ਕੀ ਕੋਰੋਨਵਾਇਰਸ ਦੇ ਭਾਰਤ ’ਚ ਮੌਜੂਦਾ ਹਾਲਾਤ ਜ਼ਮੀਨੀ ਹਕੀਕਤ ਤੋਂ ਪਰੇ ਹਨ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਕੋਰੋਨਾਵਾਇਰਸ ਮਹਾਂਮਾਰੀ ਦੇ ਨੌਵੇਂ ਮਹੀਨੇ ਵਿੱਚ ਪਹੁੰਚ ਰਿਹਾ ਹੈ, ਜਿਸ ਨਾਲ ਇਸਦੇ 50 ਲੱਖ ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ।

ਇਹ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਅੰਕੜਾ ਹੈ ਅਤੇ ਹੁਣ ਤੱਕ 80,000 ਤੋਂ ਜ਼ਿਆਦਾ ਮੌਤਾਂ ਦਰਜ ਭਾਰਤ ਵਿੱਚ ਕੀਤੀਆਂ ਗਈਆਂ ਹਨ।

ਇੱਕ ਸਰਕਾਰੀ ਵਿਗਿਆਨੀ ਨੇ ਮੈਨੂੰ ਦੱਸਿਆ ਕਿ 'ਸਟੈੱਪ ਲੈਡਰ ਸਪਾਇਰਲ' ਦੀ ਤਰ੍ਹਾਂ ਲਾਗ ਦੇਸ ਵਿੱਚ ਫੈਲ ਰਹੀ ਹੈ। ਇਸ ਦਾ ਸਿਰਫ਼ ਇੱਕ ਹੀ 'ਦਿਲਾਸਾ' ਹੈ-ਮੌਜੂਦਾ ਸਮੇਂ ਮੌਤ ਦਰ 1.63 ਫੀਸਦੀ ਹੈ ਜੋ ਵੱਧ ਮਾਮਲਿਆਂ ਦੇ ਭਾਰ ਵਾਲੇ ਕਈ ਦੇਸਾਂ ਦੇ ਮੁਕਾਬਲੇ ਘੱਟ ਹੈ।

ਰਿਪੋਰਟ ਕੀਤੇ ਗਏ ਮਾਮਲਿਆਂ ਵਿੱਚ ਵਾਧਾ, ਟੈਸਟ ਵੱਧ ਹੋਣ ਕਾਰਨ ਹੋਇਆ ਹੈ ਪਰ ਜਿਸ ਗਤੀ ਨਾਲ ਵਾਇਰਸ ਫੈਲ ਰਿਹਾ ਹੈ, ਮਾਹਿਰ ਉਸ 'ਤੇ ਚਿੰਤਤ ਹਨ।

ਪਰ ਅਜਿਹਾ ਕਿਉਂ ਹੈ ਕਿ ਭਾਰਤ ਵਿੱਚ ਪਹਿਲੇ ਦਸ ਲੱਖ ਮਾਮਲਿਆਂ ਤੱਕ ਪਹੁੰਚਣ ਵਿੱਚ 170 ਦਿਨ ਲੱਗੇ ਪਰ ਪਿਛਲੇ 10 ਲੱਖ ਮਾਮਲੇ ਹੋਣ ਵਿੱਚ ਸਿਰਫ਼ 11 ਦਿਨ ਲੱਗੇ। ਔਸਤ ਰੋਜ਼ਾਨਾ ਮਾਮਲੇ ਅਪ੍ਰੈਲ ਦੇ 62 ਤੋਂ ਵੱਧ ਕੇ ਸਤੰਬਰ ਵਿੱਚ 87,000 ਹੋ ਗਏ ਹਨ।

ਇਹ ਵੀ ਪੜ੍ਹੋ-

ਪਿਛਲੇ ਹਫ਼ਤੇ ਵਿੱਚ ਭਾਰਤ ਵਿੱਚ ਹਰ ਦਿਨ 90,000 ਤੋਂ ਜ਼ਿਆਦਾ ਮਾਮਲੇ ਆਏ ਅਤੇ 1000 ਮੌਤਾਂ ਦਰਜ ਕੀਤੀਆਂ ਗਈਆਂ ਹਨ। ਸੱਤ ਸੂਬੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਜੋ ਕਿ ਭਾਰਤ ਦੀ ਆਬਾਦੀ ਦਾ ਲਗਭਗ 48 ਫੀਸਦੀ ਹਿੱਸਾ ਹੈ।

ਪਰ ਇੱਥੇ ਲਾਗ ਦੇ ਬਾਵਜੂਦ ਭਾਰਤ ਵਿੱਚ ਸਭ ਕੁਝ ਖੁੱਲ੍ਹ ਰਿਹਾ ਹੈ। ਦਫ਼ਤਰ, ਜਨਤਕ ਆਵਾਜਾਈ, ਹੋਟਲ, ਜਿੰਮ ਆਦਿ ਤਾਂ ਕਿ ਦਹਾਕਿਆਂ ਵਿੱਚ ਆਪਣੀ ਸਭ ਤੋਂ ਮਾੜੀ ਹਾਲਾਤ ਵਿੱਚ ਪਹੁੰਚ ਚੁੱਕੀ ਅਰਥਵਿਵਸਥਾ ਨੂੰ ਸੁਧਾਰਨ ਦੀ ਕੋਸ਼ਿਸ਼ ਹੋ ਸਕੇ।

ਦੁਨੀਆਂ ਦੇ ਸਭ ਤੋਂ ਭਿਆਨਕ ਲੌਕਡਾਊਨ ਨੇ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਲਈ ਮਜਬੂਰ ਕੀਤਾ, ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਅਤੇ ਗ਼ੈਰ-ਸੰਗਠਿਤ ਖੇਤਰਾਂ ਵਿੱਚ ਕੰਮ ਕਰਦੇ ਲੱਖਾਂ ਵਰਕਰਾਂ ਜਿਨ੍ਹਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ, ਉਨ੍ਹਾਂ ਨੇ ਸ਼ਹਿਰਾਂ ਤੋਂ ਪੈਦਲ, ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਆਪਣੇ ਘਰਾਂ ਨੂੰ ਵਾਪਸ ਜਾਣਾ ਸ਼ੁਰੂ ਕਰ ਦਿੱਤਾ।

ਨੋਮੁਰਾ ਇੰਡੀਆ ਬਿਜ਼ਨਸ ਰੀਜ਼ੰਪਸ਼ਨ ਇੰਡੈਕਸ ਦਾ ਕਹਿਣਾ ਹੈ ਕਿ ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਨਾਲ ਵੀ ਕੇਸਾਂ ਵਿੱਚ ਉਛਾਲ ਆਇਆ ਹੈ।

ਲਾਗ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਦੀ ਸੰਭਾਵਨਾ

ਹੁਣ ਤੱਕ ਪੰਜ ਕਰੋੜ (50 ਮਿਲੀਅਨ) ਤੋਂ ਜ਼ਿਆਦਾ ਭਾਰਤੀਆਂ ਦਾ ਵਾਇਰਸ ਲਈ ਟੈਸਟ ਕੀਤਾ ਜਾ ਚੁੱਕਾ ਹੈ ਅਤੇ ਰੋਜ਼ਾਨਾ 10 ਲੱਖ (ਇੱਕ ਮਿਲੀਅਨ) ਤੋਂ ਜ਼ਿਆਦਾ ਨਮੂਨਿਆਂ ਦਾ ਟੈਸਟ ਕੀਤਾ ਗਿਆ ਹੈ, ਪਰ ਦੇਸ ਵਿੱਚ ਅਜੇ ਵੀ ਦੁਨੀਆਂ ਵਿੱਚ ਸਭ ਤੋਂ ਘੱਟ ਟੈਸਟ ਕਰਨ ਦੀ ਦਰ ਹੈ।

ਇਸ ਲਈ ਮਹਾਂਮਾਰੀ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਭਾਰਤ ਦੀ ਅਸਲ ਲਾਗ ਦਰ ਕਿਧਰੇ ਜ਼ਿਆਦਾ ਹੈ।

ਸਰਕਾਰ ਵੱਲੋਂ ਮਈ ਮਹੀਨੇ ਦੀ ਸ਼ੁਰੂਆਤ ਦੌਰਾਨ ਰੈਂਡਮ ਪੱਧਰ 'ਤੇ ਲੋਕਾਂ ਦੇ ਲਏ ਗਏ ਐਂਟੀਬਾਡੀ ਟੈਸਟ ਵਿੱਚ ਸਾਹਮਣੇ ਆਇਆ ਕਿ ਉਸ ਸਮੇਂ ਦਰਜ ਕੀਤੇ ਗਏ 52 ਹਜ਼ਾਰ ਮਾਮਲਿਆਂ ਦੀ ਤੁਲਨਾ ਵਿੱਚ 6.4 ਮਿਲੀਅਨ ਲੋਕਾਂ ਦੇ ਲਾਗ ਦਾ ਸ਼ਿਕਾਰ ਹੋਣ ਦਾ ਅਨੁਮਾਨ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

ਮਿਸ਼ੀਗਨ ਯੂਨੀਵਰਸਿਟੀ ਵਿੱਚ ਬਾਇਓਸਟੈਟਿਸਟਿਕਸ ਅਤੇ ਮਹਾਂਮਾਰੀ ਵਿਗਿਆਨ ਦੇ ਪ੍ਰੋਫੈਸਰ ਭਰਾਮਰ ਮੁਖਰਜੀ ਜੋ ਮਹਾਂਮਾਰੀ 'ਤੇ ਬਾਰੀਕੀ ਨਾਲ ਨਜ਼ਰ ਰੱਖਦੇ ਹਨ, ਕਹਿੰਦੇ ਹਨ ਕਿ ਉਨ੍ਹਾਂ ਦੇ ਮਾਡਲ ਹੁਣ ਭਾਰਤ ਵਿੱਚ ਲਗਭਗ 100 ਮਿਲੀਅਨ ਲੋਕਾਂ ਦੇ ਲਾਗ ਦਾ ਸ਼ਿਕਾਰ ਹੋਣ ਵੱਲ ਇਸ਼ਾਰਾ ਕਰਦੇ ਹਨ।

ਉਨ੍ਹਾਂ ਨੇ ਕਿਹਾ, ''ਮੈਨੂੰ ਲਗਦਾ ਹੈ ਕਿ ਭਾਰਤ ਨੇ ਹੁਣ 'ਹਰਡ ਇਮਿਊਨਿਟੀ' ਵੱਲ ਵਧਣ ਦਾ ਰਾਹ ਅਪਣਾ ਲਿਆ ਹੈ। ਮੈਨੂੰ ਇਹ ਯਕੀਨ ਨਹੀਂ ਹੈ ਕਿ ਹਰ ਕੋਈ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਰੱਖਣ ਵਰਗੇ ਨਿਵਾਰਕ ਉਪਾਵਾਂ ਦਾ ਪਾਲਣ ਕਰ ਰਿਹਾ ਹੈ।''

ਹਰਡ ਇਮਿਊਨਿਟੀ ਉਦੋਂ ਹੁੰਦੀ ਹੈ ਜਦੋਂ ਇਸ ਦੇ ਪਸਾਰ ਨੂੰ ਰੋਕਣ ਲਈ ਉਚਿਤ ਗਿਣਤੀ ਵਿੱਚ ਲੋਕ ਵਾਇਰਸ ਪ੍ਰਤੀਰੋਧੀ ਬਣ ਜਾਂਦੇ ਹਨ।

''ਇਹ ਆਦਤ, ਸੰਵੇਦਨਾ (ਬਿਮਾਰੀ ਪ੍ਰਤੀ), ਥਕਾਵਟ, ਨਾ ਮੰਨਣ, ਸਵੀਕਾਰ ਕਰਨ ਜਾਂ ਦੋਵਾਂ ਦੇ ਸੰਯੋਜਨ ਕਾਰਨ ਹੋ ਸਕਦਾ ਹੈ। ਅਜਿਹਾ ਲੱਗਦਾ ਹੈ ਕਿ ਇੱਕ ਦਿਨ ਵਿੱਚ ਇੱਕ ਹਜ਼ਾਰ ਮੌਤਾਂ ਆਮ ਹੋ ਗਈਆਂ ਹਨ।''

ਜਦੋਂ ਤੱਕ ਲਾਗ ਫੈਲਦਾ ਹੈ, ਉਦੋਂ ਤੱਕ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਪੈਰਾਂ 'ਤੇ ਮੁੜ ਖੜ੍ਹਨ ਵਿੱਚ ਦੇਰ ਹੋ ਜਾਂਦੀ ਹੈ ਅਤੇ ਹਸਪਤਾਲ ਅਤੇ ਦੇਖਭਾਲ ਕੇਂਦਰ ਕੇਸਾਂ ਦੀ ਗਿਣਤੀ ਵਧਣ ਕਾਰਨ ਜੂਝ ਸਕਦੇ ਹਨ।

ਦਿੱਲੀ ਸਥਿਤ ਇੱਕ ਥਿੰਕ ਟੈਂਕ ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਕੇ. ਸ੍ਰੀਨਾਥ ਰੈਡੀ ਨੇ ਲਾਗ ਦੇ ਮੌਜੂਦਾ ਉਛਾਲ ਨੂੰ 'ਪਹਿਲੀ ਲਹਿਰ ਦੀ ਬਜਾਏ ਪਹਿਲਾ ਜਵਾਰ (ਟਾਈਡ)'ਦੱਸਿਆ।

"ਲਹਿਰਾਂ ਉਤਪਤੀ ਦੇ ਸ਼ੁਰੂਆਤੀ ਬਿੰਦੂਆਂ ਤੋਂ ਬਾਹਰ ਵੱਲ ਵਧ ਰਹੀਆਂ ਹਨ, ਜਿਸ ਵਿੱਚ ਉਨ੍ਹਾਂ ਦੇ ਫੈਲਣ ਅਤੇ ਵਧਣ ਦੇ ਪੱਧਰ ਵੱਖ-ਵੱਖ ਸਮੇਂ 'ਤੇ ਹਨ। ਨਾਲ ਹੀ ਉਹ ਇੱਕ ਉੱਚੀ ਟਾਈਡ ਬਣਾਉਂਦੇ ਹਨ ਜੋ ਅਜੇ ਵੀ ਹੋਰ ਵਧਣ ਦੇ ਸੰਕੇਤ ਦਿਖਾ ਰਿਹਾ ਹੈ।"

ਅਜੇ ਵੀ ਮਾਮਲੇ ਕਿਉਂ ਵੱਧ ਰਹੇ ਹਨ?

ਡਾ. ਮੁਖਰਜੀ ਕਹਿੰਦੇ ਹਨ, ''ਸਮਾਜਿਕ ਮੇਲ-ਜੋਲ ਵਧਣਾ ਅਤੇ ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਨਿੱਜੀ ਸਾਫ਼-ਸਫ਼ਾਈ ਦੀ ਘੱਟ ਪਾਲਣਾ ਨਾਲ ਵਾਇਰਸ ਫਿਰ ਵਧੇਗਾ।"

ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਵੱਡੇ ਹਸਪਤਾਲ ਦੇ ਇੱਕ ਡਾਕਟਰ ਨੇ ਮੈਨੂੰ ਦੱਸਿਆ ਕਿ ਉਹ ਗੰਭੀਰ ਰੂਪ ਨਾਲ ਉਨ੍ਹਾਂ ਬਿਮਾਰ ਬਜ਼ੁਰਗ ਮਰੀਜ਼ਾਂ ਵਿੱਚ ਵਾਧਾ ਦੇਖ ਰਹੇ ਹਨ ਜੋ ਸੰਯੁਕਤ ਪਰਿਵਾਰਾਂ ਵਿੱਚ ਰਹਿੰਦੇ ਹਨ।

ਵਾਪਸ ਮਾਰਚ ਵਿੱਚ ਜਾਂਦੇ ਹਾਂ ਜਦੋਂ ਇੱਕ ਪ੍ਰਮੁੱਖ ਵਾਇਰੋਲੌਜਿਸਟ ਡਾ. ਟੀ. ਜੈਕਬ ਜੌਹਨ ਨੇ ਚਿਤਾਵਨੀ ਦਿੱਤੀ ਸੀ ਕਿ 'ਮਹਾਂਮਾਰੀ ਦਾ ਤੂਫ਼ਾਨ' ਭਾਰਤ ਦਾ ਇੰਤਜ਼ਾਰ ਕਰ ਰਿਹਾ ਹੈ।

ਉਹ ਹੁਣ ਕਹਿੰਦੇ ਹਨ ਕਿ ਕਈ ਤਰੀਕਿਆਂ ਨਾਲ ਦੇਖਿਆ ਜਾਵੇ ਤਾਂ ਇੱਕ ਜਨਤਕ ਸਿਹਤ ਪ੍ਰਣਾਲੀ ਵਾਲੇ ਵਿਸ਼ਾਲ ਦੇਸ ਵਿੱਚ ਵੱਡੀ ਗਿਣਤੀ ਵਿੱਚ ਕੇਸ ਸਾਹਮਣੇ ਆਉਣੇ ਅਟਲ ਸਨ। ਪਰ ਇੰਨੀ ਜ਼ਿਆਦਾ ਲਾਗ ਤੋਂ ਅਜੇ ਵੀ ਬਚਿਆ ਜਾ ਸਕਦਾ ਸੀ। ਉਹ ਇਸ ਲਈ ਗਲਤ ਸਮੇਂ 'ਤੇ ਕੀਤੇ ਲੌਕਡਾਊਨ ਨੂੰ ਦੋਸ਼ੀ ਠਹਿਰਾਉਂਦੇ ਹਨ।

ਜ਼ਿਆਦਾਤਰ ਮਾਹਿਰ ਇਸ ਗੱਲ ਨਾਲ ਸਹਿਮਤ ਹਨ ਕਿ ਜਿਹੜੇ ਸ਼ਹਿਰ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਨ, ਉਨ੍ਹਾਂ ਵਿੱਚ ਅੰਸ਼ਿਕ ਅਤੇ ਚੰਗੀ ਤਰ੍ਹਾਂ ਪ੍ਰੰਬਧਿਤ ਲੌਕਡਾਊਨ ਲਗਾਉਣਾ ਬਿਹਤਰ ਸੀ।

ਵਿਸ਼ਵ ਬੈਂਕ ਦੇ ਸਾਬਕਾ ਮੁੱਖ ਅਰਥ ਸ਼ਾਸਤਰੀ ਕੌਸ਼ਿਕ ਬਾਸੂ ਕਹਿੰਦੇ ਹਨ, ''ਇਹ ਅਸਫ਼ਲ ਹੋ ਗਿਆ ਕਿਉਂਕਿ ਇਹ ਅਸਲ ਵਿੱਚ ਬਿਲਕੁਲ ਉਹੀ ਸੀ ਜੋ ਲੌਕਡਾਊਨ ਨੂੰ ਨਹੀਂ ਕਰਨਾ ਚਾਹੀਦਾ ਸੀ।"

"ਇਹ ਪੂਰੇ ਦੇਸ ਵਿੱਚ ਲੋਕਾਂ ਦੀ ਵੱਡੇ ਪੱਧਰ 'ਤੇ ਆਵਾਜਾਈ ਦਾ ਕਾਰਨ ਬਣਿਆ। ਉਨ੍ਹਾਂ ਨੇ ਆਪਣੇ ਘਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਨ੍ਹਾਂ ਕੋਲ ਕੋਈ ਬਦਲ ਹੀ ਨਹੀਂ ਸੀ। ਨਤੀਜੇ ਵਜੋਂ ਭਾਰਤ ਦੀ ਅਰਥਵਿਵਸਥਾ ਖਰਾਬ ਹੋ ਗਈ ਅਤੇ ਵਾਇਰਸ ਫੈਲਦਾ ਰਿਹਾ।"

ਪਰ ਡਾ. ਰੈੱਡੀ ਵਰਗੇ ਜਨਤਕ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ।

"ਪਿਛਲੇ ਸਮੇਂ ਵਿੱਚ ਮੁੜ ਕੇ ਲੌਕਡਾਊਨ ਦੇ ਸਮੇਂ ਨੂੰ ਪਰਖਣਾ ਸੌਖਾ ਨਹੀਂ ਹੈ ਕਿਉਂਕਿ ਇੱਥੋਂ ਤੱਕ ਕਿ ਯੂਕੇ ਵਿੱਚ ਆਲੋਚਨਾ ਇਹ ਹੈ ਕਿ ਲੌਕਡਾਊਨ ਵਿੱਚ ਦੇਰੀ ਹੋਈ ਅਤੇ ਪਹਿਲਾਂ ਲੌਕਡਾਊਨ ਲਾ ਕੇ ਹੋਰ ਜ਼ਿਆਦਾ ਲੋਕਾਂ ਦੀ ਜਾਨ ਬਚ ਸਕਦੀ ਸੀ।"

'ਹਰ ਮੌਤ ਕਿਸੇ ਅਜ਼ੀਜ਼ ਦਾ ਚਿਹਰਾ ਹੁੰਦੀ ਹੈ'

ਮਹਾਂਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੌਕਡਾਊਨ ਨੇ ਭਾਰਤ ਨੂੰ ਵਾਇਰਸ ਬਾਰੇ ਜ਼ਿਆਦਾ ਜਾਣਨ ਅਤੇ ਉਪਚਾਰ ਪ੍ਰੋਟੋਕੋਲ ਅਤੇ ਨਿਗਰਾਨੀ ਪ੍ਰਣਾਲੀ ਸਥਾਪਿਤ ਕਰਨ ਵਿੱਚ ਮਦਦ ਕੀਤੀ ਜੋ ਮਾਰਚ ਵਿੱਚ ਮੌਜੂਦ ਨਹੀਂ ਸੀ।

ਸਰਦੀਆਂ ਨਜ਼ਦੀਕ ਆ ਰਹੀਆਂ ਹਨ, ਦੇਸ ਵਿੱਚ ਹੁਣ 15,000 ਤੋਂ ਵੱਧ ਕੋਵਿਡ-19 ਇਲਾਜ ਸਹੂਲਤਾਂ ਅਤੇ 10 ਲੱਖ ਤੋਂ ਵੀ ਵੱਧ ਆਇਸੋਲੇਸ਼ਨ ਬੈੱਡ ਹਨ।

ਮਾਸਕ, ਸੁਰੱਖਿਆ ਗਿਅਰ ਅਤੇ ਵੈਂਟੀਲੇਟਰਾਂ ਦੀ ਕੋਈ ਘਾਟ ਸਾਹਮਣੇ ਨਹੀਂ ਆਈ ਹੈ ਜਿਵੇਂ ਕਿ ਮਾਰਚ ਵਿੱਚ ਹੋਇਆ ਸੀ। ਹਾਲਾਂਕਿ ਆਕਸੀਜ਼ਨ ਦੀ ਸਪਲਾਈ ਹਾਲ ਹੀ ਦੇ ਹਫ਼ਤਿਆਂ ਵਿੱਚ ਖਰਾਬ ਜ਼ਰੂਰ ਹੋ ਗਈ ਸੀ।

ਡਾ. ਮੁਖਰਜੀ ਕਹਿੰਦੇ ਹਨ,''ਸਾਡੀ ਸਿਹਤ ਸੇਵਾ ਨੂੰ ਮਜ਼ਬੂਤ ਬਣਾਉਣ ਅਤੇ ਕੋਵਿਡ-19 ਇਲਾਜ ਸੁਵਿਧਾਵਾਂ ਨੇ ਮੌਤ ਦਰ ਨੂੰ ਘੱਟ ਰੱਖਣ ਵਿੱਚ ਮਦਦ ਕੀਤੀ ਹੈ।"

ਹਾਲਾਂਕਿ ਮਹਾਂਮਾਰੀ ਨੇ ਭਾਰਤ ਦੀ ਪਹਿਲਾਂ ਤੋਂ ਹੀ ਕਮਜ਼ੋਰ ਜਨਤਕ ਸਿਹਤ ਪ੍ਰਣਾਲੀ ਨੂੰ ਤੋੜਨ ਦੀ ਸਥਿਤੀ ਵਿੱਚ ਲਿਆਉਣ 'ਤੇ ਜ਼ੋਰ ਦਿੱਤਾ ਹੈ।

ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਮਾਨਵ ਵਿਗਿਆਨੀ ਦਵਈਅਪਨ ਬੈਨਰਜੀ ਨੇ ਕਿਹਾ, ''ਜੇ ਅਸੀਂ ਸੰਕਟ ਦੇ ਇਸ ਸਮੇਂ ਵਿੱਚ ਮਹਾਂਮਾਰੀ ਦੀ ਕਮਜ਼ੋਰੀ ਅਤੇ ਇਸ ਤੋਂ ਠੀਕ ਹੋਣ ਬਾਰੇ ਸਮਝਣਾ ਹੈ ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਨਤਕ ਸਿਹਤ ਕਰਮਚਾਰੀ, ਮਰੀਜ਼ ਅਤੇ ਪਰਿਵਾਰ ਪਹਿਲਾਂ ਹੀ ਸੀਮਤ ਸਰੋਤਾਂ ਨਾਲ ਭਾਰਤ ਵਿੱਚ ਛੂਤ ਅਤੇ ਪੁਰਾਣੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਪੂਰੀ ਕੋਸ਼ਿਸ ਕਰ ਰਹੇ ਸਨ।"

ਦੂਜੇ ਸ਼ਬਦਾਂ ਵਿੱਚ ਕਮਜ਼ੋਰੀ ਅਤੇ ਜਲਦੀ ਠੀਕ ਹੋਣਾ ਭਾਰਤ ਦੀ ਜਨਤਕ ਸਿਹਤ ਪ੍ਰਣਾਲੀ ਲਈ ਸਾਧਾਰਨ ਹਨ।

ਪਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੇ ਮਹੀਨਿਆਂ ਤੋਂ ਬਿਨਾਂ ਰੁਕੇ ਕੰਮ ਕੀਤਾ ਹੈ।

ਇੰਦੌਰ ਸ਼ਹਿਰ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ 4 ਹਜ਼ਾਰ ਤੋਂ ਜ਼ਿਆਦਾ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰ ਚੁੱਕੇ ਡਾ. ਰਵੀ ਦੋਸੀ ਕਹਿੰਦੇ ਹਨ,''ਇਹ ਕਹਿਣਾ ਗਲਤ ਹੈ ਕਿ ਅਸੀਂ ਥੱਕ ਗਏ ਹਾਂ।'' ਉਹ ਕਹਿੰਦੇ ਹਨ ਕਿ ਉਹ ਮਾਰਚ ਦੇ ਬਾਅਦ ਤੋਂ 20 ਘੰਟੇ ਤੋਂ ਜ਼ਿਆਦਾ ਕੰਮ ਕਰ ਰਹੇ ਹਨ।

ਜਨਤਕ ਸਿਹਤ ਪ੍ਰਣਾਲੀ ਵਿੱਚ ਪਹਿਲਾਂ ਹੀ ਡੂੰਘੇ ਪਾੜੇ ਦਾ ਖੁਲਾਸਾ ਹੋ ਗਿਆ ਹੈ, ਘੱਟ ਤੋਂ ਘੱਟ ਸ਼ਹਿਰਾਂ ਤੋਂ ਪਿੰਡਾਂ ਵਿੱਚ ਲਾਗ ਦੇ ਫੈਲਣ ਨਾਲ।

ਇਹ ਵੀ ਪੜ੍ਹੋ-

ਡਾ. ਮੁਖਰਜੀ ਦਾ ਮੰਨਣਾ ਹੈ ਕਿ ਇਹ ਉਦੋਂ ਤੱਕ ਹੌਲੀ ਅਤੇ ਸਥਿਰ ਦਰ ਨਾਲ ਵਧੇਗਾ ਜਦੋਂ ਤੱਕ ਸਾਰੇ ਸੂਬੇ ਤੇ ਕਾਬੂ ਨਹੀਂ ਪਾਉਂਦੇ।

ਉਹ ਅੱਗੇ ਕਹਿੰਦੇ ਹਨ ਕਿ ਭਾਰਤ ਨੂੰ ਲੰਬੇ ਸਮੇਂ ਦੀ ਸੰਘੀ ਰਣਨੀਤੀ ਦਾ ਤਾਲਮੇਲ ਬਣਾਉਣਾ ਚਾਹੀਦਾ ਹੈ ਨਾ ਕਿ ਸਰਕਾਰ ਵਲੋਂ ਸਿਰਫ਼ ਸੁਰਖੀਆਂ ਵਿੱਚ ਰਹਿਣ ਦਾ ਪ੍ਰਬੰਧਨ ਕਰਨ ਵਿੱਚ ਲੱਗੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਦੀ ਇਕਲੌਤੀ ਉਮੀਦ ਹੈ ਕਿ ਲਾਗ ਕਾਰਨ ਮੌਤ ਦਰ-ਅਸਲ ਕੋਵਿਡ-19 ਲਾਗ ਦੀ ਗਿਣਤੀ ਨਾਲ ਭਾਗ ਕਰਕੇ ਮੌਤਾਂ ਦਾ ਅਨੁਪਾਤ।

"ਹਾਲਾਂਕਿ ਜੇ ਮੌਤ ਦਰ 0.1 ਫੀਸਦੀ ਰਹਿੰਦਾ ਹੈ ਅਤੇ ਜੇਕਰ 50 ਫੀਸਦੀ ਭਾਰਤੀਆਂ ਨੂੰ ਲਾਗ ਲੱਗਦੀ ਹੈ ਤਾਂ 6 ਲੱਖ 70 ਹਜ਼ਾਰ ਮੌਤਾਂ ਹੋਣਗੀਆਂ। ਹਰ ਮੌਤ ਇੱਕ ਅਜ਼ੀਜ਼ ਦਾ ਚਿਹਰਾ ਹੈ ਨਾ ਕਿ ਸਿਰਫ਼ ਇੱਕ ਅੰਕੜਾ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)