉਂਦਾ ਕਿ ਉਹ ਕਿਸ ਮੂੰਹ ਨਾਲ ਕਹਿ ਰਹੇ ਹਨ ਕਿ ਅਸੀਂ ਫਿਰਕੂਵਾਦ ਫੈਲਾ ਰਹੇ ਹਨ।"

ਉਨ੍ਹਾਂ ਅੱਗੇ ਕਿਹਾ, "ਉਹ ਆਪਣੀ ਗੁਆਚੀ ਹੋਈ ਜ਼ਮੀਨ ਨੂੰ ਹਾਸਲ ਕਰਨ ਲਈ ਅਜਿਹਾ ਕਹਿ ਰਹੇ ਹਨ। ਉਨ੍ਹਾਂ ਦਾ ਆਧਾਰ ਚਲਾ ਗਿਆ ਹੈ, ਇਸ ਲਈ ਕਿਸੇ ਨੂੰ ਵੀ ਕੁਝ ਵੀ ਕਹਿ ਦਿੰਦੇ ਹਨ।"

ਗਰੇਵਾਲ ਨੇ ਅੱਗੇ ਕਿਹਾ, "ਅਕਾਲੀ ਦਲ 2-3 ਜ਼ਿਲ੍ਹਿਆਂ ਦੀ ਪਾਰਟੀ ਹੈ। ਉਹ ਕੋਸ਼ਿਸ਼ ਕਰ ਰਹੇ ਹਨ ਕਿ ਪੰਜਾਬ 'ਚ ਸੱਤਾ ਵਾਪਸ ਹਾਸਲ ਕਰਨ ਜੋ ਕਿ ਇੱਕ ਸੁਫ਼ਨਾ ਹੀ ਹੈ।"

ਵੀਡੀਓ ਕੈਪਸ਼ਨ, ਸੁਖਬੀਰ ਬਾਦਲ ਨੇ ਕਿਉਂ ਕਿਹਾ, ‘ਭਾਜਪਾ ਹੈ ਦੇਸ ਵਿੱਚ ਅਸਲੀ ਟੁਕੜੇ-ਟੁਕੜੇ ਗੈਂਗ’

ਕਿਸਾਨਾਂ ਦੀ ਪ੍ਰੈਸ ਕਾਨਫਰੰਸ ਦੀਆਂ ਅਹਿਮ ਗੱਲਾਂ

  • ਅੰਦੋਲਨ ਦੌਰਾਨ ਹੁਣ ਤੱਕ ਸਾਡੇ ਕਰੀਬ 13-14 ਕਿਸਾਨਾਂ ਦੀ ਮੌਤ ਹੋਈ ਹੈ।
  • 20 ਤਾਰੀਖ਼ ਨੂੰ ਸਾਰੇ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
  • ਪੂਰੇ ਦੇਸ਼ ਦੇ 350 ਜ਼ਿਲ੍ਹਿਆਂ ਵਿੱਚ ਸਾਡੇ ਧਰਨੇ ਸਫ਼ਲ ਹੋਏ ਹਨ।
  • ਹਰ ਦਿਨ ਲਗਾਤਾਰ ਧਰਨੇ 'ਚ ਲੋਕਾਂ ਦੀ ਗਿਣਤੀ ਵਧ ਰਹੀ ਹੈ। ਅਸੀਂ ਔਰਤਾਂ ਲਈ ਖ਼ਾਸ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

ਕਿਸਾਨਾਂ ਵਿੱਚ ਜ਼ਮੀਨ ਖੋਹਣ ਦਾ ਭਰਮ ਫੈਲਾਇਆ ਜਾ ਰਿਹਾ ਹੈ-ਮੋਦੀ

modi

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਮੋਦੀ ਨੇ ਕਿਹਾ, "ਦਿੱਲੀ ਦੇ ਆਸਪਾਸ ਵਿਰੋਧੀ ਪਾਰਟੀਆਂ ਵਲੋਂ ਕਿਸਾਨਾਂ 'ਚ ਭਰਮ ਫੈਲਾਇਆ ਜਾ ਰਿਹਾ ਹੈ।"

ਗੁਜਰਾਤ ਦੇ ਕੱਛ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਕਿਸਾਨਾਂ ਦੇ ਸੰਘਰਸ਼ ਨੂੰ ਵਿਰੋਧੀ ਪਾਰਟੀਆਂ ਦੀ ਸਾਜ਼ਿਸ਼ ਦੱਸਿਆ ਹੈ।

ਨਰਿੰਦਰ ਮੋਦੀ ਨੇ ਕਿਹਾ, "ਦਿੱਲੀ ਦੇ ਆਸਪਾਸ ਵਿਰੋਧੀ ਪਾਰਟੀਆਂ ਵਲੋਂ ਕਿਸਾਨਾਂ 'ਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਜਾਵੇਗਾ।"

ਵੀਡੀਓ ਕੈਪਸ਼ਨ, PM Modi ਨੇ ਕਿਹਾ ਦਿੱਲੀ ਨੇੜੇ ਬੈਠੇ ਕਿਸਾਨਾਂ ਨੂੰ ਡਰਾਇਆ-ਭਰਮਾਇਆ ਜਾ ਰਿਹਾ

"ਖ਼ੇਤੀ ਕਾਨੂੰਨਾਂ 'ਚ ਸੋਧ ਦੀ ਮੰਗ ਸਾਲਾਂ ਤੋਂ ਕੀਤੀ ਜਾ ਰਹੀ ਸੀ। ਆਪਣੀ ਸਰਕਾਰ ਵੇਲੇ ਵਿਰੋਧੀ ਪਾਰਟੀ ਖ਼ੇਤੀ ਦੇ ਖੇਤਰ ਵਿੱਚ ਸੋਧ ਦੇ ਪੱਖ 'ਚ ਸੀ, ਪਰ ਉਹ ਕਾਨੂੰਨ ਨਹੀਂ ਲਿਆ ਸਕੇ, ਅਸੀਂ ਕਦਮ ਉਠਾ ਲਿਆ ਤਾਂ ਉਹ ਰਾਜਨੀਤੀ ਕਰ ਰਹੇ ਹਨ।"

ਉਨ੍ਹਾਂ ਕਿਹਾ, "ਕਿਸਾਨਾਂ ਦਾ ਹਿੱਤ ਸਾਡੇ ਲਈ ਸਭ ਤੋਂ ਅਹਿਮ ਹੈ। ਕਿਸਾਨਾਂ ਨੂੰ ਨਵੇਂ ਵਿਕਲਪ ਮਿਲਣਗੇ ਅਤੇ ਆਮਦਨ ਵਧੇਗੀ। ਰਾਜਨੀਤਿ ਕਰਨ ਵਾਲੇ ਲੋਕ, ਕਿਸਾਨਾਂ ਦੇ ਮੋਢਿਆ 'ਤੇ ਬੰਦੂਕਾਂ ਰੱਖ ਚਲਾ ਰਹੇ ਹਨ। ਕਿਸਾਨਾਂ ਦੀ ਹਰ ਸ਼ੰਕਾ ਦੂਰ ਕਰਨ ਨੂੰ ਅਸੀਂ ਤਿਆਰ ਹਾਂ।"

ਕੋਰੋਨਾਵਾਇਰਸ ਬਾਰੇ ਸਰਕਾਰ ਦਾ ਨਵਾਂ ਐਲਾਨ

coronA

ਤਸਵੀਰ ਸਰੋਤ, Getty Images

ਸਮਾਚਾਰ ਏਜੰਸੀ ਪੀਟੀਆਈ ਮੁਤਾਬਿਕ, ਕੋਰੋਨਾਵਾਇਰਸ ਦੀ ਰੋਕਥਾਮ ਲਈ ਹੋਣ ਵਾਲਾ ਟੀਕਾਕਰਨ ਕਿਸ ਪ੍ਰਣਾਲੀ ਤਹਿਤ ਅਤੇ ਕਿਸ ਤਰ੍ਹਾਂ ਕੀਤਾ ਜਾਵੇਗਾ ਇਸ ਸੰਬੰਧੀ ਭਾਰਤ ਸਰਕਾਰ ਨੇ ਸੋਮਵਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

  • ਪ੍ਰਤੀਦਿਨ ਹਰ ਪੱਧਰ 'ਤੇ 100ਤੋਂ 200 ਲੋਕਾਂ ਨੂੰ ਟੀਕਾ ਲਾਇਆ ਜਾਵੇਗਾ, ਅਤੇ ਲਾਉਣ ਤੋਂ ਬਾਅਦ ਪ੍ਰਭਾਵਾਂ ਨੂੰ ਜਾਣਨ ਲਈ ਅੱਧੇ ਘੰਟੇ ਲਈ ਉਨ੍ਹਾਂ ਲੋਕਾਂ ਦੀ ਨਜ਼ਰਸਾਨੀ ਕੀਤੀ ਜਾਵੇਗੀ।
  • ਇਸ ਵੇਲੇ ਸਿਰਫ਼ ਇੱਕ ਹੀ ਵਿਅਕਤੀ ਨੂੰ ਟੀਕਾਕਰਨ ਲਈ ਨਿਰਧਾਰਿਤ ਕੀਤੇ ਕੇਂਦਰ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ।
ਵੀਡੀਓ ਕੈਪਸ਼ਨ, Farmers Protest: ਸਿੰਘੂ ਅਤੇ ਟਿਕਰੀ ਤੋਂ ਇਲਾਵਾ ਤੀਜੇ ਬਾਰਡਰ 'ਤੇ ਬੈਠੇ ਕਿਸਾਨਾਂ ਦਾ ਕੀ ਹੈ ਹਾਲ
  • ਸੂਬਿਆਂ ਨੂੰ ਜਾਰੀ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਟੀਕਾ ਲਵਾਉਣ ਵਾਲੇ ਲੋਕਾਂ ਅਤੇ ਵੈਕਸੀਨ ਨੂੰ ਟਰੈਕ ਕਰਨ ਲਈ ਡਿਜ਼ੀਟਲ ਪਲੇਟਫ਼ਾਮ 'ਕੋਵਿਡ ਵੈਕਸੀਨ ਇੰਟੇਲੀਜ਼ੈਂਸ ਨੈੱਟਵਰਕ (ਕੋ-ਵਿਨ) ਸਿਸਿਟਮ' ਦੀ ਵਰਤੋਂ ਕੀਤੀ ਜਾਵੇਗੀ।
  • ਪ੍ਰਮੁੱਖਤਾ ਤੈਅ ਕਰਨ ਲਈ ਪਹਿਲਾਂ ਤੋਂ ਹੀ ਰਜ਼ਿਸਟਰ ਹੋਏ ਵਿਅਕਤੀ ਨੂੰ ਹੀ ਕੇਂਦਰ ਵਿੱਚ ਜਾਣ ਦੀ ਆਗਿਆ ਹੋਵੇਗੀ।
  • ਸੂਬਿਆਂ ਨੂੰ ਵੈਕਸੀਨ ਨਿਰਮਾਤਾ ਜਿਸ ਤੋਂ ਉਹ ਵੈਕਸੀਨ ਲੈਣਾ ਚਾਹੁੰਦੇ ਹਨ, ਤੈਅ ਕਰਨ ਲਈ ਵੀ ਕਿਹਾ ਗਿਆ ਹੈ।
  • ਕੋਵਿਡ ਵੈਕਸੀਨ ਆਪਰੇਸ਼ਨਲ ਗਾਈਡਲਾਇਨਾਂ ਮੁਤਾਬਿਕ ਵੈਕਸੀਨ ਕੈਰੀਅਰ,ਸ਼ੀਸ਼ੀ ਜਾਂ ਆਈਸ ਪੈਕ ਸਿੱਧੇ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਨਾ ਆਉਣ ਇਸ ਲਈ ਸਾਰੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਜਦੋਂ ਤੱਕ ਟੀਕਾ ਲਵਾਉਣ ਵਾਲਾ ਵਿਅਕਤੀ ਸੈਂਟਰ ਵਿੱਚ ਨਹੀਂ ਆ ਜਾਂਦਾ ਵੈਕਸੀਨ ਅਤੇ ਹੋਰ ਤਰਲ ਪਦਾਰਥਾਂ ਨੂੰ ਬਾਹਰ ਨਹੀਂ ਕੱਡਿਆ ਜਾ ਸਕਦਾ।
  • ਕੋਵਿਡ ਵੈਕਸੀਨ ਸਭਤੋਂ ਪਹਿਲਾਂ ਸਿਹਤ ਕਰਮੀਆਂ, ਫ਼ਰੰਟਲਾਈਨ ਕਾਮਿਆਂ ਅਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਇਸ ਤੋਂ ਬਾਅਦ 50 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਹੋਰ ਬੀਮਾਰੀਆਂ ਹਨ।
  • ਸੂਬਿਆਂ ਨੂੰ ਚੁਣੌਤੀਆਂ ਨਾਲ ਨਜਿੱਠਣ ਲਈ ਸਮਾਜਿਕ ਲਾਮਬੰਦੀ ਦੀ ਰਣਨੀਤੀ ਬਣਾਉਣ ਲਈ ਵੀ ਕਿਹਾ ਗਿਆ ਹੈ।
ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ ਦੌਰਾਨ ਰੋਟੀ ਦੀ ਮਸ਼ੀਨ ਤੇ ਸੋਲਰ ਲਾਈਟਾਂ ਲੈ ਕੇ ਪਹੁੰਚਿਆ ਜੱਥਾ

ਬਲਬੀਰ ਰਾਜੇਵਾਲ ਦੇ ਬਿਆਨ ’ਤੇ ਪ੍ਰਤੀਕਰਮ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਉੱਤੇ ਤਕਰੀਬਨ 20 ਦਿਨਾਂ ਤੋਂ ਕਿਸਾਨ ਡਟੇ ਹੋਏ ਹਨ।

ਇਸ ਦੌਰਾਨ ਸੋਮਵਾਰ ਨੂੰ ਸਿੰਘੂ ਬਾਰਡਰ 'ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਇੱਕ ਬਿਆਨ ਕਾਰਨ ਵੱਖ-ਵੱਖ ਪ੍ਰਤਿਕਿਰਆਵਾਂ ਆਈਆਂ ਅਤੇ ਕਈਆਂ ਨੇ ਇਸ 'ਤੇ ਨਾਖੁਸ਼ੀ ਵੀ ਜ਼ਾਹਿਰ ਕੀਤੀ।

ਦਰਅਸਲ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸੰਬੋਧਨ ਦੌਰਾਨ ਧਾਰਮਿਕ ਗੁਰੂਆਂ ਨੂੰ ਅਪੀਲ ਕਰਦਿਆਂ ਕਿਹਾ, "ਜਿਥੋਂ ਤੱਕ ਮੈਂ ਸਮਝਦਾ ਹਾਂ ਮੈਨੂੰ ਲਗਦਾ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਨਿਸ਼ਾਨ ਸਾਹਿਬ ਉੱਥੇ ਜ਼ਰੂਰੀ ਹੁੰਦਾ ਹੈ।"

"ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਉਥੇ ਨਿਸ਼ਾਨ ਸਾਹਿਬ ਲਗਾ ਲੈਣਾ, ਸਾਡੇ ਵਿਰੋਧੀਆਂ ਦਾ ਖ਼ਾਲਿਸਤਾਨੀ ਕਹਿਣ ਦਾ ਆਧਾਰ ਬਣਦਾ ਹੈ। ਤੁਸੀਂ ਇੱਥੇ ਕੁਰਬਾਨੀ ਦੇਣ ਆਏ ਹੋ ਤੇ ਘੱਟੋ-ਘੱਟ ਇੰਨਾਂ ਤਾਂ ਖ਼ਿਆਲ ਰੱਖੋ।"

ਉਨ੍ਹਾਂ ਨੇ ਅੱਗੇ ਕਿਹਾ, "ਮੈਂ ਕਿਹਾ ਧੰਨਵਾਦੀ ਹੋਵਾਂਗਾ ਜੇ ਮੇਰੇ ਵੀਰ ਟਰਾਲੀਆਂ ਉੱਤੇ ਨਿਸ਼ਾਨ ਸਾਹਿਬ ਦਾ ਗੁਰੇਜ਼ ਕਰਨ ਅਤੇ ਹੋਰ ਵੀ ਧਾਰਮਿਕ ਨਿਸ਼ਾਨਾਂ ਦਾ ਗੁਰੇਜ਼ ਕਰਨ।"

ਪਦਮ ਵਿਭੂਸ਼ਣ ਐਵਾਰਡੀ ਅਤੇ ਮਸ਼ਹੂਰ ਐਰੋਸਪੇਸ ਵਿਗਿਆਨੀ ਰੋਡਮ ਨਰਸਿੰਮ੍ਹਾ ਦਾ ਦੇਹਾਂਤ

ਪਦਮ ਵਿਭੂਸ਼ਣ ਐਵਾਰਡੀ ਅਤੇ ਮਸ਼ਹੂਰ ਐਰੋਸਪੇਸ ਵਿਗਿਆਨੀ ਰੋਡਮ ਨਰਸਿੰਮ੍ਹਾ ਦਾ ਦੇਹਾਂਤ ਹੋ ਗਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਰੋਡਮ 8 ਦਸੰਬਰ ਤੋਂ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਉਨ੍ਹਾਂ ਬ੍ਰੇਨ ਹੈਮਰੇਜ਼ ਹੋਇਆ ਸੀ।

ਡਾਕਟਰਾਂ ਸੁਨੀਲ ਵੀ ਫਰਤਾਡੋ ਮੁਤਾਬਕ 87 ਸਾਲ ਰੋਡਮ ਨੇ 14 ਦਸੰਬਰ ਨੂੰ ਬੰਗਲੁਰੂ ਦੇ ਨਿੱਜੀ ਹਸਪਤਾਲ ਵਿੱਚ ਰਾਤ 8.30 ਵਜੇ ਆਖ਼ਰੀ ਸਾਹ ਲਏ।

ਰੋਡਮ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵਿੱਚ ਕੰਮ ਕੀਤਾ ਸੀ।

ਡਾ. ਫਰਤਾਡੋ ਦਾ ਕਹਿਣਾ ਹੈ, "ਉਨ੍ਹਾਂ ਨੂੰ ਸਾਡੇ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਹਾਲਤ ਨਾਜ਼ੁਕ ਸੀ। ਉਨ੍ਹਾਂ ਦੇ ਦਿਮਾਗ਼ ਅੰਦਰ ਖ਼ੂਨ ਪੈ ਰਿਹਾ ਸੀ।"

ਉਨ੍ਹਾਂ ਮੁਤਾਬਕ, ਨਰਸਿੰਮਾ ਨੂੰ ਦਿਲ ਸਬੰਧੀ ਬਿਮਾਰੀ ਸੀ ਅਤੇ ਸਾਲ 2018 ਵਿੱਚ ਬ੍ਰੇਨ ਸਟ੍ਰੋਕ ਵੀ ਹੋਇਆ ਸੀ।

ਉਨ੍ਹਾਂ ਪਿੱਛੇ ਉਨ੍ਹਾਂ ਦੀ ਪਤਨੀ ਅਤੇ ਧੀ ਹੈ।

ਉਨ੍ਹਾਂ ਦਾ ਜਨਮ 20 ਜੁਲਾਈ, 1993 ਪ੍ਰੋ. ਨਰਸਿੰਮਾ ਨੇ ਐਰੋਸਪੇਸ ਖੇਤਰ ਵਿੱਚ ਕੰਮ ਕੀਤਾ ਸੀ ਅਤੇ ਇੱਕ ਦ੍ਰਵ ਡਾਇਨਾਮਿਸਟ ਵਜੋਂ ਪਛਾਣ ਬਣਾਈ ਸੀ।

ਉਨ੍ਹਾਂ ਨੇ 1962 ਤੋਂ 1999 ਤੱਕ ਆਈਆਈਐੱਸਸੀ ਵਿੱਚ ਐਰੋਸਪੇਸ ਇੰਜਨੀਅਰਿੰਗ ਪੜ੍ਹਾਈ ਹੈ। ਉਨ੍ਹਾਂ ਨੇ 1984 ਤੋਂ 1993 ਤੱਕ ਨੈਸ਼ਨਲ ਐਰੋਸਪੇਸ ਲੈਬੋਰਟ੍ਰੀਜ਼ ਦੇ ਡਾਇਰੈਕਟਰ ਵਜੋਂ ਭੂਮਿਕਾ ਵੀ ਨਿਭਾਈ।

ਇਹ ਸਾਡੀਆਂ ਰਵਾਇਤਾ ਨੇ- ਲੱਖਾ ਸਿਧਾਣਾ

GANGSTERS

ਇਸੇ ਮੁੱਦੇ ਦੇਰ ਸ਼ਾਮ ਤੱਕ ਚਰਚਾਵਾਂ ਹੁੰਦੀਆਂ ਰਹੀਆਂ। ਕਈ ਲੋਕਾਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ।

ਲੱਖਾ ਸਿਧਾਣਾ ਨੇ ਸੋਸ਼ਲ ਮੀਡੀਆ ਲਾਈਵ ਹੋ ਕੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਦੇ ਬਿਆਨ ਨੂੰ ਸੁਣ ਕੇ ਦੁੱਖ ਲੱਗਾ, ਜੋ ਉਨ੍ਹਾਂ ਨੇ ਕਿਹਾ ਨਹੀਂ ਕਹਿਣਾ ਚਾਹੀਦਾ ਸੀ।

ਉਨ੍ਹਾਂ ਨੇ ਕਿਹਾ, "ਨਿਸ਼ਾਨ ਸਾਹਿਬ ਤਾਂ ਹੱਦਾਂ ਉੱਤੇ ਜਿੱਥੇ ਸਾਡੀਆਂ ਸਿੱਖ ਰੈਜੀਮੈਂਟ ਫੌਜਾਂ ਖੜ੍ਹੀਆਂ ਨੇ ਉੱਥੇ ਵੀ ਲੱਗੇ ਹੋਏ ਹਨ, ਸਿੱਖ ਰੈਜੀਮੈਂਟ ਦੀਆਂ ਗੱਡੀਆਂ ਹੱਦ ਵੱਲ ਜਾਂਦੀਆਂ ਨੇ ਤਾਂ ਉਨ੍ਹਾਂ ਉੱਤੇ ਵੀ ਨਿਸ਼ਾਨ ਸਾਹਿਬ ਝੂਲਦੇ ਹਨ। ਉਨ੍ਹਾਂ ਨੇ ਕਿਹਾ ਇਹ ਕੋਈ ਵੱਡੀ ਗੱਲ ਨਹੀਂ ਸੀ ਜਿਹੜੀ ਕਰਨ ਵਾਲੀ ਸੀ, ਪਰ ਖ਼ਾਮਖ਼ਾਹ ਮੁੱਦਾ ਜਿਹਾ ਬਣਾ ਦਿੱਤਾ।"

"ਜਿਹੜਾ ਵੀ ਮਾਹੌਲ ਸਾਨੂੰ ਅੱਜ ਉੱਥੇ ਦੇਖਣ ਨੂੰ ਮਿਲਦਾ ਹੈ, ਉਹ ਸਾਡੀਆਂ ਰਵਾਇਤਾਂ ਨੇ, ਉਹ ਵਿਰਾਸਤ ਵਿੱਚ ਮਿਲੀਆਂ ਹੋਈਆਂ ਨੇ ਚੀਜ਼ਾਂ ਹਨ।"

ਅੱਜ ਇਨ੍ਹਾਂ ਨੂੰ ਨਿਸ਼ਾਨ ਸਾਹਿਬ ਤੋਂ ਡਰ ਲੱਗਣ ਲੱਗ ਪਿਆ -ਦੀਪ ਸਿੱਧੂ

ਅਦਾਕਾਰ ਦੀਪ ਸਿੱਧੂ ਨੇ ਕਿਹਾ, "ਕਿਸਾਨ ਆਗੂ ਦਾ ਬਿਆਨ ਆਇਆ ਕਿ ਨਿਸ਼ਾਨ ਸਾਹਿਬ ਲਾਹ ਦਿਓ, ਤਾਂ ਇੱਕ ਗੱਲ ਮੈਂ ਸਪੱਸ਼ਟ ਕਰਦਾ ਕਿ ਜਦੋਂ ਅਸੀਂ ਟਰੈਕਟਰ 'ਤੇ ਸ਼ੰਭੂ ਬਾਰਡਰ ਦੇ ਬੈਰੀਅਰ ਤੋੜ ਕੇ ਲੰਘੇ ਸੀ ਤਾਂ ਉਸ ਟਰੈਕਟਰ 'ਤੇ ਨਿਸ਼ਾਨ ਸਾਹਿਬ ਹੀ ਲੱਗਿਆ ਸੀ। ਅਸੀਂ ਉਸ ਨਿਸ਼ਾਨ ਸਾਹਿਬ ਅਗਵਾਈ 'ਚ ਇੱਥੇ ਆਏ ਹਾਂ ਤੇ ਇਨ੍ਹਾਂ ਨੂੰ ਕੀ ਲਗਦਾ ਕਿ ਅਸੀਂ ਇਨ੍ਹਾਂ ਦੀ ਅਗਵਾਈ 'ਚ ਆਏ ਹਾਂ।"

ਦੀਪ ਸਿੱਧੂ

ਤਸਵੀਰ ਸਰੋਤ, Deep Sidhu/FACEBOOK

"ਜਿਹੜੀਆਂ ਜ਼ਮੀਨਾਂ ਦੇ ਅਸੀਂ ਮਾਲਕ ਬਣੇ ਉਹ ਜ਼ਮੀਨਾਂ ਸਾਨੂੰ ਨਿਸ਼ਾਨ ਸਾਹਿਬ ਦੀ ਆਗਵਾਈ ਵਿੱਚ ਮਿਲੀਆਂ, ਜਿਹੜੀਆਂ ਜਿੱਤਾਂ ਤੇ ਜਿਸ ਮਾਣਮੱਤੇ ਵਾਲੇ ਇਤਿਹਾਸ ਦੀ ਅਸੀਂ ਗੱਲ ਕਰਦੇ ਹਾਂ ਉਸ ਹੀ ਵੀ ਸਾਨੂੰ ਨਿਸ਼ਾਨ ਸਾਹਿਬ ਦੀ ਆਗਵਾਈ ਵਿੱਚ ਮਿਲੀਆਂ ਹਨ।"

"ਅੱਜ ਇਨ੍ਹਾਂ ਨੂੰ ਨਿਸ਼ਾਨ ਸਾਹਿਬ ਤੋਂ ਡਰ ਲੱਗਣ ਲੱਗ ਪਿਆ ਤੇ ਸਾਡੀ ਮਾਨਸਿਕਤਾ ਵਿੱਚ ਤੁਸੀਂ ਨਿਸ਼ਾਨ ਸਾਹਿਬ ਦਾ ਡਰ ਪਾਉਣਾ ਚਾਹੁੰਦੇ ਹੋ। ਪਹਿਲਾਂ ਤੁਸੀਂ ਸ਼ਸਤਰ ਵਿਹੂਣੇ ਕਰਨ ਦਿੱਤਾ ਤੇ ਹੁਣ ਨਿਸ਼ਾਨ ਸਾਹਿਬ ਤੋਂ ਵਿਹੂਣਾ ਕਰਨਾ ਚਾਹੁੰਦਾ ਹੋ।"

"ਇਸ ਅੰਦੋਲਨ ਧਾਰਮਿਕ ਰੰਗਤ ਦੇਣ ਲੋੜ ਨਹੀਂ, ਇਹ ਲੋਕ ਹੈ ਹੀ ਧਾਰਮਿਕ, ਇਨ੍ਹਾਂ ਦੀ ਜ਼ਿੰਦਗੀ ਦੀ ਤਰਜਮਾਨੀ ਤੇ ਅੰਦਾਜ਼-ਏ-ਬਿਆਂ ਹੀ ਧਾਰਮਿਕ ਹੈ। ਜੇ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਸਾਨੂੰ ਡਰਾਉਣਾ ਚਾਹੁੰਦੇ ਹੋ ਤਾਂ ਦੱਸ ਦਈਏ ਕਿ ਇਸੇ ਨਿਸ਼ਾਨ ਸਾਹਿਬ ਅਗਵਾਈ ਵਿੱਚ ਇਹ ਅੰਦੋਲਨ ਲੜਿਆ ਜਾਵੇਗਾ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)