India China Border: ਪੀਐੱਮ ਮੋਦੀ ਨੇ ਲੇਹ ਵਿੱਚ ਕਿਹਾ ਗਲਵਾਨ ਘਾਟੀ ਸਾਡੀ ਹੈ, ਬਿਨਾਂ ਨਾਮ ਲਏ ਚੀਨ ਨੂੰ ਦਿੱਤੇ ਜਵਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੇਹ ਦੇ ਨਿੰਮੋ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਇਸ ਦੌਰਾਨ ਕਿਹਾ ਹੈ ਕਿ ਗਲਵਾਨ ਘਾਟੀ ਸਾਡੀ ਹੈ। ਹਾਲਾਂਕਿ ਚੀਨ ਦੇ ਵਿਦੇਸ਼ ਮੰਤਰਾਲੇ ਨੇ 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਕਿਹਾ ਸੀ ਕਿ ਗਲਵਾਨ ਘਾਟੀ ਚੀਨ ਦੇ ਕਾਬੂ ਵਿੱਚ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੇਹ ਵਿੱਚ ਜਵਾਨਾਂ ਨੂੰ ਸੰਬੋਧ ਕਰਦਿਆਂ ਹੋਇਆ ਚੀਨ ਦਾ ਨਾਮ ਲਏ ਬਿਨਾਂ ਕਿਹਾ ਕਿ ਵਿਸਥਾਰਵਾਦ ਦਾ ਯੁੱਗ ਖ਼ਤਮ ਹੋ ਚੁੱਕਿਆ ਹੈ।

ਇਸ ਦੌਰਾਨ ਉਨ੍ਹਾਂ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਤੁਹਾਡਾ ਦੇਸ਼ ਲਈ ਸਮਰਪਣ ਅਤੁੱਲ ਹੈ। ਉਨ੍ਹਾਂ ਨੇ ਕਿਹਾ, "ਜਿਸ ਉਚਾਈ 'ਤੇ ਤੁਸੀਂ ਦੇਸ਼ ਦੀ ਢਾਲ ਬਣ ਕੇ ਉਸ ਦੀ ਰੱਖਿਆ ਕਰ ਰਹੇ ਹੋ, ਉਸ ਦੀ ਸੇਵਾ ਕਰ ਰਹੇ ਹੋ, ਉਸ ਦਾ ਮੁਕਾਬਲਾ ਪੂਰੇ ਵਿਸ਼ਵ ਵਿੱਚ ਕੋਈ ਨਹੀਂ ਕਰ ਸਕਦਾ।

ਤੁਹਾਡਾ ਸਾਹਸ ਉਸ ਉਚਾਈ ਨਾਲੋਂ ਵੀ ਉੱਚਾ ਹੈ, ਜਿੱਥੇ ਤੁਸੀਂ ਤੈਨਾਤ ਹੈ। ਤੁਹਾਡਾ ਨਿਸ਼ਚੈ ਉਸ ਘਾਟੀ ਨਾਲੋਂ ਵੀ ਸਖ਼ਤ ਹੈ ਜਿਸ ਨੂੰ ਰੋਜ਼ ਤੁਸੀਂ ਆਪਣੇ ਕਦਮਾਂ ਨਾਲ ਨਾਪਦੇ ਹੋ।

ਤੁਹਾਡੀਆਂ ਬਾਹਾਂ ਉਨ੍ਹਾਂ ਚੱਟਾਨਾਂ ਵਰਗੀਆਂ ਮਜ਼ਬੂਤ ਹਨ, ਜੋ ਤੁਹਾਡੇ ਆਲੇ-ਦੁਆਲੇ ਖੜੀਆਂ ਹਨ, ਤੁਹਾਡੀ ਇੱਛੇ ਸ਼ਕਤੀ ਨੇੜਲੇ ਪਰਬਤਾਂ ਜਿੰਨੀ ਅਟਲ ਹੈ। ਅੱਜ ਮੈਂ ਤੁਹਾਡੇ ਵਿੱਚ ਆ ਕੇ ਇਸ ਨੂੰ ਮਹਿਸੂਸ ਕਰ ਰਿਹਾ ਹਾਂ।"

ਇਹ ਵੀ ਪੜ੍ਹੋ:-

ਪੀਐੱਮ ਮੋਦੀ ਅਚਾਨਕ ਲੇਹ ਪਹੁੰਚੇ। ਭਾਰਤ ਦੇ ਸਰਕਾਰੀ ਨਿਊਜ਼ ਪ੍ਰਸਾਰਕ ਪ੍ਰਸਾਰ ਭਾਰਤ ਨੇ ਟਵੀਟ ਕਰ ਕੇ ਕਿਹਾ ਹੈ, "ਪ੍ਰਧਾਨ ਮੰਤਰੀ ਇਸ ਵੇਲੇ ਨਿੰਮੂ ਵਿੱਚ ਹਨ। ਉਹ ਅੱਜ ਸਵੇਰੇ ਹੀ ਪਹੁੰਚੇ ਹਨ।"

ਪ੍ਰਧਾਨ ਮੰਤਰੀ ਮੋਦੀ ਨਾਲ ਸੈਨਾ ਮੁਖੀ ਜਨਰਲ ਨਰਵਣੇ ਅਤੇ ਸੀਡੀਐੱਸ ਬਿਪਿਨ ਰਾਵਤ ਵੀ ਹਨ।

ਟਰੰਪ ਦਾ ਬਿਆਨ

ਇਸ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਭਾਰਤ-ਚੀਨ ਸੀਮਾ 'ਤੇ ਤਣਾਅ ਲਈ ਚੀਨੀ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਬੁੱਧਵਾਰ ਨੂੰ ਵ੍ਹਾਈਟ ਹਾਈਸ ਦੀ ਪ੍ਰੈੱਸ ਸਕੱਤਰ ਕੈਲੀ ਮੈਕੇਨੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹਵਾਲੇ ਨਾਲ ਕਿਹਾ, "ਭਾਰਤ ਦੇ ਨਾਲ ਲਗਦੀ ਸੀਮਾ 'ਤੇ ਚੀਨ ਦਾ ਗੁੱਸਾ ਚੀਨੀ ਪੈਟਰਨ ਦਾ ਹਿੱਸਾ ਹੈ। ਚੀਨ ਦਾ ਇਹ ਗੁੱਸਾ ਸਿਰਫ਼ ਭਾਰਤ ਨਾਲ ਹੀ ਨਹੀਂ ਬਲਕਿ ਕਈ ਹਿੱਸਿਆਂ ਵਿੱਚ ਹੈ। ਇਸ ਨਾਲ ਚੀਨੀ ਕਮਿਊਨਿਸਟ ਪਾਰਟੀ ਦਾ ਅਸਲੀ ਚਿਹਰੇ ਪਤਾ ਲਗਦਾ ਹੈ।"

ਇਸ ਤੋਂ ਪਹਿਲਾਂ ਅਮਰੀਕਾ ਪੂਰੇ ਵਿਵਾਦ 'ਤੇ ਨਿਰਪੱਖ ਦਿਖ ਰਿਹਾ ਸੀ ਪਰ ਇਸ ਬਿਆਨ ਵਿੱਚ ਚੀਨੀ ਗੁੱਸੇ ਦਾ ਜ਼ਿਕਰ ਕੀਤਾ ਗਿਆ ਹੈ।

ਟਰੰਪ ਦੇ ਇਸ ਬਿਆਨ ਨੂੰ ਅਮਰੀਕਾ ਅਤੇ ਭਾਰਤ ਨੇੜੇ ਹੋਣ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)