ਖੇਤੀ ਆਰਡੀਨੈਂਸ: ਅਕਾਲੀ ਦਲ ਕਿਵੇਂ ਇਸ ਮੁੱਦੇ 'ਤੇ ਯੂ-ਟਰਨ ਲੈਂਦਾ ਨਜ਼ਰ ਆਇਆ - 5 ਅਹਿਮ ਖ਼ਬਰਾਂ

ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਲਗਾਤਾਰ ਕੇਂਦਰ ਦੇ ਨਵੇਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਨ, ਸੂਬੇ ਵਿੱਚ ਹਰ ਰੋਜ਼ ਪ੍ਰਦਰਸ਼ਨ ਹੋ ਰਹੇ ਹਨ, ਹਾਈਵੇਅ ਜਾਮ ਕੀਤੇ ਜਾ ਰਹੇ ਹਨ ਅਤੇ ਆਰਡੀਨੈਂਸਾਂ ਨੂੰ ਲਗਾਤਾਰ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬ ਸਰਕਾਰ ਵੀ ਕੇਂਦਰ ਦੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਚੁੱਕੀ ਹੈ ਅਤੇ ਇਸਦਾ ਅਕਾਲੀ ਦਲ ਨੇ ਵਿਰੋਧ ਕੀਤਾ ਸੀ ਤੇ ਮਤਾ ਪਾਸ ਕਰਨ 'ਤੇ ਵਾਕਆਊਟ ਵੀ ਕੀਤਾ ਸੀ।

ਪਿਛਲੇ ਦਿਨਾਂ ਵਿੱਚ ਅਕਾਲੀ ਦਲ ਲਗਾਤਾਰ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਦਾ ਰਿਹਾ ਹੈ ਅਤੇ ਕੈਪਟਨ ਸਰਕਾਰ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਗਾਉਂਦਾ ਰਿਹਾ ਹੈ।

ਇਹ ਵੀ ਪੜ੍ਹੋ-

ਪਰ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮੁੱਦੇ ਤੇ ਯੂ-ਟਰਨ ਲੈਂਦੇ ਨਜ਼ਰ ਆਏ। ਬੀਤੇ ਦਿਨੀਂ ਉਨ੍ਹਾਂ ਨੇ ਸੰਸਦ ਵਿੱਚ ਕਿਹਾ ਕਿ ਇਹ ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਇਸ ਬਾਰੇ ਵਿਸਥਾਰ 'ਚ ਜਾਣਨ ਲਈ ਇੱਥੇ ਕਲਿੱਕ ਕਰੋ।

ਚੀਨ ਨੇ ਕਿਹਾ- ਭਾਰਤ ਸਾਡੇ ਨਾਲ ਉਲਝਣਾ ਤੁਰੰਤ ਬੰਦ ਕਰੇ

ਚੀਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਗਲਤ ਹਰਕਤਾਂ ਨੂੰ ਤੁਰੰਤ ਸੁਧਾਰੇ ਅਤੇ ਜਲਦੀ ਤੋਂ ਜਲਦੀ ਚੀਨੀ ਫੌਜ ਨਾਲ ਉਲਝਣਾ ਬੰਦ ਕਰੇ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਨਾਲ ਹੀ ਕਿਹਾ ਕਿ ਐੱਲਏਸੀ 'ਤੇ ਹਾਲ ਹੀ ਵਿੱਚ ਹੋਏ ਭਾਰਤ-ਚੀਨ ਵਿਵਾਦ ਲਈ ਭਾਰਤ ਜ਼ਿੰਮੇਵਾਰ ਹੈ।

ਗਲੋਬਲ ਟਾਈਮਜ਼ ਦੇ ਸੰਪਾਦਕ ਹੂ ਸ਼ੀਜਿਨ ਨੇ ਇੱਕ ਲੇਖ ਵਿੱਚ ਲਿਖਿਆ ਕਿ ਚੀਨ ਸ਼ਾਂਤੀ ਅਤੇ ਜੰਗ ਦੋਵਾਂ ਲਈ ਤਿਆਰ ਹੈ ਅਤੇ ਭਾਰਤ ਨੂੰ ਉੱਥੇ ਕੰਮ ਕਰ ਰਹੀਆਂ ਅਤਿ-ਰਾਸ਼ਟਰਵਾਦੀ ਤਾਕਤਾਂ ਦੀ ਭਾਸ਼ਾ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ।

ਚੀਨ ਦੇ ਇਸ ਬਿਆਨ ਤੋਂ ਇੱਕ ਦਿਨ ਪਹਿਲਾਂ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿੱਚ ਭਾਰਤ-ਚੀਨ ਤਣਾਅ 'ਤੇ ਬਿਆਨ ਦਿੰਦੇ ਹੋਏ ਚੀਨ 'ਤੇ ਸਰਹੱਦ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਸੀ। ਵਿਸਥਾਰ 'ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਸ ਇਕੱਲੇ ਬੰਦੇ ਨੇ ਪਹਾੜ ਕੱਟ ਕੇ 3 ਕਿਲੋਮੀਟਰ ਲੰਬੀ ਨਹਿਰ ਬਣਾ ਦਿੱਤੀ

ਬਿਹਾਰ ਦੇ ਰਹਿਣ ਵਾਲੇ ਲੌਂਗੀ ਭੁਈਂਆ ਨੇ ਆਪਣੇ ਪਿੰਡ ਨਾਲ ਲਗਦੇ ਪਹਾੜ ਨੂੰ ਇਕੱਲਿਆ ਹੀ ਕੱਟ ਕੇ 3 ਕਿਲੋਮੀਟਰ ਲੰਬੀ, 5 ਫੁੱਟ ਚੌੜੀ ਤੇ 3 ਫੁੱਟ ਡੂੰਘੀ ਨਹਿਰ ਬਣਾ ਦਿੱਤੀ ਹੈ।

ਬਿਹਾਰ ਦੀ ਰਾਜਧਾਨੀ ਪਟਨਾ ਨਾਲ ਕਰੀਬ 200 ਕਿਲੋਮੀਟਰ ਦੂਰ ਗਯਾ ਜ਼ਿਲ੍ਹੇ ਦੇ ਬਾਂਕੇਬਾਜ਼ਾਰ ਬਲਾਕ ਦੇ ਲੋਕਾਂ ਦਾ ਮੁੱਖ ਪੇਸ਼ਾ ਖੇਤੀ ਹੈ। ਪਰ ਇੱਥੇ ਦੇ ਲੋਕ ਝੋਨੇ ਅਤੇ ਕਣਕ ਦੀ ਖੇਤੀ ਨਹੀਂ ਸਕਦੇ ਸਨ, ਕਿਉਂਕਿ ਸਿੰਜਾਈ ਦਾ ਜ਼ਰੀਆ ਨਹੀਂ ਸੀ।

ਲੌਂਗੀ ਨੇ ਦੇਖਿਆ ਬਰਸਾਤ ਦੇ ਦਿਨਾਂ ਵਿੱਚ ਵਰਖਾ ਤਾਂ ਹੁੰਦੀ ਹੈ ਪਰ ਸਾਰਾ ਪਾਣੀ ਬੇਗੰਠ ਪਹਾੜ ਦੇ ਵਿਚਾਲੇ ਹੀ ਠਹਿਰ ਜਾਂਦਾ ਹੈ, ਉਨ੍ਹਾਂ ਨੇ ਇੱਥੋਂ ਇੱਕ ਰੌਸ਼ਨੀ ਦੀ ਆਸ ਦਿਖੀ।

ਫਿਰ ਪਧਰੇ ਇਲਾਕੇ ਵਿੱਚ ਘੁੰਮ ਕੇ ਪਹਾੜ 'ਤੇ ਠਹਿਰੇ ਪਾਣੀ ਨੂੰ ਖੇਤ ਤੱਕ ਲੈ ਜਾਣ ਦਾ ਨਕਸ਼ਾ ਤਿਆਰ ਕੀਤਾ ਅਤੇ ਫਿਰ ਪਹਾੜ ਨੂੰ ਕੱਟ ਕੇ ਨਹਿਰ ਬਣਾਉਣ ਦੇ ਕੰਮ ਵਿੱਚ ਜੁਟ ਗਏ।

ਉਨ੍ਹਾਂ ਨੂੰ ਇਸ ਕੰਮ 'ਚ 30 ਸਾਲ ਲੱਗੇ ਗਏ ਅਤੇ ਹੁਣ ਇਸ ਨਹਿਰ ਦਾ ਲਾਹਾ 3 ਪਿੰਡ ਲੈ ਰਹੇ ਹਨ। ਵਿਸਥਾਰ 'ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਰਿਆ ਚੱਕਰਵਰਤੀ ਮਾਮਲੇ 'ਤੇ ਮੀਡੀਆ ਨੂੰ ਖੁੱਲ੍ਹੀ ਚਿੱਠੀ

ਫਿਲਮ ਨਿਰਮਾਤਾ ਮੀਰਾ ਨਾਇਰ, ਫਰਹਾਨ ਅਖ਼ਤਰ, ਅਨੁਰਾਗ ਕਸ਼ਯਪ ਅਤੇ ਅਦਾਕਾਰਾ ਸੋਨਮ ਕਪੂਰ ਉਨ੍ਹਾਂ 2500 ਤੋਂ ਵੱਧ ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਕਵਰੇਜ ਵਿੱਚ ਰਿਆ ਚੱਕਰਵਰਤੀ ਨਾਲ ਮੀਡੀਆ ਦੇ ਵਤੀਰੇ ਦੀ ਨਿੰਦਾ ਕਰਦਿਆਂ ਇੱਕ ਖੁੱਲ੍ਹੀ ਚਿੱਠੀ 'ਤੇ ਦਸਤਖ਼ਤ ਕੀਤੇ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਫਰੀਦਾ ਪਿੰਟੋ, ਜ਼ੋਇਆ ਅਖ਼ਤਰ, ਅਲੰਕ੍ਰਿਤਾ ਸ਼੍ਰੀਵਾਸਤਵ, ਗੌਰੀ ਸ਼ਿੰਦੇ, ਰੀਮਾ ਕਾਗਤੀ, ਰੁਚੀ ਨਰਾਇਣ, ਰਸਿਕਾ ਦੁੱਗਲ, ਨਿਤਿਆ ਮਹਿਰਾ, ਅਮਰੁਤਾ ਸੁਭਾਸ਼, ਮਿਨੀ ਮਾਥੁਰ, ਦਿਆ ਮਿਰਜ਼ਾ ਅਤੇ ਕੁਬਰਾ ਸੈਤ ਵਰਗੀਆਂ ਫਿਲਮੀ ਹਸਤੀਆਂ ਨੇ ਵੀ ਇਸ ਪੱਤਰ ਉੱਤੇ ਹਸਤਾਖ਼ਰ ਕੀਤੇ ਹਨ।

ਇਸ ਖੁੱਲ੍ਹੀ ਚਿੱਠੀ 'ਚ ਉਨ੍ਹਾਂ ਕਿਹਾ ਕਿ ਮੀਡੀਆ ਖ਼ਬਰਾਂ ਦੀ ਭਾਲ ਕਰੇ ਨਾ ਕਿ ਔਰਤਾਂ ਦੀ ਹੰਟਿਗ (ਸ਼ਿਕਾਰ)।

ਰਿਆ, ਜਿਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸੁਸ਼ਾਂਤ ਦੀ ਮੌਤ ਦੇ ਕੇਸ ਵਿੱਚ ਨਸ਼ਿਆਂ ਨਾਲ ਸੰਬੰਧਤ ਆਰੋਪਾਂ ਵਿੱਚ ਗ੍ਰਿਫ਼ਤਾਰ ਕੀਤਾ ਹੈ, ਉਸ ਦੇ ਖ਼ਿਲਾਫ਼ ਇੱਕ ਪੂਰੀ ਮੁਹਿੰਮ ਚੱਲੀ ਹੋਈ ਹੈ। ਇਸ ਖੁੱਲ੍ਹੀ ਚਿੱਠੀ ਕੀ ਲਿਖਿਆ ਹੈ ਇਹ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਐੱਪਲ ਦੇ ਨਵੇਂ iPad ਅਤੇ Apple Watch ਵਿੱਚ ਕੀ ਹੈ ਖ਼ਾਸ ਤੇ ਕਿੰਨੀ ਹੈ ਕੀਮਤ

ਐੱਪਲ ਨੇ ਇੱਕ ਈਵੈਂਟ ਰਾਹੀਂ ਕੁਝ ਨਵੇਂ ਪ੍ਰੋਡਕਟ ਲਾਂਚ ਕੀਤੇ, ਖਾਸਤੌਰ 'ਤੇ ਸਿਹਤ ਸਬੰਧੀ।

ਇਸ ਵਿੱਚ ਸਭ ਤੋਂ ਖਾਸ ਰਹੀ ਵਾਚ ਸੀਰੀਜ਼, ਜਿਸ ਨੂੰ ਪਰਸਨਲਾਈਜ਼ਡ ਵਰਕਆਊਟ ਫਿਟਨੈੱਸ ਪਲੱਸ ਨਾਲ ਲਾਂਚ ਕੀਤਾ ਗਿਆ ਹੈ।

ਇਹ ਸਰਵਿਸ ਯੂਜ਼ਰ ਨੂੰ ਉਨ੍ਹਾਂ ਵੀਡੀਓ ਸੂਚੀ ਵਿੱਚੋਂ ਵਰਕਆਊਟ ਚੁਣਨ ਦੀ ਇਜਾਜ਼ਤ ਦਿੰਦੀ ਹੈ ਜੋ ਆਈਫ਼ੋਨ, ਆਈਪੈਡ ਜਾਂ ਐੱਪਲ ਟੀਵੀ 'ਤੇ ਚਲਾਏ ਜਾ ਸਕਦੇ ਹਨ।

ਕੰਪਨੀ ਦਾ ਕਹਿਣਾ ਹੈ ਕਿ ਯੂਜ਼ਰ ਨੂੰ ਹਰ ਹਫ਼ਤੇ ਨਵੇਂ ਵਰਕਆਊਟਸ ਮਿਲਣਗੇ। ਵਰਕਆਊਟ ਦੌਰਾਨ ਯੂਜ਼ਰ ਆਪਣਾ ਫਿਟਨੈਸ ਡਾਟਾ ਆਈਫੋਨ ਜਾਂ ਆਈਪੈਡ 'ਤੇ ਦੇਖ ਸਕਣਗੇ। ਇਸਦੀ ਕੀਮਤ ਤੇ ਖ਼ਾਸੀਅਤ ਜਾਣਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)