You’re viewing a text-only version of this website that uses less data. View the main version of the website including all images and videos.
ਹੁਸ਼ਿਆਰਪੁਰ ’ਚ 6 ਸਾਲਾ ਬੱਚੀ ਦੇ ਰੇਪ ਤੇ ਕਤਲ ਮਾਮਲੇ ’ਚ ਹੁਣ ਤੱਕ ਕੀ ਹੋਈ ਕਾਰਵਾਈ ਤੇ ਕੀ ਹੋ ਰਹੀ ਹੈ ਸਿਆਸੀ ਦੂਸ਼ਣਬਾਜ਼ੀ
ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜਲੇ ਪਿੰਡ ਜਲਾਲਪੁਰ ਵਿੱਚ ਪਰਵਾਸੀ ਦਿਹਾੜੀਦਾਰ ਮਜ਼ਦੂਰਾਂ ਦੀ ਇੱਕ ਛੇ ਸਾਲਾ ਬੱਚੀ ਦੇ ਕਥਿਤ ਬਲਾਤਕਾਰ ਤੇ ਕਤਲ ਦੀ ਘਟਨਾ ਹੁਣ ਕੌਮੀ ਸਿਆਸਤ ਵਿੱਚ ਦੂਸ਼ਣਬਾਜ਼ੀ ਦਾ ਜ਼ਰੀਆ ਬਣ ਗਈ ਹੈ।
ਸ਼ਨਿੱਚਰਵਾਰ ਨੂੰ ਕੇਂਦਰੀ ਖਜਾਨਾ ਮੰਤਰੀ ਨਿਰਮਲਾ ਸੀਤਾ ਰਮਨ ਨੇ ਇਸ ਮਸਲੇ ਬਾਰੇ ਕਾਂਗਰਸ ਆਗੂ ਰਾਹੁਲ ਗਾਂਧੀ ਉੱਪਰ ਨਿਸ਼ਾਨਾ ਸਾਧਿਆ। ਜਿਸ ਤੋਂ ਬਾਅਦ ਰਾਹੁਲ ਨੇ ਵੀ ਟਵੀਟ ਰਾਹੀਂ ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ:
ਸ਼ਨਿੱਚਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਉੱਪਰ ਹਮਲਾ ਕਰਦਿਆਂ ਕਿਹਾ ਸੀ, "ਹੁਸ਼ਿਆਰਪੁਰ ਵਿੱਚ ਬਿਹਾਰ ਤੋਂ ਇੱਕ ਦਲਿਤ ਪਰਵਾਸੀ ਮਜ਼ਦੂਰ ਦੀ ਛੇ ਸਾਲਾ ਬੱਚੀ ਨਾਲ ਰੇਪ ਹੋਇਆ, ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਅਧ-ਸੜੀ ਲਾਸ਼ (ਬਣਾ ਦਿੱਤਾ ਗਿਆ) ਅਤੇ ਇਸ ਨਾਲ ਉਨ੍ਹਾਂ ਭੈਣ-ਭਰਾਵਾਂ ਦੀ ਆਤਮਾ ਨਹੀਂ ਝੰਜੋੜੀ ਜਾਂਦੀ ਜੋ ਹਰ ਦੂਜੀ ਥਾਂ ਦੌੜੇ ਜਾਂਦੇ ਹਨ ਜੋ ਉਨ੍ਹਾਂ ਨੂੰ ਸਿਆਸੀ ਲਾਹਾ ਦੇ ਸਕੇ।"
ਪੰਜਾਬ ਸਰਕਾਰ ਯੂਪੀ ਵਾਂਗ ਘਟਨਾ ਤੋਂ ਇਨਕਾਰੀ ਨਹੀਂ - ਰਾਹੁਲ ਗਾਂਧੀ
ਇਸ ਬਿਆਨ ਦੇ ਜਵਾਬ ਵਿੱਚ ਸ਼ਾਮ ਨੂੰ ਰਾਹੁਲ ਗਾਂਧੀ ਨੇ ਟਵੀਟ ਕੀਤਾ।
ਉਨ੍ਹਾਂ ਨੇ ਲਿਖਿਆ, "ਯੂਪੀ ਤੋਂ ਉਲਟ, ਪੰਜਾਬ ਅਤੇ ਰਾਜਸਥਾਨ ਦੀਆਂ ਸਰਕਾਰਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਰਹੀਆਂ ਕਿ ਕਿਸੇ ਕੁੜੀ ਨਾਲ ਰੇਪ ਹੋਇਆ ਹੈ। ਉਨ੍ਹਾਂ ਦੇ ਪਰਿਵਾਰਾਂ ਨੂੰ ਡਰਾ ਨਹੀਂ ਰਹੀਆਂ ਅਤੇ ਨਿਆਂ ਦਾ ਰਸਤਾ ਨਹੀਂ ਰੋਕ ਰਹੀਆਂ।”
“ਜੇ ਉਹ ਅਜਿਹਾ ਕਰਨਗੀਆਂ ਤਾਂ, ਮੈਂ ਉੱਥੇ ਜਾਵਾਂਗਾ ਤੇ ਨਿਆਂ ਲਈ ਲੜਾਂਗਾ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਵੀ ਰਾਹੁਲ ਗਾਂਧੀ ਉੱਪਰ ਹਮਲਾ ਬੋਲਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਆਸੀ ਟੂਰ ਕਰਨ ਦੀ ਥਾਂ ਹੁਸ਼ਿਆਰਪੁਰ ਜਾ ਕੇ ਟਾਂਡਾ, ਪੰਜਾਬ ਅਤੇ ਰਾਜਸਥਾਨ ਦੇ ਦੌਰੇ ਕਰਨੇ ਚਾਹੀਦੇ ਹਨ ਅਤੇ ਔਰਤਾਂ ਖ਼ਿਲਾਫ਼ ਹੋ ਰਹੇ ਜੁਰਮਾਂ ਦਾ ਨੋਟਿਸ ਲੈਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਘਟਨਾ ਬਾਰੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰ ਚੁੱਕੇ ਹਨ।
ਉਨ੍ਹਾਂ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਬਣਦੀ ਤਫ਼ਤੀਸ਼ ਕਰਨ ਅਤੇ ਜਲਦੀ ਚਲਾਨ ਪੇਸ਼ ਕਰਨਾ ਯਕੀਨੀ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਉਨ੍ਹਾਂ ਨੇ ਮਾਮਲੇ ਦੀ ਸੁਣਵਾਈ ਲਈ ਫਾਸਟ-ਟਰੈਕ ਕੋਰਟ ਅਤੇ ਅਦਾਲਤ ਤੋਂ ਦੋਸ਼ੀਆਂ ਲਈ ਮਿਸਾਲੀ ਸਜ਼ਾ ਦੀ ਗੱਲ ਵੀ ਆਪਣੇ ਟਵੀਟ ਵਿੱਚ ਕੀਤੀ ਸੀ।
ਅਦਾਕਾਰ ਅਤੇ ਸਮਾਜਿਕ ਕਾਰਕੁਨ ਸੋਨੂ ਸੂਦ ਵੀ ਇਸ ਬਾਰੇ ਟਵੀਟ ਕਰ ਚੁੱਕੇ ਹਨ।
ਸ਼ੁੱਕਰਵਾਰ ਨੂੰ ਕੀਤੇ ਆਪਣੇ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ," ਉਸ ਬਾਲੜੀ ਬਾਰੇ ਸੁਣ ਕੇ ਦਿਲ ਟੁੱਟ ਗਿਆ ਹੈ ਜਿਸ ਦਾ ਹੁਸ਼ਿਆਰਪੁਰ ਵਿੱਚ ਕਥਿਤ ਰੇਪ ਹੋਇਆ ਅਤੇ ਉਸ ਦੀ ਅੱਧ ਸੜੀ ਲਾਸ਼ ਮੁਲਜ਼ਮ ਦੇ ਘਰੋਂ ਮਿਲੀ ਸੀ। ਕੀ ਅਸੀਂ ਸਖ਼ਤ ਸਜ਼ਾ ਦੀ ਮਿਸਾਲ ਕਾਇਮ ਕਰ ਸਕਦੇ ਹਾਂ, ਤਾਂ ਜੋ ਅਜਿਹੇ ਘਿਨਾਉਣੇ ਜੁਰਮ ਮੁੜ ਕਦੇ ਨਾ ਹੋਣ?"
ਕੀ ਸੀ ਪੂਰਾ ਮਾਮਲਾ?
ਬੀਬੀਸੀ ਪੰਜਾਬੀ ਦੇ ਸਹਿਯੋਗੀ ਪਾਲ ਸਿੰਘ ਨੌਲੀ ਨੂੰ ਥਾਣਾ ਟਾਂਡਾ ਦੇ ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ,"ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ ਸੀ। ਪੀੜਤ ਲੜਕੀ ਦੇ ਮਾਪਿਆਂ ਵੱਲੋਂ ਦਰਜ ਕਰਵਾਈ ਗਈ ਐੱਫਆਈਆਰ ਦੇ ਅਨੁਸਾਰ ਮੁਲਜ਼ਮ ਬੁੱਧਵਾਰ ਦੁਪਹਿਰ ਨੂੰ ਉਨ੍ਹਾਂ ਦੀ ਧੀ ਨੂੰ ਬਿਸਕੁਟ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਿਆ।"
"ਲੜਕੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਧੀ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀ ਤਾਂ ਉਹ ਮੁਲਜ਼ਮ ਦੇ ਘਰ ਗਏ ਜਿੱਥੇ ਲੜਕੀ ਦਾ ਪਿਤਾ ਡਰਾਈਵਰ ਵੱਜੋਂ ਕੰਮ ਕਰਦਾ ਹੈ।”
ਜਦੋਂ ਆਪਣੀ ਲੜਕੀ ਦੀ ਭਾਲ ਵਿੱਚ ਮੁਲਜ਼ਮ ਨੂੰ ਪੁੱਛਿਆ ਤਾਂ ਪਹਿਲਾਂ ਤਾਂ ਉਸ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਵਿੱਚ ਪਸ਼ੂਆਂ ਦੇ ਸ਼ੈੱਡ ਵੱਲ ਇਸ਼ਾਰਾ ਕਰਦਿਆਂ ਉਸ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪਸ਼ੂਆਂ ਦੇ ਸ਼ੈੱਡ ਵਿੱਚ ਆਪਣੇ ਆਪ ਨੂੰ ਅੱਗ ਲਾ ਲਈ ਸੀ ਤੇ ਉਹ ਮਰ ਗਈ ਹੈ।
ਪੀੜਤ ਲੜਕੀ ਦੇ ਮਾਪਿਆਂ ਨੇ ਇਸ ਦੀ ਸੂਚਨਾ ਥਾਣਾ ਟਾਂਡਾ ਦੀ ਪੁਲੀਸ ਨੂੰ ਦਿੱਤੀ। ਥਾਣਾ ਟਾਂਡਾ ਦੇ ਐੱਸਐਚਓ ਬਿਕਰਮਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮ੍ਰਿਤਕ ਦੀ ਅੱਧੀ ਸੜੀ ਲਾਸ਼ ਨੂੰ ਮੁਲਜ਼ਮ ਦੀ ਹਵੇਲੀ ਦੇ ਅੰਦਰ ਇੱਕ ਬੋਰੀ ਵਿੱਚੋਂ ਬਰਾਮਦ ਕਰ ਲਿਆ ਤੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ।
ਮੁਲਜ਼ਮ ਵਿਰੁੱਧ ਆਈਪੀਸੀ ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਸਸੀ ਕਮਿਸ਼ਨ ਦੇ ਵਫ਼ਦ ਨੇ ਮਾਪਿਆਂ ਨਾਲ ਮੁਲਾਕਾਤ ਕੀਤੀ
ਇਸੇ ਦੌਰਾਨ ਐੱਸਸੀ ਕਮਿਸ਼ਨ ਦੀ ਇੱਕ ਤਿੰਨ ਮੈਂਬਰੀ ਟੀਮ ਮਰਹੂਮ ਬੱਚੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਕਮਿਸ਼ਨ ਨੇ ਮੌਕੇ ਤੇ ਮੌਜੂਦ ਪੁਲਿਸ ਅਫ਼ਸਰਾਂ ਨੂੰ ਸੋਮਵਾਰ ਤੱਕ ਘਟਨਾ ਦੀ ਜਾਂਚ ਰਿਪੋਰਟ ਕਮਿਸ਼ਨ ਨੂੰ ਸੋਂਪਣ ਲਈ ਅਤੇ ਮਾਮਾਲੇ ਦਾ ਚਲਾਨ ਜਿੰਨੀ ਜਲਦੀ ਹੋ ਸਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਵੀ ਦਿੱਤੇ।
ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਮੁਲਜ਼ਮ ਅਕਸਰ ਹੀ ਕਈ ਵਾਰ ਉਨ੍ਹਾਂ ਦੇ ਘਰ ਚੱਕਰ ਕਟਦਾ ਰਹਿੰਦਾ ਸੀ। ਅਸੀਂ ਉਸ ਨੂੰ ਨਜ਼ਰ ਅੰਦਾਜ਼ ਕਰਦੇ ਸੀ।
ਮਾਂ ਨੇ ਕਿਹਾ, "ਅਸੀਂ ਉਸਨੂੰ ਰੋਕਦੇ ਸੀ ਪਰ ਫਿਰ ਵੀ ਉਹ ਗੇੜਾ ਮਾਰਦਾ ਸੀ, ਅਸੀਂ ਕਦੇ ਸੋਚ ਵੀ ਨਹੀਂ ਸਕਦੇ ਕਿ ਉਹ ਸਾਡੀ ਧੀ ਨਾਲ ਅਜਿਹਾ ਕਰੇਗਾ।"
ਇਹ ਵੀ ਪੜ੍ਹੋ:
ਵੀਡੀਓ: ਭਾਜਪਾ ਦੀ'ਦਲਿਤ ਇਨਸਾਫ਼ ਯਾਤਰਾ' ਵਾਲੇ ਦਿਨ ਕੀ ਹੋਇਆ