ਪਾਕਿਸਤਾਨ: ਟਰੇਨ ਤੇ ਵੈਨ ਦੀ ਟੱਕਰ 'ਚ 22 ਜੀਆਂ ਦੀ ਹੋਈ ਮੌਤ

    • ਲੇਖਕ, ਅਲੀ ਕਾਜ਼ਮੀ
    • ਰੋਲ, ਬੀਬੀਸੀ ਪੱਤਰਕਾਰ

ਰੇਲਗੱਡੀ ਅਤੇ ਵੈਨ ਦੀ ਟੱਕਰ ਕਾਰਨ ਹੋਏ ਹਾਦਸੇ ਵਿੱਚ ਇੱਕ ਸਿੱਖ ਪਰਿਵਾਰ ਦੇ 22 ਜੀਆਂ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸ਼ੇਖੂਪੁਰਾ ਰੇਲਵੇ ਕ੍ਰਾਸਿੰਗ 'ਤੇ ਸ਼ਾਹ ਹੁਸੈਨ ਐਕਪ੍ਰੈਸ ਅਤੇ ਵੈਨ ਵਿਚਾਲੇ ਟੱਕਰ ਹੋਈ।

ਪਾਕਿਸਤਾਨ ਰੇਲਵੇ ਦੇ ਬੁਲਾਰੇ ਮੁਤਾਬਕ ਹਾਦਸਾ ਦੁਪਹਿਰੇ ਕਰੀਬ 1.30 ਵਜੇ ਫ਼ਾਰੂਕਾਬਾਦ ਨੇੜੇ ਵਾਪਰਿਆ ਜਿਸ ਵਿੱਚ 22 ਲੋਕਾਂ ਦੀ ਮੌਤ ਹੋ ਗਈ ਹੈ।

ਮਰਨ ਵਾਲਿਆਂ ਵਿੱਚ ਵੈਨ ਦਾ ਡਰਾਈਵਰ ਤੇ ਉਸ ਦਾ ਇੱਕ ਸਹਾਇਕ ਵੀ ਸ਼ਾਮਲ ਹਨ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ੇਖ਼ੂਪੁਰਾ ਦੇ ਡੀਪੀ ਗਾਜ਼ੀ ਸਾਲਾਹੁੱਦੀਨ ਨੇ ਦੱਸਿਆ ਕਿ ਜਖ਼ਮੀ ਲੋਕਾਂ ਨੂੰ ਨੇੜਲੇ ਜ਼ਿਲ੍ਹਾ ਹੈੱਡਕੁਆਟਰ ਹਸਪਤਾਲ, ਸ਼ੇਖੂਪੁਰਾ ਵਿੱਚ ਪਹੁੰਚਾਇਆ ਗਿਆ ਹੈ। ਮ੍ਰਿਤਕਾਂ ਨੂੰ ਮਾਓ ਹਸਪਤਾਲ ਲਾਹੌਰ ਭੇਜਿਆ ਗਿਆ, ਜਿਥੋਂ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਪੇਸ਼ਾਵਰ ਭੇਜਿਆ ਜਾਵੇਗਾ।

ਇਹ ਦੱਸਿਆ ਜਾ ਰਿਹਾ ਹੈ ਕਿ 27 ਲੋਕ ਆਪਣੇ ਰਿਸ਼ਤੇਦਾਰ ਦੀ ਮੌਤ ਦਾ ਅਫਸੋਸ ਕਰਨ ਪੇਸ਼ਾਵਰ ਤੋਂ ਨਨਕਾਣਾ ਸਾਹਿਬ ਗਏ ਸਨ।

ਪੇਸ਼ਾਵਰ ਦੇ ਸਿੱਖ ਆਗੂ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਵੈਨ ਵਿੱਚ ਕਰੀਬ 30 ਸਿੱਖ ਯਾਤਰੀ ਸਨ, ਜੋ ਨਨਕਾਣਾ ਸਾਹਿਬ ਵਿਖੇ ਆਪਣੇ ਰਿਸ਼ਤੇਦਾਰਾਂ ਕੋਲੋਂ ਗਏ ਸਨ। ਪੇਸ਼ਾਵਰ ਵਾਪਸ ਆਉਂਦਿਆਂ ਸਿੱਖ ਪਰਿਵਾਰ ਫਾਰੂਕਾਬਾਦ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨ ਲਈ ਰੁਕਿਆ ਸੀ।

ਰੇਲਵੇ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਭਾਰਤ-ਪਾਕਿਸਤਾਨ ਨੇ ਜਤਾਇਆ ਹਾਦਸੇ ਦੁੱਖ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿੱਚ ਸੜਕ ਹਾਦਸੇ ਵਿੱਚ ਮਾਰੇ ਗਏ ਸਿੱਖ ਸ਼ਰਧਾਲੂਆਂ ਲਈ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਟਵੀਟ ਕਰਦਿਆਂ ਲਿਖਿਆ, "ਇਸ ਦੁੱਖ ਦੀ ਘੜੀ ਵਿੱਚ ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰਾਂ ਤੇ ਦੋਸਤਾਂ ਨਾਲ ਹੈ।"

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਟਵਿੱਟਰ ਹੈਂਡਲ 'ਤੇ ਹਾਦਸੇ ਵਿੱਚ ਮਾਰੇ ਲੋਕਾਂ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ।

ਉਨ੍ਹਾਂ ਨੇ ਲਿਖਿਆ, "ਸਬੰਧਤ ਅਧਿਕਾਰੀਆਂ ਨੂੰ ਸਾਰੇ ਪਰਿਵਾਰਾਂ ਲਈ ਬਚਾਅ ਤੇ ਰਾਹਤ ਦੇ ਨਾਲ ਤੈਅ ਸਹੂਲਤਾਂ ਪ੍ਰਦਾਨ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਾਡੀਆਂ ਪੂਰੀਆਂ ਰੇਲਵੇ ਸੁਰੱਖਿਆ ਹਦਾਇਤਾਂ ਦਾ ਤੁਰੰਤ ਰਿਵੀਓ ਕੀਤਾ ਜਾਵੇਗਾ।"

ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਾਦਸੇ 'ਤੇ ਦੁੱਖ ਜਤਾਇਆ ਹੈ।

ਉਨ੍ਹਾਂ ਨੇ ਲਿਖਿਆ, "ਪਾਕਿਸਤਾਨ ਪੰਜਾਬ ਵਿੱਚ ਵਾਪਰੇ ਰੇਲ ਹਾਦਸੇ ਬਾਰੇ ਸੁਣ ਕੇ ਦੁੱਖ ਲੱਗਾ। ਵਾਹਿਗੁਰੂ ਮ੍ਰਿਤਕਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ।"

ਇਹ ਵੀ ਪੜ੍ਹੋ:-

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)