ਕੋਰੋਨਾਵਾਇਰਸ: ਜਲੰਧਰ ਵਿੱਚ ਜਦੋਂ ਕੋਈ ਲਾਸ਼ ਲੈਣ ਨਾ ਪਹੁੰਚਿਆ ਤਾਂ ਹਸਪਤਾਲ ਦੇ ਸਟਾਫ਼ ਨੇ ਹੀ ਕੀਤਾ ਸਸਕਾਰ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਜਲੰਧਰ ਵਿੱਚ ਕਰੋਨਾਵਾਇਰਸ ਨਾਲ ਸ਼ਨਿੱਚਰਵਾਰ ਨੂੰ ਤੀਜੀ ਮੌਤ ਹੋ ਗਈ। ਮਰਹੂਮ ਰਾਮਾਮੰਡੀ ਦੇ ਇੱਕ ਨਿੱਜੀ ਹਸਪਤਾਲ ਵਿੱਚ 22 ਅਪ੍ਰੈਲ ਦਾ ਦਾਖਲ ਸੀ। ਉਸ ਦੇ ਸੈਂਪਲ ਦੀ ਰਿਪੋਰਟ ਉਸ ਦੀ ਮੌਤ ਤੋਂ ਬਾਅਦ ਪੌਜ਼ੀਟਿਵ ਆਈ ਹੈ।

ਹਸਪਤਾਲ ਦੇ ਡਾਕਟਰ ਬੀਐੱਸ ਜੌਹਲ ਨੇ ਦੱਸਿਆ ਕਿ ਲਾਸ਼ ਲੈਣ ਲਈ ਅਸੀਂ ਉਨ੍ਹਾਂ ਨੂੰ ਬਹੁਤ ਫੋਨ ਕੀਤੇ ਪਰ ਕੋਈ ਨਹੀਂ ਆਇਆ।

ਮਰਹੂਮ ਦੀ ਰਿਪੋਰਟ ਪੌਜ਼ੀਟਿਵ ਆਉਣ ਨਾਲ ਹਸਪਤਾਲ ਦੇ ਡਾਕਟਰ, ਨਰਸਾਂ, ਐਕਸ-ਰੇਅ ਵਾਲਾ ਸਟਾਫ਼ ਤੇ ਐਬੂਲੈਂਸ ਦੇ ਡ੍ਰਾਈਵਰ ਸਮੇਤ ਸਟਾਫ਼ ਦੇ ਕਰੀਬ 40 ਜਣਿਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਸਾਰੇ ਹਸਪਤਾਲ ਵਿੱਚ ਸਪਰੇਅ ਕੀਤੀ ਗਈ ਹੈ।

ਡਾਕਟਰ ਬੀਐਸ ਜੌਹਲ ਨੇ ਦੱਸਿਆ ਕਿ ਕਰੋਨਾ ਦੀ ਜਾਂਚ ਕਰਵਾਉਣ ਲਈ ਉਨ੍ਹਾਂ ਦੇ ਹਸਪਤਾਲ ਦਾ ਸਟਾਫ਼ ਆਪ ਅੰਮ੍ਰਿਤਸਰ ਗਿਆ ਸੀ। ਜਦੋਂ ਰਿਪੋਰਟ ਪੌਜ਼ੀਟਿਵ ਆ ਗਈ ਤਾਂ ਮਰਹੂਮ ਦਾ ਕੋਈ ਵੀ ਰਿਸ਼ਤੇਦਾਰ ਜਾਂ ਜਾਣਕਾਰ ਲਾਸ਼ ਲੈਣ ਲਈ ਨਹੀਂ ਸੀ ਆਇਆ।

ਇਹ ਸਾਰਾ ਮਾਮਲਾ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਐਸ.ਡੀ.ਐਮ. (ਦੋ) ਦੀ ਡਿਊਟੀ ਲਗਾਈ। ਹਸਪਤਾਲ ਦੇ ਸਟਾਫ ਨੇ ਪੂਰੀਆਂ ਪੀਪੀਈ ਕਿੱਟਾਂ ਪਾਕੇ ਮਰਹੂਮ ਦਾ ਸਸਕਾਰ ਕੀਤਾ।

ਮਰਹੂਮ ਜਲੰਧਰ ਦੇ ਬਸਤੀ ਗੂਜਾਂ ਇਲਾਕੇ ਵਿੱਚ ਰਹਿੰਦਾ ਸੀ। ਮੂਲ ਰੂਪ ਵਿੱਚ ਉਹ ਮਹਾਂਰਸ਼ਟਰ ਦਾ ਰਹਿਣ ਵਾਲਾ ਸੀ। ਮਹਾਂਰਾਸ਼ਟਰ ਭਾਰਤ ਦਾ ਕੋਰੋਨਾਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਹੈ। ਮਰਹੂਮ ਦੀ ਰਿਹਾਇਸ਼ ਬਸਤੀ ਗੂਜਾ ਵਿੱਚ ਸੀ ਜਿੱਥੇ ਕੁਆਟਰਾਂ ਵਿੱਚ 50 ਤੋਂ ਵੱਧ ਬੰਦੇ ਰਹਿੰਦੇ ਹਨ।

ਮਹਿਜ਼ 3 ਗਰਾਮ ਖੂਨ ਨਾਲ ਆਇਆ ਸੀ ਹਸਪਤਾਲ

ਉੱਥੇ ਹੀ ਉਸ ਨੂੰ ਕੁਝ ਦਿਨ ਪਹਿਲਾਂ ਬੁਖਾਰ ਹੋ ਗਿਆ ਸੀ। ਉਸ ਦੇ ਇੱਕ ਸਾਥੀ ਨੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾ ਦਿੱਤਾ। ਉੱਥੇ ਸਿਹਤ ਨੂੰ ਕੋਈ ਮੋੜਾ ਨਾ ਪੈਣ ਕਾਰਨ ਮਰੀਜ਼ ਨੂੰ ਰਾਮਾਮੰਡੀ ਦੇ ਹਸਪਤਾਲ ਲਿਆਂਦਾ ਗਿਆ ਸੀ।

ਡਾਕਟਰਾਂ ਅਨੁਸਾਰ ਹਸਪਤਾਲ ਵਿੱਚ ਇਹ ਵਿਆਕਤੀ ਕਮਜ਼ੋਰੀ ਦੀ ਹਾਲਤ ਵਿੱਚ ਹੀ ਆਇਆ ਸੀ ਤੇ ਉਸ ਵਿੱਚ ਖੂਨ ਦੀ ਕਮੀ ਬਹੁਤ ਜ਼ਿਆਦਾ ਸੀ। ਉਸ ਵਿੱਚ ਸਿਰਫ਼ ਤਿੰਨ ਗ੍ਰਾਮ ਹੀ ਖੂਨ ਰਹਿ ਗਿਆ ਸੀ।

ਹਸਪਤਾਲ ਨੇ ਜਦੋਂ ਖੂਨ ਦਾ ਪ੍ਰਬੰਧ ਕਰਨ ਲਈ ਕਿਹਾ ਤਾਂ ਲੌਕਡਾਊਨ ਹੋਣ ਕਾਰਨ ਕਾਫ਼ੀ ਪ੍ਰੇਸ਼ਾਨੀ ਆਈ। ਸੋਸ਼ਲ ਮੀਡੀਆ 'ਤੇ ਖੂਨਦਾਨ ਕਰਨ ਦੀ ਮੁਹਿੰਮ ਵੀ ਚਲਾਈ ਗਈ। ਤਿੰਨ ਖੂਨਦਾਨੀਆਂ ਨੇ ਮਰੀਜ਼ ਲਈ ਖੂਨ ਦਾਨ ਵੀ ਕੀਤਾ ਸੀ।

ਦੋ ਨਿੱਜੀ ਹਸਪਤਾਲਾਂ ਦੇ ਬਲੱਡ ਬੈਂਕਾਂ ਵਿੱਚੋਂ ਵੀ ਖੂਨ ਦਾ ਪ੍ਰਬੰਧ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਕੋਈ ਗੱਲ ਨਹੀਂ ਸੀ ਬਣ ਸਕੀ। ਇਸ ਤਰ੍ਹਾਂ ਖੂਨ ਦਾ ਪ੍ਰਬੰਧ ਕਰਨ ਵਿੱਚ ਹੀ ਇੱਕ ਦਿਨ ਬੀਤ ਗਿਆ ਸੀ।

ਸਿਹਤ ਵਿਭਾਗ ਦੀਆਂ ਟੀਮਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।

ਬਸਤੀ ਗੂਜਾਂ ਜਲੰਧਰ ਦੇ ਭੀੜ ਭੱੜਕੇ ਵਾਲੇ ਇਲਾਕਿਆਂ ਵਿੱਚ ਸ਼ਾਮਿਲ ਹੈ। ਇੱਥੇ ਸੰਘਣੀ ਅਬਾਦੀ ਹੈ ਤੇ ਜ਼ਿਆਦਤਰ ਗਰੀਬ ਤੇ ਮੱਧ ਵਰਗੀ ਲੋਕ ਹੀ ਬਸਤੀਆਂ ਦੇ ਇਲਾਕਿਆਂ ਵਿੱਚ ਰਹਿੰਦੇ ਹਨ।

ਜਲੰਧਰ ਵਿੱਚ ਸ਼ਨਿੱਚਰਵਾਰ ਨੂੰ ਤਿੰਨ ਨਵੇਂ ਪੌਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੇਸਾਂ ਦੀ ਗਿਣਤੀ 67 ਹੋ ਗਈ ਹੈ। ਇੰਨ੍ਹਾਂ ਵਿੱਚੋਂ 7 ਜਣੇ ਠੀਕ ਹੋ ਚੁੱਕੇ ਹਨ। ਜਲੰਧਰ ਵਿੱਚ ਮੌਤਾਂ ਦੀ ਗਿਣਤੀ ਤਿੰਨ ਹੋ ਗਈ ਹੈ ਜਿੰਨ੍ਹਾਂ ਵਿੱਚ ਦੋ ਆਦਮੀ ਤੇ ਇੱਕ ਔਰਤ ਸ਼ਾਮਿਲ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)