You’re viewing a text-only version of this website that uses less data. View the main version of the website including all images and videos.
India China Border: ਪਰਮਾਣੂ ਸ਼ਕਤੀਆਂ ਦੀ ਪੱਥਰਾਂ ਤੇ ਰਾਡਾਂ ਨਾਲ ਲੜਾਈ ਦੇ ਕੀ ਅਰਥ
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
''ਹਾਲਾਤ ਖ਼ਰਾਬ, ਬੇਹੱਦ ਖ਼ਰਾਬ ਨਜ਼ਰ ਆ ਰਹੇ ਹਨ।'' ਇਹ ਕਹਿਣਾ ਸੁਰੱਖਿਆ ਮਾਮਲਿਆਂ ਦੇ ਮਾਹਿਰ ਵਿਪਿਨ ਨਾਰੰਗ ਦਾ ਸੋਮਵਾਰ ਰਾਤ ਨੂੰ ਭਾਰਤ-ਚੀਨ ਦੇ ਫੌਜੀਆਂ ਵਿਚਾਲੇ ਹੋਈ ਝੜਪ ਬਾਰੇ ਹੈ।
ਬੀਤੇ ਕਰੀਬ ਪੰਜਾਹ ਸਾਲਾਂ ਵਿੱਚ ਇਹ ਸਭ ਤੋਂ ਗੰਭੀਰ ਝੜਪ ਹੈ ਜੋ ਦੁਨੀਆਂ ਦੀ ਸਭ ਤੋਂ ਵੱਡੀ ਵਿਵਾਦਿਤ ਸਰਹੱਦ ਉੱਤੇ ਹੋਈ ਹੈ। ਇਸ ਝੜਪ ਵਿੱਚ ਘੱਟੋ-ਘੱਟ 20 ਭਾਰਤੀ ਫੌਜੀਆਂ ਦੀ ਮੌਤ ਹੋਈ ਹੈ। ਚੀਨ ਨੇ ਵੀ ਜਾਨੀ ਨੁਕਸਾਨ ਨੂੰ ਮੰਨਿਆ ਹੈ ਪਰ ਅਜੇ ਉਸ ਨੇ ਗਿਣਤੀ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ।
ਸੁਰੱਖਿਆ ਮਾਮਲਿਆਂ ਦੇ ਮਾਹਿਰ ਡਾ. ਨਾਰੰਗ ਨੇ ਦੱਸਿਆ, ''ਹੁਣ ਜਦੋਂ ਜਾਨੀ ਨੁਕਸਾਨ ਹੋ ਗਿਆ ਹੈ ਤਾਂ ਦੋਵਾਂ ਦੇਸਾਂ ਲਈ ਚੁੱਪ ਰਹਿਣਾ ਮੁਸ਼ਕਿਲ ਹੋ ਗਿਆ ਹੈ। ਦੋਵਾਂ ਸਰਕਾਰਾਂ ਉੱਤੇ ਜਨਤਾ ਦਾ ਦਬਾਅ ਵੀ ਕਾਫੀ ਰਹੇਗਾ।
ਦੋਹਾਂ ਸਰਕਾਰਾਂ ਉੱਤੇ ਜਿੰਨਾ ਦਬਾਅ ਇਸ ਵੇਲੇ ਹੈ, ਅਜਿਹਾ ਕਦੇ ਵੀ ਨਹੀਂ ਰਿਹਾ ਹੈ।''
ਭਾਰਤ ਤੇ ਚੀਨ ਦੋਵੇਂ ਪਰਮਾਣੂ ਸ਼ਕਤੀ ਹਨ ਤੇ ਦੋਵਾਂ ਦੇਸਾਂ ਦੇ ਫੌਜੀਆਂ ਵਿਚਾਲੇ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ। ਦੋਵਾਂ ਵਿਚਾਲੇ ਜਿਸ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਖਿੱਚਿਆ ਗਿਆ ਹੈ, ਉਹ ਵੀ ਸਹੀ ਨਹੀਂ ਹੈ। 3,440 ਕਿਲੋਮੀਟਰ ਲੰਬੀ ਐੱਲਏਸੀ ਉੱਤੇ ਕਈ ਵਾਰ ਦੋਵੇੰ ਦੇਸ ਇੱਕ ਦੂਜੇ ਦੇ ਕਬਜ਼ੇ ਵਾਲੇ ਇਲਾਕੇ ਉੱਤੇ ਆਪਣਾ ਦਾਅਵਾ ਕਰਦੇ ਰਹਿੰਦੇ ਹਨ।
ਫੌਜੀ ਗਸ਼ਤੀ ਦਲ ਕਈ ਵਾਰ ਇੱਕ ਦੂਜੇ ਦੇ ਇਲਾਕਿਆਂ ਵਿੱਚ ਆ ਜਾਂਦੇ ਹਨ ਜਿਸ ਕਰਕੇ ਕਈ ਵਾਰ ਝੜਪਾਂ ਹੋ ਜਾਂਦੀਆਂ ਹਨ ਪਰ ਬੀਤੇ 4 ਦਹਾਕਿਆਂ ਵਿੱਚ ਇੱਕ ਵੀ ਗੋਲੀ ਨਹੀਂ ਚੱਲੀ ਹੈ। ਮਹੀਨਿਆਂ ਦੇ ਤਣਾਅ ਮਗਰੋਂ ਇਸ ਹਾਲ ਦੀ ਹੋਈ ਝੜਪ ਨੇ ਤਾਂ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਦਿ ਇਕੋਨੋਮਿਸਟ ਟਾਈਮਜ਼ ਦੇ ਡਿਫੈਂਸ ਐਡੀਟਰ ਸ਼ਸ਼ਾਂਕ ਜੋਸ਼ੀ ਅਨੁਸਾਰ ਅਜਿਹਾ ਤਣਾਅ ਪਹਿਲਾਂ ਕਦੇ ਵੀ ਨਹੀਂ ਹੋਇਆ। ਉਨ੍ਹਾਂ ਕਿਹਾ, ''ਬੀਤੇ 45 ਸਾਲਾਂ ਤੋਂ ਕੋਈ ਗੋਲੀ ਨਹੀਂ ਚੱਲੀ ਹੈ। ਪੱਥਰਾਂ ਤੇ ਮੁਗਦਰਾਂ ਨਾਲ ਹੋਈ ਇਸ ਝੜਪ ਵਿੱਚ ਘੱਟੋ-ਘੱਟ 20 ਭਾਰਤੀ ਫੌਜੀ ਮਾਰੇ ਗਏ।
ਮਈ ਵਿੱਚ ਰਿਪੋਰਟਾਂ ਆਈਆਂ ਸਨ ਕਿ ਚੀਨ ਨੇ ਲਦਾਖ ਦੀ ਗਲਵਾਨ ਵੈਲੀ ਵਿੱਚ ਜਿਸ ਨੂੰ ਭਾਰਤ ਆਪਣਾ ਇਲਾਕਾ ਮੰਨਦਾ ਹੈ, ਉੱਥੇ ਤੰਬੂ ਲਗਾ ਲਏ ਹਨ।
ਸੁਰੱਖਿਆ ਮਾਮਲਿਆਂ ਦੇ ਜਾਣਕਾਰ ਅਜੇ ਸ਼ੁਕਲਾ ਨੇ ਦਾਅਵਾ ਕੀਤਾ ਹੈ ਕਿ ਬੀਤੇ ਇੱਕ ਮਹੀਨੇ ਵਿੱਚ ਚੀਨ ਨੇ ਭਾਰਤ ਦੀ ਨਿਗਰਾਨੀ ਵਾਲੀ 60 ਵਰਗ ਕਿਲੋਮੀਟਰ ਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਹੈ।
ਭਾਰਤ ਦਾਅਵਾ ਕਰਦਾ ਰਿਹਾ ਹੈ ਕਿ ਚੀਨ ਨੇ ਪਹਿਲਾਂ ਹੀ ਉਸ ਦੀ 38 ਹਜ਼ਾਰ ਵਰਗ ਕਿਲੋਮੀਟਰ ਦੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ।
ਚੀਨ ਦਾ ਇਹ ਕਦਮ ਭਾਰਤ ਵੱਲੋਂ ਹਾਈ ਐਲਟੀਟਿਊਡ ਏਅਰਬੇਸ ਨੂੰ ਜੋੜਣ ਵਾਲੀ ਸੈਂਕੜੇ ਕਿਲੋਮੀਟਰ ਲੰਬੀ ਸੜਕ ਬਣਾਉਣ ਮਗਰੋਂ ਚੁੱਕਿਆ ਹੈ। ਭਾਰਤ ਨੇ ਇਹ ਬੇਸ 2008 ਵਿੱਚ ਮੁੜ ਤੋਂ ਐਕਟਿਵ ਕੀਤਾ ਸੀ।
'ਮੌਜੂਦਾ ਵੇਲੇ ਦੀ ਗੰਭੀਰ ਸਮੱਸਿਆਵਾਂ ਵਿੱਚੋਂ ਇੱਕ'
ਸੋਮਵਾਰ ਨੂੰ ਝੜਪ ਕਿਵੇਂ ਹੋਈ ਹੈ ਇਹ ਅਜੇ ਸਾਫ ਨਹੀਂ ਹੋ ਸਕਿਆ ਹੈ। ਭਾਰਤ-ਚੀਨ ਇੱਕ-ਦੂਜੇ ਉੱਤੇ ਗਲਵਾਨ ਵੈਲੀ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ ਦੇ ਸਮਝੌਤੇ ਨੂੰ ਤੋੜਨ ਦਾ ਇਲਜ਼ਾਮ ਲਗਾ ਰਹੇ ਹਨ।
ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਫੌਜੀ ਤੇ ਗ਼ੈਰ-ਫੌਜੀ ਵਿਕਲਪਾਂ ਦੀ ਭਾਲ ਕਰ ਰਹੇ ਹਨ ਜਿਨ੍ਹਾਂ ਨਾਲ ਤਣਾਅ ਨੂੰ ਘੱਟ ਕੀਤਾ ਸਕੇ ਤੇ 6 ਜੂਨ ਨੂੰ ਦੋਵੇਂ ਦੇਸਾਂ ਦੇ ਕਮਾਂਡਰਾਂ ਵਿਚਾਲੇ ਇੱਕ ਮੀਟਿੰਗ ਹੋਈ ਸੀ ਜੋ ਕਾਫੀ ਹੱਦ ਤੱਕ ਕਾਮਯਾਬ ਰਹੀ ਸੀ।
ਦੋਵੇਂ ਦੇਸ ਤਣਾਅ ਨੂੰ ਘੱਟ ਕਰਨ ਵੱਲ ਕੰਮ ਕਰਨ ਲਈ ਰਾਜ਼ੀ ਹੋਏ ਸਨ ਅਤੇ ਉਸ ਮਗਰੋਂ ਵੀ ਦੋਵੇਂ ਫੌਜਾਂ ਦੇ ਕਮਾਂਡਰਾਂ ਵਿਚਾਲੇ ਮੀਟਿੰਗਾਂ ਹੋਈਆਂ ਸਨ।
ਭਾਰਤ ਦਾ ਕਹਿਣਾ ਹੈ ਕਿ ਜਦੋਂ ਚੀਨ ਨੇ ਮੌਜੂਦਾ ਸਟੇਟਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਪਾਸਿਓਂ ਜਾਨੀ ਨੁਕਸਾਨ ਹੋਇਆ ਹੈ।
ਉੱਧਰ ਚੀਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਦੋਵਾਂ ਦੇਸਾਂ ਵਿਚਾਲੇ ਤੈਅ ਹੋਈਆਂ ਸ਼ਰਤਾਂ ਨੂੰ ਤੋੜਿਆ ਜਾ ਰਿਹਾ ਹੈ ਤੇ ਨਾਲ ਹੀ ਦੋ ਵਾਰ ਸਰਹੱਦ ਨੂੰ ਪਾਰ ਕਰਕੇ ਭਾਰਤੀ ਫੌਜੀਆਂ ਨੇ ਚੀਨੀ ਫੌਜੀਆਂ ਉੱਤੇ ਹਮਲਾ ਕੀਤਾ ਹੈ।
ਦਿ ਡਿਪਲੋਮੈਟ ਮੈਗਜ਼ੀਨ ਦੀ ਸੀਨੀਅਰ ਐਡੀਟਰ ਅੰਕਿਤ ਪਾਂਡਾ ਨੇ ਦਾ ਕਹਿਣਾ ਹੈ ਕਿ ਮੌਜੂਦਾ ਵੇਲੇ ਦਾ ਤਣਾਅ ਨੇ ਦੋਵਾਂ ਦੇਸਾਂ ਵਿਚਾਲੇ ਗੰਭੀਰ ਰੂਪ ਲੈ ਲਿਆ ਹੈ ਅਤੇ 2017 ਦੇ ਡੋਕਲਾਮ ਵਿੱਚ ਹੋਏ ਤਣਾਅ ਤੋਂ ਬਾਅਦ ਤਾਂ ਇਹ ਹੁਣ ਤੱਕ ਦਾ ਸਭ ਤੋਂ ਲੰਬਾ ਚੱਲਣ ਵਾਲਾ ਤਣਾਅ ਹੈ।
2017 ਵਿੱਚ ਭਾਰਤ, ਚੀਨ ਤੇ ਭੂਟਾਨ ਦੇ ਟ੍ਰਾਇਸ਼ੈਕਸ਼ਨ ਉੱਤੇ ਚੀਨ ਵੱਲੋਂ ਸੜਕ ਬਣਾਏ ਜਾਣ ਨਾਲ 73 ਦਿਨਾਂ ਤੱਕ ਦੋਵਾਂ ਦੇਸਾਂ ਵਿਚਾਲੇ ਤਣਾਅ ਰਿਹਾ ਸੀ।
ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ ਅਨੁਸਾਰ ਇਸ ਵਾਰ ਜੋ ਰਵੱਈਆ ਚੀਨ ਨੇ ਅਪਣਾਇਆ, ਉਸ ਤਰ੍ਹਾਂ ਦਾ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ ਹੈ।
ਉਨ੍ਹਾਂ ਕਿਹਾ, ''ਹੁਣ ਅਜਿਹਾ ਕਈ ਵਾਰ ਹੋ ਗਿਆ ਹੈ ਜਦੋਂ ਚੀਨ ਨੇ ਐੱਲ਼ਏਸੀ ਦੇ ਨਾਲ ਲਗਦੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਹੈ। ਇਹ ਸਭ ਚਿੰਤਾਜਨਕ ਹੈ ਕਿਉਂਕਿ ਪਹਿਲਾਂ ਉਸ ਨੇ ਕਦੇ ਵੀ ਅਜਿਹਾ ਨਹੀਂ ਕੀਤਾ ਹੈ।
ਸ਼ਿਵਸ਼ੰਕਰ ਮੈਨਨ ਨੇ ਦੀ ਵਾਇਰ ਨੂੰ ਦਿੱਤੇ ਇੰਟਰਵਿਊ ਵਿੱਚ ਇਹ ਗੱਲ ਕਹੀ ਹੈ।
ਚੀਨ ਦੇ ਰਵੱਈਏ ਪਿੱਛੇ ਕੀ ਤਰਕ ਦਿੱਤੇ ਜਾ ਰਹੇ
ਲਦਾਖ ਵਿੱਚ ਭਾਰਤ ਸਰਹੱਦ ਲਾਗੇ ਢਾਂਚਾਗਤ ਵਿਕਾਸ ਕਰ ਰਿਹਾ ਹੈ ਜਿਸ ਕਰਕੇ ਚੀਨ ਨੇ ਇਹ ਫੌਜੀ ਐਕਸ਼ਨ ਲਿਆ ਹੋ ਸਕਦਾ ਹੈ। ਕੋਰੋਨਾਵਾਇਰਸ ਕਾਰਨ ਚੀਨ ਨੂੰ ਥੋੜ੍ਹੀ ਖੁੱਲ ਮਿਲੀ ਹੋ ਸਕਦੀ ਹੈ ਕਿਉਂਕੀ ਭਾਰਤੀ ਫੌਜ ਨੇ ਮਾਰਚ ਵਿੱਚ ਲਦਾਖ ਵਿੱਚ ਆਪਣੀ ਮੂਵਮੈਂਟ ਵਿੱਚ ਥੋੜ੍ਹੀ ਦੇਰ ਕਰ ਦਿੱਤੀ।
ਜੋਸ਼ੀ ਮੰਨਦੇ ਹਨ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਕੇਵਲ ਇਹੀ ਕਾਰਨ ਹੈ।
ਡਾ.ਨਾਰੰਗ ਨੇ ਕਿਹਾ, ''ਕੀ ਕੇਵਲ ਇਹ ਸੜਕ ਬਾਰੇ ਹੀ ਹੈ? ਜਾਂ ਇਹ ਭਾਰਤ ਵੱਲੋਂ ਭਾਰਤ-ਸ਼ਾਸਿਤ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਕਾਰਨ ਹੈ? ਜਾਂ ਇਹ ਸਰਹੱਦ ਨੇੜੇ ਹਮਲਾਵਰ ਰੁਖ ਅਪਣਾਉਣ ਕਾਰਨ ਹੈ। ਸਾਨੂੰ ਨਹੀਂ ਪਤਾ ਪਰ ਤਣਾਅ ਬਰਕਰਾਰ ਹੈ।''
ਮੰਗਲਵਾਰ ਸ਼ਾਮ ਨੂੰ ਭਾਰਤ ਨੇ ਕਿਹਾ ਕਿ ਝੜਪ ਵਾਲੀ ਥਾਂ ਤੋਂ ਫੌਜਾਂ ਪਿੱਛੇ ਹਟ ਗਈਆਂ ਹਨ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਫੌਜੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਮਾਮਲੇ ਨੂੰ ਦੋਵੇਂ ਦੇਸ ਹੁਣ ਨਹੀਂ ਵਧਾ ਰਹੇ ਹਨ।
ਜੋਸ਼ੀ ਮੰਨਦੇ ਹਨ ਕਿ ਬੀਤੇ 10 ਸਾਲਾਂ ਵਿੱਚ ਦੋਵਾਂ ਦੇਸਾਂ ਵਿਚਾਲੇ ਖਿੱਚੋਤਾਣ ਵਧੀ ਹੈ ਪਰ ਫਿਰ ਵੀ ਹਾਲਾਤ ਠੀਕ ਰਹੇ ਹਨ।
1998 ਤੋਂ ਲੈ ਕੇ 2012 ਵਿਚਾਲੇ ਦੋਵਾਂ ਦੇਸਾਂ ਦਾ ਆਪਸੀ ਵਪਾਰ 67 ਗੁਣਾ ਵਧਿਆ ਹੈ। ਚੀਨ ਭਾਰਤ ਦਾ ਸਭ ਤੋਂ ਵੱਡਾ ਹਿੱਸੇਦਾਰ ਬਣ ਕੇ ਉਭਰਿਆ ਹੈ। ਭਾਰਤੀ ਵਿਦਿਆਰਥੀ ਚੀਨੀ ਯੂਨੀਵਰਸਿਟੀਆਂ
ਵਿੱਚ ਪੜ੍ਹ ਰਹੇ ਹਨ। ਦੋਵਾਂ ਦੇਸਾਂ ਵਿਚਾਲੇ ਸ਼ਾਂਝਾ ਫੌਜੀ ਅਭਿਆਸ ਵੀ ਹੋਇਆ ਹੈ।
ਜੋਸ਼ੀ ਅਨੁਸਾਰ, ''ਹੁਣ ਸ਼ਾਇਦ ਅਸੀਂ 2018 ਦੀ ਵੂਹਾਨ ਵਿੱਚ ਹੋਈ ਸਮਿਟ ਦੀ ਦੋਸਤੀ ਨੂੰ ਭੁਲਾ ਕੇ ਵਧੀ ਹੋਈ ਗ਼ੈਰ-ਵਿਸ਼ਵਾਸੀ ਤੇ ਦੁਸ਼ਮਣੀ ਦੇ ਦੌਰ ਵੱਲ ਵਧ ਰਹੇ ਹਾਂ।''
ਇਹ ਵੀਡੀਓ ਵੀ ਦੇਖੋ