ਖੇਤੀ ਆਰਡੀਨੈਂਸ: ਅਕਾਲੀ ਦਲ 'ਚ ਵੀ ਉੱਠੀ ਹਰਸਿਮਰਤ ਬਾਦਲ ਦੇ ਅਸਤੀਫ਼ੇ ਦੀ ਮੰਗ - ਪ੍ਰੈੱਸ ਰਿਵੀਊ

ਅਕਾਲੀ ਦਲ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਆਰਡੀਨੈਂਸਾਂ ਦਾ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ ਹੈ।

ਅਕਾਲੀ ਦਲ ਪੰਜਾਬ ਵਿੱਚ ਇਨ੍ਹਾਂ ਆਰਡੀਨੈਂਸਾਂ ਖਿਲਾਫ ਹੋ ਰਹੇ ਜ਼ਬਰਦਸਤ ਪ੍ਰਦਰਸ਼ਨ ਕਾਰਨ ਘਿਰੀ ਹੋਈ ਹੈ ਕਿਉਂਕਿ ਪਹਿਲਾਂ ਅਕਾਲੀ ਦਲ ਕਹਿੰਦਾ ਰਿਹਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ।

ਅਜਿਹੇ ਵਿੱਚ ਉਨ੍ਹਾਂ ਦੇ ਇਸ ਬਦਲੇ ਸੁਰਾਂ ਤੋਂ ਪੰਜਾਬ ਦੀ ਸਿਆਸਤ ਅੰਦਰ ਇਹ ਆਵਾਜ਼ ਉੱਠਣ ਲੱਗੀ ਹੈ ਕਿ ਕੀ ਹਰਸਿਮਰਤ ਬਾਦਲ ਕੇਂਦਰੀ ਮੰਤਰੀ ਵਜੋਂ ਅਸਤੀਫ਼ਾ ਦੇਣਗੇ।

ਇਹ ਵੀ ਪੜ੍ਹੋ-

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਕਾਲੀ ਦਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ, "ਜੇਕਰ ਪਾਰਟੀ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀ ਹੈ ਤਾਂ ਕੋਈ ਵੀ ਰਹੱਸ ਨਹੀਂ ਰਹਿਣਾ ਚਾਹੀਦਾ। ਜੇ ਅਸੀਂ ਬਿੱਲ ਦੇ ਖ਼ਿਲਾਫ਼ ਵੋਟ ਕਰ ਰਹੇ ਤਾਂ ਹਰਸਿਮਰਤ ਕੌਰ ਬਾਦਲ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।"

ਆਮ ਆਦਮੀ ਪਾਰਟੀ ਨੇ ਵੀ ਹਰਸਿਮਰਤ ਦੇ ਅਸਤੀਫ਼ੇ ਦੀ ਮੰਗ ਚੁੱਕੀ ਹੈ।

ਭਾਰਤ-ਚੀਨ ਸਰਹੱਦ 'ਤੇ ਚੀਨ ਲਾਊਡਸਪੀਕਰ 'ਤੇ ਪੰਜਾਬੀ ਗਾਣੇ ਚਲਾ ਰਿਹਾ ਹੈ

ਚੀਨੀ ਸੈਨਿਕਾਂ ਨੇ ਲਾਊਡਸਪੀਕਰ ਲਗਾ ਕੇ ਫਿੰਗਰ 4 'ਤੇ ਪੰਜਾਬੀ ਗਾਣੇ ਚਲਾਏ।

ਇਕੋਨਾਮਿਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਭਾਰਤੀ ਸੈਨਿਕਾਂ ਨੂੰ ਭਰਮਾਉਣ ਤੇ ਉਨ੍ਹਾਂ ਦਾ ਧਿਆਨ ਭਟਕਾਉਣ ਲਈ ਚੀਨੀ ਸੀਮਾ ਨੇ ਚੀਨੀ ਫੌਜ ਨੇ ਲਾਊਡਸਪੀਕਰ ਲਗਾ ਕੇ ਪੰਜਾਬੀ ਗਾਣੇ ਵਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਚੀਨੀ ਸੈਨਿਕਾਂ ਨੇ ਜਿਸ ਚੌਂਕੀ 'ਤੇ ਗਾਣੇ ਚਲਾਏ, ਉਹ ਭਾਰਤੀਆਂ ਸੈਨਿਕਾਂ ਦੀ 24 ਘੰਟੇ ਦੀ ਨਿਗਰਾਨੀ ਹੇਠ ਹੈ।

ਇਹ ਉਹੀ ਥਾਂ ਹੈ ਜਿੱਥੇ 8 ਸਤੰਬਰ ਨੂੰ ਦੋਵਾਂ ਸੈਨਿਕਾਂ ਵਿਚਾਲੇ 100 ਤੋਂ ਵੱਧ ਗੋਲੀਆਂ ਚੱਲੀਆਂ ਸਨ।

ਭਾਰਤ-ਚੀਨ ਵਿਵਾਦ: ਸਰਕਾਰ ਨੇ ਸੰਸਦ 'ਚ ਕਿਹਾ ਪਿਛਲੇ 6 ਮਹੀਨੇ ਤੋਂ ਕੋਈ ਘੁਸਪੈਠ ਨਹੀਂ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਰਾਜਸਭਾ ਵਿੱਚ ਕਿਹਾ ਕਿ "ਪਿਛਲੇ 6 ਮਹੀਨਿਆਂ ਦੌਰਾਨ ਭਾਰਤ-ਚੀਨ ਸਰਹੱਦ 'ਤੇ ਕੋਈ ਘੁਸਪੈਠ ਨਹੀਂ ਹੋਈ ਹੈ।"

ਦਿ ਹਿੰਦੂ ਦੀ ਖ਼ਬਰ ਮੁਤਾਬਕ ਭਾਜਪਾ ਸੰਸਦ ਮੈਂਬਰ ਅਨਿਲ ਅਗਰਵਾਲ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇੱਕ ਲਿਖਤ ਜਵਾਬ 'ਚ ਕਿਹਾ, "ਪਿਛਲੇ 6 ਮਹੀਨਿਆਂ ਦੌਰਾਨ ਭਾਰਤ-ਚੀਨ ਸੀਮਾ 'ਤੇ ਕੋਈ ਘੁਸਪੈਠ ਨਹੀਂ ਹੋਈ ਹੈ।"

ਹਾਲਾਂਕਿ, ਭਾਰਤ-ਚੀਨ ਵਿਚਾਲੇ ਅਪ੍ਰੈਲ ਤੋਂ ਪੂਰਵੀ ਲੱਦਾਖ਼ 'ਚ ਐੱਲਏਸੀ 'ਤੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ।

15 ਜੂਨ ਨੂੰ ਗਲਵਾਨ ਵਿੱਚ ਚੀਨੀ ਸੈਨਿਕਾਂ ਨਾਲ ਝੜਪ ਦੌਰਾਨ 20 ਸੈਨਿਕਾਂ ਦੀ ਮੌਤ ਹੋ ਗਈ ਸੀ।

ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕਸਭਾ ਵਿੱਚ ਦੱਸਿਆ ਸੀ ਕਿ ਐੱਲਏਸੀ 'ਤੇ "ਗੰਭੀਰ ਇਲਾਕਿਆਂ" ਵਿੱਚ ਵੱਡੀ ਗਿਣਤੀ 'ਚ ਸੈਨਿਕਾਂ ਨੂੰ ਤੈਨਾਤ ਕੀਤਾ ਗਿਆ ਹੈ।

ਬਾਬਰੀ ਮਸਜਿਦ 'ਤੇ ਫ਼ੈਸਲਾ 30 ਸਤੰਬਰ ਨੂੰ ਆ ਸਕਦਾ ਹੈ

ਬਾਬਰੀ ਮਸਜਿਦ ਨੂੰ ਢਾਹੇ ਜਾਣ ਲਈ ਸੀਬੀਆਈ ਦੀ ਅਦਾਲਤ 'ਚ ਚੱਲ ਰਹੇ ਕੇਸ ਦਾ ਫ਼ੈਸਲਾ 30 ਸਤੰਬਰ ਨੂੰ ਆ ਸਕਦਾ ਹੈ।

ਦਿ ਟਾਈਮਜ਼ ਆਫ ਇੰਡੀਆ ਮੁਤਾਬਕ ਸੀਬੀਆਈ ਦੇ ਵਿਸ਼ੇਸ਼ ਜੱਜ ਐੱਸ ਕੇ ਯਾਦਵ 30 ਸਤੰਬਰ ਨੂੰ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ 'ਚ ਫ਼ੈਸਲਾ ਸੁਣਾਉਣਗੇ।

ਇਸ ਵਿੱਚ 32 ਮੁਲਜ਼ਮ ਹਨ, ਜਿਨ੍ਹਾਂ ਵਿੱਚ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਆਡਵਾਨੀ, ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਭਾਜਪਾ ਆਗੂ ਐੱਮਐੱਮ ਜੋਸ਼ੀ, ਊਮਾ ਭਾਰਤੀ ਅਤੇ ਵਿਨੇ ਕਟਿਆਰ ਸ਼ਾਮਲ ਹਨ।

ਪੰਜਾਬ ਕੋਰੋਨਾਵਾਇਰਸ: 9 ਜ਼ਿਲ੍ਹਿਆਂ 'ਚ ਮੌਤ ਦਰ ਸੂਬੇ ਦੀ ਔਸਤਨ ਮੌਤ ਦਰ ਤੋਂ ਵੀ ਵਧ

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਵਿੱਚ ਕੋਰੋਨਾਵਾਇਰਸ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 2.97 ਫੀਸਦ ਹੈ।

ਇਸ ਤੋਂ ਇਲਾਵਾ ਸੂਬੇ 'ਚ 9 ਅਜਿਹੇ ਜ਼ਿਲ੍ਹੇ ਹਨ ਜਿਨ੍ਹਾਂ ਦੀ ਮੌਤ ਦਰ ਸੂਬੇ ਦੀ ਔਸਤਨ ਮੌਤ ਦਰ ਨਾਲੋਂ ਵੀ ਜ਼ਿਆਦਾ ਹੈ।

ਇਨ੍ਹਾਂ ਵਿੱਚ ਕਪੂਰਥਲਾ 'ਚ 4.98, ਲੁਧਿਆਣਾ 'ਚ 4.28, ਸੰਗਰੂਰ 'ਚ 4, ਫਤਹਿਗੜ੍ਹ ਸਾਹਿਬ 'ਚ 3.98, ਅੰਮ੍ਰਿਤਸਰ 'ਚ 3.8, ਤਰਨ ਤਾਰਨ 'ਚ 3.71, ਫਿਰੋਜ਼ਪੁਰ 'ਚ 3.21, ਰੋਪੜ 'ਚ 3.19, ਹੁਸ਼ਿਆਰਪੁਰ 'ਚ 3.14 ਅਤੇ ਐੱਸਬੀਐੱਸ ਨਗਰ 'ਚ 3.4 ਫੀਸਦ ਹਨ।

ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਕੇਸ ਵੀ ਸਭ ਤੋਂ ਵੱਧ ਦਰਜ ਕੀਤੇ ਜਾ ਰਹੇ ਹਨ।

ਕੋਵਿਡ ਲਈ ਸੂਬਾ ਨੋਡਲ ਅਫ਼ਸਰ ਰਾਜੇਸ਼ ਭਾਸਕਰ ਮੁਤਾਬਕ, "ਸਭ ਤੋਂ ਵੱਧ ਕੇਸ ਲੁਧਿਆਣਾ, ਅੰਮ੍ਰਿਤਸਰ, ਸੰਗਰੂਰ ਵਿੱਚ ਹਨ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਕੇਸ ਵੱਧ ਰਹੇ ਹਨ।"

ਇਹ ਵੀ ਪੜ੍ਹੋ-

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)