ਪ੍ਰਦੂਸ਼ਿਤ ਹਵਾ ਤੋਂ ਬਚਾਅ ਲਈ ਲੋਕ ਜੋ ਪਿਓਰੀਫਾਇਰ ਖਰੀਦ ਰਹੇ ਉਹ ਕਿੰਨੇ ਅਸਰਦਾਰ

ਤਸਵੀਰ ਸਰੋਤ, Getty Images
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਵਿੱਚ ਪਿਛਲੇ ਪੰਜ ਦਿਨਾਂ ਤੋਂ ਹਵਾ ਇੰਨੀ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਬੇਹੱਦ ਖ਼ਤਰਨਾਕ ਪ੍ਰਦੂਸ਼ਕ ਪੀਐਮ 2.5 ਦੀ ਹਵਾ ਵਿੱਚ ਮੌਜੂਦਗੀ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਚੁੱਕੀ ਹੈ।
ਬੀਤੇ ਵੀਰਵਾਰ ਤੋਂ ਲੈ ਕੇ ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਵਾ ਦਾ ਪ੍ਰਦੂਸ਼ਣ ਸਿਖ਼ਰਲੇ ਪੱਧਰ 'ਤੇ ਦਰਜ ਕੀਤਾ ਗਿਆ।
ਇਸ ਹਵਾ ਵਿੱਚ ਸਾਹ ਲੈਣਾ ਇੰਨਾ ਖ਼ਤਰਨਾਕ ਹੈ ਕਿ ਬਜ਼ਰੁਗਾਂ, ਬੱਚਿਆਂ ਅਤੇ ਦਮਾ ਜਾਂ ਸਾਹ ਨਾਲ ਜੁੜੀਆਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਐਮਰਜੈਂਸੀ ਸਿਹਤ ਸੇਵਾਵਾਂ ਲੈਣੀਆਂ ਪੈ ਸਕਦੀਆਂ ਹਨ। ਨਾਲ ਹੀ ਤੰਦਰੁਸਤ ਲੋਕਾਂ ਲਈ ਇਸ ਹਵਾ ਵਿੱਚ ਲੰਬੇ ਸਮੇਂ ਤੱਕ ਸਾਹ ਲੈਣਾ ਖ਼ਤਰਨਾਕ ਹੋ ਸਕਦਾ ਹੈ।
ਇਹ ਵੀ ਪੜ੍ਹੋ
ਪਰ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਨਵੰਬਰ ਮਹੀਨੇ ਦੇ ਪਹਿਲੇ ਦੂਸਰੇ ਹਫ਼ਤੇ ਦਿੱਲੀ ਦੀ ਹਵਾ ਇੰਨੀ ਪ੍ਰਦੂਸ਼ਿਤ ਹੋ ਗਈ ਹੋਵੇ। ਪਿਛਲੇ ਕਈ ਸਾਲਾਂ ਤੋਂ ਦਿੱਲੀ ਸਮੇਤ ਉੱਤਰੀ ਭਰਤ ਦੇ ਕਈ ਸੂਬਿਆਂ ਵਿੱਚ ਠੰਡ ਆਉਂਦੇ ਆਉਂਦੇ ਪ੍ਰਦੂਸ਼ਣ ਦੀ ਸਮੱਸਿਆ ਵੀ ਆ ਜਾਂਦੀ ਹੈ।
ਦਿੱਲੀ ਦੇ ਗੰਗਾਰਾਮ ਹਸਪਤਾਲ ਦੇ ਫ਼ੇਫੜਿਆਂ ਦੇ ਕੈਂਸਰ ਦੇ ਮਾਹਰ ਡਾਕਟਰ ਅਰਵਿੰਦ ਕੁਮਾਰ ਮੁਤਾਬਿਕ, ਉੱਤਰ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਇਹ ਟਰੈਂਡ ਜੇ ਇਸੇ ਤਰੀਕੇ ਨਾਲ ਜਾਰੀ ਰਿਹਾ ਤਾਂ ਇਸ ਖੇਤਰ ਵਿੱਚ ਫ਼ੇਫੜਿਆਂ ਦੇ ਕੈਂਸਰ ਦੇ ਮਾਮਲਿਆਂ ਵਿੱਚ ਹੱਦੋਂ ਵੱਧ ਵਾਧਾ ਹੋ ਸਕਦਾ ਹੈ।
ਪਿਛਲੇ ਸਾਲ ਹੀ ਦਿੱਲੀ ਵਿੱਚ ਰਹਿਣ ਵਾਲੀ ਇੱਕ 28ਸਾਲਾਂ ਔਰਤ ਨੂੰ ਫ਼ੇਫੜਿਆਂ ਦਾ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ ਜਦਕਿ ਉਹ ਸਿਗਰਟ ਜਾਂ ਬੀੜੀ ਕੁਝ ਵੀ ਨਹੀਂ ਪੀਂਦੀ ਸੀ।
ਇੰਨਾਂ ਹਾਲਾਤ ਵਿੱਚ ਪ੍ਰਸ਼ਨ ਖੜਾ ਹੁੰਦਾ ਹੈ, ਇਸਦਾ ਹੱਲ ਕੀ ਹੈ?
ਡਾਕਟਰ ਅਰਵਿੰਦ ਸਮੇਤ ਦੇਸ਼ ਦੇ ਸਾਰੇ ਮਾਹਰ ਮੰਨਦੇ ਹਨ ਕਿ ਪ੍ਰਦੂਸ਼ਿਤ ਹਵਾ ਦੀ ਸਮੱਸਿਆ ਦਾ ਸਿਰਫ਼ ਇੱਕ ਹੀ ਹੱਲ ਹੈ ਹਵਾ ਪ੍ਰਦੂਸ਼ਣ ਨੂੰ ਘਟਾਉਣਾ।

ਤਸਵੀਰ ਸਰੋਤ, Getty Images
ਏਅਰ ਪਿਓਰੀਫ਼ਾਇਰ ਦੀ ਵਿਕਰੀ ਵਿੱਚ ਵਾਧਾ
ਪਰ ਪਿਛਲੇ ਕਈ ਸਾਲਾਂ ਤੋਂ ਹਵਾ ਪ੍ਰਦੂਸ਼ਣ ਘੱਟਣ ਦੀ ਬਜਾਇ ਵੱਧਦਾ ਹੀ ਨਜ਼ਰ ਆ ਰਿਹਾ ਹੈ। ਅਜਿਹੇ ਵਿੱਚ ਲੋਕਾਂ ਨੇ ਐਨ95 ਮਾਸਕ ਜਾਂ ਏਅਰ ਪਿਓਰੀਫ਼ਾਇਰ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਇਸ ਇੰਡਸਟਰੀ ਦਾ ਭਾਰੀ ਵਿਸਥਾਰ ਹੋਇਆ।
ਈ-ਕਮਰਸ ਵੈਬਸਾਈਟ ਐਮਾਜ਼ੋਨ ਮੁਤਾਬਿਕ ਸਾਲ 2016 ਵਿੱਚ ਲੋਕਾਂ ਨੇ 2015 ਦੇ ਮੁਕਾਬਲੇ 400 ਫ਼ੀਸਦ ਵੱਧ ਏਅਰ ਪਿਓਰੀਫ਼ਾਇਰ ਖ਼ਰੀਦੇ ਸਨ।
ਸਾਲ 2017 ਦੇ ਮੁਕਾਬਲੇ ਏਅਰ ਪਿਓਰੀਫ਼ਾਇਰਾਂ ਦੀ ਵਿਕਰੀ ਵਿੱਚ 500 ਫ਼ੀਸਦ ਵਾਧਾ ਹੋਇਆ। ਹੌਲੀ ਹੌਲੀ ਏਅਰ ਪਿਓਰੀਫ਼ਾਇਰ ਵੀ ਟੈਲੀਵਿਜ਼ਨ, ਫਰਿੱਜ ਜਾਂ ਏਸੀ ਵਰਗੇ ਘਰੇਲੂ ਉਪਕਰਣਾਂ ਵਿੱਚ ਸ਼ਾਮਿਲ ਹੋ ਚੁੱਕੇ ਹਨ।
ਬਾਜ਼ਾਰ ਵਿੱਚ ਇਸ ਸਮੇਂ 5,000 ਤੋਂ ਲੈ ਕੇ 50,000 ਰੁਪਏ ਤੱਕ ਦੀ ਕੀਮਤ ਦੇ ਏਅਰ ਪਿਓਰੀਫਾਇਰ ਉਪਲੱਬਧ ਹਨ।
ਇਹ ਵੀ ਪੜ੍ਹੋ

ਕਿੰਨੇ ਕਾਮਯਾਬ ਹਨ ਏਅਰ ਪਿਓਰੀਫ਼ਾਇਰ
ਪਰ ਪ੍ਰਸ਼ਨ ਇਹ ਹੈ ਕਿ ਕੀ ਇਸ ਹੱਦ ਤੱਕ ਜ਼ਹਿਰੀਲੀ ਹਵਾ ਤੋਂ ਬਚਣ ਲਈ ਏਅਰ ਪਿਓਰੀਫ਼ਾਇਰ ਦਾ ਸਹਾਰਾ ਲਿਆ ਜਾ ਸਕਦਾ ਹੈ?
ਏਅਰ ਪਿਓਰੀਫ਼ਾਇਰ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਇਸ਼ਤਿਹਾਰਾਂ ਵਿੱਚ ਕਈ ਤਕਨੀਕੀ ਸ਼ਬਦਾਂ ਦੀ ਵਰਤੋਂ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਉਨ੍ਹਾਂ ਦੇ ਬ੍ਰਾਂਡ ਦਾ ਏਅਰ ਪਿਓਰੀਫ਼ਾਇਰ ਤੁਹਾਨੂੰ ਹਵਾ ਦੇ ਪ੍ਰਦੂਸ਼ਣ ਤੋਂ ਇੱਕ ਹੱਦ ਤੱਕ ਨਿਜਾਤ ਦਿਵਾ ਸਕਦਾ ਹੈ।
ਪਰ ਹਾਲੇ ਤੱਕ ਕਿਸੇ ਵਿਗਿਆਨਕ ਅਧਿਐਨ ਵਿੱਚ ਇਹ ਸਿੱਧ ਨਹੀਂ ਹੋਇਆ ਕਿ ਏਅਰ ਪਿਓਰੀਫ਼ਾਇਰ ਦਿੱਲੀ ਵਰਗੇ ਵਿਸ਼ਾਲ ਸ਼ਹਿਰ ਦੀ ਆਬਾਦੀ ਨੂੰ ਪ੍ਰਦੂਸ਼ਿਤ ਹਵਾ ਦੇ ਨਕਾਰਤਮਕ ਪ੍ਰਭਾਵਾਂ ਤੋਂ ਬਚਾ ਸਕਦਾ ਹੈ।
ਸੈਂਟਰ ਫ਼ਾਰ ਸਾਇੰਸ ਐਂਡ ਸਟੱਡੀਜ਼ ਨਾਲ ਜੁੜੇ ਮਾਹਰ ਵਿਵੇਕ ਚਟੋਪਾਧਿਆਏ ਮੰਨਦੇ ਹਨ ਕਿ ਏਅਰ ਪਿਓਰੀਫ਼ਾਇਰ ਨੂੰ ਇੱਕ ਹੱਲ ਮੰਨਨਾ ਗ਼ਲਤੀ ਹੋਵੇਗੀ।
ਉਹ ਕਹਿੰਦੇ ਹਨ, "ਹੁਣ ਅਸੀਂ ਜਿਹੜੀ ਹਵਾ ਵਿੱਚ ਸਾਹ ਲੈ ਰਹੇ ਹਾਂ, ਉਹ ਸਿਹਤ ਦੇ ਲਿਹਾਜ਼ ਤੋਂ ਬੇਹੱਦ ਖ਼ਤਰਨਾਕ ਹੈ। ਅਸੀਂ ਖ਼ਰਾਬ, ਬਹੁਤ ਖ਼ਰਾਬ ਪੱਧਰ ਦੀ ਗੱਲ ਨਹੀਂ ਕਰ ਰਹੇ ਹਾਂ। ਇਹ ਪੱਧਰ ਹੈ ਜਿਹੜਾ ਕਿ ਸਭ ਤੋਂ ਵੱਧ ਖ਼ਰਾਬ ਹੈ। ਇਸ ਹਵਾ ਵਿੱਚ ਸਾਹ ਲੈਣ ਨਾਲ ਤੰਦਰੁਸਤ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਪਰ ਏਅਰ ਪਿਓਰੀਫ਼ਾਇਰ ਦੇ ਫ਼ਾਇਦੇਮੰਦ ਹੋਣ ਜਾਂ ਨਾ ਹੋਣ ਦੇ ਪ੍ਰਸ਼ਨ 'ਤੇ ਉਹ ਕਹਿੰਦੇ ਹਨ, "ਏਅਰ ਪਿਓਰੀਫ਼ਾਇਰ ਕਿਸੇ ਖ਼ਾਸ ਜਗ੍ਹਾ, ਜਿਵੇਂ ਕਿ ਕਮਰੇ ਵਿੱਚ ਹਵਾ ਦੇ ਪ੍ਰਦੂਸ਼ਕਾਂ ਦੀ ਗਿਣਤੀ ਘੱਟ ਕਰ ਸਕਦਾ ਹੈ। ਮੰਨ ਲਓ ਕਿ ਤੁਸੀਂ ਕਿਸੇ ਕਮਰੇ ਵਿੱਚ ਬੈਠੇ ਹੋ, ਅਜਿਹੇ ਵਿੱਚ ਤੁਹਾਨੂੰ ਉਥੇ ਸਾਹ ਲੈਣ ਲਈ ਆਕਸੀਜਨ ਦੀ ਲੋੜ ਪਵੇਗੀ। ਪਰ ਏਅਰ ਪਿਓਰੀਫ਼ਾਇਰ ਤੁਹਾਨੂੰ ਆਕਸੀਜਨ ਨਹੀਂ ਦੇ ਸਕਦਾ।”
“ਅਜਿਹੇ ਵਿੱਚ ਤੁਹਾਨੂੰ ਇੰਨੀ ਜਗ੍ਹਾ ਰੱਖਣੀ ਪਵੇਗੀ ਕਿ ਬਾਹਰ ਤੋਂ ਹਵਾ ਅੰਦਰ ਆ ਸਕੇ। ਕਮਰੇ ਵਿੱਚ ਵੈਂਟੀਲੇਸ਼ਨ ਦੀ ਲੋੜ ਹੋਵੇਗੀ। ਇੰਨਾਂ ਹਾਲਾਤ ਵਿੱਚ ਏਅਰ ਪਿਓਰੀਫ਼ਾਇਰ ਨੂੰ ਬਾਹਰ ਤੋਂ ਅੰਦਰ ਆਉਂਦੀ ਹਵਾ ਨੂੰ ਸ਼ੁੱਧ ਕਰਨਾ ਪਵੇਗਾ ਜੋ ਕਿ ਆਪਣੇ ਆਪ ਵਿੱਚ ਚਣੌਤੀ ਭਰਿਆ ਹੈ।"
"ਤੁਸੀਂ ਦਿਨ ਦੇ 24 ਘੰਟੇ ਕਮਰੇ ਵਿੱਚ ਅੰਦਰ ਨਹੀਂ ਬੈਠ ਸਕਦੇ। ਦਿਨ ਵਿੱਚ ਕਿਸੇ ਵੀ ਵੇਲੇ ਜਦੋਂ ਹਵਾ ਦਾ ਪ੍ਰਦੂਸ਼ਣ ਉੱਪਰਲੇ ਪੱਧਰ 'ਤੇ ਹੈ ਅਤੇ ਤੁਸੀਂ ਉਸਦੇ ਸੰਪਰਕ ਵਿੱਚ ਆ ਜਾਂਦੇ ਹੋ ਤਾਂ ਉਸਦਾ ਮਾੜਾ ਪ੍ਰਭਾਵ ਪਵੇਗਾ। ਅਜਿਹੇ ਵਿੱਚ ਭਾਂਵੇਂ ਤੁਸੀਂ ਕੁਝ ਘੰਟੇ ਸਾਫ਼ ਹਵਾ ਵਿੱਚ ਬਿਤਾ ਲਏ ਹੋਣ ਪਰ ਇਸ ਦਾ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ।”
“ਇੱਕ ਹੋਰ ਉਦਾਹਰਣ ਹੈ ਕਿ ਜਦੋਂ ਤੁਸੀਂ ਟ੍ਰੈਫ਼ਿਕ ਵਿੱਚ ਹੁੰਦੇ ਹੋ ਤਾਂ ਥੋੜ੍ਹੀ ਜਿਹੀ ਦੇਰ ਵਿੱਚ ਹੀ ਅਸ਼ੁੱਧ ਹਵਾ ਵਿੱਚ ਸਾਹ ਲੈਣ ਕਰਕੇ ਤੁਹਾਨੂੰ ਦਿੱਕਤ ਹੋਣ ਲੱਗਦੀ ਹੈ। ਇੰਨਾਂ ਹਾਲਾਤ ਵਿੱਚ ਬਾਹਰ ਦੀ ਹਵਾ ਨੂੰ ਸੁਧਾਰਨਾ ਹਰ ਹਾਲ ਵਿੱਚ ਲਾਜ਼ਮੀ ਹੈ।"

ਤਸਵੀਰ ਸਰੋਤ, Getty Images
ਏਅਰ ਪਿਓਰੀਫਾਇਰਾਂ ਦਾ ਜੇਬ 'ਤੇ ਭਾਰ
ਚਟੋਪਾਧਿਆਏ ਆਪਣੀ ਗੱਲ ਖ਼ਤਮ ਕਰਦੇ ਹੋਏ ਇੱਕ ਹੋਰ ਨੁਕਤੇ ਵੱਲ ਵੀ ਇਸ਼ਾਰਾ ਕਰਦੇ ਹਨ। ਉਹ ਕਹਿੰਦੇ ਹਨ ਕਿ ਇੱਕ ਵੱਡਾ ਪ੍ਰਸ਼ਨ ਹੈ ਕਿ ਭਾਰਤ ਵਿੱਚ ਕਿੰਨੇ ਲੋਕ ਚੰਗੀ ਕੁਆਲਿਟੀ ਦਾ ਏਅਰ ਪਿਓਰੀਫ਼ਾਇਰ ਖ਼ਰੀਦ ਸਕਦੇ ਹਨ?
ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਭਾਰਤ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਹੈ ਜਿਹੜਾ ਏਅਰ ਪਿਓਰੀਫ਼ਾਇਰ ਖ਼ਰੀਦਣ ਦੀ ਸਮਰੱਥਾ ਰੱਖਦਾ ਹੈ। ਪਰ ਹੌਲੀ ਹੌਲੀ ਜਿਸ ਤਰੀਕੇ ਨਾਲ ਏਅਰ ਕੰਡੀਸ਼ਨਰ ਨੇ ਮੱਧ ਵਰਗ ਦੇ ਲੋਕਾਂ ਦੇ ਘਰਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ, ਠੀਕ ਉਸੇ ਤਰ੍ਹਾਂ ਏਅਰ ਪਿਓਰੀਫ਼ਾਇਰ ਵੀ ਆਪਣੀਆਂ ਜੜ੍ਹਾਂ ਜਮਾ ਜਾ ਰਿਹਾ ਹੈ।
ਲੋਕ ਆਪਣੀ ਆਰਥਿਕ ਸਮਰੱਥਾ ਅਨੁਸਾਰ ਏਅਰ ਪਿਓਰੀਫ਼ਾਇਰ ਖ਼ਰੀਦ ਰਹੇ ਹਨ। ਤਕਰੀਬਨ 10 ਹਜ਼ਾਰ ਰੁਪਏ ਦੀ ਕੀਮਤ ਵਾਲੇ ਏਅਰ ਪਿਓਰੀਫ਼ਾਇਰ ਦੀ ਵਿਕਰੀ ਮੁਕਾਬਲਤਨ ਜ਼ਿਆਦਾ ਹੋ ਰਹੀ ਹੈ।

ਤਸਵੀਰ ਸਰੋਤ, EPA
ਪ੍ਰਦੂਸ਼ਣ ਦੇ ਹੱਲ ਵਜੋਂ ਦੇਖਣਾ ਗ਼ਲਤ
ਪਰ ਏਮਜ਼, ਦਿੱਲੀ ਦੇ ਪੁਲਮਨੋਲੋਜੀ ਦੇ ਮੁਖੀ ਡਾਕਟਰ ਅਨੰਤ ਮੋਹਨ ਮੰਨਦੇ ਹਨ ਕਿ ਇਸ ਨੂੰ ਇੱਕ ਹੱਲ ਦੀ ਤਰ੍ਹਾਂ ਦੇਖਣਾ ਬਿਲਕੁਲ ਗ਼ਲਤ ਹੈ।
ਉਹ ਕਹਿੰਦੇ ਹਨ, "ਏਅਰ ਪਿਓਰੀਫ਼ਾਇਰ ਦੇ ਅਸਰ ਨੂੰ ਲੈ ਕੇ ਵਿਗਿਆਨਿਕ ਜਾਣਕਾਰੀ ਬਹੁਤੀ ਨਹੀਂ ਹੈ। ਪਰ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਲਈ ਏਅਰ ਪਿਓਰੀਫ਼ਾਇਰ, ਜਦੋਂ ਤੱਕ ਉਹ ਘਰ ਦੇ ਅੰਦਰ ਹੀ ਰਹਿਣ, ਉਨ੍ਹਾਂ ਦੇ ਆਲੇ ਦੁਆਲੇ ਦੀ ਹਵਾ ਨੂੰ ਤੁਲਣਾ ਵਿੱਚ ਬਿਹਤਰ ਕਰ ਸਕਦਾ ਹੈ। ਅਤੇ ਕੋਈ ਪਿਓਰੀਫ਼ਾਇਰ ਕਿੰਨਾ ਅਸਰਦਾਰ ਸਾਬਤ ਹੁੰਦਾ ਹੈ ਇਹ ਉਸਦੇ ਸਾਈਜ਼, ਨਿਪੁੰਨਤਾ ਅਤੇ ਕਮਰੇ ਦੇ ਸਾਈਜ਼ 'ਤੇ ਨਿਰਭਰ ਕਰਦਾ ਹੈ, ਕਿਉਂਕਿ ਹਰ ਏਅਰ ਪਿਓਰੀਫ਼ਾਇਰ ਦੀ ਸਮਰੱਥਾ ਕਮਰੇ ਦੇ ਸਾਇਜ਼ ਮੁਤਾਬਿਕ ਅਲੱਗ ਅਲੱਗ ਹੁੰਦੀ ਹੈ।"
"ਪਰ ਘਰ ਤੋਂ ਬਾਹਰ ਨਿਕਲਦੇ ਹੀ ਤੁਸੀਂ ਫ਼ਿਰ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿੱਚ ਆ ਜਾਂਦੇ ਹੋ। ਤੇ ਤੁਸੀਂ ਪੂਰੇ ਘਰ ਵਿੱਚ ਏਅਰ ਪਿਓਰੀਫ਼ਾਇਰ ਨਹੀਂ ਲਵਾ ਸਕਦੇ। ਅਜਿਹੇ ਵਿੱਚ ਕਿਉਂਕਿ ਕੋਵਿਡ ਦਾ ਦੌਰ ਜਾਰੀ ਹੈ ਅਤੇ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਨਾਂ ਹਾਲਾਤ ਵਿੱਚ ਕੁੱਝ ਵਰਗਾਂ (ਉਮਰ ਅਤੇ ਬੀਮਾਰੀ ਦੇ ਆਧਾਰ ਤੇ) ਲਈ ਏਅਰ ਪਿਓਰੀਫ਼ਾਇਰ ਕੰਮ ਕਰ ਸਕਦੇ ਹਨ। ਪਰ ਇਸ ਨੂੰ ਇੱਕ ਵੱਡੀ ਆਬਾਦੀ ਲਈ ਘਰ ਵਿੱਚ ਜ਼ਰੂਰੀ ਸਮਾਨ ਵਜੋਂ ਸ਼ਾਮਲ ਕਰਨਾ ਔਖਾ ਹੈ।"

ਤਸਵੀਰ ਸਰੋਤ, EPA
ਏਅਰ ਪਿਓਰੀਫ਼ਾਇਰ ਲਈ ਤਹਿ ਮਾਪਦੰਡਾਂ ਦੀ ਘਾਟ
ਪਰ ਘੱਟ ਕੀਮਤ ਵਾਲੇ ਏਅਰ ਪਿਓਰੀਫ਼ਾਇਰਾਂ ਦੇ ਬਾਜ਼ਾਰ ਵਿੱਚ ਹੋਣ ਨੂੰ ਡਾਕਟਰ ਅਨੰਤ ਮੋਹਨ ਚਿੰਤਾਜਨਕ ਮੰਨਦੇ ਹਨ।
ਉਹ ਕਹਿੰਦੇ ਹਨ, "ਜਦੋਂ ਇਸ ਵੇਲੇ ਬਾਜ਼ਾਰ ਵਿੱਚ ਇੰਨੀ ਤਰ੍ਹਾਂ ਦੇ ਏਅਰ ਪਿਓਰੀਫ਼ਾਇਰ ਆ ਚੁੱਕੇ ਹਨ ਕਿ ਉਨਾਂ ਦੀ ਗੁਣਵੰਤਾ ਦਾ ਨਿਯੰਤਰਣ ਕੀਤੇ ਜਾਣਾ ਬੇਹੱਦ ਜ਼ਰੂਰੀ ਹੋਵੇਗਾ। ਕੁਝ ਵੱਡੀਆ ਕੰਪਨੀਆਂ ਦੇ ਏਅਰ ਪਿਓਰੀਫ਼ਾਇਰ, ਸੰਭਾਵਿਤ ਤੌਰ 'ਤੇ ਗੁਣਵੱਤਾ ਵਾਲੇ ਹੋਣਗੇ। ਪਰ ਅਸੀਂ ਜਾਣਦੇ ਹਾਂ ਕਿ ਬਾਜ਼ਾਰ ਵਿੱਚ ਹਰ ਪੱਧਰ ਦਾ ਮਾਲ ਵਿਕ ਜਾਂਦਾ ਹੈ। ਅਤੇ ਜੇ ਅਜਿਹੇ ਉਤਪਾਦ ਖ਼ਰੀਦ ਕੇ ਲੋਕ ਸੋਚਣਗੇ ਕਿ ਉਨ੍ਹਾਂ ਨੇ ਆਪਣੀ ਹਵਾ ਦੀ ਗੁਣਵੰਤਾ ਸੁਧਾਰ ਲਈ ਹੈ ਤਾਂ ਇਹ ਪਹਿਲਾਂ ਤੋਂ ਵੀ ਜ਼ਿਆਦਾ ਖ਼ਤਰਨਾਕ ਹੋਵੇਗਾ। ਅਜਿਹੇ ਵਿੱਚ ਇਸ ਖੇਤਰ ਵਿੱਚ ਗੁਣਵੰਤਾ ਨੂੰ ਬਣਾਈ ਰੱਖਣ ਲਈ ਸਖ਼ਤ ਨਿਯਮਾਂ ਦੀ ਜ਼ਰੂਰਤ ਹੋਵੇਗੀ ਕਿ ਬਿਨ੍ਹਾਂ ਕੁਐਲਿਟੀ ਕੰਟਰੋਲ ਦੇ ਮਾਰਕੀਟਿੰਗ ਅਤੇ ਵਿਕਰੀ ਦੀ ਪ੍ਰਵਾਨਗੀ ਨਾ ਦਿੱਤੀ ਜਾਵੇ।"
"ਪਰ ਇਹ ਸਭ ਕਰਦੇ ਹੋਏ ਵੀ ਸਾਨੂੰ ਇਹ ਨਹੀਂ ਮੰਨਣਾ ਚਾਹੀਦਾ ਕਿ ਏਅਰ ਪਿਓਰੀਫ਼ਾਇਰ ਇੱਕ ਜ਼ਰੂਰੀ ਚੀਜ਼ ਹੋ ਗਈ ਹੈ। ਅਜਿਹਾ ਮੰਨਣ ਦਾ ਅਰਥ ਇਹ ਹੈ ਕਿ ਅਸੀਂ ਇਹ ਮੰਨ ਲਿਆ ਹੈ ਕਿ ਸਾਡੀ ਹਵਾ ਦੀ ਕੁਐਲਿਟੀ ਹੋਰ ਖ਼ਰਾਬ ਹੁੰਦੀ ਜਾਵੇਗੀ। ਇਨਾਂ ਹਾਲਾਤ ਵਿੱਚ ਏਅਰ ਪਿਓਰੀਫ਼ਾਇਰ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਹੱਲ ਬਸ ਇੱਕ ਹੈ-ਵਾਤਾਵਰਣ ਨੂੰ ਠੀਕ ਕਰਨਾ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












