ਭਾਰਤ ਸ਼ਾਸਿਤ ਕਸ਼ਮੀਰ 'ਚ ਮਹਿਲਾ ਪੱਤਰਕਾਰ UAPA ਵਰਗੇ ਸਖ਼ਤ ਕਾਨੂੰਨ ਤਹਿਤ ਮਾਮਲਾ ਕਿਉਂ ਦਰਜ ਹੋਇਆ

    • ਲੇਖਕ, ਰਿਆਜ਼ ਮਸਰੂਰ
    • ਰੋਲ, ਬੀਬੀਸੀ ਪੱਤਰਕਾਰ

ਕੋਰੋਨਾਵਾਇਰਸ ਖ਼ਿਲਾਫ਼ ਲੌਕਡਾਊਨ ਵਿਚਾਲੇ ਭਾਰਤ ਸ਼ਾਸਿਤ ਕਸ਼ਮੀਰ ਦੀ ਇੱਕ ਮਹਿਲਾ ਪੱਤਰਕਾਰ ਮੋਸਰੱਤ ਜ਼ਹਰਾ ਖ਼ਿਲਾਫ਼ ਪੁਲਿਸ ਨੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਯੂਏਪੀਏ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਹੈ।

ਉਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਈ ਭੜਕਾਊ ਪੋਸਟਾਂ ਜ਼ਰੀਏ ਕਸ਼ਮੀਰੀ ਨੌਜਵਾਨਾਂ ਨੂੰ ਭਾਰਤ ਖ਼ਿਲਾਫ਼ ਹਥਿਆਰਬੰਦ ਬਗਾਵਤ ਲਈ ਉਕਸਾਇਆ ਹੈ।

ਪੁਲਿਸ ਮੁਤਾਬਕ ਮੋਸਰੱਤ ਜ਼ਹਰਾ ਨੇ ਫੇਸਬੁੱਕ 'ਤੇ ਭਾਰਤ ਵਿਰੋਧੀ ਪੋਸਟ ਲਿਖੀ ਹੈ ਅਤੇ ਇੱਕ ਪੋਸਟ ਵਿੱਚ ਇੱਕ ਧਾਰਮਿਕ ਸ਼ਖ਼ਸ ਦੀ ਕੱਟੜਪੰਥੀਆਂ ਨਾਲ ਤੁਲਨਾ ਕੀਤੀ ਹੈ।

ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਕਈ ਲੋਕਾਂ ਤੋਂ ਇਹ ਸ਼ਿਕਾਇਤ ਮਿਲੀ ਹੈ ਕਿ ਮੋਸਰੱਤ ਅਜਿਹੀ ਪੋਸਟ ਪਾਉਂਦੀ ਹੈ ਜਿਸ ਨਾਲ ਕਸ਼ਮੀਰੀ ਨੌਜਵਾਨ ਇਸ ਨਾਲ ਭੜਕ ਸਕਦੇ ਹਨ ਅਤੇ ਉਹ ਗੈਰ-ਕਾਨੂੰਨੀ ਗਤੀਵਿਧੀਆਂ ਵੱਲ ਆਕਰਸ਼ਿਤ ਹੋ ਸਕਦੇ ਹਨ।

ਵੱਡੇ ਅਦਾਰਿਆਂ ਨਾਲ ਜੁੜੀ ਪੱਤਰਕਾਰ

ਮੋਸਰੱਤ ਜ਼ਹਰਾ ਪਿਛਲੇ ਕਈ ਸਾਲਾਂ ਤੋਂ ਫ੍ਰੀਲਾਂਸ ਫੋਟੋ ਜਰਨਲਿਸਟ ਦੇ ਤੌਰ 'ਤੇ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਕੰਮ ਕਰ ਰਹੀ ਹੈ।

ਉਹ ਭਾਰਤ ਅਤੇ ਕੌਮਾਂਤਰੀ ਮੀਡੀਆ ਦੇ ਕਈ ਅਦਾਰਿਆਂ ਲਈ ਕੰਮ ਕਰ ਚੁੱਕੀ ਹੈ।

ਉਹ ਜ਼ਿਆਦਾਤਰ ਹਿੰਸਾਗ੍ਰਸਤ ਖੇਤਰਾਂ ਵਿੱਚ ਔਰਤਾਂ ਤੇ ਬੱਚਿਆਂ ਨਾਲ ਜੁੜੇ ਮਾਮਲਿਆਂ 'ਤੇ ਰਿਪੋਰਟ ਕਰਦੀ ਰਹੀ ਹੈ।

ਆਪਣੇ ਚਾਰ ਸਾਲ ਦੇ ਕਰੀਅਰ ਵਿੱਚ ਉਸ ਨੇ ਆਮ ਕਸ਼ਮੀਰੀਆਂ ਤੇ ਹਿੰਸਾ ਦੇ ਅਸਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਪੰਜ ਅਗਸਤ, 2019 ਨੂੰ ਭਾਰਤ ਸਰਕਾਰ ਦੀ ਧਾਰਾ 370 ਤਹਿਤ ਕਸ਼ਮੀਰ ਨੂੰ ਮਿਲਣ ਵਾਲਾ ਵਿਸ਼ੇਸ਼ ਸੂਬੇ ਦਾ ਦਰਜਾ ਖ਼ਤਮ ਕਰ ਦਿੱਤਾ ਹੈ ਅਤੇ ਪੂਰੇ ਸੂਬੇ ਨੂੰ ਲੌਕਡਾਊਨ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ

ਮੋਸਰੱਤ ਜ਼਼ਹਰਾ ਨੇ ਇਸ ਦੌਰਾਨ ਜੋ ਰਿਪਰਟਾਂ ਕੀਤੀਆਂ ਉਨ੍ਹਾਂ ਦੀ ਕਾਫ਼ੀ ਤਾਰੀਫ਼ ਹੋਈ ਸੀ। ਮੋਸਰੱਤ ਨੇ ਕਸ਼ਮੀਰ ਸੈਂਟਰਲ ਯੂਨੀਵਰਸਿਟੀ ਤੋਂ ਪੱਤਰਕਾਰੀ ਵਿੱਚ ਮਾਸਟਰ ਡਿਗਰੀ ਕੀਤਾ ਹੈ।

ਸੋਪਾ ਇਮੇਜੇਜ਼, ਐਨਯੂਆਰ ਫੋਟੋਜ਼, ਜ਼ੂਮਾ ਪ੍ਰੈੱਸ ਵਰਗੀਆਂ ਫੋਟੋ ਏਜੰਸੀਆਂ ਲਈ ਉਸ ਨੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਮੋਸਰੱਤ ਦੀ ਰਿਪੋਰਟ ਅਲ-ਜਜ਼ੀਰਾ, ਟੀਆਰਟੀ ਵਰਲਡ, ਵਾਸ਼ਿੰਗਟਨ ਪੋਸਟ, ਅਲ ਅਰੇਬੀਆ ਵਿੱਚ ਵੀ ਆ ਚੁੱਕੀ ਹੈ।

ਉਸਦੇ ਫੋਟੋ ਲੇਖ ਕੌਮਾਂਤਰੀ ਅਕਾਦਮਿਕ ਜਰਨਲ ਵਰਗੇ WSQ ਫੈਮਿਨਿਸਟ ਪ੍ਰੈੱਸ, ਸੇਜ ਆਦਿ ਵਿੱਚ ਸ਼ਾਮਲ ਹੋ ਚੁੱਕੇ ਹਨ।

ਨਿਊਯਾਰਕ ਦੇ ਬਰੂਕਲਿਨ ਵਿੱਚ ਵੀ ਉਸ ਦੀਆਂ ਤਸਵੀਰਾਂ ਨੂੰ ਦਿਖਾਇਆ ਗਿਆ ਹੈ।

ਦਿ ਕੁਇੰਟ ਅਤੇ ਕਾਰਵਾਂ ਮੈਗਜ਼ੀਨ ਵਰਗੇ ਭਾਰਤੀ ਮੀਡੀਆ ਅਦਾਰਿਆਂ ਲਈ ਵੀ ਉਹ ਕੰਮ ਕਰ ਚੁੱਕੀ ਹੈ।

ਪਰ ਪੁਲਿਸ ਦੇ ਬਿਆਨ ਵਿੱਚ ਉਨ੍ਹਾਂ ਨੂੰ ਇੱਕ ਫੇਸਬੁੱਕ ਯੂਜ਼ਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ।

ਮੋਸਰੱਤ ਨੇ ਆਪਣੀ ਸਫ਼ਾਈ ਵਿੱਚ ਕੀ ਕਿਹਾ

ਮੋਸਰੱਤ ਨੇ ਬੀਬੀਸੀ ਨੂੰ ਆਪਣੀ ਸਫ਼ਾਈ ਵਿੱਚ ਕਿਹਾ ਕਿ ਉਨ੍ਹਾਂ ਨੇ ਕਸ਼ਮੀਰੀ ਔਰਤਾਂ ਵਿੱਚ ਤਣਾਅ ਸਬੰਧੀ ਇੱਕ ਰਿਪੋਰਟ ਦੇ ਸਿਲਸਿਲੇ ਵਿੱਚ ਗਾਂਦਰਬਲ ਜ਼ਿਲ੍ਹੇ ਦੀ ਇੱਕ ਔਰਤ ਦਾ ਇੰਟਰਵਿਊ ਕੀਤਾ ਸੀ।

ਮੋਸਰੱਤ ਮੁਤਾਬਕ ਉਸ ਔਰਤ ਨੇ ਉਸ ਨੂੰ ਦੱਸਿਆ ਕਿ 20 ਸਾਲ ਪਹਿਲਾਂ ਉਸ ਦੇ ਪਤੀ ਨੂੰ ਇੱਕ ਕਥਿਤ ਫਰਜ਼ੀ ਮੁਠਭੇੜ ਵਿੱਚ ਮਾਰ ਦਿੱਤਾ ਗਿਆ ਸੀ।

ਮੋਸਰੱਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਰਿਪੋਰਟ ਸਬੰਧਿਤ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ।

ਮੋਸਰੱਤ ਨੂੰ ਸ਼੍ਰੀਨਗਰ ਸਥਿਤ ਸਾਈਬਰ ਪੁਲਿਸ ਸਟੇਸ਼ਨ ਨੇ ਤਲਬ ਕੀਤਾ ਸੀ ਜਿਸ ਤੋਂ ਬਾਅਦ ਸਥਾਨਕ ਪੱਤਰਕਾਰਾਂ ਨੇ ਸੂਚਨਾ ਵਿਭਾਗ ਦੀ ਅਧਿਕਾਰੀ ਸਹਰਿਸ਼ ਅਸਗਰ ਨਾਲ ਸਪੰਰਕ ਕੀਤਾ।

ਮੋਸਰੱਤ ਕਹਿੰਦੀ ਹੈ, "ਸਹਰਿਸ਼ ਜੀ ਨੇ ਮੈਨੂੰ ਦੱਸਿਆ ਕਿ ਇਸ ਮਾਮਲੇ ਦਾ ਹੱਲ ਹੋ ਚੁੱਕਾ ਹੈ, ਹੁਣ ਉੱਥੇ ਜਾਣ ਦੀ ਲੋੜ ਨਹੀਂ। ਪਰ ਮੈਨੂੰ ਹੁਣ ਕਿਹਾ ਗਿਆ ਹੈ ਕਿ ਐਸਐਸਪੀ ਸਾਬ੍ਹ ਨੇ ਤਲਬ ਕੀਤਾ ਹੈ, ਇਸ ਲਈ ਮੈਨੂੰ ਮੰਗਲਵਾਰ ਨੂੰ ਉੱਥੇ ਜਾਣਾ ਪਵੇਗਾ।"

ਪੁਲਿਸ ਨੇ ਮੋਸਰੱਤ ਖ਼ਿਲਾਫ਼ ਮੁਕੱਦਮੇ ਦੀ ਪੁਸ਼ਟੀ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ। ਉਸ ਬਿਆਨ ਵਿੱਚ ਪੁਲਿਸ ਨੇ ਜਨਤਾ ਨੂੰ ਚੇਤਾਵਨੀ ਦਿੱਤੀ ਹੈ ਕਿ ਸੋਸ਼ਲ ਨੈੱਟਵਰਕਿੰਗ ਸਾਈਟਾਂ 'ਤੇ 'ਦੇਸ਼ ਵਿਰੋਧੀ' ਪੋਸਟ ਕਰਨ ਤੋਂ ਪਰਹੇਜ਼ ਕਰੋ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਗੈਰਕਾਨੂੰਨੀ ਗਤੀਵਿਧੀਆਂ 'ਤੇ ਕਾਨੂੰਨ (UAPA) ਕੀ ਹੈ?

ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ, 1967 ਇੱਕ ਅਜਿਹਾ ਕਾਨੂੰਨ ਹੈ ਜੋ ਵਿਅਕਤੀਆਂ ਅਤੇ ਸੰਗਠਨਾਂ ਵੱਲੋਂ ਕੀਤੀਆਂ ਗਈਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਨਾਲ ਸਬੰਧਿਤ ਹੈ।

ਇਸ ਕਾਨੂੰਨ ਵਿੱਚ 2004, 2008 ਅਤੇ 2012 ਵਿੱਚ ਸੋਧ ਕੀਤੀ ਗਈ ਸੀ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ਼ ਇੰਡੀਆ' ਦੀ ਇੱਕ ਰਿਪੋਰਟ ਮੁਤਾਬਕ, ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਸੋਧ ਕਾਨੂੰਨ, 2019 ਵਿੱਚ ਕੀਤੀ ਗਈ ਤਾਜ਼ਾ ਸੋਧ ਕੇਂਦਰ ਸਰਕਾਰ ਨੂੰ ਇੱਕ ਵਿਅਕਤੀ ਨੂੰ 'ਅੱਤਵਾਦੀ' ਦੇ ਰੂਪ ਵਿੱਚ ਨਾਮਜ਼ਦ ਕਰਨ ਤੋਂ ਬਾਅਦ ਉਸਦੇ ਯਾਤਰਾ ਕਰਨ 'ਤੇ ਪਾਬੰਦੀ ਅਤੇ ਉਸਦੀ ਜਾਇਦਾਦ ਸੀਲ ਕਰਨ ਦਾ ਅਧਿਕਾਰ ਦਿੰਦਾ ਹੈ।

ਵਿਭਿੰਨ ਮੀਡੀਆ ਪ੍ਰਕਾਸ਼ਨਾਂ ਨੇ ਇਹ ਤਰਕ ਦਿੱਤਾ ਹੈ ਕਿ ਇਹ ਕਾਨੂੰਨ ਵਿਅਕਤੀ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਕਰਦਾ ਹੈ ਕਿਉਂਕਿ ਇਹ ਸਰਕਾਰ ਨੂੰ ਵਿਆਪਕ ਸ਼ਕਤੀਆਂ ਦਿੰਦਾ ਹੈ।

ਕਾਨੂੰਨ ਦੀ ਦੁਰਵਰਤੋਂ ਦੀ ਸਮਰੱਥਾ 'ਤੇ ਰੌਸ਼ਨੀ ਪਾਉਂਦੇ ਹੋਏ 'ਦਿ ਹਿੰਦੂ' ਨੇ ਇਸ ਨੂੰ ਵਿਅਕਤੀ ਦੇ ਸਨਮਾਨ, ਕਰੀਅਰ ਅਤੇ ਜੀਵਿਕਾ ਲਈ 'ਨਾ ਪੂਰਾ ਹੋਣ ਵਾਲੇ ਨੁਕਸਾਨ' ਦੇ ਰੂਪ ਵਿੱਚ ਵਰਣਨ ਕਰਦੇ ਹੋਏ ਸੁਚੇਤ ਕੀਤਾ ਹੈ।

'ਇੰਡੀਅਨ ਐਕਸਪ੍ਰੈੱਸ' ਨੇ ਕਿਹਾ ਕਿ ਯੂਏਪੀਏ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਵਿਅਕਤੀ ਦੇ 'ਜੀਵਨ ਅਤੇ ਆਜ਼ਾਦੀ ਦੇ ਅਧਿਕਾਰ' 'ਤੇ ਅਸਰ ਪਾਉਂਦੀਆਂ ਹਨ ਅਤੇ ਸੰਘਵਾਦ ਨੂੰ ਕੁਚਲਦੀਆਂ ਹਨ।'

ਇੱਕ ਹੋਰ ਪੱਤਰਕਾਰ ਤਲਬ

ਦੂਜੇ ਪਾਸੇ ਭਾਰਤ ਨੇ ਅੰਗ੍ਰੇਜ਼ੀ ਅਖ਼ਬਾਰ ਦਿ ਹਿੰਦੂ ਦੇ ਪੱਤਰਕਾਰ ਆਸ਼ਿਕ ਪੀਰਜ਼ਾਦਾ ਨੂੰ ਐਤਵਾਰ ਰਾਤ ਸ਼੍ਰੀਨਗਰ ਤੋਂ 60 ਕਿੱਲੋਮੀਟਰ ਦੂਰ ਅਨੰਤਨਾਗ ਪੁਲਿਸ ਸਟੇਸ਼ਨ ਵਿੱਚ ਤਲਬ ਕੀਤਾ ਸੀ।

ਆਸ਼ਿਕ ਕਹਿੰਦੇ ਹਨ ਕਿ ਉਨ੍ਹਾਂ ਨੋ ਸ਼ੋਪੀਆਂ ਜ਼ਿਲ੍ਹੇ ਤੋਂ ਇੱਕ ਅਜਿਹੇ ਜੋੜੇ ਦੀ ਕਹਾਣੀ ਰਿਪੋਰਟ ਕੀਤੀ ਸੀ ਜਿਨ੍ਹਾਂ ਦਾ ਇੱਕ ਮੁੰਡਾ ਮੁਠਭੇੜ ਵਿੱਚ ਮਾਰਿਆ ਗਿਆ ਸੀ।

ਆਸ਼ਿਕ ਖ਼ਿਲਾਫ਼ ਕੋਈ ਮੁਕੱਦਮਾ ਤਾਂ ਦਰਜ ਨਹੀਂ ਕੀਤਾ ਗਿਆ ਹੈ ਪਰ ਅਨੰਤਨਾਗ ਪੁਲਿਸ ਸਟੇਸ਼ਨ ਬੁਲਾਏ ਜਾਣ ਨੂੰ ਆਸ਼ਿਕ ਇੱਕ ਸਜ਼ਾ ਦੇ ਤੌਰ 'ਤੇ ਦੇਖਦੇ ਹਨ।

ਆਸ਼ਿਕ ਪੀਰਜ਼ਾਦਾ ਕਹਿੰਦੇ ਹਨ, "ਉਨ੍ਹਾਂ ਨੂੰ ਇਸ ਗੱਲ ਤੇ ਇਤਰਾਜ਼ ਸੀ ਕਿ ਮੈਂ ਅਧਿਕਾਰੀਆਂ ਦਾ ਪੱਖ ਸ਼ਾਮਲ ਨਹੀਂ ਕੀਤਾ ਸੀ, ਪਰ ਮੈਂ ਕਈ ਵਾਰ ਡੀਸੀਪੀ ਨੂੰ ਫ਼ੋਨ ਕੀਤਾ ਸੀ ਅਤੇ ਟੈਕਸਟ ਵੀ ਕੀਤਾ ਪਰ ਉਹ ਮਸ਼ਰੂਫ਼ ਸਨ। ਇਹ ਸੁਣ ਕੇ ਪੁਲਿਸ ਵਾਲੇ ਸੰਤੁਸ਼ਟ ਹੋ ਗਏ ਅਤੇ ਮੈਂ ਦੇਰ ਰਾਤ ਘਰ ਵਾਪਿਸ ਪਰਤ ਆਇਆ।"

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਪੱਤਰਕਾਰਾਂ ਨੂੰ ਪੁਲਿਸ ਥਾਣੇ ਬੁਲਾਇਆ ਜਾਣਾ ਆਮ ਗੱਲ ਹੈ ਜੋ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਪਰ ਮੋਸਰੱਤ ਜ਼ਹਰਾ ਤੇ ਯੂਏਪੀਏ ਲਗਾਇਆ ਜਾਣਾ ਆਪਣੇ ਆਪ ਵਿੱਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ।

ਇਸ ਕਾਨੂੰਨ ਵਿੱਚ ਪਿਛਲੇ ਸਾਲ ਭਾਰਤ ਸੰਸਦ ਵਿੱਚ ਸੋਧ ਹੋਇਆ ਸੀ ਅਤੇ ਇਸ ਕਾਨੂੰ ਤਹਿਤ ਕਸ਼ਮੀਰ ਘਾਟੀ ਵਿੱਚ ਮਨੁੱਖੀ ਅਧਿਕਾਰ ਦੇ ਕਈ ਵਰਕਰਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

ਕਸ਼ਮੀਰ ਪ੍ਰੈੱਸ ਕਲੱਬ ਦੇ ਉਪ ਪ੍ਰਧਾਨ ਮੋਅੱਜ਼ਮ ਮੁਹੰਮਦ ਕਹਿੰਦੇ ਹਨ, "ਕਸ਼ਮੀਰ ਵਿੱਚ ਉਂਝ ਵੀ ਕੰਮ ਕਰਨਾ ਖ਼ਤਰਨਾਕ ਹੈ ਅਤੇ ਅਜਿਹੇ ਸਮੇਂ ਵਿੱਚ ਜਦੋਂ ਪੱਤਰਕਾਰ ਇੰਟਰਨੈੱਟ ਤੇ ਪਾਬੰਦੀ ਅਤੇ ਕੋਰੋਨਾਵਾਇਰਸ ਦੇ ਖੌਫ਼ ਤੋਂ ਬਚ ਕੇ ਕੰਮ ਕਰ ਰਹੇ ਹਨ ਤਾਂ ਉਨ੍ਹਾਂ ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਅੰਕੁਸ਼ ਲਗਾਇਆ ਜਾ ਰਿਹਾ ਹੈ।"

ਕੋਰੋਨਾਵਇਰਸ ਨਾਲ ਜੁੜੀਆਂ ਖ਼ਬਰਾਂ

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)