ਸਿੱਧੂ ਨੂੰ ਸਿਆਸਤ 'ਚ ਇੱਕਲੇ ਖੇਡਣ ਨੂੰ ਕਿਸ ਨੇ ਕਿਹਾ- ਪ੍ਰੈੱਸ ਰਿਵੀਊ

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ 'ਖੇਤੀ ਬਚਾਓ ਯਾਤਰਾ' ਦੌਰਾਨ ਪਾਰਟੀ ਦੇ ਵਕਾਰ ਨੂੰ ਸੱਟ ਮਾਰੀ ਗਈ ਹੈ।

ਖ਼ਬਰ ਮੁਤਾਬਕ ਬਿੱਟੂ ਨੇ ਕਿਹਾ ਕਿ ਨਵਜੋਤ ਸਿੱਧੂ ਇਕੱਲੇ ਹੀ ਖੇਡਣਾ ਚਾਹੁੰਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਵੱਖਰੀ ਪਾਰਟੀ ਬਣਾ ਕੇ ਚੋਣ ਲੜਨੀ ਚਾਹੀਦੀ ਹੈ।

ਬਿੱਟੂ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਨੇ ਪੂਰਾ ਮਾਣ ਸਤਿਕਾਰ ਦਿੱਤਾ ਪਰ ਸਿੱਧੂ ਜਿਸ ਪਾਰਟੀ ਵਿੱਚ ਵੀ ਜਾਂਦੇ ਹਨ, ਉਸ ਦਾ ਨੁਕਸਾਨ ਕਰਦੇ ਹਨ।

ਬਿੱਟੂ ਮੁਤਾਬਕ ਜਿਸ ਤਰ੍ਹਾਂ ਬੱਧਨੀ ਕਲਾਂ ਵਿੱਚ ਸੁਖਜਿੰਦਰ ਰੰਧਾਵਾ ਨੂੰ ਧੱਕਾ ਮਾਰੇ ਕੇ ਨਵਜੋਤ ਸਿੱਧੂ ਨੇ ਬੇਇੱਜ਼ਤੀ ਕੀਤੀ, ਉਹ ਬਰਦਾਸ਼ਤ ਤੋਂ ਬਾਹਰ ਸੀ।

ਭਾਰਤ-ਚੀਨ ਵਿਚਾਲੇ ਅੱਜ ਫ਼ੌਜ ਪੱਧਰ 'ਤੇ ਗੱਲਬਾਤ

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਪੂਰਬੀ ਲੱਦਾਖ ਵਿੱਚ ਭਾਰਤ-ਚੀਨ ਸਰਹੱਦ ਉੱਤੇ ਜਾਰੀ ਤਣਾਅ ਘੱਟ ਕਰਨ ਦੇ ਲਈ ਅੱਜ ਕਮਾਂਡਰ ਪੱਧਰ ਉੱਤੇ 7ਵੇਂ ਦੌਰ ਦੀ ਗੱਲਬਾਤ ਹੋਵੇਗੀ ਜਿਸ ਵਿੱਚ ਪਹਿਲੀ ਵਾਰ ਚੀਨ ਦੇ ਪ੍ਰਤੀਨਿਧੀ ਦੇ ਤੌਰ 'ਤੇ ਸੀਨੀਅਰ ਡਿਪਲੋਨਮੈਟ ਸ਼ਾਮਲ ਹੋਣਗੇ।

ਅਖ਼ਬਾਰ ਅਨੁਸਾਰ ਬੈਠਕ ਵਿੱਚ ਚੀਨੀ ਪ੍ਰਤੀਨਿਧੀ ਮੰਡਲ ਵਿੱਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਅਤੇ ਰਾਜਨੀਤਿਕ ਕਮੀਸ਼ਨਰ ਸ਼ਾਮਲ ਹੋ ਸਕਦੇ ਹਨ।

ਇਸ ਤੋਂ ਪਹਿਲਾਂ 21 ਸਤੰਬਰ ਨੂੰ ਹੋਈ 6ਵੇਂ ਦੌਰ ਦੀ ਗੱਲਬਾਤ ਵਿੱਚ ਭਾਰਤ ਵੱਲੋਂ ਇੱਖ ਸੀਨੀਅਰ ਡਿਪਲੋਮੈਟ, ਸੰਯੁਕਤ ਸਕੱਤਰ (ਪੂਰਬੀ ਏਸ਼ੀਆ) ਨਵੀਨ ਸ਼੍ਰੀਵਾਸਤਵ ਨੇ ਸ਼ਿਰਕਤ ਕੀਤੀ ਸੀ।

10 ਸਤੰਬਰ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ ਜਯਸ਼ੰਕਰ ਅਤੇ ਉਨ੍ਹਾਂ ਦੇ ਚੀਨੀ ਮੰਤਰੀ ਵਾਂਗ ਯੀ ਵਿਚਾਲੇ ਮੌਸਕੋ ਵਿੱਚ ਹੋਈ ਮੁਲਾਕਾਤ ਵਿੱਚ ਪੰਜ ਬਿੰਦੂਆਂ ਉੱਤੇ ਸਹਿਮਤੀ ਬਣੀ ਸੀ। ਪਰ ਜ਼ਮੀਨੀ ਪੱਧਰ ਉੱਤੇ ਇਸ ਦੇ ਅਮਲ ਵਿੱਚ ਆਉਣ ਦੀ ਸਮਾਨਤਾ ਨਾ ਦਿਖਣ ਤੋਂ ਬਾਅਦ ਭਾਰਤ ਨੇ ਅਗਲੀ ਬੈਠਕ 'ਚ ਇੱਕ ਸੀਨੀਅਰ ਡਿਪਲੋਮੈਟ ਨੂੰ ਸ਼ਾਮਲ ਕੀਤਾ।

ਕਈ ਸੂਬੇ ਸਕੂਲਾਂ ਨੂੰ ਖੋਲ੍ਹਣ ਬਾਰੇ ਅਜੇ ਵੀ ਫ਼ੈਸਲਾ ਨਹੀਂ ਲੈ ਸਕੇ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੇਂਦਰ ਨੇ ਭਾਵੇਂ ਸਕੂਲਾਂ ਨੂੰ 15 ਅਕਤੂਬਰ ਤੋਂ ਖੋਲ੍ਹਣ ਲਈ ਕਹਿ ਦਿੱਤਾ ਹੈ ਪਰ ਅਜੇ ਵੀ ਕਈ ਸੂਬੇ ਜਿਵੇਂ ਦਿੱਲ਼ੀ, ਕਰਨਾਟਕ ਅਤੇ ਛੱਤੀਸਗੜ੍ਹ ਇਸ ਫ਼ੈਸਲੇ ਦੇ ਉਲਟ ਹਨ।

ਉਧਰ ਹਰਿਆਣਾ ਤੇ ਮੇਘਾਲਿਆ ਵਰਗੇ ਸੂਬੇ ਕੋਵਿਡ-19 ਦੇ ਵਧਦੇ ਕੇਸਾਂ ਵਿਚਾਲੇ ਅਜੇ ਹਾਲਾਤਾਂ ਦਾ ਮੁਲਾਂਕਣ ਕਰ ਰਹੇ ਹਨ।

ਅਨਲੌਕ ਦੀਆਂ ਤਾਜ਼ਾ ਹਦਾਇਤਾਂ ਮੁਤਾਬਕ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਜੋ ਕੋਵਿਡ-19 ਕੰਟੇਨਮੈਂਟ ਜ਼ੋਨ ਤੋਂ ਬਾਹਰ ਆਉਂਦੇ ਹਨ, 15 ਅਕਤੂਬਰ ਤੋਂ ਬਾਅਦ ਖੁੱਲ੍ਹ ਸਕਦੇ ਹਨ। ਹਾਲਾਂਕਿ ਇਨ੍ਹਾਂ ਅਦਾਰਿਆਂ ਨੂੰ ਖੋਲ੍ਹਣ ਲਈ ਅੰਤਿਮ ਫ਼ੈਸਲਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਹੈ।

ਹਾਥਰਸ ਮਾਮਲਾ: CBI ਨੇ ਦਰਜ ਕੀਤੀ FIR

ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਦਲਿਤ ਕੁੜੀ ਨਾਲ ਹੋਏ ਕਥਿਤ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ CBI ਨੇ ਐਤਵਾਰ 11 ਅਕਤੂਬਰ ਨੂੰ FIR ਦਰਜ ਕਰ ਲਈ ਹੈ।

ਜਨਸੱਤਾ ਵਿੱਚ ਛਪੀ ਖ਼ਬਰ ਮੁਤਾਬਕ ਮਾਮਲੇ ਦੀ ਜਾਂਚ ਸੀਬੀਆਈ ਦੀ ਗਾਜ਼ੀਆਬਾਦ ਇਕਾਈ ਦੀ ਵਿਸ਼ੇਸ਼ ਟੀਮ ਕਰੇਗੀ।

ਸੀਬੀਆਈ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਅਖ਼ਬਾਰ ਨੇ ਦੱਸਿਆ ਹੈ ਕਿ ਐਤਵਾਰ ਸਵੇਰੇ ਇਸ ਮਾਮਲੇ ਵਿੱਚ IPC ਦੀ ਧਾਰਾ 376 ਡੀ (ਗੈਂਗਰੇਪ), ਧਾਰਾ 307 (ਕਤਲ ਦੀ ਕੋਸ਼ਿਸ਼), ਅਤੇ ਧਾਰਾ 302 (ਕਤਲ) ਸਣੇ SC/ST ਕਾਨੂੰਨ ਦੀ ਧਾਰਾ 3 (2) (5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਪੀੜਤਾ ਦਾ ਪਰਿਵਾਰ ਅੱਜ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਦੇ ਸਾਹਮਣੇ ਪੇਸ਼ ਹੋਵੇਗਾ। ਅਦਾਲਤ ਨੇ ਹਾਥਰਸ ਦੇ DM ਅਤੇ ਪੁਲਿਸ ਕਮੀਸ਼ਨਰ ਸਣੇ ਕਈ ਅਧਿਕਾਰੀਆਂ ਨੂੰ ਮੌਜੂਦ ਰਹਿਣ ਨੂੰ ਕਿਹਾ ਹੈ।

14 ਸਤੰਬਰ ਨੂੰ ਹਾਥਰਸ ਦੇ ਇੱਕ ਪਿੰਡ ਵਿੱਚ 19 ਸਾਲ ਦੀ ਇੱਕ ਦਲਿਤ ਕੁੜੀ ਦੇ ਨਾਲ ਕਥਿਤ ਤੌਰ ਉੱਤੇ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਸੀ।

29 ਸਤੰਬਰ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਕੁੜੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਜਲਦਬਾਜ਼ੀ ਵਿੱਚ ਹਾਥਰਸ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਧੀ ਰਾਤ ਨੂੰ ਕੁੜੀ ਦਾ ਅੰਤਿਮ ਸਸਕਾਰ ਕਰ ਦਿੱਤਾ।

ਬਾਅਦ ਵਿੱਚ ਉੱਤਰ ਪ੍ਰਦੇਸ਼ ਸਰਕਾਰ ਦੇ ਕਹਿਣ 'ਤੇ ਹੁਣ ਭਾਰਤ ਸਰਕਾਰ ਦੇ ਦਖ਼ਲ ਤੋਂ ਬਾਅਦ ਸੀਬੀਆਈ ਨੇ ਇਸ ਮਾਮਲੇ ਵਿੱਚ FIR ਦਰਜ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)