'ਜੰਗਲ ਰਾਜ' ਵਾਲੇ ਰਾਜ ਕਰਨ ਆਉਣਗੇ ਤਾਂ ਬਿਹਾਰ ਨੂੰ ਦੋਹਰੀ ਮਾਰ ਪਵੇਗੀ – ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਚੋਣ ਪ੍ਰਚਾਰ ਦੌਰਾਨ ਬਿਨਾਂ ਨਾਮ ਲਏ ਰਾਸ਼ਟਰੀ ਜਨਤਾ ਦਲ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਦੇ ਬੇਟੇ ਤੇਜਸ਼ਵੀ ਯਾਦਵ 'ਤੇ ਹਮਲਾ ਕੀਤਾ।

ਮੁਜ਼ੱਫਰਪੁਰ ਵਿੱਚ ਇੱਕ ਚੋਣ ਸਭਾ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਤੁਸੀਂ ਕਲਪਨਾ ਕਰ ਸਕਦੇ ਹੋ, ਜੇ ਇੱਕ ਪਾਸੇ ਮਹਾਂਮਾਰੀ ਹੈ ਅਤੇ ਦੂਜੇ ਪਾਸੇ ਜੰਗਲਰਾਜ ਵਾਲੇ ਰਾਜ ਕਰਨ ਆ ਜਾਉਣ ਤਾਂ ਇਹ ਬਿਹਾਰ ਦੇ ਲੋਕਾਂ ਉੱਤੇ ਇੱਕ ਦੋਹਰੀ ਮਾਰ ਵਰਗਾ ਹੋਵੇਗਾ। ਪੁਰਾਣੇ ਟਰੈਕ ਰਿਕਾਰਡ ਦੇ ਅਧਾਰ 'ਤੇ ਜਨਤਾ ਹੋਰ ਕੀ ਉਮੀਦ ਕਰ ਸਕਦੀ ਹੈ। "

ਉਨ੍ਹਾਂ ਨੇ ਕਿਹਾ, "ਇਹ ਸਮਾਂ ਹਵਾ-ਹਵਾਈ ਗੱਲਾਂ ਕਰਨ ਵਾਲਿਆਂ ਲਈ ਨਹੀਂ ਬਲਕਿ ਜਿਨ੍ਹਾਂ ਕੋਲ ਤਜਰਬਾ ਹੈ, ਜਿਨ੍ਹਾਂ ਨੇ ਬਿਹਾਰ ਨੂੰ ਡੂੰਘੇ ਹਨੇਰੇ ਤੋਂ ਬਾਹਰ ਲਿਆਇਆ ਹੈ, ਉਨ੍ਹਾਂ ਨੂੰ ਦੁਬਾਰਾ ਚੁਣਨ ਲਈ ਹੈ।"

ਇਹ ਵੀ ਪੜ੍ਹੋ:

ਪੀਐਮ ਮੋਦੀ ਬੁੱਧਵਾਰ ਨੂੰ ਬਿਹਾਰ ਵਿੱਚ ਦਰਭੰਗਾ, ਮੁਜ਼ੱਫਰਪੁਰ ਅਤੇ ਪਟਨਾ ਵਿੱਚ ਜਨਤਕ ਮੀਟਿੰਗਾਂ ਕਰ ਰਹੇ ਹਨ।

ਬਿਹਾਰ ਵਿੱਚ ਪਹਿਲੇ ਪੜਾਅ ਵਿੱਚ ਬੁੱਧਵਾਰ ਨੂੰ 243 ਵਿੱਚੋਂ 71 ਸੀਟਾਂ ਲਈ ਵੋਟਿੰਗ ਹੋ ਰਹੀ ਹੈ।

ਮੈਨੂੰ ਦੁਖ਼ ਹੋਇਆ ਕਿ ਦੇਸ਼ 'ਚ ਰਾਵਣ ਦੀ ਜਗ੍ਹਾਂ ਪੀਐੱਮ ਮੋਦੀ ਦੀ ਪੁਤਲੇ ਸਾੜੇ ਗਏ - ਰਾਹੁਲ ਗਾਂਧੀ

ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਪਹੁੰਚੇ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ ਹੈ।

ਪੱਛਮੀ ਚੰਪਾਰਨ ਦੇ ਵਾਲਮੀਕਿਨਗਰ ਵਿੱਚ ਮਹਾਗੱਠਜੋੜ ਦੀ ਮੁਹਿੰਮ ਚਲਾਉਂਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਨਿਤੀਸ਼ ਕੁਮਾਰ 'ਤੇ ਤਿੱਖਾ ਹਮਲਾ ਕੀਤਾ।

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਵਾਅਦਾ ਪੂਰਾ ਨਾ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਨੇ ਕਿਹਾ, "2014 ਵਿਚ, ਜਦੋਂ ਪ੍ਰਧਾਨ ਮੰਤਰੀ ਮੋਦੀ ਇਥੇ ਆਏ ਸਨ, ਉਨ੍ਹਾਂ ਕਿਹਾ ਕਿ ਇਹ ਗੰਨੇ ਦਾ ਖੇਤਰ ਹੈ, ਮੈਂ ਇਕ ਸ਼ੂਗਰ ਮਿੱਲ ਸ਼ੁਰੂ ਕਰਾਂਗਾ ਅਤੇ ਅਗਲੀ ਵਾਰ ਮੈਂ ਇਥੇ ਇਸ ਖੰਡ ਨੂੰ ਚਾਹ 'ਚ ਮਿਲਾ ਕੇ ਪੀਵਾਂਗਾ। ਕੀ ਉਨ੍ਹਾਂ ਤੁਹਾਡੇ ਨਾਲ ਚਾਹ ਪੀਤੀ?

ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 'ਦੁਸਹਿਰੇ 'ਤੇ ਰਾਵਣ ਦੇ ਨਹੀਂ ਬਲਕਿ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ ਗਏ, ਮੈਨੂੰ ਅਫਸੋਸ ਹੈ। ਆਮ ਤੌਰ 'ਤੇ ਦੁਸਹਿਰੇ ਵਾਲੇ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਸਾੜੇ ਜਾਂਦੇ ਹਨ, ਪਰ ਪੰਜਾਬ ਦੇ ਕਿਸਾਨਾਂ ਨੇ ਇਸ ਵਾਰ ਨਰਿੰਦਰ ਮੋਦੀ, ਅੰਬਾਨੀ ਅਤੇ ਅਡਾਨੀ ਦੇ ਪੁਤਲੇ ਸਾੜੇ। ਅਜਿਹਾ ਸਾਰੇ ਪੰਜਾਬ 'ਚ ਵੇਖਣ ਨੂੰ ਮਿਲਿਆ। ਅਜਿਹਾ ਇਸ ਲਈ ਹੋਇਆ ਕਿਉਂਕਿ ਕਿਸਾਨ ਮੋਦੀ ਤੋਂ ਨਾਰਾਜ਼ ਹਨ। '

ਖੇਤੀਬਾੜੀ ਕਾਨੂੰਨਾਂ ਦਾ ਮੁੱਦਾ ਉਠਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 'ਨਿਤੀਸ਼ ਕੁਮਾਰ ਨੇ ਬਿਹਾਰ ਨਾਲ 2006 ਵਿੱਚ ਕੀ ਕੀਤਾ ਸੀ, ਅੱਜ ਨਰਿੰਦਰ ਮੋਦੀ ਪੰਜਾਬ, ਹਰਿਆਣਾ ਅਤੇ ਪੂਰੇ ਭਾਰਤ ਨਾਲ ਕੀ ਕਰ ਰਹੇ ਹਨ। ਬਿਹਾਰ ਵਿੱਚ, ਨੀਤੀਸ਼ ਨੇ 2006 ਵਿੱਚ ਮੰਡੀ ਪ੍ਰਣਾਲੀ ਅਤੇ ਐਮਐਸਪੀ ਨੂੰ ਖ਼ਤਮ ਕਰ ਦਿੱਤਾ ਸੀ। ਭਾਵ, ਗੰਨਾ ਕਿਸਾਨ ਜੋ ਵੀ ਕਰੇ, ਉਸਨੂੰ ਸਹੀ ਕੀਮਤ ਨਹੀਂ ਮਿਲੇਗੀ। '

ਬਿਹਾਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਗੇੜ

ਬਿਹਾਰ ਵਿਧਾਨ ਸਭਾ ਚੋਣਾਂ ਤਿੰਨ ਗੇੜਾਂ ਵਿੱਚ ਹੋ ਰਹੀਆਂ ਹਨ। 243 ਸੀਟਾਂ ਵਾਲੀ ਵਿਧਾਨ ਸਭਾ ਲਈ ਪਹਿਲੇ ਗੇੜ ਵਿੱਚ 71 ਸੀਟਾਂ ਉੱਪਰ ਅੱਜ ਵੋਟਿੰਗ ਹੋ ਰਹੀ ਹੈ।

ਨਿਤੀਸ਼ ਕੁਮਾਰ ਲਗਾਤਾਰ ਚੌਥੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣਨ ਲਈ ਚੋਣ ਮੈਦਾਨ ਵਿੱਚ ਹਨ। ਆਰਜੇਡੀ ਤੋਂ 30 ਸਾਲ ਦੇ ਤੇਜਸਵੀ ਯਾਦਵ ਨਿਤੀਸ਼ ਕੁਮਾਰ ਨੂੰ ਕਰੜਾ ਮੁਕਾਬਲਾ ਦੇ ਰਹੇ ਹਨ।

ਚੋਣ ਕਮਿਸ਼ਨ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਇੱਕ ਪੋਲਿੰਗ ਬੂਥ ਉੱਪਰ ਵੋਟਰਾਂ ਦੀ ਸੰਖਿਆ ਨੂੰ 1600 ਤੋਂ ਘਟਾ ਕੇ ਇੱਕ ਹਜ਼ਾਰ ਕਰ ਦਿੱਤਾ ਹੈ। ਈਵੀਐੱਮ ਮਸ਼ੀਨਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।

ਵੋਟਿੰਗ ਕੇਂਦਰ ਉੱਪਰ ਹੈਂਡ ਸੈਨੇਟਾਈਜ਼ਰ, ਸਾਬਣ, ਪਾਣੀ ਅਤੇ ਥਰਮਲ ਸਕੈਨਰ ਦੀ ਸਹੂਲਤ ਮੁਹਈਆ ਕਵਰਾਈ ਜਾਵੇਗੀ। ਵੋਟਾਂ ਸਵੇਰੇ ਸੱਤ ਵਜੇ ਤੋਂ ਪੈਣੀਆਂ ਸ਼ੁਰੂ ਹੋ ਗਈਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਰਾਂ ਨੂੰ ਟਵਿੱਟਰ ਰਾਹੀਂ ਕੋਰੋਨਾਵਾਇਰਸ ਦੌਰਾਨ ਸਾਵਧਾਨੀ ਵਰਤਦਿਆਂ ਹੀ ਘਰੋਂ ਨਿਕਲਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ, "ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਅੱਜ ਪਹਿਲੇ ਗੇੜ ਦੀ ਵੋਟਿੰਗ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਕੋਵਿਡ ਸੰਬੰਧੀ ਸਾਵਧਾਨੀਆਂ ਨੂੰ ਵਰਤਦੇ ਹੋਏ, ਲੋਕਤੰਤਰ ਦੇ ਇਸ ਤਿਉਹਾਰ ਵਿੱਚ ਆਪਣੀ ਹਿੱਸੇਦਾਰੀ ਯਕੀਨੀ ਬਣਾਉਣ। ਦੋ ਗਜ਼ ਦਾ ਧਿਆਨ ਜ਼ਰੂਰ ਰੱਖਣ, ਮਾਸਕ ਪਾਉਣ। ਯਾਦ ਰੱਖੋ ਪਹਿਲਾਂ ਵੋਟਿੰਗ ਫਿਰ ਨਾਸ਼ਤਾ।"

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਰਾਹੀਂ ਹੀ ਜਾਣਕਾਰੀ ਦਿੱਤੀ ਸੀ ਕਿ ਉਹ ਅੱਜ ਜਾਣੀ 28 ਅਕਤੂਬਰ ਨੂੰ ਹੀ ਬਿਹਾਰ ਪਹੁੰਚ ਰਹੇ ਹਨ। ਜਿੱਥੇ ਉਹ ਦਰਭੰਗਾ, ਮੁਜ਼ਫ਼ਰਪੁਰ ਅਤੇ ਰਾਜਧਾਨੀ ਪਟਨਾ ਵਿੱਚ ਰੈਲੀਆਂ ਕਰਨਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਹਾਰ ਦੇ ਵੋਟਰਾਂ ਨੂੰ ਮਹਾਂਗਠਬੰਧਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਵੋਟਰਾਂ ਨੂੰ ਕਿਹਾ ਕਿ ਉਹ 'ਇਸ ਵਾਰ ਨਿਆਂ, ਰੁਜ਼ਗਾਰ ਅਤੇ ਕਿਸਾਨ-ਮਜ਼ਦੂਰ ਦੇ ਲਈ ਵੋਟਾਂ ਪਾਉਣ।'

ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ-'ਅੱਜ ਬਦਲੇਗਾ ਬਿਹਾਰ।'

ਰਾਹੁਲ ਗਾਂਧੀ ਵੀ ਅਗਲੇ ਗੇੜ ਦੇ ਚੋਣ ਪ੍ਰਚਾਰ ਲਈ ਬੁੱਧਵਾਰ ਨੂੰ ਬਿਹਾਰ ਪਹੁੰਚ ਰਹੇ ਹਨ। ਜਿੱਥੇ ਉਹ ਵਾਲਮੀਕੀ ਨਗਰ (ਪੱਛਮੀ ਚੰਪਾਰਨ) ਅਤੇ ਕੁਵੇਸ਼ਵਰ ਸਥਾਨ (ਸਮਸਤੀਪੁਰ) ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ।

ਕੋਰੋਨਾ ਕਾਰਨ ਬੰਦੋਬਸਤ

ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਸਵੇਰ ਤੋਂ ਹੀ ਵੋਟਰ ਵੋਟਿੰਗ ਕੇਂਦਰਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ। ਪਰ ਕੋਰੋਨਾ ਕਾਰਨ ਇਸ ਵਾਰ ਇਨ੍ਹਾਂ ਕੇਂਦਰਾਂ ਦਾ ਮਾਹੌਲ ਕੁਝ ਵੱਖਰਾ ਹੈ।

ਕਤਾਰਾਂ ਵਿੱਚ ਖੜ੍ਹੇ ਵੋਟਰਾਂ ਨੂੰ ਸਮਾਜਿਕ ਦੂਰੀ ਦਾ ਖ਼ਿਆਲ ਰੱਖਣ ਲਈ ਕਿਹਾ ਜਾ ਰਿਹਾ ਹੈ।

ਬੂਥਾਂ ਨੂੰ ਸਮੇਂ-ਸਮੇਂ ਤੇ ਸੈਨੇਟਾਈਜ਼ ਵੀ ਕਾਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਵੀਡੀਓ: ਏਸ਼ੀਆ 'ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)