You’re viewing a text-only version of this website that uses less data. View the main version of the website including all images and videos.
ਮੋਦੀ ਦੀ ਅਪੀਲ 'ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ 'ਚ ਭਿੜੇ, ਕਈ ਲੋਕ ਜ਼ਖ਼ਮੀ
- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਐਤਵਾਰ ਰਾਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਦੋਂ ਦੇਸ਼ ਭਰ ਵਿੱਚ ਕਈ ਲੋਕ ਮੋਮਬੱਤੀਆਂ ਦੀਵੇ ਜਗਾ ਕੇ ਕੋਰੋਨਾਵਾਇਰਸ ਖਿਲਾਫ਼ ਲੜਾਈ ਵਿੱਚ ਏਕੇ ਦਾ ਦਾਅਵਾ ਕਰ ਰਹੇ ਸਨ, ਉਸ ਵੇਲੇ ਇੱਕ ਜਗਦੇ ਬਲਬ ਕਰਕੇ ਜੀਂਦ ਦੇ ਪਿੰਡ ਢਾਠਰਥ ਵਿੱਚ ਝਗੜਾ ਹੋ ਗਿਆ।
ਇੱਕ ਮੁਸਲਮਾਨ ਪਰਿਵਾਰ ਦਾ ਇਲਜ਼ਾਮ ਹੈ ਕਿ ਹਿੰਦੂ ਗੁਆਂਢੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਹਾਲਾਂਕਿ ਹਿੰਦੂ ਪਰਿਵਾਰ ਉਲਟ ਮੁਸਲਮਾਨ ਪਰਿਵਾਰ 'ਤੇ ਕੁੱਟਮਾਰ ਦਾ ਇਲਜ਼ਾਮ ਲਗਾ ਰਿਹਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਚਾਰ ਲੋਕਾਂ ਨੂੰ ਗਿਰਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ:
ਡੀਆਈਜੀ ਅਸ਼ਵਿਨ ਸ਼ੈਣਵੀ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਚਾਰ ਲੋਕਾਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ। ਪਰ ਬੈਠਕ ਵਿੱਚ ਰੁੱਝੇ ਹੋਣ ਕਾਰਨ ਉਹ ਇਹ ਨਹੀਂ ਦੱਸ ਸਕੇ ਕਿ ਉਹ ਚਾਰ ਲੋਕ ਕਿਹੜੇ ਸਨ ਅਤੇ ਉਨ੍ਹਾਂ ਖ਼ਿਲਾਫ਼ ਕਿਹੜੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਮੁਸਲਮਾਨ ਪਰਿਵਾਰ ਦਾ ਪੱਖ
ਮੁਸਲਮਾਨ ਪਰਿਵਾਰ ਮੁਤਾਬਕ ਝਗੜੇ ਵਿੱਚ ਉਨ੍ਹਾਂ ਦੇ ਚਾਰ ਜੀਆਂ ਬਸੀਰ ਖ਼ਾਨ, ਉਸਦੇ ਵੱਡੇ ਭਰਾ ਸਾਦਿਕ ਖ਼ਾਨ ਅਤੇ ਦੋ ਛੋਟੇ ਭਰਾਵਾਂ ਨੂੰ ਸਿਰ ਅਤੇ ਬਾਕੀ ਸਰੀਰ 'ਤੇ ਕਾਫ਼ੀ ਸੱਟਾਂ ਲੱਗੀਆਂ ਹਨ।
ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਬਸੀਰ ਖ਼ਾਨ, ਜੋ ਕਿ ਵੈਲਡਿੰਗ ਦੀ ਦੁਕਾਨ 'ਤੇ ਕੰਮ ਕਰਦੇ ਹਨ ਉਨ੍ਹਾਂ ਨੇ ਦੱਸਿਆ, ''ਪ੍ਰਧਾਨ ਮੰਤਰੀ ਦੀ ਅਪੀਲ ਨੂੰ ਸਭ ਲੋਕ ਆਪੋ-ਆਪਣੇ ਤਰੀਕੇ ਨਾਲ ਸਮਰਥਨ ਦੇ ਰਹੇ ਸਨ, ਸਾਡੇ ਗਆਂਢੀ ਜੋ ਕਿ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਹਨ ਉਨ੍ਹਾਂ ਸਾਰਿਆਂ ਨੇ ਆਪਣੇ ਘਰ ਦੀਆਂ ਬੱਤੀਆਂ ਬੰਦ ਕੀਤੀਆਂ ਹੋਈਆਂ ਸਨ। ਉਦੋਂ ਸਾਡੇ ਘਰ ਦਾ ਬਲਬ ਵੇਖਦੇ ਹੋਏ ਉਨ੍ਹਾਂ ਨੇ ਵਿਰੋਧ ਜਤਾਇਆ।''
''ਉਨ੍ਹਾਂ ਨੇ ਕਿਹਾ ਕਿ ਤੁਸੀਂ ਲਾਈਟਾਂ ਕਿਉਂ ਨਹੀਂ ਬੰਦ ਕੀਤੀਆਂ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਵੀ ਕੀਤੀ। ਜ਼ਿਆਦਾ ਗੰਭੀਰ ਨਾ ਲੈਂਦੇ ਹੋਏ ਅਸੀਂ ਮਾਮਲੇ ਨੂੰ ਉੱਥੇ ਹੀ ਖ਼ਤਮ ਕਰ ਦਿੱਤਾ।''
''ਪਰ ਅਗਲੀ ਸਵੇਰ ਅਸੀਂ ਗੁਆਂਢੀਆਂ ਨੂੰ ਪੁੱਛਿਆ ਕਿ ਐਨੇ ਪੜ੍ਹੇ-ਲਿਖੇ ਹੋ ਕੇ ਤੁਸੀਂ ਐਨੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਿਉਂ ਕੀਤੀ?''
''ਐਨੇ ਵਿੱਚ ਸਾਹਮਣੇ ਤੋਂ ਮੀਨੂ ਅਤੇ ਨਵੀਨ ਜੋ ਕਿ ਗੁਆਂਢ ਵਿੱਚ ਰਹਿੰਦੇ ਹਨ ਉਨ੍ਹਾਂ ਨਾਲ ਹੱਥੋਪਾਈ ਹੋ ਗਈ ਅਤੇ ਫਿਰ ਉਹ ਆਪਣੇ ਘਰ ਅੰਦਰੋਂ ਗੰਡਾਸੇ ਤੇ ਡੰਡੇ ਲੈ ਕੇ ਆਏ। ਉਨ੍ਹਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਜਿਸ ਨਾਲ ਚਾਰਾਂ ਭਰਾਵਾਂ ਦੇ ਸਰੀਰ 'ਤੇ ਸੱਟ ਲੱਗੀ ਤੇ ਅਸੀਂ ਪੁਲਿਸ ਨੂੰ ਫ਼ੋਨ ਕਰ ਦਿੱਤਾ।''
ਬਸੀਰ ਖ਼ਾਨ ਨੇ ਅੱਗੇ ਦੱਸਿਆ ਕਿ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਅਸੀਂ ਜੀਂਦ ਦੇ ਸਿਵਿਲ ਹਸਪਤਾਲ ਵਿੱਚ ਦਾਖ਼ਲ ਹੋ ਗਏ।
ਉਹ ਅੱਗੇ ਕਹਿੰਦੇ ਹਨ,'' ਉਹ ਅਤੇ ਉਨ੍ਹਾਂ ਦੇ ਗੁਆਂਢੀ ਆਪਸ ਵਿੱਚ ਬਹੁਤ ਹੀ ਪਿਆਰ ਨਾਲ ਰਹਿੰਦੇ ਸਨ ਪਰ ਜਦੋਂ ਤੋਂ ਹਿੰਦੂ-ਮੁਸਲਮਾਨ ਤਣਾਅ ਸ਼ੁਰੂ ਹੋਇਆ ਹੈ ਦੋਵਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਗੱਲ ਤੋਂ ਝੜਪ ਹੁੰਦੀ ਰਹੀ ਹੈ।''
''ਜਦੋਂ ਦਿੱਲੀ ਵਾਲੀ ਨਿਜ਼ਾਮੁੱਦੀਨ ਦੀ ਘਟਨਾ ਹੋਈ ਤਾਂ ਵੀ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ 'ਤੇ ਆਪਣੇ ਘਰ ਵਿੱਚ, ਦਿੱਲੀ ਘਟਨਾ 'ਚ ਸ਼ਾਮਲ ਹੋਏ ਲੋਕਾਂ ਨੂੰ ਪਨਾਹ ਦੇਣ ਦਾ ਇਲਜ਼ਾਮ ਲਗਾਇਆ ਅਤੇ ਇੱਕ ਵਾਰ ਤਾਂ ਚੋਰੀ ਦਾ ਵੀ ਇਲਜ਼ਾਮ ਲਗਾਇਆ।''
ਇਹ ਵੀ ਪੜ੍ਹੋ:
ਹਿੰਦੂ ਪਰਿਵਾਰ ਦਾ ਕੀ ਕਹਿਣਾ ਹੈ?
ਉੱਥੇ ਹੀ ਦੂਜੇ ਪਾਸੇ ਸੰਜੇ ਕੁਮਾਰ ਜਿਨ੍ਹਾਂ ਦੇ ਸਿਰ ਉੱਤੇ ਪੱਟੀ ਬੰਨੀ ਹੋਈ ਸੀ। ਉਹ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੱਲ ਰਾਤ ਨੂੰ ਮੁਸਲਮਾਨ ਪਰਿਵਾਰ ਦੀ ਲਾਈਟ ਬੰਦ ਨਹੀਂ ਸੀ। ਜਦੋਂ ਉਨ੍ਹਾਂ ਨੇ ਮੁਸਲਮਾਨ ਪਰਿਵਾਰ ਨੂੰ ਪ੍ਰਧਾਨ ਮੰਤਰੀ ਦੀ ਅਪੀਲ ਦਾ ਹਵਾਲਾ ਦੇ ਕੇ ਬਲਬ ਬੰਦ ਕਰਨ ਨੂੰ ਕਿਹਾ ਤਾਂ ਉਨ੍ਹਾਂ ਦਾ ਆਪਸ ਵਿੱਚ ਝਗੜਾ ਹੋ ਗਿਆ।
ਸੰਜੇ ਨੇ ਦੱਸਿਆ,'' ਜਿਸ ਵੇਲੇ ਇਹ ਘਟਨਾ ਹੋਈ ਉਸ ਵੇਲੇ ਮੁਸਲਮਾਨ ਪਰਿਵਾਰ ਦੇ ਘਰ ਕੋਈ ਸ਼ੱਕੀ ਵਿਅਕਤੀ ਸੀ ਅਤੇ ਜਦੋਂ ਅਸੀਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਸਭ ਨੇ ਮਿਲ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖ਼ਮੀ ਹੋ ਗਏ।''
ਪਿੰਡ ਦੇ ਸਰਪੰਚ ਨੇ ਕੀ ਦੱਸਿਆ
ਢਾਠਰਥ ਪਿੰਡ ਦੇ ਸਰਪੰਚ ਰਾਮਕੇਸ਼ ਕੁਮਾਰ ਨੇ ਦੱਸਿਆ ਕਿ ਜਦੋਂ ਮਾਰ-ਕੁੱਟ ਦੀ ਘਟਨਾ ਹੋਈ ਤਾਂ ਉਹ ਮੌਕੇ 'ਤੇ ਪਹੁੰਚੇ। ਉਸ ਵੇਲੇ ਦੋਵਾਂ ਪੱਖਾਂ ਨੂੰ ਸੱਟਾਂ ਲੱਗੀਆਂ ਹੋਈਆਂ ਸਨ ਤੇ ਦੋਵੇਂ ਹਸਪਤਾਲ ਵਿੱਚ ਦਾਖ਼ਲ ਸਨ।
ਸਰਪੰਚ ਰਾਮਕੇਸ਼ ਨੇ ਦੱਸਿਆ ਕਿ ਮਾਮਲਾ ਕੱਲ ਰਾਤ ਨੂੰ ਮੁਸਲਮਾਨ ਪਰਿਵਾਰ ਘਰ ਜਗਦੇ ਬਲਬ ਤੋਂ ਸ਼ੁਰੂ ਹੋਇਆ ਸੀ।
''ਜਦੋਂ ਸਭ ਦੇ ਘਰ ਦੀ ਲਾਈਟ ਬੰਦ ਸੀ ਤਾਂ ਮੁਸਲਮਾਨ ਪਰਿਵਾਰ ਨੇ ਆਪਣੇ ਘਰ ਦੀ ਲਾਈਟ ਬੰਦ ਨਹੀਂ ਕੀਤੀ ਤਾਂ ਦੋਵਾਂ ਪੱਖਾਂ ਦੀ ਆਪਸ ਵਿੱਚ ਤੂੰ-ਤੂੰ, ਮੈਂ-ਮੈਂ ਹੋ ਗਈ। ਸਵੇਰੇ ਦੋਵੇਂ ਪੱਖ ਆਪਸ ਵਿੱਚ ਭਿੜ ਗਏ।''
ਰਾਮਕੇਸ਼ ਮੁਤਾਬਕ ਪਿੰਡ ਵਿੱਚ ਕਰੀਬ 15 ਤੋਂ 20 ਪਰਿਵਾਰ ਮੁਸਮਾਨਾਂ ਦੇ ਹਨ ਤੇ ਬਾਕੀ 2000 ਪਰਿਵਾਰ ਹਿੰਦੂਆਂ ਦੇ ਹਨ।
ਇਹ ਵੀ ਦੇਖੋ: