ਪੰਜਾਬ ’ਚ ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ - ਪ੍ਰੈਸ ਰਿਵੀਊ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪੰਜਾਬ ਅਤੇ ਕੇਂਦਰ-ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਕੋਵਿਡ ਕੇਸਾਂ ਦਾ ਅੰਕੜਾ ਅਤੇ ਮੌਤ ਦਰ ਵਿਚ ਹੋ ਰਹੇ ਵਾਧੇ ਨੂੰ ਵੇਖਦਿਆਂ ਕੇਂਦਰੀ ਟੀਮਾਂ ਭੇਜਣ ਦਾ ਫੈਸਲਾ ਕੀਤਾ ਹੈ।

'ਦਿ ਟ੍ਰਿਬਿਊਨ' ਅਖ਼ਬਾਰ ਮੁਤਾਬ਼ਕ, ਅੱਜ ਕੇਂਦਰੀ ਟੀਮਾਂ ਪੰਜਾਬ ਤੇ ਚੰਡੀਗੜ੍ਹ ਪੁੱਜ ਰਹੀਆਂ ਹਨ ਜੋ ਅਗਲੇ ਦਸ ਦਿਨ ਤੱਕ ਕੋਵਿਡ ਦੀ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਮਾਰਗ ਦਰਸ਼ਨ ਕਰਨਗੀਆਂ।

ਕੇਂਦਰੀ ਟੀਮ ਵਿਚ ਪੀ.ਜੀ.ਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਮਾਹਿਰ ਅਤੇ ਐੱਨਸੀਡੀਸੀ ਦੇ ਮਹਾਮਾਰੀ ਰੋਗ ਮਾਹਿਰ ਸ਼ਾਮਿਲ ਕੀਤੇ ਗਏ ਹਨ।

ਇਹ ਵੀ ਪੜ੍ਹੋ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰੀ ਟੀਮ ਸਵੇਰੇ ਪਹਿਲਾਂ ਮਹਿਕਮੇ ਨਾਲ ਮੀਟਿੰਗ ਕਰੇਗੀ। ਦੂਸਰੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਕੋਵਿਡ ਸਮੀਖਿਆ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸਿਹਤ ਮਾਹਿਰ ਵੀ ਸ਼ਾਮਿਲ ਹੋਣਗੇ।

ਪੰਜਾਬ ਵਿਚ ਕੋਵਿਡ ਦੀ ਸਥਿਤੀ ਪਹਿਲਾਂ ਨਾਲੋਂ ਵਿਗੜ ਗਈ ਹੈ। ਇਕ ਹੀ ਮਹੀਨੇ 'ਚ 40,000 ਤੋਂ ਵੱਧ ਕੇਸ ਆ ਚੁੱਕੇ ਹਨ ਅਤੇ 1300 ਤੋਂ ਵੱਧ ਮੌਤਾਂ ਹੋ ਗਈਆਂ ਹਨ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਪੰਜਾਬ ਵਿਚ ਕੋਵਿਡ ਪਾਜ਼ੇਟਿਵ ਕੇਸਾਂ ਦੀ ਗਿਣਤੀ 60,013 ਹੈ ਜਿਨ੍ਹਾਂ ਚੋਂ 15,731 ਐਕਟਿਵ ਕੇਸ ਹਨ। ਪੰਜਾਬ ਵਿਚ ਕੋਵਿਡ ਨਾਲ ਹੁਣ ਤੱਕ 1739 ਮੌਤਾਂ ਹੋ ਚੁੱਕੀਆਂ ਹਨ।

ਸਾਨੂੰ ਮਾਰਚ ਤੋਂ ਜੀਐੱਸਟੀ ਨਹੀਂ ਮਿਲੀ, ਕੇਂਦਰ ਦੇ ਖਜਾਨੇ ਖਾਲੀ ਤਾਂ ਅਸੀਂ ਕੀ ਕਰੀਏ - ਕੈਪਟਨ

ਕੇਂਦਰ ਵਲੋਂ ਪੰਜਾਬ ਨੂੰ ਮਾਰਚ ਤੋਂ ਜੀਐੱਸਟੀ ਨਾ ਮਿਲਣ ਦਾ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਚੁੱਕਿਆ ਹੈ।

'ਦਿ ਇੰਡੀਅਨ ਐਕਸਪ੍ਰੈਸ' ਨਾਲ ਗੱਲ ਕਰਦਿਆਂ, ਉਨ੍ਹਾਂ ਕਿਹਾ, "ਹੁਣ ਮੈਨੂੰ ਦੱਸਿਆ ਜਾ ਰਿਹਾ ਹੈ ਕਿ ਜੀਐਸਟੀ (ਭੁਗਤਾਨ) ਨਹੀਂ ਆਉਣ ਵਾਲਾ ਹੈ। ਮੈਨੂੰ ਮਾਰਚ ਤੋਂ ਜੀਐਸਟੀ ਨਹੀਂ ਮਿਲਿਆ ਹੈ ਅਤੇ ਮੈਨੂੰ ਦੱਸਿਆ ਗਿਆ ਹੈ ਕਿ 'ਸੂਬਿਆਂ ਨੂੰ ਜੀਐਸਟੀ ਮੁਆਵਜ਼ਾ ਦੇਣਾ ਕੇਂਦਰ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਅਤੇ ਜੀਐਸਟੀ ਕੌਂਸਲ ਨੂੰ ਫੰਡ ਦੀ ਇਸ ਕਮੀ ਨੂੰ ਪੂਰਾ ਕਰਨ ਦੇ ਤਰੀਕਿਆਂ ਦਾ ਫ਼ੈਸਲਾ ਕਰਨਾ ਪਵੇਗਾ।"

ਉਨ੍ਹਾਂ ਕਿਹਾ ਕਿ ਸਾਡੇ ਖ਼ਜਾਨਾ ਮੰਤਰੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲਣ ਗਏ ਤਾਂ ਉਨ੍ਹਾਂ ਕਿਹਾ, 'ਸਾਡੇ ਕੋਲ ਪੈਸੇ ਨਹੀਂ ਹਨ'।

ਕੈਪਟਨ ਨੇ ਸਵਾਲ ਕੀਤਾ ਕਿ ਜੇ ਕੇਂਦਰ ਕੋਲ ਪੈਸੇ ਨਹੀਂ ਹਨ ਤਾਂ ਸਾਨੂੰ ਪੈਸੇ ਕਿੱਥੋਂ ਮਿਲਨਗੇ?

ਉਨ੍ਹਾਂ ਕਿਹਾ ਕਿ ਸਾਡੇ ਅੰਕੜੇ ਖ਼ੁਦ ਨੈਗੇਟਿਵ ਜਾ ਰਹੇ ਹਨ। ਸਾਡੇ ਕੋਲ ਪੈਸੇ ਨਹੀਂ ਹਨ ਅਤੇ ਕੇਂਦਰ ਵੀ ਨਹੀਂ ਦੇ ਰਿਹਾ।

ਇਹ ਵੀਪੜ੍ਹੋ

ਲਾਪਤਾ ਸਰੂਪ ਮਾਮਲੇ ֹ'ਚ ਪੁਲਿਸ ਕਾਰਵਾਈ ਦੀ ਮੰਗ, ਹਾਈਕੋਰਟ ਜਾਣ ਦੀ ਦਿੱਤੀ ਚੇਤਾਵਨੀ

328 ਕਥਿਤ ਤੌਰ ’ਤੇ ਲਾਪਤਾ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ ਨੂੰ ਮੁਕੰਮਲ ਤੌਰ ’ਤੇ ਜਨਤਕ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਮੰਗ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ।

'ਪੰਜਾਬੀ ਟ੍ਰਿਬਿਊਨ' ਦੀ ਖ਼ਬਰ ਮੁਤਾਬ਼ਕ, ਇਸ ਤੋਂ ਇਲਾਵਾ ਦੋਸ਼ੀਆਂ ਖ਼ਿਲਾਫ਼ ਪੁਲਿਸ ਕੇਸ ਦਰਜ ਕਰਾਉਣ ਲਈ ਹਾਈ ਕੋਰਟ ਜਾਣ ਦੀ ਚੇਤਾਵਨੀ ਦਿੱਤੀ ਹੈ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਸਰਬਜੀਤ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਮੁਕੰਮਲ ਰਿਪੋਰਟ ਜਨਤਕ ਕਰੇ।

ਉਨ੍ਹਾਂ ਕਿਹਾ ਕਿ ਇਹ ਅਪਰਾਧਿਕ ਮਾਮਲਾ ਹੈ ਅਤੇ ਜੇਕਰ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਵਿਚ ਪੁਲਿਸ ਕੇਸ ਦਰਜ ਨਾ ਕਰਾਇਆ ਤਾਂ ਉਹ ਹਾਈ ਕੋਰਟ ਦਾ ਦਰਵਾਜਾ ਖੜਕਾਉਣਗੇ।

ਨੋਵਾਕ ਜੋਕੋਵਿਚ ਨੇ ਲਾਈਨ ਜੱਜ ਨੂੰ ਮਾਰੀ ਗੇਂਦ, ਯੂਐਸ ਓਪਨ ਲਈ ਹੋਏ ਅਯੋਗ ਕਰਾਰ

ਨੋਵਾਕ ਜੋਕੋਵਿਚ ਨੂੰ ਇਕ ਲਾਈਨ ਜੱਜ ਨੂੰ ਗੇਂਦ ਮਾਰਨ ਕਾਰਨ ਯੂਐਸ ਓਪਨ ਲਈ ਅਯੋਗ ਕਰਾਰ ਦਿੱਤਾ ਗਿਆ ਹੈ।

ਬੀਬੀਸੀ ਹਿੰਦੀ ਮੁਤਾਬ਼ਕ, ਜੋਕੋਵਿਚ ਸਪੇਨ ਦੇ ਪਾਬਲੋ ਕਾਰੇਨੋ ਬੁਸਟਾ ਤੋਂ 6-5 ਨਾਲ ਹਾਰਨ ਤੋਂ ਬਾਅਦ ਨਿਰਾਸ਼ ਸੀ। ਨਿਰਾਸ਼ਾ ਵਿੱਚ, ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਇੱਕ ਗੇਂਦ ਕੱਢੀ ਅਤੇ ਇਸ ਨੂੰ ਟੈਨਿਸ ਰੈਕੇਟ ਨਾਲ ਮਾਰਿਆ। ਗੇਂਦ ਸਿੱਧੀ ਜਾ ਕੇ ਲਾਈਨ ਜੱਜ ਨੂੰ ਲੱਗੀ।

ਲੰਬੀ ਚਰਚਾ ਤੋਂ ਬਾਅਦ ਉਨ੍ਹਾਂ ਨੂੰ ਟੂਰਨਾਮੈਂਟ ਦੇ ਅਧਿਕਾਰੀਆਂ ਦੁਆਰਾ ਅਯੋਗ ਕਰਾਰ ਦਿੱਤਾ ਗਿਆ।

ਜੋਕੋਵਿਚ ਨੂੰ ਯੂਐਸ ਓਪਨ ਵਿੱਚ ਪੁਰਸ਼ ਸਿੰਗਲਜ਼ ਖ਼ਿਤਾਬ ਲਈ ਇੱਕ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।

ਕੋਰੋਨਾਵਾਇਰਸ ਮਹਾਂਮਾਰੀ ਦੌਰਾਨ, ਇਹ ਟੂਰਨਾਮੈਂਟ ਕਈ ਦਿਸ਼ਾ ਨਿਰਦੇਸ਼ਾਂ ਅਤੇ ਸਾਵਧਾਨੀ ਦੇ ਵਿਚਕਾਰ ਖੇਡਿਆ ਜਾ ਰਿਹਾ ਹੈ।

ਜੋਕੋਵਿਚ ਆਪਣੇ 18ਵੇਂ ਗ੍ਰੈਂਡ ਸਲੈਮ ਲਈ ਖੇਡ ਰਹੇ ਸਨ ਤਾਂ ਜੋ ਉਹ ਆਪਣੇ ਵਿਰੋਧੀ ਰਫਾਲ ਨਡਾਲ ਅਤੇ ਰੋਜਰ ਫੈਡਰਰ ਦੇ ਹੋਰ ਕਰੀਬ ਪੁੱਜ ਸਕੇ। ਉਨ੍ਹਾਂ ਦੋਵਾਂ ਕੋਲ ਹੁਣ ਤਕ ਦੇ ਸਭ ਤੋਂ ਜ਼ਿਆਦਾ ਗ੍ਰੈਂਡ ਸਲੈਮ ਖਿਤਾਬ ਹਨ।

ਇਹ ਵੀ ਪੜ੍ਹੋ

ਇਹ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)