You’re viewing a text-only version of this website that uses less data. View the main version of the website including all images and videos.
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਤਿੰਨ ਫੋਟੋਗ੍ਰਾਫਰਾਂ ਨੇ ਜਿੱਤਿਆ 2020 ਪੁਲਿਟਜ਼ਰ ਐਵਾਰਡ
ਅਗਸਤ 2019 ਵਿੱਚ ਧਾਰਾ 370 ਹਟਾਉਣ ਮਗਰੋਂ ਭਾਰਤ ਸ਼ਾਸਿਤ ਕਸ਼ਮੀਰ ਦੇ ਹਾਲਾਤ ਦੁਨੀਆਂ ਦੇ ਸਾਹਮਣੇ ਰੱਖਣੇ ਆਸਾਨ ਨਹੀਂ ਸਨ। ਸੂਬੇ ਵਿੱਚ ਕਰਫ਼ਿਊ ਲਗਾਇਆ ਗਿਆ ਜਿਸ ਦੌਰਾਨ ਫੋਨ ਅਤੇ ਇੰਟਰਨੈੱਟ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਸੀ।
ਐਸੋਸੀਏਟਿਡ ਪ੍ਰੈੱਸ (ਏਪੀ) ਦੇ ਤਿੰਨ ਫੋਟੋਗ੍ਰਾਫਰਾਂ ਨੂੰ ਇਸ ਸਮੇਂ ਦੌਰਾਨ ਦੁਨੀਆਂ ਤੱਕ ਸੂਬੇ ਦੇ ਹਾਲਾਤਾਂ ਨੂੰ ਪੇਸ਼ ਕਰਨ ਲਈ ਸਰਾਹਿਆ ਗਿਆ ਹੈ।
ਏਪੀ ਇਨ੍ਹਾਂ ਤਿੰਨ ਫੋਟੋਗ੍ਰਾਫਰਾਂ: ਡਾਰ ਯਾਸੀਨ, ਮੁਖ਼ਤਾਰ ਖ਼ਾਨ ਤੇ ਚੰਨੀ ਆਨੰਦ ਨੂੰ ਆਪਣੇ ਕੰਮ ਲਈ 2020 ਪੁਲਿਟਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਨ੍ਹਾਂ ਤਿੰਨਾਂ ਫੋਟੋਗ੍ਰਾਫਰਾਂ ਦੇ ਕੰਮ ਨੂੰ ਫ਼ੀਚਰ ਕੈਟਾਗਰੀ ਵਿੱਚ ਚੁਣਿਆ ਗਿਆ ਹੈ।
ਏਜੰਸੀ ਮੁਤਾਬਕ, ਅਕਸਰ ਇਹ ਤਸਵੀਰਾਂ ਸਬਜ਼ੀ ਦੇ ਥੈਲਿਆਂ ਵਿੱਚ ਲਕੋ ਕੇ ਜਾਂ ਫਿਰ ਲੋਕਾਂ ਦੇ ਘਰਾਂ ਅਤੇ ਬੰਦ ਸੜਕਾਂ ਤੋਂ ਲੁੱਕ ਕੇ ਖਿੱਚੀਆਂ ਗਈਆਂ ਸਨ।
ਇਨ੍ਹਾਂ ਫੋਟੋਆਂ ਵਿੱਚ ਮੁਜ਼ਾਹਰਿਆਂ, ਪੁਲਿਸ ਤੇ ਅਰਧ ਸੈਨਿਕ ਬਲਾਂ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਕੈਦ ਕੀਤਾ ਗਿਆ।
ਇਨ੍ਹਾਂ ਫੋਟੋਗ੍ਰਾਫਰਾਂ ਨੇ ਫੋਟੋਆਂ ਖਿੱਚਣ ਦੇ ਨਾਲ ਉਨ੍ਹਾਂ ਨੂੰ ਏਜੰਸੀ ਦੇ ਦਫ਼ਤਰ ਤੱਕ ਪਹੁੰਚਾਉਣ ਲਈ ਵੀ ਮਿਹਨਤ ਕੀਤੀ।
ਇਹ ਵੀ ਪੜ੍ਹੋ:
ਹਵਾਈ ਉਡਾਣ ਦੇ ਜ਼ਰੀਏ ਬਾਹਰ ਜਾਣ ਵਾਲੇ ਲੋਕਾਂ ਨਾਲ ਸੰਪਰਕ ਕਰਕੇ, ਉਨ੍ਹਾਂ ਨੂੰ ਏਅਰਪੋਰਟ 'ਤੇ ਫੋਟੋਆਂ ਦਿੰਦੇ ਤਾਂ ਕਿ ਉਹ ਏਜੰਸੀ ਦੇ ਦਿੱਲੀ ਵਾਲੇ ਦਫ਼ਤਰ ਤੱਕ ਪਹੁੰਚ ਸਕਣ।
ਯਾਸੀਨ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਦੇ ਹਨ, "ਹਰ ਵੇਲੇ ਭੱਜ-ਦੌੜ ਪਈ ਰਹਿੰਦੀ ਪਰ ਇਸ ਤਜਰਬੇ ਨੇ ਸਾਨੂੰ ਚੁੱਪ ਨਾ ਰਹਿਣਾ ਸਿਖਾ ਦਿੱਤਾ।"
ਯਾਸੀਨ ਤੇ ਖ਼ਾਨ ਦੋਵੇਂ ਸ਼੍ਰੀਨਗਰ ਤੋਂ ਕੰਮ ਕਰਦੇ ਹਨ ਤੇ ਆਨੰਦ ਜੰਮੂ ਤੋਂ ਹਨ।
ਆਨੰਦ ਨੇ ਦੱਸਿਆ, "ਮੈਂ ਐਵਾਰਡ ਬਾਰੇ ਸੁਣ ਕੇ ਹੈਰਾਨ ਹੋ ਗਿਆ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ।”
ਆਨੰਦ ਪਿਛਲੇ 20 ਸਾਲਾਂ ਤੋਂ ਏਜੰਸੀ ਲਈ ਕੰਮ ਕਰ ਰਹੇ ਹਨ।
ਏਪੀ ਦੇ ਸੀਈਓ ਗੈਰੀ ਪਰੁਇਟ ਨੇ ਕਿਹਾ, "ਇਸ ਸਨਮਾਨ ਨਾਲ ਏਜੰਸੀ ਦੀ ਐਵਾਰਡ ਜਿੱਤਣ ਦੀ ਰਵਾਇਤ ਅੱਗੇ ਵਧੀ ਹੈ।”
"ਮੈਂ ਕਸ਼ਮੀਰ ਦੀ ਟੀਮ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਨ੍ਹਾਂ ਨੇ ਸੂਬੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਨੂੰ ਲੋਕਾਂ ਸਾਹਮਣੇ ਰੱਖਿਆ। ਉਨ੍ਹਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ।”
ਏ ਪੀ ਦੇ ਕਾਰਜਕਾਰੀ ਸੰਪਾਦਕ ਸੈਲੀ ਬੁਜ਼ਬੀ ਨੇ ਕਸ਼ਮੀਰ ਐਵਾਰਡ ਨੂੰ “ਡਾਰ, ਮੁਖ਼ਤਾਰ, ਚੰਨੀ ਅਤੇ ਉਨ੍ਹਾਂ ਦੇ ਸਾਥੀਆਂ ਦੀ ਕੁਸ਼ਲਤਾ, ਬਹਾਦਰੀ ਅਤੇ ਟੀਮ ਵਰਕ ਦਾ ਨਤੀਜਾ” ਕਿਹਾ।
ਫੋਟੋਗ੍ਰਾਫਰਾਂ ਦਾ ਇਹ ਸਨਮਾਨ ਏ ਪੀ ਦਾ 54ਵਾਂ ਪੁਲਿਟਜ਼ਰ ਪੁਰਸਕਾਰ ਹੈ।
ਏ ਪੀ ਨੇ ਪਿਛਲੇ ਸਾਲ ਯਮਨ ਵਿੱਚ ਹੋਏ ਟਕਰਾਅ ਅਤੇ ਇਸ ਤੋਂ ਬਾਅਦ ਦੇ ਸੰਕਟ ਬਾਰੇ ਕਹਾਣੀਆਂ, ਫੋਟੋਆਂ ਅਤੇ ਵੀਡੀਓਜ਼ ਲਈ ਵੀ ਪੁਲਟਿਜ਼ਰ ਅਵਾਰਡ ਜਿੱਤਿਆ ਸੀ।
ਕੀ ਇਹ ਪੁਲਿਟਜ਼ਰ ਪੁਰਸਕਾਰ
ਪੁਲਿਟਜ਼ਰ ਪੁਰਸਕਾਰ ਅਖ਼ਬਾਰ, ਰਸਾਲੇ, ਆਨਲਾਈਨ ਪੱਤਰਕਾਰੀ, ਸਾਹਿਤ ਅਤੇ ਸੰਗੀਤ ਰਚਨਾ ਵਿੱਚ ਚੰਗਾ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਣ ਵਾਲਾ ਐਵਾਰਡ ਹੈ।
ਇਸ ਦੀ ਸ਼ੁਰੂਆਤ 1917 ਵਿੱਚ ਜੋਸਫ਼ ਪੁਲਿਟਜ਼ਰ ਨੇ ਕੀਤੀ ਸੀ। ਜੋਸਫ਼ ਇੱਕ ਅਖ਼ਬਾਰ ਦੇ ਪ੍ਰਕਾਸ਼ਕ ਸਨ।
ਹਰ ਸਾਲ ਇਸ ਪੁਰਸਕਾਰ ਦਾ ਪ੍ਰਬੰਧ ਕੋਲੰਬੀਆ ਯੂਨੀਵਰਸਿਟੀ ਦੁਆਰਾ ਕੀਤਾ ਜਾਂਦਾ ਹੈ। 21 ਸ਼੍ਰੇਣੀਆਂ ਵਿੱਚ ਇਨਾਮ ਦਿੱਤੇ ਜਾਂਦੇ ਹਨ।
20 ਸ਼੍ਰੇਣੀਆਂ ਵਿੱਚ, ਹਰੇਕ ਜੇਤੂ ਨੂੰ ਇੱਕ ਸਰਟੀਫਿਕੇਟ ਅਤੇ 15,000 ਡਾਲਰ ਦਾ ਨਕਦ ਪੁਰਸਕਾਰ ਮਿਲਦਾ ਹੈ। ਜਨਤਕ ਸੇਵਾ ਸ਼੍ਰੇਣੀ ਵਿੱਚ ਜੇਤੂ ਰਹਿਣ ਵਾਲੇ ਨੂੰ ਸੋਨੇ ਦਾ ਤਗਮਾ ਦਿੱਤਾ ਜਾਂਦਾ ਹੈ।
ਕਸ਼ਮੀਰ ਦੇ ਹਾਲਾਤ
ਅਗਸਤ 2019 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾ ਦਿੱਤੀ। ਧਾਰਾ-370 ਜੰਮੂ-ਕਸ਼ਮੀਰ ਨੂੰ ਬਾਕੀ ਦੇਸ ਤੋਂ ਵੱਖਰੀਆਂ ਕੁਝ ਖਾਸ ਸੁਵਿਧਾਵਾਂ ਦਿੰਦੀ ਸੀ।
ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਫੌਜੀ ਤਾਇਨਾਤ ਕਰਕੇ ਇੰਟਰਨੈੱਟ, ਸੈੱਲਫੋਨ, ਲੈਂਡਲਾਈਨ ਅਤੇ ਕੇਬਲ ਟੀ ਵੀ ਸੇਵਾਵਾਂ ਬੰਦ ਕਰ ਦਿੱਤੀਆਂ ਸਨ।
ਇਸ ਦੌਰਾਨ ਹਜ਼ਾਰਾਂ ਲੋਕਾਂ ਨੂੰ ਮੁਜ਼ਾਰਹਿਆਂ ਵਿੱਚ ਹਿੱਸਾ ਲੈਣ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਇਹ ਵੀਡੀਓ ਦੇਖੋ