ਮਾਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਾਰਨ ਪੰਜਾਬ ਉੱਤੇ ਕਿਹੋ ਜਿਹਾ ਅਸਰ

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਲਈ ਰੇਲ ਟਰੈਕ ਖਾਲ੍ਹੀ ਕੀਤੇ ਤਾਂ ਰੇਲਵੇ ਵਿਭਾਗ ਨੇ ਪੰਜਾਬ ਅੰਦਰ ਰੇਲ ਆਵਾਜਾਈ 'ਤੇ ਆਰਜ਼ੀ ਬਰੇਕ ਲਗਾ ਦਿੱਤੀ।

ਰੇਲਵੇ ਵੱਲੋਂ ਪੰਜਾਬ ਅੰਦਰ ਮਾਲ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰਨ ਤੋਂ ਬਾਅਦ ਸਿਆਸੀ ਬਿਆਨਬਾਜੀਆਂ ਅਤੇ ਸੂਬੇ ਦੀ ਆਰਥਿਕਤਾ 'ਤੇ ਬੁਰਾ ਪ੍ਰਭਾਵ ਪੈਣ ਦੇ ਖਦਸ਼ੇ ਬਾਰੇ ਚਰਚਾਵਾਂ ਨੇ ਰਫ਼ਤਾਰ ਫੜ ਲਈ ਹੈ।

ਇਸ ਫੈਸਲੇ ਨੂੰ ਕੇਂਦਰ ਵੱਲੋਂ ਪੰਜਾਬ ਨਾਲ ਕਥਿਤ ਬਦਲੇ ਦੀ ਭਾਵਨਾ ਨਾਲ ਜੋੜ ਕੇ ਵੀ ਚਰਚਾਵਾਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ:

ਦਰਅਸਲ, ਕੇਂਦਰ ਵੱਲੋਂ ਲਿਆਂਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਅੰਦਰ ਜ਼ੋਰਦਾਰ ਤਰੀਕੇ ਨਾਲ ਵਿਰੋਧ ਹੋ ਰਿਹਾ ਹੈ, ਇਸੇ ਤਹਿਤ ਕਿਸਾਨਾਂ ਨੇ 1 ਅਕਤੂਬਰ ਤੋਂ ਸੂਬੇ ਦੇ ਰੇਲ ਟਰੈਕ ਵੀ ਜਾਮ ਕਰ ਦਿੱਤੇ ਸੀ।

ਪੰਜਾਬ ਵਿਧਾਨ ਸਭਾ ਅੰਦਰ ਕੇਂਦਰੀ ਕਾਨੂੰਨਾਂ ਖਿਲਾਫ ਐਕਟ ਪਾਸ ਹੋਣ ਅਤੇ ਸਰਕਾਰ ਦੀਆਂ ਗੁਜ਼ਾਰਿਸ਼ਾਂ ਤੋਂ ਬਾਅਦ ਕਿਸਾਨਾਂ ਨੇ 22 ਅਕਤੂਬਰ ਤੋਂ 05 ਨਵੰਬਰ ਤੱਕ ਮਾਲ ਰੇਲ ਗੱਡੀਆਂ ਦੀ ਆਵਾਜਾਈ ਜਾਰੀ ਰਹਿਣ ਦੀ ਛੂਟ ਦੇ ਕੇ ਰੇਲ ਟਰੈਕ ਖਾਲ੍ਹੀ ਕਰਨ ਦਾ ਦਾਅਵਾ ਕੀਤਾ ਸੀ।

ਪਰ ਰੇਲਵੇ ਵਿਭਾਗ ਨੇ ਪਹਿਲਾਂ 24-25 ਅਕਤੂਬਰ ਤੱਕ ਸੂਬੇ ਅੰਦਰ ਮਾਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਅਤੇ ਫਿਰ ਉਸ ਤੋਂ ਅਗਲੇ ਦਿਨ 26 ਅਕਤੂਬਰ ਨੂੰ ਕਿਹਾ ਗਿਆ ਕਿ ਚਾਰ ਹੋਰ ਦਿਨਾਂ ਲਈ ਪੰਜਾਬ ਵਿੱਚ ਮਾਲ ਗੱਡੀਆਂ ਨਹੀਂ ਚੱਲਣਗੀਆਂ।

ਜਾਣਕਾਰਾ ਮੁਤਾਬਕ ਪੰਜਾਬ ਅੰਦਰ ਮਾਲ ਗੱਡੀਆਂ ਦੀ ਆਵਾਜਾਈ ਰੁਕਣ ਨਾਲ ਕੋਲੇ ਦੀ ਕਮੀ ਆ ਸਕਦੀ ਹੈ, ਜਿਸ ਦੇ ਸਿੱਟੇ ਵਜੋਂ ਬਿਜਲੀ ਦੀ ਕਮੀ ਆਏਗੀ।

ਇਸ ਤੋਂ ਇਲਾਵਾ ਫਰਟੀਲਾਈਜ਼ਰ, ਉਦਯੋਗਾਂ ਲਈ ਲੋੜੀਂਦੇ ਕੱਚੇ ਮਾਲ ਦੀ ਕਮੀ, ਪੰਜਾਬ ਤੋਂ ਬਾਹਰ ਭੇਜਿਆ ਜਾਂਦਾ ਮਾਲ ਨਾ ਭੇਜ ਸਕਣ ਕਾਰਨ ਵਪਾਰੀਆਂ ਨੂੰ ਨੁਕਸਾਨ, ਲੋੜੀਂਦੀਆਂ ਵਸਤੂਆਂ ਦੀ ਘਾਟ ਕਾਰਨ ਕੀਮਤਾਂ ਵਿੱਚ ਵਾਧਾ, ਉਦਯੋਗਾਂ ਦਾ ਕੰਮਕਾਰ ਠੱਪ ਹੋਣ ਕਾਰਨ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ।

ਬਿਜਲੀ ਦੀ ਕਿੱਲਤ ਦੀ ਸੰਭਾਵਨਾ

ਮਾਲ ਗੱਡੀਆਂ ਨਾ ਚੱਲਣ ਕਾਰਨ ਕੋਲੇ ਦੀ ਕਿੱਲਤ ਵੱਡੀ ਸਮੱਸਿਆ ਬਣ ਸਕਦੀ ਹੈ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਵੇਨੂੰ ਪ੍ਰਸਾਦ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ, "ਸੂਬੇ ਕੋਲ ਥਰਮਲ ਪਲਾਂਟਾਂ ਲਈ ਲੋੜੀਂਦਾ ਕੋਲ ਸਟੌਕ ਬਹੁਤ ਘੱਟ ਗਿਆ ਹੈ। ਗੋਇੰਦਵਾਲ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਸਟੌਕ ਬਿਲਕੁਲ ਖਤਮ ਹੋ ਗਿਆ ਹੈ। ਹੁਣ ਰਾਜਪੁਰਾ ਥਰਮਲ ਪਲਾਂਟ ਕੋਲ ਹੀ ਇੱਕ-ਦੋ ਦਿਨ ਦਾ ਕੋਲਾ ਬਚਿਆ ਹੈ।''

''ਸਾਨੂੰ ਗਰਿੱਡ ਪਾਵਰ ਐਕਸਚੇਂਜ ਜ਼ਰੀਏ ਬਿਜਲੀ ਖਰੀਦਣੀ ਪੈ ਰਹੀ ਹੈ। ਇਸ ਨਾਲ ਆਰਥਿਕ ਘਾਟਾ ਵੀ ਪੈ ਰਿਹਾ ਹੈ ਅਤੇ ਵੋਲਟੇਜ ਵੀ ਇੱਕ-ਸਮਾਨ ਨਹੀਂ ਰਹਿੰਦੀ।"

ਜੇ ਅਗਲੇ ਚਾਰ ਦਿਨ ਵੀ ਮਾਲ ਗੱਡੀਆਂ ਨਾ ਚੱਲੀਆਂ ਤਾਂ ਕੀ ਕੋਲੇ ਦੀ ਕਿੱਲਤ ਕਾਰਨ ਪੰਜਾਬ ਵਿੱਚ ਬਿਜਲੀ ਠੱਪ ਹੋ ਜਾਏਗੀ?

ਇਸ ਸਵਾਲ ਦੇ ਜਵਾਬ ਵਿੱਚ ਵੇਨੂੰ ਪ੍ਰਸਾਦ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਪਾਵਰ ਐਕਸਚੇਂਜ ਜ਼ਰੀਏ ਬਿਜਲੀ ਖਰੀਦ ਰਿਹਾ ਹੈ ਪਰ ਕੋਲੇ ਦੀ ਸਪਲਾਈ ਨਾਲ ਹੀ ਸੂਬੇ ਦੇ ਥਰਮਲ ਪਲਾਂਟ ਸੁਚਾਰੂ ਚੱਲ ਸਕਦੇ ਹਨ ਅਤੇ ਬਿਜਲੀ ਖਰੀਦਣ 'ਤੇ ਨਿਰਭਰਤਾ ਘਟਾਈ ਜਾ ਸਕੇਗੀ।

ਵਪਾਰ ਅਤੇ ਉਦਯੋਗ 'ਤੇ ਕੀ ਅਸਰ

ਪੰਜਾਬ ਦੇ ਉਦਯੋਗ ਅਤੇ ਕਾਮਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬੀਬੀਸੀ ਨੂੰ ਦੱਸਿਆ , "ਮਾਲ ਗੱਡੀਆਂ ਨਾ ਚੱਲ ਸਕਣ ਕਾਰਨ ਪੰਜਾਬ ਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ। ਉਦਯੋਗਾਂ ਲਈ ਚਾਹੀਦਾ ਕੱਚਾ ਮਾਲ ਪਹੁੰਚ ਨਹੀਂ ਰਿਹਾ, ਜੋ ਮਾਲ ਬਣ ਕੇ ਤਿਆਰ ਹੈ ਉਹ ਬਾਹਰ ਨਹੀਂ ਜਾ ਰਿਹਾ।''

''ਐਕਸਪੋਰਟ ਨਾ ਹੋ ਸਕਣ ਕਾਰਨ ਬਹੁਤ ਸਾਰੇ ਆਰਡਰ ਕੈਂਸਲ ਹੋ ਰਹੇ ਹਨ ਅਤੇ ਸਾਡੇ ਵਪਾਰੀ ਬਲੈਕਲਿਸਟ ਹੋ ਰਹੇ ਹਨ। ਲੁਧਿਆਣਾ ਦੀ ਹੌਜ਼ਰੀ, ਮੰਡੀ ਗੋਬਿੰਦਗੜ੍ਹ ਦੀ ਸਟੀਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਜੇਕਰ ਉਦਯੋਗ ਸੁਚਾਰੂ ਢੰਗ ਨਾਲ ਨਹੀਂ ਚੱਲਣਗੇ ਤਾਂ ਇੱਥੇ ਕੰਮ ਕਰਨ ਵਾਲਿਆਂ ਦੀਆਂ ਨੌਕਰੀਆਂ ਵੀ ਜਾ ਸਕਦੀਆਂ ਹਨ।''

''ਕੇਂਦਰ ਦੇ ਖੇਤੀ ਬਿੱਲ ਪਹਿਲਾਂ ਹੀ ਕਿਸਾਨੀ ਦਾ ਨੁਕਸਾਨ ਕਰਨ ਵਾਲੇ ਹਨ ਅਤੇ ਹੁਣ ਟਰੇਨਾਂ ਦਾ ਬੰਦ ਹੋਣਾ ਵਪਾਰੀਆਂ ਲਈ ਵੀ ਮਾਰੂ ਸਾਬਿਤ ਹੋ ਸਕਦਾ ਹੈ।"

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ ਨੇ ਰੋਸ ਜਤਾਉਂਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਆਪਸੀ ਖਿੱਚੋਤਾਣ ਅਤੇ ਅੜੀਅਲ ਰਵੱਈਏ ਕਾਰਨ ਵਪਾਰੀਆਂ ਬਾਰੇ ਸੋਚ ਨਹੀਂ ਰਹੇ ਹਨ।

ਉਨ੍ਹਾਂ ਦੱਸਿਆ , "ਤਿਉਹਾਰਾਂ ਦੇ ਇਹ ਦਿਨ ਵਪਾਰੀਆਂ ਲਈ ਸਾਲ ਦੀ ਪੀਕ ਹੁੰਦੀ ਹੈ। ਇਸ ਵਾਰ ਪਹਿਲਾਂ ਕੋਰੋਨਾ ਕਾਰਨ ਮਾਲ ਪਹੁੰਚਣ ਵਿੱਚ ਦਿੱਕਤਾਂ ਆਈਆਂ, ਹੁਣ ਜਦੋਂ ਰੇਲ ਸੇਵਾ ਮੁੜ ਸ਼ੁਰੂ ਹੋਣ ਅਤੇ ਤਿਉਹਾਰਾਂ ਦਾ ਸੀਜ਼ਨ ਆਉਣ ਕਾਰਨ ਉਮੀਦ ਦੀ ਕਿਰਨ ਜਾਗੀ ਸੀ ਤਾਂ ਫਿਰ ਮਾਲ ਗੱਡੀਆਂ ਬੰਦ ਹੋ ਗਈਆਂ ਹਨ।''

''ਹਰ ਸਾਲ ਇਨ੍ਹਾਂ ਦਿਨਾਂ ਤੱਕ ਦੀਵਾਲੀ ਵਾਲਾ ਮਾਲ ਪਹੁੰਚ ਜਾਂਦਾ ਹੈ ਪਰ ਇਸ ਵਾਰ ਨਹੀਂ ਪਹੁੰਚਿਆ। ਇਸ ਸਾਲ ਪਿੰਡਾਂ ਦਾ ਗਾਹਕ, ਕਿਸਾਨੀ ਸੰਘਰਸ਼ਾਂ ਕਾਰਨ ਪਹਿਲਾਂ ਹੀ ਬਜ਼ਾਰਾਂ ਵਿੱਚ ਨਹੀਂ ਦਿਸ ਰਿਹਾ, ਉੱਤੋਂ ਸਰਕਾਰਾਂ ਦਾ ਇਹ ਰਵੱਈਆ ਵਪਾਰੀਆਂ ਦਾ ਨੁਕਸਾਨ ਕਰ ਰਿਹਾ ਹੈ। "

ਉਨ੍ਹਾਂ ਕਿਹਾ ਕਿ ਸਿੱਧੇ-ਅਸਿੱਧੇ ਰੂਪ ਵਿੱਚ ਤਕਰੀਬਨ ਹਰ ਵਪਾਰ ਟਰੇਨਾਂ ਨਾਲ ਕਿਸੇ ਨਾ ਕਿਸੇ ਤਰੀਕੇ ਜੁੜਿਆ ਹੈ, ਵੱਧ ਤੋਂ ਵੱਧ ਟਰਾਂਸਪੋਰਟੇਸ਼ਨ ਰੇਲ ਗੱਡੀਆਂ ਜ਼ਰੀਏ ਹੀ ਹੁੰਦੀ ਹੈ। ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਛੂਟ ਦੇਣ ਦਾ ਐਲਾਨ ਕਰ ਦਿੱਤਾ ਤਾਂ ਰੋਕ ਲਗਾ ਕੇ ਕੇਂਦਰ ਨੇ ਕਿਸਾਨਾਂ ਅਤੇ ਵਪਾਰੀਆਂ ਨੂੰ ਲੜਾਉਣ ਵਾਲਾ ਕੰਮ ਕੀਤਾ ਹੈ।

ਖੇਤੀ ਕਿਵੇਂ ਹੋ ਸਕਦੀ ਹੈ ਪ੍ਰਭਾਵਿਤ

ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਰਾਜੇਸ਼ ਵਸ਼ਿਸ਼ਟ ਮੁਤਾਬਕ, ਮਾਲ ਗੱਡੀਆਂ ਨਾ ਚਲਦੀਆਂ ਹੋਣ ਕਾਰਨ ਖਾਦ ਦੀ ਸਪਲਾਈ ਰੁਕ ਗਈ ਹੈ।

ਉਨਾਂ ਕਿਹਾ,"ਪੰਜਾਬ ਨੂੰ ਆਉਣ ਵਾਲੀ ਖਾਦ ਗੁਆਂਢੀ ਸੂਬਿਆਂ ਵਿੱਚ ਰੁਕ ਗਈ ਹੈ, ਮਾਲ ਗੱਡੀਆਂ ਦੇ ਚੱਲਣ ਨਾਲ ਹੀ ਪੰਜਾਬ ਪਹੁੰਚ ਸਕੇਗੀ। ਜੇ ਖਾਦ ਦੀ ਕਿੱਲਤ ਹੁੰਦੀ ਹੈ ਤਾਂ ਅਗਲੀ ਫਸਲ ਦੀ ਬਿਜਾਈ ਲੇਟ ਹੋ ਸਕਦੀ ਹੈ, ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਕਿਸਾਨਾਂ ਵਿੱਚ ਪੈਨਿਕ ਦੀ ਸਥਿਤੀ ਬਣ ਸਕਦੀ ਹੈ। ਪੰਜਾਬ ਵਿੱਚ ਵੀ ਜੋ ਫਰਟੀਲਾਈਜ਼ਰ ਪਲਾਂਟ ਹਨ, ਉਨ੍ਹਾਂ ਦਾ ਕੰਮ ਕਾਜ ਚਲਦੇ ਰਹਿਣ ਲਈ ਵੀ ਕੱਚਾ ਮਾਲ ਰੇਲਾਂ ਜ਼ਰੀਏ ਆਉਂਦਾ ਹੈ।"

''ਜੇ ਸੂਬੇ ਵਿੱਚ ਕੋਲੇ ਦੀ ਕਿੱਲਤ ਆਈ ਅਤੇ ਬਿਜਲੀ ਪ੍ਰਭਾਵਿਤ ਹੋਈ ਤਾਂ ਵੀ ਖੇਤੀ ਪ੍ਰਭਾਵਿਤ ਹੋਵੇਗੀ, ਕਿਉਂਕਿ ਬਿਜਾਈ ਦੇ ਸੀਜ਼ਨ ਵਿੱਚ ਪਾਣੀ ਚਾਹੀਦਾ ਹੈ ਅਤੇ ਪਾਣੀ ਵਾਲੀਆਂ ਮੋਟਰਾਂ ਨੂੰ ਬਿਜਲੀ ਚਾਹੀਦੀ ਹੈ।''

ਉਨ੍ਹਾਂ ਮੁਤਾਬਕ ਇਸ ਤੋਂ ਇਲਾਵਾ ਖਰੀਦੀ ਹੋਈ ਫਸਲ ਜੋ ਗੋਦਾਮਾਂ ਵਿੱਚ ਪਈ ਹੈ, ਉਹ ਵੀ ਮਾਲ ਗੱਡੀਆਂ ਜ਼ਰੀਏ ਹੀ ਬਾਹਰ ਭੇਜੀ ਜਾਣੀ ਹੈ। ਇਸ ਲਈ ਮਾਲ-ਗੱਡੀਆਂ ਦੀ ਆਵਾਜਾਈ ਨਿਰਵਿਘਨ ਹੋਣਾ ਬਹੁਤ ਅਹਿਮ ਹੈ।

"ਕੇਂਦਰ ਦਾ ਇਹ ਕਦਮ ਪੰਜਾਬ ਦੀ ਆਰਥਿਕ ਤਰੱਕੀ ਦੇ ਖਿਲਾਫ਼"

ਰੇਲ ਸੇਵਾ ਪੂਰੇ ਦੇਸ਼ ਦੀ ਆਰਥਿਕਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਪੰਜਾਬ ਦੇ ਅਰਥ-ਚਾਰੇ ਵਿੱਚ ਵੀ ਰੇਲਾਂ ਦਾ ਖਾਸ ਰੋਲ ਹੈ।

ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਫੈਸਲਾ ਕਿਸਾਨਾਂ ਅਤੇ ਵਪਾਰੀਆਂ, ਦੋਹਾਂ ਲਈ ਹੀ ਨੁਕਸਾਨਦਾਇਕ ਹੈ ਅਤੇ ਕੇਂਦਰ ਵੱਲੋਂ ਕਿਸਾਨੀ ਸੰਘਰਸ਼ ਕਮਜ਼ੋਰ ਕਰਨ ਲਈ ਵਰਤਿਆ ਪ੍ਰੈਸ਼ਰ ਟੈਕਟਿਕ ਹੋ ਸਕਦਾ ਹੈ।

ਉਨ੍ਹਾਂ ਕਿਹਾ, "ਕਿਸਾਨਾਂ ਨੇ ਅਗਲੀ ਫਸਲ ਬੀਜਣੀ ਹੈ ਅਤੇ ਸੂਬੇ ਅੰਦਰ ਖਾਦ ਪੂਰੀ ਨਹੀਂ ਹੈ। ਮਾਲ-ਗੱਡੀਆਂ ਜ਼ਰੀਏ ਹੀ ਖਾਦ ਸੂਬੇ ਵਿੱਚ ਲਿਆਂਦੀ ਜਾਣੀ ਹੈ। ਪਰ, ਰੇਲਵੇ ਵਿਭਾਗ ਨੇ ਇਸ ਸੰਜੀਦਾ ਮੌਕੇ 'ਤੇ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਅਗਲੀ ਫਸਲ ਦੀ ਖਰੀਦ ਕਰਨ ਤੋਂ ਪਹਿਲਾਂ ਪੰਜਾਬ ਦੇ ਗੋਦਾਮਾਂ ਵਿੱਚ ਪਿਆ ਅਨਾਜ ਜੋ ਮਾਲ ਗੱਡੀਆਂ ਜ਼ਰੀਏ ਬਾਹਰੀ ਸੂਬਿਆਂ ਵਿੱਚ ਜਾਣਾ ਸੀ ਉਹ ਨਹੀਂ ਜਾ ਪਾ ਰਿਹਾ।''

''ਕਿਸਾਨੀ ਤੋਂ ਇਲਾਵਾ ਉਦਯੋਗਿਕ ਖੇਤਰ ਨੂੰ ਕਾਫੀ ਘਾਟਾ ਪੈਣ ਵਾਲਾ ਹੈ। ਇਸ ਸੀਜ਼ਨ ਵਿੱਚ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਦਾ ਬਹੁਤ ਮਾਲ ਬਣ ਕੇ ਤਿਆਰ ਹੈ, ਜੋ ਕਿ ਸੂਬੇ ਤੋਂ ਬਾਹਰ ਜਾਣਾ ਸੀ ਪਰ ਮਾਲ-ਗੱਡੀਆਂ ਨਾ ਚਲਦੀਆਂ ਹੋਣ ਕਾਰਨ ਉਹ ਵੀ ਨਹੀਂ ਜਾ ਪਾਏਗਾ।"

ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਦਬਾਅ ਬਣਾਉਣ ਵਾਲਾ ਅਤੇ ਗੈਰ-ਜਿੰਮੇਦਾਰਾਨਾ ਹੈ। ਕਿਸਾਨਾਂ ਦੇ ਸੰਘਰਸ਼ ਦਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਸਰਕਾਰ ਨੇ ਵੀ ਸਾਥ ਦਿੱਤਾ ਅਤੇ ਕੇਂਦਰ ਦੇ ਇਸ ਫੈਸਲੇ ਨਾਲ ਪੂਰੇ ਪੰਜਾਬ ਨੂੰ ਪਰੇਸ਼ਾਨੀ ਹੋਏਗੀ। ਮਾਲ ਗੱਡੀਆਂ ਰੋਕਣ ਦਾ ਇਹ ਫੈਸਲਾ ਪੰਜਾਬ ਦੀ ਆਰਥਿਕ ਤਰੱਕੀ ਦੇ ਰਾਹ ਵਿੱਚ ਰੋੜਾ ਹੈ।

ਸੂਬਾ ਸਰਕਾਰ ਦੀ ਚਿੰਤਾ ਅਤੇ ਰੇਲਵੇ ਵਿਭਾਗ ਦਾ ਜਵਾਬ

ਸੂਬਾ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਅਪੀਲਾਂ ਕੀਤੀਆਂ ਕਿ ਮਾਲ ਗੱਡੀਆਂ ਦਾ ਰਾਹ ਛੱਡ ਦਿੱਤਾ ਜਾਵੇ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਸੂਬੇ ਅੰਦਰ ਰੇਲ ਆਵਾਜਾਈ ਜਾਰੀ ਰੱਖਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਰੇਲ ਮੰਤਰੀ ਨੂੰ ਕਿਹਾ ਕਿ ਕਿਸਾਨਾਂ ਵੱਲੋਂ ਰੇਲ ਟਰੈਕ ਖਾਲ੍ਹੀ ਕਰਨ ਦੇ ਬਾਵਜੂਦ ਸੂਬੇ ਅੰਦਰ ਮਾਲ ਗੱਡੀਆਂ ਦੀ ਆਵਾਜਾਈ 'ਤੇ ਰੋਕ ਕਿਸਾਨਾਂ ਨੂੰ ਫਿਰ ਭੜਕਾ ਸਕਦੀ ਹੈ।

ਮੁੱਖ ਮੰਤਰੀ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਵਿੱਚ ਲਿਖਿਆ, "ਮਾਲ ਗੱਡੀਆਂ ਦੀ ਆਵਾਜਾਈ ਰੁਕਣ ਨਾਲ ਸਿਰਫ ਪੰਜਾਬ ਦੀ ਆਰਥਿਕਤਾ ਪ੍ਰਭਾਵਿਤ ਨਹੀਂ ਹੋਵੇਗੀ, ਸਗੋਂ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ ਨੂੰ ਵੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। "

ਸੂਬਾ ਸਰਕਾਰ ਦੀਆਂ ਇਨ੍ਹਾਂ ਦਲੀਲਾਂ ਅਤੇ ਅਪੀਲਾਂ ਦੇ ਜਵਾਬ ਵਿੱਚ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਸਪਸ਼ਟ ਜਵਾਬ ਦਿੰਦਿਆਂ ਕਹਿ ਦਿੱਤਾ ਹੈ ਕਿ ਰੇਲ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੂਬਾ ਸਰਕਾਰ ਤੋਂ ਰੇਲਵੇ ਮੁਲਾਜ਼ਮਾਂ ਦੀ ਸੁਰੱਖਿਆ ਬਾਰੇ ਭਰੋਸਾ ਚਾਹੀਦਾ ਹੈ।

ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਵਿੱਚ ਛਪੇ ਬਿਆਨ ਮੁਤਾਬਕ, ਪੀਯੂਸ਼ ਗੋਇਲ ਨੇ ਕਿਹਾ, "ਕਰੀਬ 200 ਮਾਲ ਗੱਡੀਆਂ ਪੰਜਾਬ ਦੇ ਰੇਲ ਟਰੈਕਾਂ 'ਤੇ ਫਸ ਗਈਆਂ ਸੀ ਅਤੇ ਤਕਰੀਬਨ 20 ਖਾਲੀ ਰੈਕਸ ਪਾਵਰ ਘਰਾਂ ਅੰਦਰ ਫਸੇ ਹੋਏ ਹਨ, ਜਿੰਨ੍ਹਾਂ ਨੂੰ ਪ੍ਰਦਰਸ਼ਨਕਾਰੀ ਬਾਹਰ ਨਹੀਂ ਲਿਆਉਣ ਦੇ ਰਹੇ। ਭਾਰਤੀ ਰੇਲਵੇ ਨੇ ਸਥਾਨਕ ਪੁਲਿਸ ਦੇ ਭਰੋਸੇ ਤੋਂ ਬਾਅਦ 22-23 ਅਕਤੂਬਰ ਨੂੰ ਮਾਲ ਗੱਡੀਆਂ ਦੀ ਆਵਾਜਾਈ ਚਾਲੂ ਕੀਤੀ ਅਤੇ ਖਾਲ੍ਹੀ ਕੋਚ ਰੱਖ-ਰਖਾਵ ਡਿਪੂਆਂ ਵਿੱਚ ਭੇਜੇ।''

''ਹਾਲੇ ਵੀ ਕਈ ਰੇਲ ਟਰੈਕਸ 'ਤੇ ਰੁਕਾਵਟਾਂ ਲਗਾਈਆਂ ਜਾ ਰਹੀਆਂ ਹਨ, ਖਾਸ ਕਰ ਅੰਮ੍ਰਿਤਸਰ ਦੇ ਆਸ-ਪਾਸ ਅਤੇ ਨਾਭਾ ਤੇ ਤਲਵੰਡੀ ਸਾਬੋ ਪਾਵਰ ਪਲਾਂਟ ਦੇ ਬਾਹਰ ਅਤੇ ਮੋਗਾ ਵਿੱਚ FCI ਦੇ ਸਿਲੋ ਦੇ ਬਾਹਰ। 23 ਅਕਤੂਬਰ ਨੂੰ ਕੁਝ ਮਾਲ-ਗੱਡੀਆਂ ਅਤੇ ਖਾਲ੍ਹੀ ਕੋਚਾਂ ਦੀ ਆਵਾਜਾਈ ਵਿੱਚ ਲਗਾਈਆਂ ਰੁਕਾਵਟਾਂ ਕਾਰਨ ਡਰਾਈਵਰ ਅਤੇ ਗਾਰਡ ਪੰਜਾਬ ਅੰਦਰ ਟਰੇਨਾਂ ਚਲਾਉਣ ਤੋਂ ਮਨ੍ਹਾਂ ਕਰ ਰਹੇ ਹਨ, ਜਦੋਂ ਤੱਕ ਉਨ੍ਹਾਂ ਨੂੰ ਭਰੋਸਾ ਨਹੀਂ ਮਿਲਦਾ ਕਿ ਰੇਲ ਅਵਾਜਾਈ ਵਿੱਚ ਅੜਚਣ ਨਹੀਂ ਆਏਗੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)