You’re viewing a text-only version of this website that uses less data. View the main version of the website including all images and videos.
ਮੱਧ ਪ੍ਰਦੇਸ਼ 'ਚ ਸਿਕਲੀਗਰ ਸਿੱਖ ਨੌਜਵਾਨ ਨੂੰ ‘ਕੇਸਾਂ ਤੋਂ ਘੜੀਸਨ’ ਦੇ ਵਾਇਰਲ ਵੀਡੀਓ ਮਾਮਲੇ ’ਚ ਕਾਰਵਾਈ
- ਲੇਖਕ, ਸ਼ੁਰੈਹ ਨਿਆਜ਼ੀ
- ਰੋਲ, ਬੀਬੀਸੀ ਲਈ
ਮੱਧ ਪ੍ਰਦੇਸ਼ੇ ਦੇ ਬੜਵਾਨੀ ਜ਼ਿਲ੍ਹੇ ਦੇ ਪਲਸੂਦ ਇਲਾਕੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਸਿਕਲੀਗਰ ਸਿੱਖ ਨੂੰ ਪੁਲਿਸ ਅਫ਼ਸਰ ਵੱਲੋਂ ਕੇਸਾਂ ਨਾਲ ਘਸੀਟਿਆ ਜਾ ਰਿਹਾ ਹੈ। ਉਸ ਸਿੱਖ ਤੇ ਉਸ ਦੇ ਸਾਥੀ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ।
ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਕਿਹਾ ਹੈ ਕਿ ਏਐੱਸਆਈ ਸੀਤਾਰਾਮ ਅਤੇ ਐੱਚਸੀ ਮੋਹਨ ਜਾਮਰੇ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਉਨ੍ਹਾਂ ਟਵੀਟ ਕੀਤਾ, "ਬੜਵਾਨੀ ਵਿੱਚ ਏਐੱਸਆਈ ਸੀਤਾਰਾਮ ਭਟਨਾਗਰ ਅਤੇ ਐੱਚਸੀ ਮੋਹਨ ਜਾਮਰੇ ਨੂੰ ਸਿੱਖ ਭਰਾਵਾਂ ਨਾਲ ਕੀਤੇ ਗਏ ਗੈਰ-ਮਨੁੱਖੀ ਵਤੀਰੇ ਲਈ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਹੈ। ਸਿੱਖਾਂ ਨਾਲ ਅਜਿਹਾ ਤਸ਼ਦੱਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਇੰਦੌਰ ਆਈਜੀ ਵੱਲੋਂ ਕੀਤੀ ਜਾਵੇਗੀ ਅਤੇ ਇਨ੍ਹਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।"
ਇਸ ਤੋਂ ਪਹਿਲਾਂ ਪੁਲਿਸ ਦਾ ਕਹਿਣਾ ਸੀ ਕਿ ਵੀਡੀਓ ਵਾਇਰਲ ਤਾਂ ਹੋਇਆ ਹੈ ਪਰ ਪੀੜਤ ਪੱਖ ਵੱਲੋਂ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਅਤੇ ਸ਼ਿਕਾਇਤ ਦਰਜ ਹੋਣ ’ਤੇ ਹੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਵਿੱਚ ਜਿਸ ਨੌਜਵਾਨ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਉਸ ਦਾ ਨਾਂ ਪ੍ਰੇਮ ਸਿੰਘ ਹੈ।
ਉਸ ਨੇ ਇਸ ਘਟਨਾ ਬਾਰੇ ਦੱਸਿਆ, "ਮੈਂ ਤਾਲੇ ਚਾਬੀ ਦੀ ਦੁਕਾਨ ਲਾਉਂਦਾ ਹਾਂ। ਗੁਰਦੁਆਰੇ ਵਿੱਚ ਗਿਆਨੀ ਦੀ ਡਿਊਟੀ ਵੀ ਕਰਦਾ ਹਾਂ। ਦਿਨੇਂ ਤਾਲੇ-ਚਾਬੀ ਦੀ ਦੁਕਾਨ ਪੁਰਾਣੀ ਚੌਕੀ ਕੋਲ ਦੁਕਾਨ ਲਗਾਉਂਦਾ ਹਾਂ।”
“ਸ਼ਾਮ ਨੂੰ 5:30-6 ਵਜੇ ਦੇ ਵਿਚਾਲੇ ਇੱਕ ਮੈਡਮ, ਥਾਣੇਦਾਰ ਤੇ ਹੈੱਡ ਸਾਹਿਬ ਆਏ ਤੇ ਦੁਕਾਨ ਹਟਾਉਣ ਲਈ ਕਿਹਾ ਤੇ ਪੈਸੇ ਮੰਗੇ ਪਰ ਮੇਰੇ ਕੋਲ ਪੈਸੇ ਨਹੀਂ ਸੀ। ਦਿਹਾੜੀ ਵਿੱਚ 200 ਰੁਪਏ ਹੀ ਕਮਾਏ ਸੀ। ਫਿਰ ਉਨ੍ਹਾਂ ਨੇ ਮੈਨੂੰ ਜ਼ਬਰਦਸਤੀ ਗੱਡੀ ਵਿੱਚ ਪਾਇਆ, ਵਾਲ ਖਿੱਚੇ। ਮੈਂ ਕਿਹਾ ਵੀ ਸੀ ਕਿ ਮੇਰੀ ਕੋਈ ਗਲਤੀ ਨਹੀਂ ਫਿਰ ਵੀ ਘਸੀਟ ਕੇ ਲੈ ਗਏ।"
"ਸਾਡੇ ਕੇਸ ਦੀ ਬੇਅਦਬੀ ਹੋਣ ਨਾਲ, ਗੁਰੂ ਦੀ ਬੇਅਦਬੀ ਹੋਈ ਹੈ।"
ਵੀਡੀਓ ਵਿੱਚ ਪ੍ਰੇਮ ਸਿੰਘ ਦੀ ਆਵਾਜ਼ ਆ ਰਹੀ ਹੈ, "ਪੁਲਿਸ ਨਜਾਇਜ਼ ਮਾਰ ਰਹੀ ਹੈ। ਸਾਨੂੰ ਦੁਕਾਨ ਨਹੀਂ ਲਾਉਣ ਦੇ ਰਹੀ।"
ਇਹ ਵੀ ਪੜ੍ਹੋ:
ਪੁਲਿਸ ਦਾ ਕੀ ਹੈ ਦਾਅਵਾ
ਉੱਥੇ ਹੀ ਵੀਡੀਓ ਵਿੱਚ ਨਜ਼ਰ ਆ ਰਹੇ ਏਐੱਸਆਈ ਸੀਤਾਰਾਮ ਨਾਲ ਗੱਲਬਾਤੀ ਕੀਤੀ ਗਈ ਕਾਂ ਉਨ੍ਹਾਂ ਕਿਹਾ ਕਿ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਪ੍ਰੇਮ ਸਿੰਘ ਕੋਲ ਲਾਈਸੈਂਸ ਨਹੀਂ ਸੀ।
ਏਐੱਸਆਈ ਸੀਤਾਰਾਮ ਨੇ ਕਿਹਾ, "ਵਾਹਨ ਚੈਕਿੰਗ ਦੌਰਾਨ ਉਸ ਨੇ ਸ਼ਰਾਬ ਪੀਤੀ ਹੋਈ ਸੀ। ਕਾਗਜ਼ ਮੰਗੇ ਤਾਂ ਉਸ ਕੋਲ ਨਹੀਂ ਸਨ। ਉਹ ਬਦਤਮੀਜ਼ੀ ਨਾਲ ਗੱਲ ਕਰਨ ਲੱਗਿਆ। ਉਸ ਨੂੰ ਸਮਝਾਇਆ ਉਹ ਨਹੀਂ ਮੰਨਿਆ, ਉਹ ਸ਼ਰਾਬ ਦੇ ਨਸ਼ੇ ਵਿੱਚ ਸੀ। ਸ਼ਰਾਬ ਲਈ ਮੈਡੀਕਲ ਕਰਵਾਉਣ ਲਈ ਕਿਹਾ ਤਾਂ ਉਹ ਵੀ ਮਨ੍ਹਾ ਕਰਨ ਲੱਗਾ।"
ਉੱਥੇ ਹੀ ਇਸ ਬਾਰੇ ਜਦੋਂ ਬੜਵਾਨੀ ਦੇ ਐੱਸਪੀ ਨਾਲ ਗੱਲਬਾਤੀ ਕੀਤੀ ਤਾਂ ਉਨ੍ਹਾਂ ਨੇ ਕਿਹਾ, “ਪਲਸੂਦ ਵਿੱਚ ਚੈਕਿੰਗ ਕੀਤੀ ਗਈ ਸੀ। ਇੱਕ ਬਾਈਕ 'ਤੇ ਦੋ ਸਿਕਲੀਗਰ ਚੈੱਕ ਕੀਤੇ ਗਏ। ਲਾਈਸੈਂਸ ਮੰਗਿਆ ਗਿਆ ਪਰ ਉਨ੍ਹਾਂ ਕੋਲ ਨਹੀਂ ਸੀ। ਫਿਰ ਸ਼ੱਕ ਹੋਇਆ ਕਿ ਇੱਕ ਨੌਜਵਾਨ ਨੇ ਸ਼ਰਾਬ ਪੀਤੀ ਹੋਈ ਸੀ। ਫਿਰ ਥਾਣੇ ਲੈ ਕੇ ਜਾਣ ਦੀ ਕੋਸ਼ਿਸ਼ ਹੋਈ। ਇਸ ਦੌਰਾਨ ਦਾ ਇਹ ਵੀਡੀਓ ਵਾਇਰਲ ਹੋਇਆ ਹੈ।”
ਉਨ੍ਹਾਂ ਕਿਹਾ, "ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪਾਇਆ ਗਿਆ ਹੈ ਕਿ ਪ੍ਰੇਮ ਸਿੰਘ 'ਤੇ ਤਿੰਨ ਚੋਰੀ ਦੇ ਕੇਸ ਦਰਜ ਹਨ।"
ਪਰ ਜਦੋਂ ਐੱਸਪੀ ਤੋਂ ਪੁੱਛਿਆ ਗਿਆ ਕਿ ਵੀਡੀਓ ਵਿੱਚ ਨੌਜਵਾਨ ਕਿਹ ਰਿਹਾ ਹੈ ਕਿ ਦੁਕਾਨ ਨਹੀਂ ਲਾਉਣ ਦਿੱਤੀ ਜਾ ਰਹੀ ਤਾਂ ਉਨ੍ਹਾਂ ਕਿਹਾ, "ਜੋ ਵੀ ਤੱਥ ਸਾਹਮਣੇ ਆ ਰਹੇ ਹਨ, ਉਹ ਇਕੱਠਾ ਕਰਕੇ ਜਾਂਚ ਕੀਤੀ ਜਾ ਰਹੀ ਹੈ।"
ਸਿਆਸਤਦਾਨਾਂ ਨੇ ਨਰਾਜ਼ਗੀ ਜਤਾਈ
ਪਰ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਨਰਾਜ਼ਗੀ ਜਤਾਈ।
ਉਨ੍ਹਾਂ ਟਵੀਟ ਕੀਤਾ, "ਬਹੁਤ ਹੈਰਾਨ ਕਰਨ ਵਾਲਾ! ਮੱਧ ਪ੍ਰਦੇਸ਼ ਵਿੱਚ ਗਿਆਨੀ ਪ੍ਰੇਮ ਸਿੰਘ ਗ੍ਰੰਥੀ ਅਤੇ ਹੋਰ ਸਿੱਖਾਂ 'ਤੇ ਹੋ ਰਹੀ ਬੇਰਹਿਮੀ ਤੇ ਬੇਹੱਦ ਅਪਮਾਨਜਨਕ ਹਮਲਾ ਪੂਰੀ ਤਰ੍ਹਾਂ ਅਣਮਨੁੱਖੀ ਅਤੇ ਨਾਮਨਜ਼ੂਰ ਹੈ। ਮੈਂ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੂੰ ਬੇਨਤੀ ਕਰਦਾ ਹਾਂ ਕਿ ਇਸ ਖਿਲਾਫ਼ ਕਾਰਵਾਈ ਕਰਕੇ ਇੱਕ ਮਿਸਾਲ ਕਾਇਮ ਕਰਨ।"
ਇਹ ਵੀ ਪੜ੍ਹੋ:
ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਨਰਿੰਦਰ ਸਲੂਜਾ ਨੇ ਵੀ ਇਹ ਵੀਡੀਓ ਸ਼ੇਅਰ ਕਰਕੇ ਪੁਲਿਸ ਦੀ ਨਿੰਦਾ ਕੀਤੀ।
ਉਨ੍ਹਾਂ ਕਿਹਾ, "ਪ੍ਰੇਮ ਸਿੰਘ ਗ੍ਰੰਥੀ, ਜੋ ਪਲਸੂਦ, ਬੜਵਾਨੀ ਰਾਜ ਵਿੱਚ ਸਾਲਾਂ ਤੋਂ ਤਾਲਾ-ਚਾਬੀ ਦੀ ਦੁਕਾਨ ਲਗਾ ਕੇ ਆਪਣਾ ਘਰ ਚਲਾ ਰਿਹਾ ਹੈ। ਦੇਖੋ ਕਿ ਕਿਵੇਂ ਉੱਥੇ ਦੀ ਪੁਲਿਸ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ, ਉਨ੍ਹਾਂ ਦੀਆਂ ਪੱਗਾਂ ਉਤਾਰ ਦਿੱਤੀ, ਵਾਲ ਫੜ੍ਹ ਕੇ ਕੁੱਟਮਾਰ ਕੀਤੀ।"
ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੱਕ ਵੀਡੀਓ ਟਵੀਟ ਕਰਕੇ ਜਨਤਕ ਤੌਰ 'ਤੇ ਇਸ ਤਰ੍ਹਾਂ ਦੇ ਵਤੀਰੇ ਦੀ ਨਿੰਦਾ ਕੀਤੀ।
ਉਨ੍ਹਾਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਤੋਂ ਮੰਗ ਕੀਤੀ ਕਿ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਵੇ 'ਤੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।
ਇਹ ਵੀਡੀਓਜ਼ ਵੀ ਦੇਖੋ: