ਕੋਰੋਨਾਵਾਇਰਸ: 'ਸਾਡੇ ਕੁਆਰੰਟੀਨ ਹੋਣ ਤੋਂ ਬਾਅਦ ਗੁਆਂਢੀਆਂ ਦਾ ਰਵੱਈਆ ਹੀ ਬਦਲ ਗਿਆ'

ਤਸਵੀਰ ਸਰੋਤ, Getty Images
- ਲੇਖਕ, ਨਵਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
“ਹੋਮ ਕੁਆਰੰਟੀਨ ਹੋਣ ਤੋਂ ਬਾਅਦ ਅਚਾਨਕ ਸਾਡੇ ਘਰ ਵੱਲ ਆਂਢ-ਗੁਆਂਢ ਦੀਆਂ ਨਿਗਾਹਾਂ ਬਦਲ ਗਈਆਂ।“ ਇਹ ਸ਼ਬਦ ਜੀਰਕਪੁਰ ਦੇ ਇੱਕ ਸ਼ਖਸ ਦੇ ਹਨ ਜਿਨ੍ਹਾਂ ਦੇ ਬੇਟੇ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਘਰ ਅੰਦਰ ਕੁਆਰੰਟੀਨ ਕੀਤਾ ਗਿਆ ਹੈ।
ਇਸ ਸ਼ਖਸ ਨੇ ਕਿਹਾ, “ਇਹ ਸਮਾਂ ਲੰਘ ਜਾਣ ਬਾਅਦ ਵੀ ਅਸੀਂ ਇੱਥੇ ਹੀ ਰਹਿਣਾ ਹੈ, ਇਸ ਲਈ ਬਿਨ੍ਹਾਂ ਨਾਮ ਲਿਖੇ ਇਹ ਖ਼ਬਰ ਛਾਪਿਓ।”
ਹਰ ਦੇਸ ਆਪੋ-ਆਪਣੇ ਤਰੀਕੇ ਨਾਲ ਕੋਰੋਨਾਵਾਇਰਸ ਨਾਲ ਲੜ ਰਿਹਾ ਹੈ। ਪੂਰਾ ਭਾਰਤ ਇਸ ਵੇਲੇ ਲੌਕਡਾਊਨ ਹੈ।
ਪੰਜਾਬ ਅੰਦਰ ਕਰਫਿਊ ਲੱਗਿਆ ਹੋਇਆ ਹੈ। ਜ਼ਿਆਦਾਤਰ ਲੋਕ ਆਪੋ-ਆਪਣੇ ਘਰਾਂ ਵਿੱਚ ਬੰਦ ਹਨ। ਵਿਦੇਸ਼ਾਂ ਤੋਂ ਪਰਤੇ ਲੋਕਾਂ ਨੂੰ ਸਾਵਧਾਨੀ ਵਜੋਂ ਉਨ੍ਹਾਂ ਦੇ ਘਰਾਂ ਵਿੱਚ ਕੁਆਰੰਟੀਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਪਹਿਲਾਂ ਹੋ ਰਹੀ ਅਣਗਹਿਲੀ ਰੋਕਣ ਲਈ ਹੁਣ ਪ੍ਰਸ਼ਾਸਨ ਅਜਿਹੇ ਘਰਾਂ ਦੇ ਬਾਹਰ ਹੋਮ ਕੁਆਰੰਟਾਈਨ ਦਾ ਸਮਾਂ ਦੱਸਦਿਆਂ ਪੋਸਟਰ ਵੀ ਲਗਾ ਰਿਹਾ ਹੈ ਅਤੇ ਬਾਹਵਾਂ ‘ਤੇ ਸਟੈਂਪਿੰਗ ਵੀ ਕੀਤੀ ਜਾ ਰਹੀ ਹੈ।
ਕੋਰੋਨਾਵਾਇਰਸ ਕਾਰਨ ਲੋਕਾਂ ਦੇ ਮਨਾਂ ਅੰਦਰ ਸਹਿਮ ਇਸ ਕਦਰ ਹੈ ਕਿ ਵਿਦੇਸ਼ੋਂ ਆਉਣ ਵਾਲਿਆਂ ਪ੍ਰਤੀ ਉਨ੍ਹਾਂ ਦਾ ਰਵੱਈਆ ਪਹਿਲਾਂ ਨਾਲੋਂ ਬਦਲਿਆ ਹੈ, ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਸੀ।
ਅਜਿਹਾ ਹੋਣ ਦਾ ਕਾਰਨ ਇਹ ਹੋ ਸਕਦਾ ਹੈ ਕਿਉਂਕਿ ਇਸ ਵਾਇਰਸ ਨਾਲ ਪੀੜਤ ਹੋਣ ਦੀ ਸੰਭਾਵਨਾ ਬਾਹਰੋਂ ਆਇਆਂ ਲੋਕਾਂ ਵਿੱਚ, ਬਿਨ੍ਹਾਂ ਟਰੈਵਲ ਹਿਸਟਰੀ ਵਾਲਿਆਂ ਨਾਲੋਂ ਜ਼ਿਆਦਾ ਮੰਨੀ ਜਾ ਰਹੀ ਹੈ।

ਤਸਵੀਰ ਸਰੋਤ, getty images
ਜ਼ੀਰਕਪੁਰ ਦੇ ਇਸ ਪਰਿਵਾਰ ਦਾ ਬੇਟਾ ਵਿਦੇਸ਼ੋਂ ਪਹਿਲਾਂ ਦਿੱਲੀ ਪਹੁੰਚਿਆ, ਫਿਰ 23 ਮਾਰਚ ਦੀ ਸਵੇਰ ਤੋਂ ਪਹਿਲਾਂ ਆਪਣੇ ਘਰ ਪਹੁੰਚ ਗਿਆ।
ਇਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਹੀ ਫੋਨ ਕਰਕੇ ਸਬੰਧਤ ਥਾਣੇ ਅਤੇ ਸਿਹਤ ਵਿਭਾਗ ਨੂੰ ਇਸ ਦੀ ਸੂਚਨਾ ਦੇ ਦਿੱਤੀ।
ਅੱਗੇ ਦੱਸਿਆ, “ਕੁਝ ਸਮੇਂ ਬਾਅਦ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਆ ਗਈ। ਦਰਵਾਜਾ ਖੋਲ੍ਹਦਿਆਂ ਹੀ ਉਹਨਾਂ ਨੇ ਸਾਨੂੰ ਦੂਰ ਰਹਿਣ ਨੂੰ ਕਿਹਾ। ਉਹ ਸਾਰੇ ਪਰਿਵਾਰ ਦੀਆਂ ਬਾਹਵਾਂ ਉੱਤੇ ਸਟੈਂਪਿੰਗ ਕਰਕੇ ਅਤੇ ਦਰਵਾਜ਼ੇ ਬਾਹਰ ਪੋਸਟਰ ਚਿਪਕਾ ਕੇ ਚਲੇ ਗਏ।“

ਬੀਬੀਸੀ ਨਾਲ ਫੋਨ 'ਤੇ ਹੋ ਰਹੀ ਗੱਲਬਾਤ ਦੌਰਾਨ ਉਹ ਬੋਲੇ, “ਬਸ ਪਲਾਂ ਵਿੱਚ ਹੀ ਸਭ ਬਦਲ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਵੀ ਜਨਤਾ ਕਰਫਿਊ ਕਾਰਨ ਕੋਈ ਘਰੋਂ ਬਾਹਰ ਨਹੀਂ ਸੀ ਗਿਆ, ਰਾਸ਼ਨ ਵਗੈਰਾ ਸਾਡੇ ਕੋਲ ਹੈ ਹਾਲੇ ਪਰ ਘਰ ਵਿੱਚ ਬੱਚਿਆਂ ਲਈ ਦੁੱਧ, ਸਬਜ਼ੀਆਂ ਤੇ ਫਲ ਵਗੈਰਾ ਨਹੀਂ।"
"ਪਰ ਇਸ ਤੋਂ ਵੀ ਜ਼ਿਆਦਾ ਦੁਖੀ ਕਰਨ ਵਾਲੀ ਗੱਲ ਸਾਡੇ ਗੁਆਂਢੀਆਂ ਦਾ ਬਦਲਿਆ ਹੋਇਆ ਰਵੱਈਆ ਹੈ। ਕਿਸੇ ਵੀ ਚੀਜ਼ ਦੀ ਜ਼ਰੂਰਤ ਬਾਰੇ ਸਾਨੂੰ ਕਿਸੇ ਨੇ ਨਹੀਂ ਪੁੱਛਿਆ।"
"ਅਗਲੇ ਦਿਨ ਸਵੇਰ ਵੇਲੇ ਫ਼ਲ ਵਾਲੇ ਦੇ ਗਲੀ ਵਿੱਚ ਆਉਣ ਬਾਰੇ ਪਤਾ ਲੱਗਿਆ ਤਾਂ ਮੈਂ ਘਰ ਦੇ ਦਰਵਾਜ਼ੇ ਤੋਂ ਹੀ ਆਪਣੇ ਇੱਕ ਗੁਆਂਢੀ ਨੂੰ ਕਿਹਾ ਕਿ ਕੁਝ ਫ਼ਲ ਲੈ ਕੇ ਦਰਵਾਜ਼ੇ 'ਤੇ ਰੱਖ ਦਿਓ, ਅਸੀਂ ਚੁੱਕ ਲਵਾਂਗੇ ਅਤੇ ਬਾਅਦ ਵਿੱਚ ਪੈਸੇ ਦੇ ਦੇਆਂਗੇ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।"

ਤਸਵੀਰ ਸਰੋਤ, getty images
"ਫਿਰ ਰੇਹੜੀ ਵਾਲਾ ਖੁਦ ਹੀ ਦਰਵਾਜ਼ੇ ਤੇ ਕੁਝ ਫਲ ਰੱਖ ਗਿਆ ਅਤੇ ਪੈਸੇ ਚੁੱਕ ਕੇ ਲੈ ਗਿਆ। ਅੰਦਰ ਜਾ ਕੇ ਦੇਖਿਆ ਤਾਂ ਜ਼ਿਆਦਾਤਰ ਫ਼ਲ ਖ਼ਰਾਬ ਸੀ।”
ਟੁੱਟੇ ਦਿਲ ਭਰੀ ਅਵਾਜ਼ ਨਾਲ ਇਸ ਸ਼ਖਸ ਨੇ ਦੱਸਿਆ ਕਿ ਸਾਨੂੰ ਦੇਖਦਿਆਂ ਹੀ ਸਭ ਲੁਕ ਜਾਂਦੇ ਨੇ।
ਗੱਲਬਾਤ ਦੌਰਾਨ ਇਸ ਸ਼ਖਸ ਨੇ ਦੱਸਿਆ ਕਿ ਇਨ੍ਹਾਂ ਦਾ ਬੇਟਾ ਦਫ਼ਤਰ ਦੇ ਕੰਮ ਲਈ ਛੇ ਮਹੀਨੇ ਵਿਦੇਸ਼ ਗਿਆ ਸੀ ਜਿੱਥੋਂ ਹੁਣ ਪਰਤਿਆ ਹੈ।
ਉਨ੍ਹਾਂ ਕਿਹਾ ਕਿ ਬੇਟੇ ਦੇ ਪਰਤਣ ਤੋਂ ਪਹਿਲਾਂ ਹੀ, ਉਸ ਦੀ ਗਰਭਵਤੀ ਪਤਨੀ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਘਰ ਛੱਡ ਆਏ ਸੀ ਤਾਂ ਕਿ ਬੇਟੇ ਦੇ ਕੁਆਰੰਟੀਨ ਹੋਣ ਕਾਰਨ ਉਸ ਦੀ ਗਰਭਵਤੀ ਪਤਨੀ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ।
ਵੀਡੀਓ: ਕਿਵੇਂ ਪਤਾ ਲੱਗੇ ਬੁਖ਼ਾਰ ਜਾਂ ਖੰਘ ਕੋਰੋਨਾਵਾਇਰਸ ਕਰਕੇ ਹੈ?
ਉਨ੍ਹਾਂ ਕਿਹਾ, “ਆਲੇ-ਦੁਆਲੇ ਇਸ ਤਰ੍ਹਾਂ ਦਾ ਰਵੱਈਆ ਦੇਖ ਕੇ ਫਿਕਰ ਸਤਾਉਣ ਲੱਗੀ ਸੀ ਕਿ ਕਿਸੇ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਆ ਗਈ ਤਾਂ ਕੀ ਕਰਾਂਗੇ ਕਿਉਂਕਿ ਆਂਢ-ਗੁਆਂਢ ਵਿੱਚੋਂ ਤਾਂ ਕਿਸੇ ਨੇ ਮਦਦ ਨਹੀਂ ਕਰਨੀ ਇਹ ਸਾਨੂੰ ਅਹਿਸਾਸ ਹੋ ਚੁੱਕਾ ਸੀ।"
"ਦੂਜੇ ਬੇਟੇ ਦੇ ਦੋ ਛੋਟੇ ਬੱਚੇ ਨੇ ਘਰ ਵਿੱਚ ਜਿਨ੍ਹਾਂ ਲਈ ਦੁੱਧ ਵਗੈਰਾ ਵੀ ਚਾਹੀਦਾ ਹੈ ਜੋ ਕਿ ਜਮ੍ਹਾ ਕਰਕੇ ਨਹੀਂ ਰੱਖਿਆ ਜਾ ਸਕਦਾ। ਫਿਰ ਉਸੇ ਦਿਨ ਦੁਪਹਿਰ ਪ੍ਰਸ਼ਾਸ਼ਨ ਦੀ ਇੱਕ ਹੋਰ ਟੀਮ ਆਈ।“
ਇਸ ਟੀਮ ਵਿੱਚੋਂ ਇੱਕ ਮੈਂਬਰ ਦਾ ਵਾਰ-ਵਾਰ ਨਾਮ ਲੈਂਦਿਆਂ ਇਸ ਸ਼ਖਸ ਨੇ ਧੰਨਵਾਦ ਜ਼ਾਹਿਰ ਕੀਤਾ ਅਤੇ ਕਿਹਾ, “ਉਨ੍ਹਾਂ ਨੇ ਸਾਡੇ ਨਾਲ ਬਹੁਤ ਪਿਆਰ ਅਤੇ ਸਨਮਾਨ ਨਾਲ ਗੱਲ ਕੀਤੀ। ਆਪਣਾ ਫੋਨ ਨੰਬਰ ਵੀ ਦੇ ਕੇ ਗਏ ਤੇ ਕਿਸੇ ਵੀ ਲੋੜ ਬਾਰੇ ਉਨ੍ਹਾਂ ਨੂੰ ਦੱਸਣ ਨੂੰ ਕਿਹਾ।"


"ਜਦੋਂ ਅਸੀਂ ਸਾਰੀ ਕਹਾਣੀ ਦੱਸੀ ਤਾਂ ਸਾਡੇ ਲਈ ਖ਼ੁਦ ਹੀ ਦੁੱਧ ਤੇ ਫ਼ਲ ਵੀ ਖਰੀਦ ਕੇ ਦੇ ਕੇ ਗਏ। ਉਨ੍ਹਾਂ ਦੇ ਆਉਣ ਤੋਂ ਬਾਅਦ ਸਾਨੂੰ ਬਹੁਤ ਹੌਂਸਲਾ ਹੈ, ਹੁਣ ਡਰ ਨਹੀਂ ਲੱਗ ਰਿਹਾ।"
"ਅਸੀਂ ਸਮਝਦੇ ਹਾਂ ਕਿ ਹਾਲਾਤ ਆਮ ਵਾਂਗ ਨਹੀਂ, ਹਰ ਕਿਸੇ ਨੂੰ ਸਮਝਣਾ ਪਵੇਗਾ ਪਰ ਘੱਟੋ-ਘੱਟ ਇਸ ਤਰ੍ਹਾਂ ਦਾ ਵਤੀਰਾ ਨਾ ਹੋਵੇ ਜਿਸ ਨਾਲ ਕਿਸੇ ਨੂੰ ਅਛੂਤ ਹੋਣ ਦਾ ਅਹਿਸਾਸ ਹੋਵੇ।”
ਵਿਦੇਸ਼ੋਂ ਪਰਤੇ ਉਨ੍ਹਾਂ ਦੇ ਬੇਟੇ ਦੀ ਸਿਹਤ ਬਾਰੇ ਪੁੱਛਣ 'ਤੇ ਉਨ੍ਹਾਂ ਦੱਸਿਆ, “ਉਹ ਪੂਰੀ ਤਰ੍ਹਾਂ ਸਿਹਤਯਾਬ ਹੈ, ਫਿਲਹਾਲ ਖਾਂਸੀ, ਜੁਕਾਮ ਜਾਂ ਬੁਖਾਰ ਜਿਹਾ ਕੋਈ ਲੱਛਣ ਨਹੀਂ ਪਰ ਫਿਰ ਵੀ ਉਹ ਸਾਵਧਾਨੀ ਵਜੋਂ ਵੱਖਰਾ ਹੀ ਅਰਾਮ ਕਰ ਰਿਹਾ ਹੈ।“

ਤਸਵੀਰ ਸਰੋਤ, MoHFW_INDIA

ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












