You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਤੇ ਮੀਡੀਆ: ਭਾਰਤ ਵਿੱਚ ਕਈ ਪੱਤਰਕਾਰ ਕਿਉਂ ਵਾਇਰਸ ਦਾ ਸ਼ਿਕਾਰ ਹੋਏ
- ਲੇਖਕ, ਸੌਤਿਕ ਵਿਸ਼ਵਾਸ
- ਰੋਲ, ਬੀਬੀਸੀ ਪੱਤਰਕਾਰ
ਇਹ 15-20 ਦਿਨ ਪਹਿਲਾਂ ਦੀ ਗੱਲ ਹੈ। ਮੁੰਬਈ ਵਿੱਚ ਚਲ ਰਹੇ ਇੱਕ ਨਿਊਜ਼ ਨੈਟਵਰਕ ਦੇ ਸਟੂਡੀਓ ਵਿੱਚ ਕੰਮ ਕਰਨ ਵਾਲੇ ਇੱਕ ਕੈਮਰਾ ਔਪਰੇਟਰ ਆਪਣੇ ਕੁਝ ਹੋਰ ਸਾਥੀਆਂ ਸਮੇਤ ਕੋਰੋਨਾਵਾਇਰਸ ਦਾ ਟੈਸਟ ਕਰਵਾਉਣ ਲਈ ਇੱਕ ਟੈਸਟ ਸੈਂਟਰ ਪਹੁੰਚੇ।
ਕੁਝ ਦਿਨਾਂ ਬਾਅਦ, ਇਹ 35 ਸਾਲਾ ਕੈਮਰਾ ਅਪਰੇਟਰ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ। ਉਹ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ।
ਪਰ ਉਨ੍ਹਾਂ ਵਿੱਚ ਕੋਰੋਨਾਵਾਇਰਸ ਦਾ ਕੋਈ ਲੱਛਣ ਨਹੀਂ ਸੀ।
'ਜੈ ਮਹਾਰਾਸ਼ਟਰ' ਨਿਊਜ਼ ਨੈਟਵਰਕ ਦੇ ਸੰਪਾਦਕ, ਪ੍ਰਸਾਦ ਕਾਥੇ ਨੇ ਇਸ ਮਾਮਲੇ 'ਤੇ ਹੈਰਾਨੀ ਜ਼ਾਹਰ ਕਰਦਿਆਂ ਮੇਰੇ ਨਾਲ ਗੱਲ ਕੀਤੀ।
ਉਨ੍ਹਾਂ ਕਿਹਾ, "ਇਹ ਸਾਡੇ ਸਾਰਿਆਂ ਲਈ ਇੱਕ ਸਦਮੇ ਵਰਗਾ ਹੈ। ਉਹ (ਕੈਮਰਾ ਅਪਰੇਟਰ) ਬਿਲਕੁਲ ਵੀ ਘਰੋਂ ਬਾਹਰ ਨਹੀਂ ਨਿਕਲਿਆ ਸੀ।"
ਹੁਣ ਤੱਕ, ਇਸ 7 ਸਾਲ ਪੁਰਾਣੇ ਮਰਾਠੀ ਨਿਊਜ਼ ਨੈਟਵਰਕ ਦੇ 13 ਤੋਂ ਵੱਧ ਲੋਕਾਂ 'ਤੇ ਕੋਰੋਨਾਵਾਇਰਸ ਹਮਲਾ ਕਰ ਚੁੱਕਾ ਹੈ। ਸਾਰੇ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਹਨ।
ਉਨ੍ਹਾਂ ਵਿਚੋਂ ਬਹੁਤੇ ਲੋਕ ਪੱਤਰਕਾਰ ਅਤੇ ਕੈਮਰਾਪਰਸਨ ਹਨ।
ਮੁੰਬਈ ਵਿੱਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੀ ਲਾਗ ਦੇ ਕਾਰਨ, ਇਸ ਨਿਊਜ਼ ਨੈਟਵਰਕ ਨੇ ਤਿੰਨ ਹਫ਼ਤੇ ਪਹਿਲਾਂ ਆਪਣੇ ਪੱਤਰਕਾਰਾਂ ਨੂੰ ਬਾਹਰ ਭੇਜਣਾ ਬੰਦ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਹੁਣ ਘਰਾਂ ਵਿੱਚ ਹੀ ਕੁਆਰੰਟੀਨ ਕੀਤੇ ਗਏ ਹਨ।
ਮੁੰਬਈ ਦੇ ਅੰਧੇਰੀ ਦੇ ਭੀੜ-ਭੜਾਕੇ ਵਾਲੇ ਖੇਤਰ ਵਿੱਚ ਇੱਕ ਅੱਠ ਮੰਜ਼ਿਲਾ ਇਮਾਰਤ ਵਿੱਚ ਇਸ ਨਿਊਜ਼ ਨੈਟਵਰਕ ਦਾ ਇੱਕ ਨਿਊਜ਼ ਰੂਮ ਹੈ।
ਪਰ ਕੋਰੋਨਾਵਾਇਰਸ ਦੀ ਲਾਗ ਕਾਰਨ, 12 ਹਜ਼ਾਰ ਵਰਗ ਫੁੱਟ ਦੇ ਦੋ ਸਟੂਡੀਓ ਵਾਲੇ ਇਸ ਨਿਊਜ਼ ਰੂਮ ਨੂੰ ਬੰਦ ਕਰਨਾ ਪਿਆ। ਹੁਣ ਉੱਥੇ ਸਿਰਫ਼ ਇੱਕ ਇਲੈਕਟ੍ਰਸ਼ੀਅਨ ਅਤੇ ਇੱਕ ਕੰਟਰੋਲ ਰੂਮ ਟੈਕਨੀਸ਼ੀਅਨ ਦੀ ਡਿਊਟੀ ਲੱਗੀ ਹੋਈ ਹੈ।
ਇਸ ਨਿਊਜ਼ ਨੈਟਵਰਕ ਵਿੱਚ ਪੱਤਰਕਾਰ, ਤਕਨੀਕੀ ਸਟਾਫ਼ ਅਤੇ ਡਰਾਈਵਰਾਂ ਸਮੇਤ 120 ਲੋਕਾਂ ਕੰਮ ਕਰਦੇ ਹਨ।
ਇਨ੍ਹਾਂ ਵਿਚੋਂ ਬਹੁਤਿਆਂ ਦਾ ਕੋਰੋਨਾਵਾਇਰਸ ਟੈਸਟ ਹੋ ਚੁੱਕਿਆ ਹੈ।
ਟੈਸਟ ਲੈਬ 'ਤੇ ਬਹੁਤ ਜ਼ਿਆਦਾ ਦਬਾਅ ਹੋਣ ਕਰਕੇ, ਟੈਸਟਾਂ ਦੇ ਨਤੀਜੇ ਹੌਲੀ ਆ ਰਹੇ ਹਨ। ਅਜਿਹਾ ਲਗ ਰਿਹਾ ਹੈ ਕਿ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ।
'ਵਾਇਰਸ ਦੇ ਹਮਲੇ ਕਾਰਨ ਨਿਊਜ਼ ਚੈਨਲ ਚਲਾਉਣਾ ਹੋਇਆ ਮੁਸ਼ਕਲ’
ਕਾਥੇ ਨੇ ਕਿਹਾ, "ਵਾਇਰਸ ਦੇ ਹਮਲੇ ਕਾਰਨ, ਨਿਊਜ਼ ਚੈਨਲ ਚਲਾਉਣਾ ਇੱਕ ਚੁਣੌਤੀ ਬਣ ਗਈ ਹੈ। ਚੈਨਲ ਜਾਰੀ ਰੱਖਣ ਲਈ ਸਾਨੂੰ ਆਪਣੇ ਕੰਮ ਦੇ ਤਰੀਕਿਆਂ ਵਿੱਚ ਬਦਲਾ ਲਿਆਉਣਾ ਪਿਆ।”
ਪਿਛਲੇ ਤਿੰਨ ਹਫ਼ਤਿਆਂ ਤੋਂ, ਇਹ ਡਾਇਰੈਕਟ ਟੂ ਹੋਮ ਚੈਨਲ, 28-28 ਮਿੰਟ ਦੇ ਛੇ ਲਾਈਵ ਬੁਲੇਟਿਨ ਚਲਾ ਰਿਹਾ ਹੈ। ਜਦਕਿ ਪਹਿਲਾਂ ਇਹ ਇੱਕ ਦਿਨ ਵਿੱਚ ਇਹੋ ਜਿਹੇ 18 ਬੁਲੇਟਿਨ ਚਲਾਉਂਦੇ ਸੀ।
ਚੈਨਲ ਹੁਣ ਉਸ ਦੀ ਥਾਂ ਰਿਕਾਰਡ ਕੀਤੀਆਂ ਅਤੇ ਤਾਜ਼ੀਆਂ ਖ਼ਬਰਾਂ ਦਿਖਾਉਂਦਾ ਹੈ।
ਕੋਰੋਨਾਵਾਇਰਸ ਨੇ ਕਈ ਹੋਰ ਨਿਊਜ਼ ਨੈਟਵਰਕਸ ਅਤੇ ਉਨ੍ਹਾਂ ਦੇ ਪੱਤਰਕਾਰਾਂ ਦੇ ਕੰਮ ਨੂੰ ਵੀ ਪ੍ਰਭਾਵਿਤ ਕੀਤਾ ਹੈ। ਲਗਭਗ 100 ਤੋਂ ਵੱਧ ਪੱਤਰਕਾਰ ਕੋਰੋਨਾਵਾਇਰਸ ਨਾਲ ਪੀੜਤ ਹਨ।
ਦੇਸ ਵਿੱਚ ਹੁਣ ਤੱਕ 74 ਹਜ਼ਾਰ ਤੋਂ ਵੱਧ ਲੋਕ (ਅਧਿਕਾਰਤ ਅੰਕੜੇ) ਕੋਰੋਨਾਵਾਇਰਸ ਦੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ, 100 ਤੋਂ ਵੱਧ ਪੱਤਰਕਾਰਾਂ ਦਾ ਬਿਮਾਰ ਹੋਣਾ ਵੀ ਆਪਣੇ ਵੱਲ ਧਿਆਨ ਖਿੱਚਦਾ ਹੈ।
ਕੋਰੋਨਾਵਾਇਰਸ ਨੇ ਮੁੰਬਈ ਦੇ ਪੱਤਰਕਾਰਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਇਸ ਮਹਾਂਨਗਰ ਵਿੱਚ ਘੱਟ ਜਗ੍ਹਾ ਹੈ ਅਤੇ ਪੱਤਰਕਾਰ ਆਪਣੇ ਛੋਟੇ-ਛੋਟੇ ਘਰਾਂ ਤੋਂ ਹੀ ਕੰਮ ਕਰ ਰਹੇ ਹਨ।
ਕੈਮਰੇ ਸਾਹਮਣੇ ਬੈਠੇ ਐਂਕਰ ਲਗਾਤਾਰ ਖ਼ਬਰਾਂ ਪੜ੍ਹ ਰਹੇ ਹਨ। ਉਨ੍ਹਾਂ ਦੇ ਪਿੱਛੇ ਵਾਲੀ ਕੰਧ 'ਤੇ ਨੈਟਵਰਕ (ਬ੍ਰਾਂਡਿੰਗ) ਦਾ ਨਾਮ ਲਿਖਿਆ ਹੁੰਦਾ ਹੈ।
ਇੱਥੇ ਪੜੀਆਂ ਗਈਆਂ ਖ਼ਬਰਾਂ ਸਿੱਧੇ ਹੋਮ ਬ੍ਰੌਡਬੈਂਡ ਅਤੇ 4G ਮੋਬਾਈਲ ਹੌਟਸਪੌਟਸ ਦੁਆਰਾ ਪ੍ਰੋਡਕਸ਼ਨ ਕੇਂਦਰ ਤੱਕ ਪਹੁੰਚਦੀਆਂ ਹਨ।
ਇਸ ਤਰੀਕੇ ਨਾਲ ਕੰਮ ਕਰਨ ਵਿੱਚ ਕੋਈ ਘੱਟ ਮੁਸ਼ਕਲਾਂ ਨਹੀਂ ਆਉਂਦੀਆਂ।
ਕਈ ਵਾਰ ਬੁਲੇਟਿਨ ਦੌਰਾਨ ਹੀ ਐਂਕਰ ਦੇ ਘਰ ਦੀ ਬਿਜਲੀ ਚਲੀ ਜਾਂਦੀ ਹੈ, ਜਾਂ ਫਿਰ ਇੰਟਰਨੈਟ ਦਾ ਕਨੈਕਸ਼ਨ ਕੱਟ ਜਾਂਦਾ ਹੈ।
ਕਾਥੇ ਕਹਿੰਦੇ ਹਨ, "ਅਜਿਹੀ ਸਥਿਤੀ ਵਿੱਚ ਕੰਮ ਕਰਨਾ ਸੌਖਾ ਨਹੀਂ ਹੈ ਪਰ ਅਸੀਂ ਇਸ ਨਾਲ ਸੰਘਰਸ਼ ਕਰਦੇ ਹੋਏ ਕੰਮ ਚਲਾ ਰਹੇ ਹਾਂ। ਅਜਿਹੀਆਂ ਮੁਸ਼ਕਲਾਂ ਦੇ ਬਾਵਜੂਦ ਸਾਡਾ ਇੱਕ ਵੀ ਬੁਲੇਟਿਨ ਨਹੀਂ ਰੁੱਕਿਆ।”
ਫੀਲਡ ਰਿਪੋਰਟਿੰਗ ਦੇ ਕਾਰਨ ਵਧਿਆ ਬਿਮਾਰੀ ਦਾ ਖ਼ਤਰਾ
ਇਸ ਸਮੇਂ ਦੇਸ ਵਿੱਚ ਕੋਰੋਨਾਵਾਇਰਸ ਕਾਰਨ ਲੌਕਡਾਊਨ ਦਾ ਤੀਜਾ ਦੌਰ ਚੱਲ ਰਿਹਾ ਹੈ। ਭਾਰਤ ਵਿੱਚ ਦੁਨੀਆਂ ਦਾ ਸਭ ਤੋਂ ਸਖ਼ਤ ਲੌਕਡਾਊਨ ਹੈ।
ਇਸ ਲਈ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਹੈ। ਦੁਕਾਨਾਂ ਅਤੇ ਫੈਕਟਰੀਆਂ ਬੰਦ ਹਨ। ਕਾਰੋਬਾਰ ਰੁਕਿਆ ਹੋਇਆ ਹੈ। ਹਰ ਤਰ੍ਹਾਂ ਦੀਆਂ ਗੱਡੀਆਂ 'ਤੇ ਪਾਬੰਦੀ ਲੱਗੀ ਹੋਈ ਹੈ।
ਪਰ ਕਈ ਪੱਤਰਕਾਰ, ਖ਼ਾਸਕਰ ਜਿਹੜੇ ਕਿਸੇ ਨਿਊਜ਼ ਨੈਟਵਰਕ ਵਿੱਚ ਕੰਮ ਕਰਨ ਵਾਲੇ ਘਰੋਂ ਬਾਹਰ ਨਿਕਲ ਕੇ ਕੰਮ ਕਰ ਰਹੇ ਹਨ। ਇਸੇ ਕਰਕੇ ਉਹ ਬਿਮਾਰੀ ਦਾ ਸ਼ਿਕਾਰ ਵੀ ਹੋ ਰਹੇ ਹਨ।
ਚੇਨਈ ਵਿੱਚ 32 ਤੋਂ ਵੱਧ ਪੱਤਰਕਾਰ ਕੋਰੋਨਾਵਾਇਰਸ ਪੀੜਤ ਪਾਏ ਗਏ ਹਨ।
ਕੋਲਕਾਤਾ ਵਿੱਚ ਇੱਕ ਸਪੋਰਟਸ ਫੋਟੋ ਪੱਤਰਕਾਰ ਦੀ ਹਾਲ ਹੀ ਵਿੱਚ ਮੌਤ ਹੋ ਗਈ। ਡਾਕਟਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਮੌਤ ਕੋਰੋਨਾਵਾਇਰਸ ਕਰਕੇ ਹੋਈ।
ਪੰਜਾਬ ਵਿੱਚ ਪ੍ਰਸਿੱਧ ਮੀਡੀਆ ਗਰੁੱਪ ਪੰਜਾਬ ਕੇਸਰੀ ਦੇ 19 ਕਰਮਚਾਰੀਆਂ ਦੇ ਕੋਰੋਨਾਵਾਇਰਸ ਪੌਜ਼ਿਟਿਵ ਹੋਣ ਦੀਆਂ ਖ਼ਬਰਾਂ ਹਨ।
ਖ਼ਤਰੇ ਨੂੰ ਵੇਖਦੇ ਹੋਏ, ਇਸ ਮਹੀਨੇ ਦੇ ਸ਼ੁਰੂ ਵਿੱਚ, ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਿਹਾ ਹੈ।
ਪਰ ਕੋਰੋਨਾਵਾਇਰਸ ਦੀ ਬਿਮਾਰੀ ਦੇ ਜ਼ਿਆਦਾਤਰ ਮਾਮਲੇ ਮੁੰਬਈ ਤੋਂ ਆ ਰਹੇ ਹਨ।
ਇਹ ਦੇਸ ਦਾ ਸਭ ਤੋਂ ਵੱਡਾ ਹੌਟਸਪੌਟ ਬਣ ਕੇ ਉਭਰਿਆ ਹੈ। ਹੁਣ ਤੱਕ ਇੱਥੇ ਬਿਮਾਰੀ ਦੇ 14 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 950 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੁੰਬਈ ਵਿੱਚ ਹੁਣ ਤਕ ਟੈਸਟ ਕੀਤੇ ਗਏ 167 ਪੱਤਰਕਾਰਾਂ ਵਿਚੋਂ 50 ਤੋਂ ਵੱਧ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ।
ਇਨ੍ਹਾਂ ਵਿਚੋਂ 36 ਠੀਕ ਹੋ ਕੇ ਘਰ ਵਾਪਸ ਆ ਚੁੱਕੇ ਹਨ, ਜਦਕਿ ਬਾਕੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਬਹੁਤ ਸਾਰੇ ਪੱਤਰਕਾਰਾਂ ਨੂੰ ਘਰਾਂ ਅਤੇ ਹੋਟਲਾਂ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਜੇ ਹੋਰ 170 ਪੱਤਰਕਾਰਾਂ ਦੇ ਟੈਸਟ ਹੋਣੇ ਹਨ।
ਬਿਮਾਰ ਹੋਏ ਪੱਤਰਕਾਰਾਂ ਵਿੱਚੋਂ ਜ਼ਿਆਦਾਤਰ ਟੀਵੀ ਰਿਪੋਰਟਰ ਅਤੇ ਕੈਮਪਰਸਨ ਹਨ। ਪਰ ਉਨ੍ਹਾਂ ਵਿੱਚ ਲਾਗ ਦੇ ਕੋਈ ਲੱਛਣ ਨਹੀਂ ਦਿਖ ਰਹੇ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦਾ ਕਹਿਣਾ ਹੈ ਕਿ ਭਾਰਤ ਵਿੱਚ, ਜ਼ਿਆਦਾਤਰ ਲੋਕ, ਜੋ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ, ਵਿੱਚ ਲੱਛਣ ਨਹੀਂ ਦਿਖ ਰਹੇ। ਜੇਕਰ ਦਿੱਖ ਵੀ ਰਹੇ ਹਨ ਤਾਂ ਉਹ ਬਹੁਤ ਮਾਮੂਲੀ ਹਨ।
ਆਖਰਕਾਰ, ਇੰਨੇ ਪੱਤਰਕਾਰ ਕਿਉਂ ਹੋ ਰਹੇ ਹਨ ਕੋਰੋਨਾ ਦਾ ਸ਼ਿਕਾਰ?
ਜੇ ਪੱਤਰਕਾਰ ਇੰਨੀ ਵੱਡੀ ਗਿਣਤੀ ਵਿੱਚ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਰਹੇ ਹਨ, ਤਾਂ ਇਸਦੇ ਕੀ ਕਾਰਨ ਹਨ?
ਮੁੰਬਈ ਦੀ ਟੀਵੀ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਜਗਦਾਲੇ ਨੇ ਮੈਨੂੰ ਦੱਸਿਆ, “ਸ਼ੁਰੂ ਵਿੱਚ ਕੁਝ ਟੀਵੀ ਚੈਨਲਾਂ ਅਤੇ ਨਿਊਜ਼ ਨੈਟਵਰਕ ਨੇ ਆਪਣੇ ਪੱਤਰਕਾਰਾਂ ਉੱਤੇ ਬਾਹਰ ਜਾ ਕੇ ਲੌਕਡਾਊਨ ਦੀਆਂ ਵੀਡੀਓ ਤੇ ਫੋਟੋਆਂ ਲਿਆਉਣ ਲਈ ਬਹੁਤ ਦਬਾਅ ਪਾਇਆ ਸੀ।"
"ਨਾਲ ਹੀ ਕੁਝ ਪੱਤਰਕਾਰ ਉਤਸ਼ਾਹਿਤ ਹੋ ਕੇ ਬਾਹਰ ਚਲੇ ਗਏ ਪਰ ਸ਼ਾਇਦ ਉਨ੍ਹਾਂ ਨੇ ਲੋੜੀਂਦੀਆਂ ਸਾਵਧਾਨੀਆਂ ਨਹੀਂ ਵਰਤੀਆਂ। ਉਹ ਹੌਟਸਪੌਟ 'ਤੇ ਪਹੁੰਚ ਕੇ ਕੰਮ ਕਰ ਰਹੇ ਸਨ।”
ਉਨ੍ਹਾਂ ਕਿਹਾ, “ਪੱਤਰਕਾਰ ਆਪਣੇ ਕੰਮਾਂ 'ਤੇ ਟੈਕਸੀ ਲੈ ਕੇ ਜਾ ਰਹੇ ਸਨ ਅਤੇ ਵਾਪਸ ਆ ਕੇ ਛੋਟੀਆਂ ਥਾਵਾਂ ਵਿੱਚ ਆਪਣੇ ਸਾਥੀਆਂ ਨਾਲ ਕੰਮ ਕਰ ਰਹੇ ਸੀ।"
"ਪੌਜ਼ਿਟਿਵ ਪਾਏ ਗਏ ਪੱਤਰਕਾਰਾਂ ਨੂੰ ਵੱਖ-ਵੱਖ ਥਾਵਾਂ 'ਤੇ ਲੈ ਜਾਣ ਵਾਲੇ ਤਿੰਨ ਡਰਾਈਵਰ ਹੀ ਸਨ। ਹੁਣ ਸਥਿਤੀ ਇੰਨੀ ਮਾੜੀ ਹੋ ਗਈ ਹੈ ਕਿ ਨਿਊਜ਼ ਨੈਟਵਰਕਾਂ ਨੇ ਆਪਣੇ ਪੱਤਰਕਾਰਾਂ ਨੂੰ ਘਰੋਂ ਕੰਮ ਕਰਨ ਲਈ ਕਹਿ ਦਿੱਤਾ ਹੈ।”
ਜਗਦਾਲੇ ਕਹਿੰਦੇ ਹਨ, "ਹੁਣ ਪੱਤਰਕਾਰਾਂ ਵਿੱਚ ਬਹੁਤ ਡਰ ਹੈ। ਬਹੁਤੇ ਪੱਤਰਕਾਰ ਅਜੇ ਵੀ ਘਰੋਂ ਬਾਹਰ ਨਹੀਂ ਨਿਕਲ ਰਹੇ ਹਨ। ਉਨ੍ਹਾਂ ਦੇ ਸੀਨੀਅਰ ਅਤੇ ਬੌਸ ਜ਼ਿਆਦਾ ਸਤਰਕ ਹੋ ਗਏ ਹਨ। ਬਾਹਰ ਭੇਜ ਕੇ ਕੰਮ ਕਰਵਾਉਂਣ ਤੋਂ ਪਹਿਲਾਂ ਉਹ ਸੌ ਵਾਰ ਸੋਚਦੇ ਹਨ।"
"ਤੁਰੰਤ ਐਂਬੂਲੈਂਸ ਮੰਗਾਓ ਨਹੀਂ ਤਾਂ ਮੈਂ ਮਰ ਜਾਵਾਂਗਾ”
ਕੋਲਕਾਤਾ ਦੇ ਸਪੋਰਟਸ ਫੋਟੋਗ੍ਰਾਫ਼ਰ ਰੌਨੀ ਰਾਏ ਪਿਛਲੇ ਦਿਨੀ ਆਪਣੇ ਕੰਮ ਲਈ ਨਿਕਲ ਗਏ।
ਛੇ ਸਾਲ ਪਹਿਲਾਂ ਉਨ੍ਹਾਂ ਨੇ ਬੀਬੀਸੀ ਦੀ ਨਿਊਜ਼ ਸਾਈਟ 'ਤੇ ਕਿਸੇ ਅਸਾਈਨਮੈਂਟ ਲਈ ਫੋਟੋਗ੍ਰਾਫੀ ਵੀ ਕੀਤੀ ਸੀ।
ਕੋਰੋਨਾਵਾਇਰਸ ਦੇ ਦੌਰਾਨ ਵੀ, ਉਹ ਬਾਹਰ ਨਿਕਲ ਕੇ ਖੂਬ ਕੰਮ ਕਰ ਰਹੇ ਸੀ।
ਮਾਰਚ ਵਿੱਚ ਇੱਕ ਅਸਾਈਨਮੈਂਟ ਦੌਰਾਨ, ਉਹ ਗੁਜਰਾਤ ਦੇ ਰਾਜਕੋਟ ਵਿੱਚ ਇੱਕ ਕ੍ਰਿਕਟ ਮੈਚ ਕਵਰ ਕਰਨ ਗਏ ਸੀ। ਉਹ ਕਾਫ਼ੀ ਸਾਵਧਾਨੀ ਵੀ ਵਰਤ ਰਹੇ ਸੀ। ਮਾਸਕ ਪਾ ਕੇ ਕੰਮ ਕਰ ਰਹੇ ਸੀ। ਕੰਮ ਦੇ ਦੌਰਾਨ ਅਕਸਰ ਹੱਥ ਵੀ ਧੋਂਦੇ ਸੀ।
ਪਰ ਰਾਜਕੋਟ ਤੋਂ ਵਾਪਸ ਆਉਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਉਨ੍ਹਾਂ ਨੂੰ ਲਗਾਤਾਰ ਬੁਖਾਰ ਹੋਣ ਲਗਿਆ। ਖੰਘ ਆਉਣੀ ਸ਼ੁਰੂ ਹੋ ਗਈ ਅਤੇ ਸਰੀਰ ਵਿੱਚ ਦਰਦ ਹੋਣ ਲਗਿਆ।
24 ਅਪ੍ਰੈਲ ਦੀ ਸਵੇਰ ਨੂੰ ਉਠਦਿਆਂ ਸਾਰ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਣ ਲੱਗੀ। ਉਨ੍ਹਾਂ ਨੇ ਆਪਣੇ ਇੱਕ ਸਾਥੀ ਫੋਟੋਗ੍ਰਾਫਰ ਨੂੰ ਫ਼ੋਨ ਕਰਕੇ ਕਿਹਾ, "ਤੁਰੰਤ ਐਂਬੂਲੈਂਸ ਮੰਗਵਾਓ, ਨਹੀਂ ਤਾਂ ਮੈਂ ਮਰ ਜਾਵਾਂਗਾ।"
ਐਂਬੂਲੈਂਸ ਨੂੰ ਆਉਣ ਵਿੱਚ ਤਿੰਨ ਘੰਟੇ ਲੱਗ ਗਏ।
ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਕ ਘੰਟੇ ਵਿਚ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ ਕਿ ਉਨ੍ਹਾਂ ਦਾ ਟੈਸਟ ਕਰਵਾਉਣ ਦਾ ਮੌਕਾ ਵੀ ਨਹੀਂ ਮਿਲਿਆ।”
ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੌਨੀ ਸ਼ਾਇਦ ਕੋਵਿਡ-19 ਦਾ ਸ਼ਿਕਾਰ ਹੋ ਗਏ ਸੀ। ਰੌਨੀ ਦੇ ਪਰਿਵਾਰ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਦੀ ਆਗਿਆ ਵੀ ਨਹੀਂ ਮਿਲੀ ਸੀ।
ਕੋਰੋਨਾ ਮਹਾਂਮਾਰੀ ਦੀ ਰਿਪੋਰਟ ਕਰਨ ਵਿੱਚ ਵੱਡਾ ਜੋਖ਼ਮ
ਕੋਵਿਡ -19 ਨਾਲ ਸਬੰਧਤ ਮਾਮਲਿਆਂ ਦੀ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਪੱਤਰਕਾਰਾਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਬਰਖਾ ਦੱਤ, ਜੋ ਕੋਰੋਨਾਵਾਇਰਸ ਦੀ ਲਾਗ ਅਤੇ ਇਸ ਦੇ ਪ੍ਰਭਾਵਾਂ ਬਾਰੇ ਭਾਰਤ ਵਿੱਚ ਕਿਸੇ ਵੀ ਪੱਤਰਕਾਰ ਨਾਲੋਂ ਜ਼ਿਆਦਾ ਰਿਪੋਰਟ ਕਰ ਰਹੇ ਹਨ, ਦਾ ਕਹਿਣਾ ਹੈ ਕਿ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਦੌਰਾਨ ਬਿਮਾਰੀ ਨੂੰ ਰੋਕਣ ਲਈ ਜਾਰੀ ਕੀਤੇ ਗਏ ਹਰ ਨਿਰਦੇਸ਼ ਦੀ ਸਖ਼ਤੀ ਨਾਲ ਪਾਲਣਾ ਕਰਦੇ ਹਨ।
ਬਰਖਾ ਕੋਰੋਨਾਵਾਇਰਸ ਦੀ ਰਿਪੋਰਟਿੰਗ ਲਈ ਦਿੱਲੀ ਤੋਂ ਬਾਹਰ ਨਿਕਲ ਕੇ ਛੇ ਸੂਬਿਆਂ ਵਿੱਚ ਜਾ ਚੁੱਕੀ ਹਨ। ਹੁਣ ਤੱਕ ਉਨ੍ਹਾਂ ਨੇ 4000 ਕਿਲੋਮੀਟਰ ਤੋਂ ਵੀ ਵੱਧ ਦੀ ਦੂਰੀ ਤੈਅ ਕੀਤੀ ਹੈ।
ਉਨ੍ਹਾਂ ਦੀ ਟੀਮ ਵਿੱਚ ਤਿੰਨ ਲੋਕ ਹਨ। ਹੁਣ ਤੱਕ, ਉਨ੍ਹਾਂ ਨੇ ਇਸ ਸਾਰੇ ਕੰਮ ਵਿੱਚ ਆਪਣਾ ਡਰਾਈਵਰ ਨਹੀਂ ਬਦਲਿਆ।
ਬਰਖਾ ਨੇ ਮੈਨੂੰ ਦੱਸਿਆ, "ਅਸੀਂ ਹਰ ਸਮੇਂ ਦਸਤਾਨੇ ਅਤੇ ਮਾਸਕ ਪਾ ਕੇ ਰੱਖਦੇ ਹਾਂ। ਅਸੀਂ ਪੱਕਾ ਕਰਦੇ ਹਾਂ ਕਿ ਸਾਡਾ ਮਾਈਕ ਇੱਕ ਸੋਟੀ ਨਾਲ ਬੰਨਿਆ ਹੋਇਆ ਹੋਵੇ ਅਤੇ ਜਦੋਂ ਅਸੀਂ ਕਿਸੇ ਦਾ ਇੰਟਰਵਿਊ ਲੈਂਦੇ ਹਾਂ ਤਾਂ ਇੱਕ ਵਿਸ਼ੇਸ਼ ਦੂਰੀ ਬਣਾ ਕੇ ਰੱਖਦੇ ਹਾਂ। ਅਸੀਂ ਲੋਕਾਂ ਦੇ ਨੇੜੇ ਜਾ ਕੇ ਇੰਟਰਵਿਊ ਕਰਨ ਤੋਂ ਬਚਦੇ ਹਾਂ।”
ਹਰ ਸ਼ੂਟ ਤੋਂ ਬਾਅਦ, ਟੀਮ ਮੈਂਬਰ ਆਪਣੇ ਦਸਤਾਨੇ ਅਤੇ ਮਾਸਕ ਸੁੱਟ ਦਿੰਦੇ ਹਨ ਅਤੇ ਆਪਣੇ ਹੱਥ ਧੋਂਦੇ ਹਨ। ਇਸ ਦੇ ਨਾਲ ਹੀ ਆਪਣੇ ਉਪਕਰਣਾਂ ਨੂੰ ਐਂਟੀਸੈਪਟਿਕ ਲੋਸ਼ਨ ਅਤੇ ਵਿਸ਼ੇਸ਼ ਸਪੰਜ ਨਾਲ ਪੂੰਝਦੇ ਹਾਂ।
ਹਾਲ ਹੀ ਵਿੱਚ, ਜਦੋਂ ਉਹ ਇੰਡੋਰ, ਕੋਰੋਨਾਵਾਇਰਸ ਦੇ ਹੌਟਸਪੌਟ, ਵਿੱਚ ਇੱਕ ਹਸਪਤਾਲ ਦੇ ਅੰਦਰ ਪਹੁੰਚੇ, ਉਨ੍ਹਾਂ ਨੇ ਲਾਗ ਦੇ ਬਚਾਅ ਵਾਲੇ ਕਪੜੇ (ਰੱਖਿਆਤਮਕ ਗੇਅਰ) ਪਾਏ। ਇਸ ਤੋਂ ਬਾਅਦ ਉਹ ਇਨਫੈਕਸ਼ਨ ਤੋਂ ਬਚਣ ਲਈ ਸਿੱਧਾ ਦਿੱਲੀ ਸਥਿਤ ਆਪਣੇ ਘਰ ਆਏ।
ਬਰਖਾ ਨੇ ਕਿਹਾ, "ਸਾਡੇ ਲਈ ਇਹ ਬਹੁਤ ਮੁਸ਼ਕਲ ਸੀ। ਇਕ ਦਿਨ ਵਿੱਚ, ਇਕ ਪਾਸੇ ਅੱਠ ਘੰਟੇ ਦੀ ਯਾਤਰਾ ਕਰਕੇ ਇੰਦੌਰ ਪਹੁੰਚੇ, ਫਿਰ ਉੱਥੇ ਪੰਜ ਘੰਟੇ ਲਈ ਸ਼ੂਟਿੰਗ ਕੀਤੀ ਅਤੇ ਫਿਰ ਅੱਠ ਘੰਟੇ ਦੀ ਯਾਤਰਾ ਕਰਕੇ ਵਾਪਸ ਦਿੱਲੀ ਪਰਤੇ।"
ਹਾਲਾਂਕਿ, ਅਜਿਹੀ ਮਹਾਂਮਾਰੀ ਦੌਰਾਨ ਲੋਕਾਂ ਤੱਕ ਖ਼ਬਰਾਂ ਪਹੁੰਚਣਾ ਬੇਹੱਦ ਔਖਾ ਕੰਮ ਹੈ।
ਇਸ ਵਿੱਚ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਇਸਦੇ ਨਾਲ, ਇਹ ਕੰਮ ਸਖ਼ਤ ਮਿਹਨਤ ਦੀ ਵੀ ਮੰਗ ਕਰਦਾ ਹੈ।