ਮਹਾਰਾਜਾ ਰਣਜੀਤ ਸਿੰਘ ਤੇ ਮੋਰਾਂ ਮਾਈ ਦੀ ਮੁਲਾਕਾਤ ਕਿਵੇਂ ਹੋਈ ਤੇ ਕੀ ਸੀ ਮੋਰਾਂ ਦਾ ਸਿਆਸੀ ਰੁਤਬਾ

ਤਸਵੀਰ ਸਰੋਤ, Getty Images
- ਲੇਖਕ, ਉਮਰ ਦਰਾਜ਼ ਨੰਗਿਆਨਾ
- ਰੋਲ, ਬੀਬੀਸੀ ਉਰਦੂ ਪੱਤਰਕਾਰ
ਉਹ ਮਹਾਰਾਣੀ ਤਾਂ ਨਹੀਂ ਸਨ, ਪਰ 19ਵੀਂ ਸਦੀ ਵਿੱਚ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਦੇ ਨਾਮ 'ਤੇ ਸਿੱਕੇ ਜਾਰੀ ਕੀਤੇ ਅਤੇ ਨਾਪ ਤੋਲ ਦੇ ਪੈਮਾਨੇ ਵੀ ਉਨ੍ਹਾਂ ਦੇ ਨਾਮ 'ਤੇ ਰੱਖੇ ਗਏ।
ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਸ ਦੌਰ ਵਿੱਚ ਲਾਹੌਰ ਦੇ ਸ਼ਾਹ ਆਲਮ ਗੇਟ ਦੇ ਇਲਾਕੇ ਵਿੱਚ ਮੌਰਾਂ ਮਾਈ ਦੀ ਰਿਹਾਇਸ਼ ਸੀ। ਮਹਾਰਾਜਾ ਰਣਜੀਤ ਸਿੰਘ ਨੇ ਕਈ ਸ਼ਾਹੀ ਸੰਦੇਸ਼ ਮੌਰਾਂ ਮਾਈ ਦੀ ਰਿਹਾਇਸ਼ ਤੋਂ ਜਾਰੀ ਕੀਤੇ।
ਉਨ੍ਹਾਂ ਦੇ ਹੁਕਮਾਂ ਹੇਠ ਲਿਖਿਆ ਹੁੰਦਾ ਸੀ, "ਜਾਰੀ ਕਰਤਾ ਕੋਠਾ ਮਾਈ ਮੋਰਾਂ, ਮਹਿਬੂਬਾ ਮਹਾਰਾਜਾ ਰਣਜੀਤ ਸਿੰਘ।"
ਇਹ ਵੀ ਪੜ੍ਹੋ-
ਇੰਨ੍ਹਾਂ ਹੁਕਮਾਂ ਅਤੇ ਸਿੱਕਿਆਂ ਦੀਆਂ ਕਾਪੀਆਂ ਹੁਣ ਵੀ ਲਾਹੌਰ ਦੀ ਸਿੱਖ ਗੈਲਰੀ ਵਿੱਚ ਮੌਜੂਦ ਹਨ। ਉਨ੍ਹਾਂ ਦੇ ਇਸ ਸ਼ਾਸਨ ਦੀਆਂ ਕਈ ਨਿਸ਼ਾਨੀਆਂ ਅੱਜ ਵੀ ਲਾਹੌਰ ਦੀਆਂ ਕਈ ਇਮਾਰਤਾਂ ਵਿੱਚ ਮੌਜੂਦ ਹਨ। ਜਦਕਿ ਕਈ ਕਹਾਣੀਆਂ ਇਤਿਹਾਸ ਦੇ ਪੰਨਿਆਂ ਵਿੱਚ ਹੀ ਗੁਆਚ ਗਈਆਂ ਹਨ।
ਮੋਰਾਂ ਮਾਈ ਦੀਆਂ ਯਾਦਾਂ ਸਮੇਟੀ ਬੈਠਾ ਲਾਹੌਰ
ਇਕਬਾਲ ਕੈਸਰ ਇੱਕ ਇਤਿਹਾਸਕਾਰ ਅਤੇ ਲੇਖਕ ਹਨ, ਉਨ੍ਹਾਂ ਨੂੰ ਪੰਜਾਬ ਦੇ ਇਤਿਹਾਸ ਬਾਰੇ ਖ਼ਾਸ ਜਾਣਕਾਰੀ ਹੈ। ਉਨ੍ਹਾਂ ਨੇ ਵੀ ਮੋਰਾਂ ਮਾਈ ਦੀਆਂ ਕੁਝ ਕਹਾਣੀਆਂ ਪੜ੍ਹ ਸੁਣ ਰੱਖੀਆ ਹਨ।
ਆਪਣੇ ਮੋਢੇ ਤੇ ਇੱਕ ਛੋਟਾ ਜਿਹਾ ਕਾਲਾ ਬੈਗ ਟੰਗੇ ਹੋਏ, ਉਹ ਅੱਜ ਵੀ ਲਾਹੌਰ ਦੀਆਂ ਸੜਕਾਂ ’ਤੇ ਘੁੰਮਦੇ ਫ਼ਿਰਦੇ ਮਿਲ ਜਾਂਦੇ ਹਨ। ਇਤਿਹਾਸ ਦੇ ਬਹੁਤੇ ਸੰਦਰਭ ਉਨ੍ਹਾਂ ਨੂੰ ਜ਼ਬਾਨੀ ਯਾਦ ਹਨ।

ਤਸਵੀਰ ਸਰੋਤ, PRATEEK SEHDEV
ਉਹ ਸਾਨੂੰ ਸ਼ਾਹ ਆਲਮ ਮਾਰਕਿਟ ਦੇ ਪਾਪੜ ਬਾਜ਼ਾਰ ਵਿੱਚ ਸਥਿਤ ਇੱਕ ਇਮਾਰਤ ਤੱਕ ਲੈ ਗਏ ਜਿਥੇ ਮੋਰਾਂ ਮਾਈ ਤਕਰੀਬਨ ਦੋ ਸੌ ਸਾਲ ਪਹਿਲਾਂ ਰਹਿੰਦੀ ਸੀ। ਉੱਥੇ ਹੁਣ ਉੱਚੀਆਂ-ਉੱਚੀਆਂ ਇਮਾਰਤਾਂ ਹਨ।
ਪਰ ਉਸਦੇ ਠੀਕ ਸਾਹਮਣੇ ਅੱਜ ਵੀ ਉਹ ਮਸਜਿਦ ਹੈ ਮੌਜੂਦ ਹੈ ਜਿਸ ਨੂੰ ਮੋਰਾਂ ਨੇ ਬਣਵਾਇਆ ਸੀ। ਤੇ ਇਸ ਨੂੰ 'ਮੋਰਾਂਵਾਲੀ ਮਸਜਿਦ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਕਬਾਲ ਕੈਸਰ ਕਹਿੰਦੇ ਹਨ, "ਮੋਰਾਂ ਮਾਈ ਕਦੀ ਰਾਣੀ ਨਹੀਂ ਬਣੇ, ਕਿਉਂਕਿ ਰਣਜੀਤ ਸਿੰਘ ਨੇ ਕਦੀ ਉਨ੍ਹਾਂ ਨਾਲ ਵਿਆਹ ਨਹੀਂ ਕਰਵਾਇਆ। ਪਰ ਆਪਣੀ ਖ਼ੂਬਸੂਰਤੀ ਕਰਕੇ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਬਲਕਿ ਸ਼ੇਰ-ਏ-ਪੰਜਾਬ ਨੂੰ ਵੀ ਜਿੱਤ ਲਿਆ।"
ਪੰਜਾਬ ਦੇ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 1780 ਵਿੱਚ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਵਿੱਚ ਜੰਮੇਂ ਰਣਜੀਤ ਸਿੰਘ ਨੇ 1801 ਵਿੱਚ ਪੰਜਾਬ ਵਿੱਚ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਸੀ।
ਆਪਣੀ ਬੁਲੰਦੀ ਦੇ ਦੌਰ ਵਿੱਚ ਉਨ੍ਹਾਂ ਦਾ ਸਾਮਰਾਜ ਇੱਕ ਪਾਸੇ ਖ਼ੈਬਰ ਪਾਸ ਅਤੇ ਦੂਜੇ ਪਾਸੇ ਕਸ਼ਮੀਰ ਤੱਕ ਫ਼ੈਲਿਆ ਹੋਇਆ ਸੀ। ਉਨ੍ਹਾਂ ਦੇ ਨਾਲ ਮੋਰਾਂ ਮਾਈ ਨੇ ਵੀ ਸਮਰਾਜ ’ਤੇ ਰਾਜ ਕੀਤਾ।
ਮੋਰਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਮੁਲਾਕਾਤ ਕਿਵੇਂ ਹੋਈ?
ਇਕਬਾਲ ਕੈਸਰ ਮੁਤਾਬਕ, ਉਸ ਸਮੇਂ ਲਾਹੌਰ ਦਾ ਇਹ ਇਲਾਕਾ ਹੁਸਨ ਦਾ ਬਾਜ਼ਾਰ ਹੁੰਦਾ ਸੀ ਜਿਥੇ ਮੋਰਾਂ ਰਹਿੰਦੀ ਸੀ। ਮੋਰਾਂ ਇਥੇ ਇੱਕ ਪੇਸ਼ੇਵਰ ਨਾਚੀ ਸੀ ਅਤੇ ਆਪਣੇ ਪੇਸ਼ੇ ਤੋਂ ਰੋਜ਼ੀ ਰੋਟੀ ਕੰਮਾਉਂਦੀ ਸੀ। ਉਨ੍ਹਾਂ ਦੀ ਖ਼ੂਬਸੂਰਤੀ ਦੇ ਚਰਚੇ ਸਨ।
ਜਦੋਂ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕੀਤਾ ਤਾਂ ਮੋਰਾਂ ਦੀ ਖ਼ੂਬਸੂਰਤੀ ਦੀ ਚਰਚਾ ਉਨ੍ਹਾਂ ਤੱਕ ਵੀ ਪਹੁੰਚੀ। ਇਕਬਾਲ ਕੈਸਰ ਕਹਿੰਦੇ ਹਨ ਮੁਤਾਬਕ, "ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਹ ਮੋਰਾਂ ਨੂੰ ਮਿਲਣ ਉਨ੍ਹਾਂ ਦੇ ਕੋਠੇ 'ਤੇ ਗਏ ਅਤੇ ਫ਼ਿਰ ਉਨ੍ਹਾਂ ਦੇ ਹੀ ਹੋ ਕੇ ਰਹਿ ਗਏ।"

ਇਸ ਜਗ੍ਹਾ ਮੋਰਾਂ ਦੀ ਸ਼ਾਨਦਾਰ ਹਵੇਲੀ ਸੀ। ਕੁਝ ਮਤ ਅਜਿਹੇ ਵੀ ਹਨ ਕਿ ਉਹ ਹਵੇਲੀ ਮਹਾਰਾਜਾ ਨੇ ਹੀ ਬਣਵਾਈ ਸੀ।
"ਇਹ ਦੇਖੋ ਮਹਾਰਾਜਾ ਦਾ ਦਰਬਾਰ ਕਿੱਥੇ ਲੱਗਦਾ ਸੀ"
ਇਕਬਾਲ ਕੈਸਰ ਮੁਤਾਬਕ, ਮੋਰਾਂ ਦੇ ਕੋਠੇ ਤੋਂ ਸਰਕਾਰੀ ਹੁਕਮ ਜਾਰੀ ਹੋਣ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਪ੍ਰਭਾਵ ਕਿੰਨਾ ਜ਼ਿਆਦਾ ਹੋਵੇਗਾ। ਉਹ ਇੱਕ ਅਜਿਹੀ ਘਟਨਾ ਸੁਣਾਉਂਦੇ ਹਨ, ਜਿਸ ਨਾਲ ਰਣਜੀਤ ਸਿੰਘ ਦੇ ਮੋਰਾਂ ਪ੍ਰਤੀ ਆਕਰਸ਼ਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਉਹ ਕਹਿੰਦੇ ਹਨ ਕਿ ਜਿਨ੍ਹਾਂ 10-12 ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ 'ਤੇ ਹਮਲਾ ਕਰਨ ਦਾ ਸੱਦਾ ਦਿੱਤਾ ਸੀ ਅਤੇ ਕਬਜ਼ਾ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਵਿੱਚ ਕਸੂਰ ਦੇ ਇੱਕ ਪਿੰਡ ਦਾ ਮੇਹਰ ਮੁਕਾਮੁਦੀਨ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ।
ਉਹ ਲਾਹੌਰ ਦੇ ਦਰਬਾਰ ਵਿੱਚ ਮੁੱਖ ਦਰਬਾਨ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਹੀ ਦਰਵਾਜ਼ਾ ਖੋਲ੍ਹਿਆ ਸੀ ਜਿਸ ਤੋਂ ਬਾਅਦ ਫ਼ੌਜ ਸ਼ਹਿਰ ਵਿੱਚ ਦਾਖ਼ਲ ਹੋ ਗਈ ਅਤੇ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕਰ ਲਿਆ।
ਇਕਬਾਲ ਕੈਸਰ ਮੁਤਾਬਕ, ਮੇਹਰ ਮੁਕਾਮੁਦੀਨ ਦਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਉੱਚਾ ਦਰਜਾ ਸੀ। ਮਹਾਰਾਜਾ ਉਨ੍ਹਾਂ ਨੂੰ 'ਬਾਪੂ' ਕਹਿੰਦੇ ਸਨ ਤੇ ਆਪਣੇ ਨਾਲ ਇੱਕ ਖ਼ਾਸ ਆਸਨ 'ਤੇ ਬਿਠਾਉਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪੁਰਸਕਾਰ ਅਤੇ ਸਨਮਾਨਾਂ ਨਾਲ ਵੀ ਸਨਮਾਨਿਤ ਕੀਤਾ ਗਿਆ।
ਮਹਾਰਾਜਾ ਦੇ ਪੁਰਾਣੇ ਮਿੱਤਰ 'ਤੇ ਮੌਰਾਂ ਦੀ ਜਿੱਤ
ਹਾਲਾਂਕਿ ਮੇਹਰ ਮੁਕਾਮੁਦੀਨ ਨੂੰ ਇਹ ਪਸੰਦ ਨਹੀਂ ਸੀ ਕਿ ਸ਼ਾਹੀ ਦਰਬਾਰ ਇੱਕ ਤਵਾਇਫ਼ ਦੇ ਕੋਠੇ ’ਤੇ ਲਗਦਾ ਸੀ। ਪਹਿਲਾਂ ਤਾਂ ਉਨ੍ਹਾਂ ਨੇ ਮਹਾਰਾਜਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਥੇ ਕਾਮਯਾਬੀ ਨਾ ਮਿਲੀ, ਤਾਂ ਉਨ੍ਹਾਂ ਨੇ ਮੋਰਾਂ 'ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ।

ਮੋਰਾਂ ਅਤੇ ਮੁਕਾਮੁਦੀਨ ਵਿੱਚ ਟਕਰਾਅ ਪੈਦਾ ਹੋ ਗਿਆ। ਮੋਰਾਂ ਨੇ ਮੁਕਾਮੁਦੀਨ ਨੂੰ ਕਿਹਾ ਕਿ ਮੁਕਾਮੁਦੀਨ ਸਬਜ਼ੀ ਮੰਡੀ ਵਿੱਚ ਪਿਆਜ਼ ਵੇਚਦੇ ਸਨ ਅਤੇ ਉਹ ਉਨ੍ਹਾਂ ਤੋਂ ਦੁਬਾਰਾ ਉਹੀ ਕੰਮ ਕਰਵਾਉਣਗੇ। ਜੁਆਬ ਵਿੱਚ ਮੇਹਰ ਮੁਕਾਮੁਦੀਨ ਨੇ ਮੋਰਾਂ ਨੂੰ ਕੋਠੇ ਅਤੇ ਪੇਸ਼ੇ ਤੱਕ ਸੀਮਿਤ ਕਰ ਦੇਣ ਦੀ ਚਣੌਤੀ ਦਿੱਤੀ।
"ਉਨ੍ਹਾਂ ਦੀ ਲੜਾਈ ਵੱਧ ਗਈ ਪਰ ਅੰਤ ਵਿੱਚ ਨਵਾਕੋਟ ਇਲਾਕੇ ਅਤੇ ਇਸ ਤੋਂ ਇਲਾਵਾ ਵੀ ਮੇਹਰ ਮੁਕਾਮੁਦੀਨ ਦੀ ਜਿਹੜੀ ਜ਼ਾਇਦਾਦ ਸੀ ਉਹ ਸਰਕਾਰੀ ਹੁਕਮਾਂ 'ਤੇ ਜ਼ਬਤ ਕਰ ਲਈ ਗਈ। ਮੇਹਰ ਸਬਜ਼ੀ ਮੰਜੀ ਵਿੱਚ ਪਿਆਜ਼ ਵੇਚਣ ਲਈ ਮਜ਼ਬੂਰ ਹੋ ਗਏ।"
ਇਹ ਵੀ ਪੜ੍ਹੋ-
ਮੋਰਾਂ ਦੀ ਇਹ ਜਿੱਤ ਵੀ ਉਨ੍ਹਾਂ ਦੇ ਪ੍ਰਭਾਵ ਦਾ ਹੀ ਨਤੀਜਾ ਸੀ। ਕਈ ਸਾਲਾਂ ਤੱਕ ਉਨ੍ਹਾਂ ਦੇ ਨਾਮ ਦੇ ਸਿੱਕੇ, ਰਾਜ ਦੀ ਸ਼ਾਹੀ ਟਕਸਾਲ ਤੋਂ ਜਾਰੀ ਕੀਤੇ ਗਏ, ਜਿੰਨਾਂ ਨੂੰ ਮੋਰਾ ਸ਼ਾਹੀ ਸਿੱਕੇ ਕਿਹਾ ਜਾਂਦਾ ਸੀ।
ਮਹਾਰਾਜਾ ਨੇ ਮੋਰਾਂ ਨਾਲ ਵਿਆਹ ਕਿਉਂ ਨਹੀਂ ਕਰਵਾਇਆ?
ਅਜਿਹੇ ਕਈ ਹਵਾਲੇ ਮਿਲਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੋਰਾਂ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਹ ਉਨ੍ਹਾਂ ਦੀ ਮੁਸਲਮਾਨ ਰਾਣੀ ਸੀ। ਇਕਬਾਲ ਕੈਸਰ ਮੁਤਾਬਿਕ, ਇਤਿਹਾਸ ਵਿੱਚ ਅਜਿਹੇ ਕਈ ਹਵਾਲੇ ਹਨ ਪਰ ਇੰਨਾਂ ਦੀ ਪੁਸ਼ਟੀ ਕਰਨਾ ਮੁਮਕਿਨ ਨਹੀਂ ਹੈ।

ਮਹਾਰਾਜਾ ਰਣਜੀਤ ਸਿੰਘ ਨੇ ਅਮ੍ਰਿਤਸਰ ਦੀ ਇੱਕ ਮੁਸਲਿਮ ਨਾਚੀ ਗੁਲ ਬੇਗ਼ਮ ਦੇ ਨਾਲ ਰਸਮੀ ਤੌਰ 'ਤੇ ਵਿਆਹ ਕੀਤਾ ਸੀ, ਉਨ੍ਹਾਂ ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ਵਿੱਚ ਰੱਖਿਆ ਗਿਆ ਸੀ ਤਾਂ ਰਣਜੀਤ ਸਿੰਘ ਨੇ ਮੋਰਾਂ ਮਾਈ ਨਾਲ ਵਿਆਹ ਕਿਉਂ ਨਹੀਂ ਕਰਵਾਇਆ?
ਇਕਬਾਲ ਕੈਸਰ ਮੁਤਾਬਿਕ, ਇਸਦਾ ਕਾਰਨ ਇਹ ਸੀ ਕਿ ਗੁਲ ਬੇਗ਼ਮ ਸਿਰਫ਼ ਨਾਚੀ ਸਨ, ਉਹ ਧੰਦਾ ਨਹੀਂ ਸਨ ਕਰਦੇ। ਇਸ ਲਈ ਜਦੋਂ ਮਹਾਰਾਜਾ ਨੇ ਉਨ੍ਹਾਂ ਨਾਲ ਵਕਤ ਗੁਜ਼ਾਰਨ ਦੀ ਇੱਛਾ ਜ਼ਾਹਿਰ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਧਰਮ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਦਿੰਦਾ।
ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਸ ਲਈ ਮਹਾਰਾਜਾ ਨੂੰ ਉਨ੍ਹਾਂ ਨਾਲ ਵਿਆਹ ਕਰਵਾਉਣਾ ਪਵੇਗਾ। ਇਸ ਸ਼ਰਤ ਨੂੰ ਮਹਾਰਾਜਾ ਨੇ ਸਵੀਕਾਰ ਕਰ ਲਿਆ ਸੀ। ਹਾਲਾਂਕਿ ਮੋਰਾਂ ਦੇ ਨਾਲ ਉਨ੍ਹਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ।
ਮੋਰਾਂ ਨੇ ਮਸਜਿਦ ਕਿਉਂ ਬਣਵਾਈ?
ਇਸ ਪ੍ਰਸੰਗ ਵਿੱਚ ਵੀ ਕਈ ਹਵਾਲੇ ਮਿਲਦੇ ਹਨ ਕਿ ਮੋਰਾਂ ਨੇ ਆਪਣੇ ਕੋਠੇ ਜਾਂ ਹਵੇਲੀ ਦੇ ਸਾਹਮਣੇ ਜਿਹੜੀ ਮਸਜਿਦ ਬਣਵਾਈ ਉਸਦੇ ਪਿੱਛੇ ਕੀ ਵਜ੍ਹਾ ਸੀ। ਪਰ ਇੰਨਾਂ ਹਵਾਲਿਆਂ ਦੀ ਵੀ ਕੋਈ ਤਸਦੀਕ ਨਹੀਂ।
ਇਕਬਾਲ ਕੈਸਰ ਮੁਤਾਬਕ, ਨੂਰ ਅਹਿਮਦ ਚਿਸ਼ਤੀ ਦੀ ਕਿਤਾਬ 'ਤਹਿਕੀਕਾਤ-ਏ-ਚਿਸ਼ਤੀ' ਵਿੱਚ ਵੀ ਇਹ ਪ੍ਰਸੰਗ ਹੈ, ਪਰ ਇਸ ਦੀ ਸੁਤੰਤਰ ਤੌਰ 'ਤੇ ਤਸਦੀਕ ਨਹੀਂ ਕੀਤੀ ਜਾ ਸਕਦੀ।

ਤਸਵੀਰ ਸਰੋਤ, HERITAGE IMAGES
ਉਨ੍ਹਾਂ ਮੁਤਾਬਿਕ, ਮਸਜਿਦ ਬਣਵਾਉਣ ਨੂੰ ਲੈ ਕੇ ਜੋ ਵੀ ਪ੍ਰਮਾਣਿਕ ਤੱਥ ਹੈ ਉਹ ਇਹ ਹੈ ਕਿ ਮਹਾਰਾਜਾ ਨੇ ਲਾਹੌਰ ਦੀ ਇੱਕ ਪ੍ਰਸਿੱਧ ਮਸਜਿਦ ਵਜ਼ੀਰ ਖ਼ਾਨ ਦੇ ਮੀਨਾਰ ’ਤੇ ਮੋਰਾਂ ਨਾਲ ਕੁਝ ਵਕਤ ਗੁਜ਼ਾਰਿਆ ਸੀ।
"ਇਸਤੋਂ ਬਾਅਦ ਮੋਰਾਂ ਦੇ ਦਿਲ ਵਿੱਚ ਇਹ ਗੱਲ ਆਈ ਕਿ ਉਨ੍ਹਾਂ ਨੂੰ ਮਸਜਿਦ ਦੇ ਮੀਨਾਰ 'ਤੇ ਨਹੀਂ ਸੀ ਜਾਣਾ ਚਾਹੀਦਾ। ਇਸ ਲਈ ਉਨ੍ਹਾਂ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮਸਜਿਦ ਦੀ ਉਸਾਰੀ ਕਰਵਾਈ।"
ਮੋਰਾਵਾਲੀ ਮਸਜਿਦ ਦੇ ਤਿੰਨ ਗੁੰਬਦ ਅਤੇ ਦੋ ਮਿਨਾਰ ਅੱਜ ਵੀ ਮੌਜੂਦ ਹਨ। ਪਰ ਇਸ ਦੀ ਬਹੁਤੀ ਇਮਾਰਤ 'ਤੇ ਰੰਗ ਕਰ ਦਿੱਤਾ ਗਿਆ ਹੈ। ਇਸ ਵਿੱਚ ਨਮਾਜ਼ੀਆਂ ਦੀ ਗੁੰਜਾਇਸ਼ ਵਧਾਉਣ ਲਈ ਨਵੀਂ ਉਸਾਰੀ ਵੀ ਕੀਤੀ ਗਈ ਹੈ।
ਜਾਮਾ ਮਸਜਿਦ ਦਾ ਦਰਜਾ ਪ੍ਰਾਪਤ ਇਹ ਮਸਜਿਦ ਅੱਜ ਵੀ ਨਮਾਜ਼ੀਆਂ ਲਈ ਖੁੱਲ੍ਹੀ ਹੈ।
ਮੋਰਾਂ ਦੀ ਮਾਂ 'ਤੇ ਪ੍ਰੇਤਾਂ ਦਾ ਪਰਛਾਵਾਂ ਅਤੇ ਮੰਦਰ ਦੀ ਉਸਾਰੀ
ਇਕਬਾਲ ਕੈਸਰ ਦੱਸਦੇ ਹਨ ਕਿ ਮੋਰਾਂ ਨੇ ਨਾ ਸਿਰਫ਼ ਮਸਜਿਦ ਬਲਕਿ, ਇੱਕ ਮੰਦਰ ਵੀ ਬਣਵਾਇਆ ਸੀ। ਜਿਸ ਦੀ ਥਾਂ 'ਤੇ ਹੁਣ ਹੋਰ ਇਮਾਰਾਤਾਂ ਉਸਰ ਗਈਆਂ ਹਨ।

ਤਸਵੀਰ ਸਰੋਤ, HERITAGE IMAGES
ਮੋਰਾਂ ਨੇ ਲਾਹੌਰ ਵਿੱਚ ਇਛਰਾ ਦੇ ਨੇੜੇ ਵੀ ਇੱਕ ਵੱਡਾ ਮੰਦਰ ਬਣਵਾਇਆ ਸੀ। ਜਿਸ ਦਾ ਕੁਝ ਹਿੱਸਾ ਅੱਜ ਵੀ ਉਥੇ ਹੈ।
ਇਕਬਾਲ ਕੈਸਰ ਮੁਤਾਬਿਕ, ਇਹ ਕਿਹਾ ਜਾਂਦਾ ਹੈ ਕਿ ਇੱਕ ਵਾਰ ਮੋਰਾਂ ਦੀ ਮਾਂ 'ਤੇ ਭੂਤ ਪ੍ਰੇਤਾਂ ਦਾ ਪਰਛਾਵਾਂ ਪੈ ਗਿਆ ਸੀ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਏ ਤਾਂ ਇਸ ਮੰਦਰ ਦੇ ਪੁਜਾਰੀ ਨੇ ਕਿਹਾ ਕਿ ਉਹ ਕੁਝ ਕਾਰ ਵਿਹਾਰ ਕਰਕੇ ਇਸ ਭੂਤ ਤੋਂ ਛੁਟਕਾਰਾ ਦਿਵਾ ਦੇਣਗੇ। ਪਰ ਬਦਲੇ ਵਿੱਚ ਮੋਰਾਂ ਇਸ ਮੰਦਰ ਦੀ ਉਸਾਰੀ ਕਰਵਾਉਣਗੇ।
ਉਨ੍ਹਾਂ ਦੀ ਮਾਂ 'ਤੇ ਭੂਤ ਦਾ ਪਰਛਾਵਾਂ ਖ਼ਤਮ ਹੋ ਗਿਆ ਤਾਂ ਉਸ ਤੋਂ ਬਾਅਦ ਮੋਰਾਂ ਨੇ ਆਪਣੇ ਖ਼ਰਚੇ 'ਤੇ ਮੰਦਰ ਦੀ ਉਸਾਰੀ ਕਰਵਾਈ। ਇਸ ਮੰਦਰ ਦਾ ਮੁੱਖ ਭਾਗ, ਕੰਧਾਂ ਅਤੇ ਦਰਵਾਜ਼ਿਆਂ ਦਾ ਕੁਝ ਹਿੱਸਾ ਅੱਜ ਵੀ ਮੌਜੂਦ ਹੈ ਪਰ ਬਹੁਤੇ ਹਿੱਸਿਆਂ 'ਤੇ ਲੋਕਾਂ ਨੇ ਘਰ ਬਣਵਾ ਲਏ ਹਨ।

ਇਕਬਾਲ ਕੈਸਰ ਦੱਸਦੇ ਹਨ, ਇਸ ਮੰਦਰ ਦੀ ਉਸਾਰੀ ਨੂੰ ਲਾਹੌਰ ਦੇ ਹਿੰਦੂਆਂ ਅਤੇ ਮੁਸਲਮਾਨਾਂ ਦਰਮਿਆਨ ਚੰਗੇ ਸੰਬੰਧਾਂ ਦੀ ਨਿਸ਼ਾਨੀ ਵਜੋਂ ਵੀ ਦੇਖਿਆ ਗਿਆ। "ਇਹ ਇੱਕ ਹਿੰਦੂ ਮੰਦਰ ਸੀ, ਜਿਸਨੂੰ ਮੁਸਲਮਾਨ ਔਰਤ ਨੇ ਬਣਵਾਇਆ ਸੀ।"
ਸੁਭਾਵਿਕ ਮੌਤ ਅਤੇ ਗ਼ੁੰਮਨਾਮੀ
ਕਈ ਇਤਿਹਾਸਿਕ ਹਵਾਲੇ ਹਨ ਕਿ ਲੋਕ ਮਹਾਰਾਜਾ 'ਤੇ ਮੋਰਾਂ ਦੇ ਪ੍ਰਭਾਵ ਨੂੰ ਦੇਖਦਿਆਂ ਆਪਣੀਆਂ ਸੱਮਸਿਆਵਾਂ ਉਨ੍ਹਾਂ ਕੋਲ ਲੈ ਕੇ ਆਉਂਦੇ ਸਨ। ਜਿੰਨਾਂ ਵੱਲ ਉਹ ਮਹਾਰਾਜਾ ਦਾ ਧਿਆਨ ਖਿੱਚਦੇ ਸਨ।
ਮੋਰਾਂ ਮਾਈ ਨੇ ਜ਼ਿੰਦਗੀ ਨੂੰ ਜਿੰਨੇ ਸ਼ਾਨਦਾਰ ਤਰੀਕੇ ਨਾਲ ਜੀਵਿਆ, ਆਪਣੀ ਮੌਤ ਤੋਂ ਬਾਅਦ ਉਹ ਉਨੀਂ ਹੀ ਗੁਮਨਾਮ ਹੋ ਗਈ।

ਤਸਵੀਰ ਸਰੋਤ, DEA PICTURE LIBRARY
ਇਕਬਾਲ ਕੈਸਰ ਮੁਤਾਬਕ, ਉਨ੍ਹਾਂ ਦੀ ਮੌਤ ਦੀ ਤਾਰੀਖ਼ ਦਾ ਕੋਈ ਹਵਾਲਾ ਨਹੀਂ ਹੈ ਸਿਰਫ਼ ਇੰਨਾ ਪਤਾ ਹੈ ਕਿ ਉਨ੍ਹਾਂ ਦੀ ਮੌਤ ਕੁਦਰਤੀ ਸੀ।
ਜਿਥੇ ਰਾਣੀਆਂ ਅਤੇ ਮਹਾਂਰਾਣੀਆਂ ਦੇ ਮਕਬਰੇ ਅਤੇ ਅੰਤਿਮ ਸਥਾਨ ਹਨ, ਮੋਰਾਂ ਦੇ ਸੰਬੰਧ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਇੱਕ ਇਤਿਹਾਸਿਕ ਪ੍ਰਸੰਗ ਮੁਤਾਬਿਕ ਉਨ੍ਹਾਂ ਦੀ ਕਬਰ ਲਾਹੌਰ ਦੇ ਮਿਯਾਨੀ ਸਾਹਿਬ ਵਿੱਚ ਹਜ਼ਰਤ ਤਾਹਿਰ ਬੰਦਗੀ ਦੇ ਮਜ਼ਾਰ ਨੇੜੇ ਹੈ।
ਇਕਬਾਲ ਕੈਸਰ ਮੁਤਾਬਿਕ, ਉਨ੍ਹਾਂ ਦੀ ਕਬਰ ਲਾਹੌਰ ਦੇ ਮੀਆਂ ਸਾਹਿਬ ਕਬਰਿਸਤਾਨ ਵਿੱਚ ਹੈ। ਪਰ ਇਹ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਮੋਰਾਂ ਦੀ ਕਬਰ ਕਿਹੜੀ ਹੈ ਤੇ ਕਿਥੇ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















