ਕੋਰੋਨਾਵਾਇਰਸ ਅਤੇ ਲੌਕਡਾਊਨ ਦਾ ਅਸਰ: 'ਮੈਂ ਕੈਮਰੇ 'ਤੇ ਨਹੀਂ ਆਉਣਾ, ਮੇਰੀ ਧੀ ਦੇ ਸਕੂਲ 'ਚ ਨਹੀਂ ਪਤਾ ਕਿ ਉਸ ਦੀ ਮਾਂ ਇੱਕ ਆਰਕੈਸਟਰਾ ਡਾਂਸਰ ਹੈ'

    • ਲੇਖਕ, ਨਵਦੀਪ ਕੌਰ ਗਰੇਵਾਲ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਅਤੇ ਲੌਕਡਾਊਨ ਦੇ ਇਸ ਦੌਰ ਵਿੱਚ ਲੋਕਾਂ ਦੀਆਂ ਜਿੰਦਗੀਆਂ ਵਿੱਚ ਕਾਫੀ ਬਦਲਾਅ ਆਏ ਨੇ। ਮੈਂ ਇੱਥੇ ਜਿਸ ਤਬਕੇ ਦੀ ਜਿੰਦਗੀ ਵਿੱਚ ਆਏ ਬਦਲਾਅ ਦੀ ਗੱਲ ਕਰ ਰਹੀ ਹਾਂ ਉਹ ਸਮਾਜ ਦੇ ਦੋਗਲੇਪਣ ਦਾ ਵੀ ਅਕਸਰ ਸਾਹਮਣਾ ਕਰਦਾ ਹੈ।

ਲੌਕਡਾਊਨ ਤੋਂ ਪਹਿਲਾਂ ਉਹਨਾਂ ਦੀ ਜਿੰਦਗੀ ਦਾ ਹਿੱਸਾ ਸੀ ਸੋਹਣੇ ਕੱਪੜਿਆਂ ਵਿੱਚ ਫਬਣਾ, ਮੇਕਅੱਪ ਕਰਨਾ, ਗੀਤਾਂ ਦੀਆਂ ਧੁਨਾਂ 'ਤੇ ਥਿਰਕਣਾ ਅਤੇ ਸਟੇਜ 'ਤੇ ਖੜ੍ਹ ਕੇ ਆਪਣੇ ਪੱਬ ਚੁੱਕਣ ਨਾਲ ਦੁਨੀਆਂ ਨੂੰ ਨਚਾਉਣਾ। ਲੌਕਡਾਊਨ ਤੋਂ ਬਾਅਦ ਅਚਾਨਕ ਸਭ ਬਦਲ ਗਿਆ। ਗੀਤਾਂ ਦੀਆਂ ਧੁਨਾਂ ਬੰਦ ਹੋ ਗਈਆਂ, ਚਿਹਰੇ ਮੁਰਝਾ ਗਏ, ਢਿੱਡ ਰੋਟੀ ਲਈ ਤਰਸਣ ਲੱਗ ਗਿਆ।

ਆਰਕੈਸਟਰਾ ਨਾਲ ਜੁੜੇ ਲੋਕਾਂ ਖਾਸ ਕਰਕੇ ਕੁੜੀਆਂ ਨੂੰ ਪਹਿਲਾਂ ਵੀ ਸਮਾਜ ਦਾ ਵਧੇਰੇ ਹਿੱਸਾ, ਬਹੁਤੀ ਇੱਜ਼ਤ ਨਹੀਂ ਦਿੰਦਾ ਪਰ ਇਹ ਲੋਕ ਆਪਣੇ ਇਸ ਕਿੱਤੇ ਜ਼ਰੀਏ ਪਰਿਵਾਰ ਜਰੂਰ ਪਾਲਦੇ ਸਨ।

ਹੁਣ ਲੌਕਡਾਊਨ ਕਾਰਨ ਜਦੋਂ ਮੈਰਿਜ ਪੈਲੇਸ ਬੰਦ ਹਨ, ਵਿਆਹਾਂ ਵਿੱਚ ਵੱਡੇ ਇਕੱਠਾਂ 'ਤੇ ਮਨਾਹੀ ਹੈ ਤਾਂ ਆਰਕੈਸਟਰਾ ਨਾਲ ਜੁੜੇ ਲੋਕ ਘਰ ਬੈਠਣ ਨੂੰ ਮਜਬੂਰ ਹਨ।

ਪੰਜਾਬ ਅੰਦਰ ਹਾਲਾਂਕਿ ਮਈ-ਜੂਨ ਤੋਂ ਸਤੰਬਰ ਤੱਕ ਵਿਆਹਾਂ ਦੇ ਜਿਆਦਾ ਪ੍ਰੋਗਰਾਮ ਨਹੀਂ ਆਉਂਦੇ, ਪਰ ਇਸ ਕਿੱਤੇ ਨਾਲ ਜੁੜੇ ਲੋਕ ਦੱਸਦੇ ਹਨ ਕਿ ਇਹਨਾਂ ਮਹੀਨਿਆਂ ਵਿੱਚ ਉਹ ਬਾਹਰੀ ਸੂਬਿਆਂ ਵਿੱਚ ਪ੍ਰੋਗਰਾਮ ਲਾਉਣ ਲਈ ਜਾਂਦੇ ਸੀ, ਜੋ ਕਿ ਇਸ ਵਾਰ ਸੰਭਵ ਨਹੀਂ ਹੋ ਸਕਿਆ।

ਕਿੱਤੇ ਨਾਲ ਜੁੜੇ ਲੋਕਾਂ ਨਾਲ ਗੱਲ ਕਰਨ ਤੋਂ ਪਤਾ ਲੱਗਿਆ ਕਿ ਆਰਕੈਸਟਰਾ ਨਾਲ ਜੁੜੀਆਂ ਵਧੇਰੇ ਕੁੜੀਆਂ ਬਹੁਤ ਮਾੜੀ ਆਰਥਿਕਤਾ ਵਾਲੇ ਪਰਿਵਾਰਾਂ ਵਿੱਚੋਂ ਹਨ।

ਕਈਆਂ ਦੇ ਪਰਿਵਾਰਾਂ ਦਾ ਗੁਜਾਰਾ ਇਨ੍ਹਾਂ ਕੁੜੀਆਂ ਦੀ ਕਮਾਈ ਨਾਲ ਹੀ ਚਲਦਾ ਸੀ। ਫਿਰ ਹੁਣ ਉਹਨਾਂ ਦਾ ਗੁਜਾਰਾ ਕਿਵੇਂ ਹੁੰਦਾ ਹੋਏਗਾ, ਇਹ ਜਾਨਣ ਲਈ ਮੈਂ ਬਠਿੰਡਾ ਨਾਲ ਸਬੰਧਤ ਇਨ੍ਹਾਂ ਕੁੜੀਆਂ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ।

ਬਹੁਤੀਆਂ ਕੁੜੀਆਂ ਇਹ ਦੱਸਣਾ ਤਾਂ ਚਾਹੁੰਦੀਆਂ ਸੀ ਕਿ ਕਿਸ ਹਾਲਾਤ ਵਿੱਚੋਂ ਗੁਜ਼ਰ ਰਹੀਆਂ ਹਨ, ਪਰ ਇੱਕ ਆਰਕੈਸਟਰ ਡਾਂਸਰ ਵਜੋਂ ਸਮਾਜ ਸਾਹਮਣੇ ਆਉਣ ਵਿੱਚ ਬਹੁਤ ਝਿਜਕ ਸੀ।

ਮੈਂ ਹੈਰਾਨ ਸੀ ਕਿ ਸਟੇਜ 'ਤੇ ਅਜਾਦੀ ਨਾਲ ਝੂਮਣ ਵਾਲੀਆਂ ਕੁੜੀਆਂ, ਕੈਮਰੇ ਸਾਹਮਣੇ ਕਿਉਂ ਨਹੀਂ ਆਉਣਾ ਚਾਹੁੰਦੀਆਂ।

ਇਸ ਦਾ ਜਵਾਬ ਮਿਲ ਗਿਆ ਜਦੋਂ ਖ਼ਬਰ ਹੋਣ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ-ਸੁਨਣ ਨੂੰ ਮਿਲੀਆਂ। ਕੁਝ ਵੇਖਣ-ਸੁਨਣ ਵਾਲਿਆਂ ਨੇ ਆਰਕੈਸਟਰਾ ਵਾਲੀਆਂ ਕੁੜੀਆਂ ਨੂੰ ਇਹ ਸਲਾਹ ਦਿੱਤੀ ਕਿ 'ਅਸੱਭਿਅਕ' ਕੰਮ ਕਰਨ ਦੀ ਆਦਤ ਹੈ ਇਨ੍ਹਾਂ ਨੂੰ, ਹੱਥੀਂ ਕੰਮ ਕਰਨ ਤੋਂ ਟਲਦੇ ਨੇ।

ਖੇਤਾਂ ਵਿੱਚ ਦਿਹਾੜੀ ਕਰਨ ਅਤੇ ਸੂਟ ਸਿਲਾਈ ਦਾ ਕੰਮ ਕਰਨ ਦੀ ਸਲਾਹ ਵੀ ਦਿੱਤੀ। ਇਹ ਟਿੱਪਣੀਆਂ ਹਾਲਾਂਕਿ ਬੇਹੱਦ ਭੱਦੀ ਭਾਸ਼ਾ ਵਿੱਚ ਸੀ, ਮੈਂ ਭਾਸ਼ਾ ਦਾ ਧਿਆਨ ਰੱਖਦਿਆਂ ਇਹ ਲਿਖਣ ਦੀ ਕੋਸ਼ਿਸ਼ ਕੀਤੀ ਹੈ।

ਲੌਕਡਾਊਨ ਵਿੱਚ ਕਿਵੇਂ ਗੁਜ਼ਰ ਰਹੀ ਹੈ ਆਰਕੈਟਸਰਾ ਨਾਲ ਜੁੜੇ ਲੋਕਾਂ ਦੀ ਜਿੰਦਗੀ ?

ਆਰਕੈਸਟਰਾ ਵਿੱਚ ਕੰਮ ਕਰਨ ਵਾਲੀ ਕਰੀਨਾ ਨੇ ਮੈਨੂੰ ਦੱਸਿਆ ਸੀ ਕਿ ਜੇ ਉਹ ਸਬਜੀ ਦੀ ਰੇਹੜੀ ਲਾਉਣ ਬਾਰੇ ਵੀ ਸੋਚੇ ਤਾਂ ਉਸ ਲਈ ਵੀ ਪੈਸੇ ਚਾਹੀਦੇ ਨੇ ਜੋ ਉਸ ਕੋਲ ਨਹੀਂ ਹਨ।

ਹੋਰ ਕੋਈ ਕੰਮ ਉਸ ਨੂੰ ਆਉਂਦਾ ਨਹੀਂ, ਕਿਉਂਕਿ ਪਿਛਲੇ ਅੱਠ ਸਾਲ ਤੋਂ ਇਸੇ ਕਿੱਤੇ ਵਿੱਚ ਹੈ।

ਉਸ ਨੇ ਦੱਸਿਆ ਕਿ ਘਰ ਦੀਆਂ ਮਜਬੂਰੀਆਂ ਨਾ ਹੁੰਦੀਆਂ ਤਾਂ ਉਹ ਕੋਈ ਸਿਖਲਾਈ ਲੈਂਦੀ, ਪਰ ਮਜਬੂਰੀ ਕਾਰਨ ਉਸ ਨੂੰ ਆਰਕੈਸਟਰਾ ਨਾਲ ਕੰਮ ਸ਼ੁਰੂ ਕਰਨਾ ਪਿਆ ਸੀ ਕਿਉਂਕਿ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀ।

ਕਰੀਨਾ ਨੇ ਦੱਸਿਆ, "ਮੇਰੇ ਪਰਿਵਾਰ ਵਿੱਚ ਮੇਰੀ ਮਾਂ ਅਤੇ ਭਰਾ ਤੋਂ ਇਲਾਵਾ ਮਾਮਾ-ਮਾਮੀ ਦੀਆਂ ਦੋ ਬੇਟੀਆਂ ਹਨ। ਮਾਮਾ-ਮਾਮੀ ਦੀ ਮੌਤ ਤੋਂ ਬਾਅਦ ਉਹਨਾਂ ਦਾ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਖ਼ਰਚ ਮੈਂ ਚੁੱਕਦੀ ਹਾਂ। ਭਰਾ ਡਰਾਈਵਰੀ ਸਿੱਖਦਾ ਹੈ, ਹਾਲੇ ਛੋਟਾ ਹੋਣ ਕਾਰਨ ਲਾਈਸੈਂਸ ਨਹੀਂ ਬਣਿਆ।

"ਇਸ ਲਈ ਕਮਾਉਣ ਵਾਲੀ ਮੈਂ ਇਕੱਲੀ ਹਾਂ। ਜੋ ਸੀਜ਼ਨ ਵਿੱਚ ਕਮਾਇਆ ਸੀ, ਉਹ ਡੇਢ ਮਹੀਨੇ ਵਿੱਚ ਖਤਮ ਹੋ ਗਿਆ। ਹੁਣ ਉਧਾਰ ਰਾਸ਼ਨ ਵੀ ਮਿਲਣਾ ਬੰਦ ਹੋ ਗਿਆ। ਆਰਕੈਸਟਰਾ ਵਾਲਿਆਂ ਨੂੰ ਪਹਿਲਾਂ ਹੀ ਸਨਮਾਨ ਨਹੀਂ ਮਿਲਦਾ, ਬਹੁਤ ਮਿਹਨਤ ਕਰਦੇ ਹਾਂ ਪਰ ਹੁਣ ਉਹ ਵੀ ਨਹੀਂ ਕਰ ਪਾ ਰਹੇ।"

ਆਰਕੈਸਟਰਾ ਗਰੁੱਪ ਨਾਲ ਸਟੇਜ ਅਨਾਊਂਸਰ ਵਜੋਂ ਕੰਮ ਕਰਨ ਵਾਲੇ ਨੈਬ ਸਿੰਘ ਨੇ ਆਪਣੀ ਸਮੱਸਿਆ ਦੱਸਣ ਤੋਂ ਪਹਿਲਾਂ ਮੈਨੂੰ ਪੁੱਛਿਆ ਸੀ," ਖ਼ਬਰ ਲਾਉਣ ਦਾ ਕੋਈ ਫਾਇਦਾ ਵੀ ਹੋਊਗਾ ਜਾਂ ਨਹੀਂ, ਇਹ ਨਾ ਹੋਵੇ ਕਿਤੇ ਸਾਡੀ ਗਰੀਬੀ ਅਤੇ ਮਜਬੂਰੀ ਦਾ ਹੋਰ ਮਜਾਕ ਬਣ ਜਾਵੇ।"

ਫਿਰ ਨੈਬ ਸਿੰਘ ਨੇ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਤੋਂ ਬਾਅਦ ਉਹ ਇੱਕ ਟੈਕਸੀ ਸਟੈਂਡ 'ਤੇ ਦਿਹਾੜੀ ਤੇ ਡਰਾਈਵਰੀ ਕਰਦੇ ਹਨ, ਪਰ ਹੁਣ ਸਭ ਕੰਮ ਠੱਪ ਹੋ ਗਿਐ। ਉਹਨਾਂ ਦੱਸਿਆ ਕਿ ਇੱਕ ਦੋਸਤ ਦੀ ਸਲਾਹ ਤੋਂ ਬਾਅਦ ਸਬਜੀ ਵੇਚਣੀ ਸ਼ੁਰੂ ਕਰ ਦਿੱਤੀ।

ਹੋਰ ਵੀ ਕਾਫੀ ਲੋਕਾਂ ਨੇ ਸਬਜੀ ਦਾ ਕੰਮ ਸ਼ੁਰੂ ਕਰ ਲਿਐ ਤਾਂ ਇਸ ਵਿੱਚ ਵੀ ਜਿਆਦਾ ਕਮਾਈ ਨਹੀਂ ਹੁੰਦੀ। ਉਹਨਾਂ ਕਿਹਾ ਕਿ ਘਰ ਦਾ ਖ਼ਰਚ ਚਲਾਉਣ ਲਈ ਉਸ ਕੋਲ ਫਿਲਹਾਲ ਸਬਜੀ ਵੇਚਣ ਦਾ ਹੀ ਕੰਮ ਹੈ, ਜੋ ਕੀਤੇ ਬਿਨ੍ਹਾਂ ਹਾਲਾਤ ਹੋਰ ਬੁਰੇ ਹੋ ਸਕਦੇ ਹਨ।

ਡਾਂਸਰ ਵਜੋਂ ਸਮਾਜ ਸਾਹਮਣੇ ਨਾ ਆ ਸਕਣ ਦੀ ਮਜਬੂਰੀ

ਇਸੇ ਕਿੱਤੇ ਨਾਲ ਜੁੜੀ ਟੀਨਾ ਨੇ ਕਿਹਾ ਕਿ ਪ੍ਰੋਗਰਾਮ ਬੰਦ ਹੋਣ ਬਾਅਦ, ਗੁਜਾਰਾ ਤਾਂ ਬਹੁਤ ਮੁਸ਼ਕਿਲ ਹੈ ਪਰ ਮੈਂ ਆਪਣੀ ਸਮੱਸਿਆ ਕੈਮਰੇ 'ਤੇ ਦੱਸ ਵੀ ਨਹੀਂ ਸਕਦੀ।

ਮਜਬੂਰੀ ਗਿਣਵਾਉਂਦਿਆਂ ਟੀਨਾ ਨੇ ਕਿਹਾ, "ਆਰਕੈਸਟਰਾ ਵਾਲਿਆਂ ਨੂੰ ਸਨਮਾਨ ਨਾਲ ਨਹੀਂ ਦੇਖਿਆ ਜਾਂਦਾ। ਮੇਰੇ ਬੇਟੀ ਦੇ ਸਕੂਲ ਵਿੱਚ ਨਹੀਂ ਪਤਾ ਕਿ ਉਸ ਦੀ ਮਾਂ ਇੱਕ ਆਰਕੈਸਟਰਾ ਡਾਂਸਰ ਹੈ।

“ਮੈਂ ਆਪਣੀ ਮਜਬੂਰੀ ਦਾ ਪਰਛਾਵਾਂ ਆਪਣੀ ਬੇਟੀ ਦੀ ਜਿੰਦਗੀ 'ਤੇ ਨਹੀਂ ਪਾਉਣਾ ਚਾਹੁੰਦੀ। ਇਧਰੋ-ਉਧਰੋਂ ਮੰਗ ਕੇ ਕਿਸੇ ਤਰ੍ਹਾਂ ਗੁਜਾਰਾ ਕਰ ਰਹੇ ਹਾਂ। ਮੇਰਾ ਪਤੀ ਦਾ ਵੀ ਫਿਲਹਾਲ ਕੋਈ ਕਾਰੋਬਾਰ ਨਹੀਂ। "

ਅਜਿਹੀ ਹੀ ਇੱਕ ਹੋਰ ਲੜਕੀ ਨਾਲ ਗੱਲ ਹੋਈ, ਜਿਸ ਦਾ ਪਤੀ ਅਤੇ ਉਹ ਖੁਦ ਆਰਕੈਸਟਰਾ ਵਿੱਚ ਕੰਮ ਕਰਦੇ ਸੀ। ਉਹਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦਾ ਪਤੀ ਦਿਹਾੜੀ 'ਤੇ ਕਿਸੇ ਦਾ ਟਰੈਕਟਰ ਚਲਾਉਣ ਦਾ ਕੰਮ ਕਰਨ ਲੱਗਾ ਹੈ। ਉਹ ਕੈਮਰੇ 'ਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਆਲੇ-ਦੁਆਲੇ ਲੋਕਾਂ ਦਾ ਡਰ ਸਤਾ ਰਿਹਾ ਸੀ।

ਪ੍ਰੋਗਰਾਮ ਲਾਉਣ ਵੇਲੇ ਸਟੇਜ 'ਤੇ ਅਜਾਦੀ ਨਾਲ ਨੱਚਣ ਵਾਲੀਆਂ ਇਨ੍ਹਾਂ ਕੁੜੀਆਂ ਨੂੰ ਮੌਜੂਦਾ ਹਾਲਾਤ ਨੇ ਮੂੰਹ ਲੁਕਾਉਣ ਲਈ ਮਜਬੂਰ ਕਰ ਦਿੱਤਾ।

ਕੁਝ ਆਰਕੈਸਟਰਾ ਪ੍ਰਬੰਧਕਾਂ ਨਾਲ ਵੀ ਗੱਲ ਹੋਈ। ਉਹਨਾਂ ਨੇ ਦੱਸਿਆ ਕਿ ਵਿਆਹਾਂ ਦੇ ਪ੍ਰੋਗਰਾਮ ਬੰਦ ਹੋਣ ਨਾਲ ਆਰਕੈਸਟਰਾ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਐ।

ਪ੍ਰਬੰਧਕਾਂ ਤੋਂ ਇਲਾਵਾ ਆਰਕੈਸਟਰਾ ਨਾਲ ਜੁੜੇ ਡੀਜੇ ਵਾਲੇ, LED ਸਕ੍ਰੀਨ ਲਗਾਉਣ ਵਾਲੇ, ਸਟੇਜ ਅਨਾਊਂਸਰ, ਭੰਗੜੇ ਵਾਲੇ ਮੁੰਡੇ, ਡਾਂਸਰ ਕੁੜੀਆਂ, ਗੱਡੀਆਂ ਵਾਲੇ, ਗੱਡੀਆਂ ਦੇ ਡਰਾਈਵਰ, ਨਾਲ ਜਾਣ ਵਾਲੇ ਦਿਹਾੜੀਦਾਰ ਮਜ਼ਦੂਰ (ਜੋ ਸਮਾਨ ਚੁੱਕਦੇ ਹਨ, ਟੀਮ ਨੂੰ ਖਾਣ-ਪੀਣ ਨੂੰ ਲਿਆ ਕੇ ਦਿੰਦੇ ਹਨ ਅਤੇ ਵਾਰੇ ਜਾਣ ਵਾਲੇ ਪੈਸੇ ਇਕੱਠੇ ਕਰਦੇ ਹਨ), ਇਹ ਸਭ ਲੋਕਾਂ ਨੂੰ ਪਿਛਲੇ ਢਾਈ ਮਹੀਨਿਆਂ ਤੋਂ ਰੋਜੀ ਕਮਾਉਣੀ ਔਖੀ ਹੋ ਗਈ ਹੈ।

ਸ਼ੁਰੂਆਤ ਵਿੱਚ ਮੈਂ ਲਿਖਿਆ ਸੀ ਕਿ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਦੋਗਲੇਪਣ ਦਾ ਵੀ ਸਾਹਮਣਾ ਅਕਸਰ ਕਰਨਾ ਪੈਂਦਾ ਹੈ। ਉਹ ਇਸ ਤਰ੍ਹਾਂ ਕਿ ਵਿਆਹਾਂ ਵਿੱਚ ''ਚੌਥਾ ਪੈਗ'' ਲਾ ਕੇ ਸਰੂਰ ਵਿੱਚ ਆਏ ਲੋਕ ਸਟੇਜ 'ਤੇ ਕੁੜੀਆਂ ਨਾਲ ਨੱਚਣਾ ਤਾਂ ਚਾਹੁੰਦੇ ਨੇ, ਪਰ ਉਹੀ ਕੁੜੀਆਂ ਜਦੋਂ ਸਮਾਜ ਵਿੱਚ ਵਿਚਰਦੀਆਂ ਹਨ ਤਾਂ ਉਹਨਾਂ ਨੂੰ ਸਨਮਾਨ ਨਾਲ ਨਹੀਂ ਦੇਖਦੇ।

ਇਹੀ ਕਾਰਨ ਹੈ ਕਿ ਮੁਸ਼ਕਿਲ ਵਿੱਚ ਹੁੰਦਿਆਂ ਵੀ ਇਹ ਕੁੜੀਆਂ ਖੁੱਲ੍ਹ ਕੇ ਸਾਹਮਣੇ ਨਹੀਂ ਆ ਪਾਉਂਦੀਆਂ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)