ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ ਉੱਤੇ ਹਮਲੇ ਦਾ ਇਲਜ਼ਾਮ ਕਿਸ ਉੱਤੇ - ਪ੍ਰੈੱਸ ਰਿਵੀਊ

ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ ਉੱਤੇ ਕਥਿਤ ਤੌਰ ਉੱਤੇ ਹਮਲਾ ਮੁਜ਼ਾਹਰਾ ਕਰ ਰਹੇ ਕਿਸਾਨਾਂ ਵੱਲੋਂ ਕੀਤਾ ਗਿਆ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਹ ਹਮਲਾ ਸੋਮਵਾਰ ਸ਼ਾਮ ਸਵਾ 7 ਵਜੇ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਚੋਲਾਂਗ ਟੋਲ ਪਲਾਜ਼ਾ ਨੇੜੇ ਹੋਇਆ।

ਟਾਂਡਾ ਦੇ SHO ਮੁਤਾਬਕ ਹਮਲੇ ਪਿੱਛੇ ਮੁਜ਼ਾਹਰਾ ਕਰ ਰਹੇ ਕਿਸਾਨ ਹਨ ਜਦਕਿ ਅਸ਼ਵਨੀ ਸ਼ਰਮਾ ਮੁਤਾਬਕ ਇਹ ਕਾਰਾ ਸੂਬੇ ਦੀ ਸ਼ਹਿ ਉੱਤੇ ਹੋਇਆ ਹੈ ਅਤੇ ਹਮਲਾ ਕਰਨ ਵਾਲੇ ਕਿਸਾਨ ਨਹੀਂ ਸਨ।

ਖ਼ੇਤੀ ਕਾਨੂੰਨਾਂ ਬਾਰੇ ਅਸ਼ਵਨੀ ਸ਼ਰਮਾ ਨਾਲ ਕੁਝ ਦਿਨ ਪਹਿਲਾਂ ਕੀਤੀ ਗੱਲਬਾਤ ਵੀ ਦੇਖੋ:

ਦੂਜੇ ਪਾਸੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਪਣੇ ਫੇਸਬੁੱਕ ਲਾਈਵ ਰਾਹੀਂ ਇਸ ਹਮਲੇ ਪਿੱਛੇ ਯੂਥ ਕਾਂਗਰਸ ਦੇ ਵਰਕਰਾਂ ਦਾ ਹੋਣਾ ਆਖਿਆ ਹੈ।

ਉਧਰ ਖ਼ਬਰ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਡੀਜੀਪੀ ਨੂੰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ, ਨਾਲ ਹੀ ਉਨ੍ਹਾਂ ਇਸ ਪਿੱਛੇ ਕਾਂਗਰਸ ਦਾ ਹੱਥ ਹੋਣ ਦੇ ਇਲਜ਼ਾਮ ਨੂੰ ਰੱਦ ਕੀਤਾ ਹੈ।

ਪੰਜਾਬ 'ਚ ਕੋਰੋਨਾ ਦੇ 581 ਨਵੇਂ ਕੇਸ, 27 ਹੋਰ ਮੌਤਾਂ ਹੋਈਆਂ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਲੰਘੇ 24 ਘੰਟੇ ਦੌਰਾਨ ਕੋਰੋਨਾ ਕਾਰਨ 27 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਸੂਬੇ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 3,860 ਹੋ ਗਈ ਹੈ ਅਤੇ 581 ਨਵੇਂ ਮਾਮਲੇ ਆਏ ਹਨ।

ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਜਿਹੜੇ ਸ਼ਹਿਰਾਂ ਵਿੱਚ ਨਵੇਂ ਕੋਰੋਨਾ ਕੇਸ ਆਏ ਹਨ ਉਨ੍ਹਾਂ ਵਿੱਚ ਜਲੰਧਰ (82 ਮਾਮਲੇ), ਲੁਧਿਆਣਾ (62 ਮਾਮਲੇ), ਮੋਹਾਲੀ (58 ਮਾਮਲੇ) ਅਤੇ ਬਠਿੰਡਾ (54 ਮਾਮਲੇ) ਸ਼ਾਮਲ ਹੈ।

ਖ਼ਬਰ ਮੁਤਾਬਕ ਹੁਣ ਸੂਬੇ ਵਿੱਚ ਕੁੱਲ ਐਕਟਿਵ ਕੇਸ 8,258 ਹੋ ਗਏ ਹਨ।

ਹਰਿਆਣਾ ਦੇ ਪਿੰਡਾਂ ਦੀ ਥਾਂ ਸ਼ਹਿਰਾਂ ਵਿੱਚ ਕੋਰੋਨਾ ਦੀ ਜ਼ਿਆਦਾ ਮਾਰ

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਹਰਿਆਣਾ ਦੇ ਪੇਂਡੂ ਇਲਾਕਿਆਂ ਦੇ ਮੁਕਾਬਲੇ ਸ਼ਹਿਰੀ ਇਲ਼ਾਕਿਆਂ ਵਿੱਚ ਕੋਰੋਨਾ ਦੀ ਮਾਰ ਵੱਧ ਹੈ।

ਖ਼ਬਰ ਮੁਤਾਬਕ ਸ਼ਹਿਰੀ ਇਲਾਕਿਆਂ ਵਿੱਚ ਮੌਤ ਦੀ ਦਰ ਜ਼ਿਆਦਾ ਹੈ। ਪੇਂਡੂ ਇਲਾਕਿਆਂ ਵਿੱਚ ਮੌਤ ਦਰ 28 ਫੀਸਦੀ ਜਦਕਿ ਸ਼ਹਿਰੀ ਇਲਾਕਿਆਂ ਵਿੱਚ ਇਹ ਦਰ 72 ਫੀਸਦੀ ਉੱਤੇ ਪਹੁੰਚ ਗਈ ਹੈ। ਇਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਵਾਇਰਸ ਕਿੰਨਾ ਫ਼ੈਲ ਰਿਹਾ ਹੈ।

ਹਾਲਾਂਕਿ ਤਿੰਨ ਜ਼ਿਲ੍ਹੇ - ਸੋਨੀਪਤ, ਨੂੰਹ ਅਤੇ ਝੱਜਰ ਦੇ ਪੇਂਡੂ ਇਲਾਕਿਆਂ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵੱਧ ਹੈ ਤੇ ਸੂਬੇ ਦੇ ਬਾਕੀ 19 ਜ਼ਿਲ੍ਹਿਆਂ ਦੇ ਸ਼ਹਿਰੀ ਇਲਾਕਿਆਂ ਵਿੱਚ ਮੌਤ ਦਰ ਵੱਧ ਹੈ।

ਖ਼ਬਰ ਮੁਤਾਬਕ ਹਰਿਆਣਾ ਦੇ ਸਿਹਤ ਮਹਿਕਮੇ ਤੋਂ ਮਿਲੇ ਅੰਕੜਿਆਂ ਅਨੁਸਾਰ ਸ਼ਹਿਰੀ ਇਲਾਕਿਆਂ ਦੇ 1130 ਕੋਰੋਨਾ ਲਾਗ ਪੀੜਤ ਲੋਕਾਂ ਦੀ ਮੌਤ ਹੋਈ ਹੈ ਅਤੇ ਦੂਜੇ ਪਾਸੇ ਪੇਂਡੂ ਇਲਾਕਿਆਂ ਵਿੱਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 429 ਹੈ।

ਮੰਗਲ ਗ੍ਰਹਿ ਅੱਜ ਸਭ ਤੋਂ ਵੱਡਾ ਤੇ ਚਮਕੀਲਾ ਦਿਖੇਗਾ

ਨਾਸਾ ਦੀ ਜਾਣਕਾਰੀ ਮੁਤਾਬਕ 13 ਅਕਤੂਬਰ ਨੂੰ ਮੰਗਲ ਗ੍ਰਹਿ ਧਰਤੀ ਤੋਂ ਸਭ ਤੋਂ ਵੱਡਾ ਅਤੇ ਚਮਕੀਲਾ ਸੁਰਖ਼ ਰੰਗ ਦਾ ਦਿਖੇਗਾ।

ਦਰਅਸਲ ਇਹ ਇੱਕ ਅਜਿਹੀ ਵਿਲੱਖਣ ਘਟਨਾ ਹੈ ਜਿਸ 'ਚ ਮੰਗਲ ਗ੍ਰਹਿ ਧਰਤੀ ਤੇ ਸੂਰਜ ਇੱਕ ਸੇਧ ਵਿੱਚ ਹੋ ਜਾਣਗੇ।

ਇਸ ਦਾ ਮਤਲਬ ਹੈ ਕਿ ਤਿੰਨੇ ਗ੍ਰਹਿ 189 ਡਿਗਰੀ ਕੋਣ ਉੱਤੇ ਹੁੰਦੇ ਹਨ।

ਇਸ ਘਟਨਾ ਨੂੰ ਖਗੋਲ ਸ਼ਾਸਤਰ ਦੀ ਭਾਸ਼ਾ ਵਿੱਚ ਮੰਗਲ ਗ੍ਰਹਿ ਦਾ 'ਓਪੋਜ਼ਿਸ਼ਨ' ਕਿਹਾ ਜਾਂਦਾ ਹੈ। ਮੰਗਲ ਗ੍ਰਹਿ ਦੇ ਓਪੋਜ਼ਿਸ਼ਨ ਦੀ ਘਟਨਾ ਹਰ ਦੋ ਸਾਲਾਂ ਬਾਅਦ (ਕਰੀਬ 26 ਮਹੀਨੇ) ਹੁੰਦੀ ਹੈ।

ਨਾਸਾ ਦਾ ਕਹਿਣਾ ਹੈ ਕਿ ਮੰਗਲ ਗ੍ਰਹਿ ਅਤੇ ਧਰਤੀ ਦੇ ਕਰੀਬ ਆਉਣ ਦੀ ਇਹ ਘਟਨਾ ਹਰ ਦੋ ਸਾਲ (ਲਗਭਗ 26 ਮਹੀਨੇ) 'ਚ ਇੱਕ ਵਾਰ ਹੁੰਦੀ ਹੈ। ਇਸ ਲਈ ਅਗਲੀ ਵਾਰ ਮੰਗਲ ਗ੍ਰਹਿ ਅਤੇ ਧਰਤੀ ਦੋਵੇਂ ਇੱਕ-ਦੂਜੇ ਦੇ ਨੇੜੇ ਦਸੰਬਰ 2022 ਤੋਂ ਪਹਿਲਾਂ ਨਹੀਂ ਆਉਣਗੇ।

ਹਾਥਰਸ: ਪੀੜਤ ਪਰਿਵਾਰ ਨੇ ਕਿਹਾ, 'ਸਸਕਾਰ ਇੱਛਾ ਦੇ ਬਗੈਰ ਹੋਇਆ'

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ 19 ਸਾਲਾ ਦਲਿਤ ਕੁੜੀ ਜਿਸ ਦਾ ਕਥਿਤ ਤੌਰ 'ਤੇ ਬਲਾਤਕਾਰ ਤੇ ਕਤਲ ਹੋਇਆ, ਉਸ ਦੇ ਪਰਿਵਾਰ ਨੇ ਇਲਾਹਾਬਾਦ ਹਾਈ ਕੋਰਟ ਦੀ ਲਖ਼ਨਊ ਬੈਂਚ ਨੂੰ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਡੀ ਧੀ ਦਾ ਸਸਕਾਰ ਕੀਤਾ ਜੋ 'ਸਾਡੀ ਇੱਛਾ ਦੇ ਬਗੈਰ ਹੋਇਆ।'

ਸੀਨੀਅਰ ਵਕੀਲ ਜੈਦੀਪ ਨਰੈਨ ਮਾਥੁਰ ਨੇ ਦੱਸਿਆ, ''ਲੜਕੀ ਦੇ ਪਰਿਵਾਰ ਨੇ ਕੋਰਟ ਨੂੰ ਕਿਹਾ ਕਿ ਹਾਥਰਸ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਸਕਾਰ ਕੀਤਾ ਗਿਆ ਜੋ ਸਾਡੀ ਇੱਛਾ ਦੇ ਖ਼ਿਲਾਫ਼ ਸੀ।''

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)