You’re viewing a text-only version of this website that uses less data. View the main version of the website including all images and videos.
ਦਿੱਲੀ: ਅਫ਼ਵਾਹਾਂ ਨੇ ਹਿਲਾਈ ਦਿੱਲੀ , ਅਮਨ ਲਈ ਸੜਕਾਂ ਤੇ ਉਤਰੇ ਆਗੂ ਤੇ ਪੁਲਿਸ
ਦਿੱਲੀ ਵਿੱਚ ਦੇਰ ਸ਼ਾਮ ਕਈ ਇਲਾਕਿਆਂ ਵਿੱਚ ਤਣਾਅ ਦੀ ਅਫ਼ਵਾਹ ਫੈਲੀ। ਪੁਲਿਸ ਨੇ ਇਨ੍ਹਾਂ ਵਿੱਚੋਂ ਕਿਸੇ ਵੀ ਇਲਾਕੇ ਵਿੱਚ ਕਿਸੇ ਵੀ ਕਿਸਮ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਅਫਵਾਹਾਂ ਫੈਲਾਉਣ ਦੇ ਇਲਜ਼ਾਮ ਵਿੱਚ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਦਿੱਲੀ ਪੁਲਿਸ ਨੇ ਦੱਸਿਆ ਕਿ ਕੁਝ ਇਲਾਕਿਆਂ ਵਿੱਚ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਹਨ। ਜਿਨ੍ਹਾਂ ਨਾਲ ਲੋਕਾਂ ਵਿੱਚ ਭੈਅ ਦਾ ਮਾਹੌਲ ਹੈ ਪਰ ਕਿਤੇ ਕੁਝ ਨਹੀਂ ਹੋਇਆ।
ਇਸੇ ਦੌਰਾਨ ਪੱਛਮੀ ਦਿੱਲੀ ਪੁਲਿਸ ਨੇ ਟਵੀਟ ਕਰ ਕੇ ਦੱਸਿਆ ਕਿ ਕਿਤੇ ਕੁਝ ਨਹੀਂ ਹੋਇਆ। ਸਾਰੇ ਪਾਸੇ ਮਾਹੌਲ ਸ਼ਾਂਤੀਪੂਰਣ ਹੈ।
ਪੱਛਮੀ ਜਿਲ੍ਹੇ ਦੇ ਵਧੀਕ ਡੀਸੀਪੀ ਸਮੀਰ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਕਿਤੋਂ ਵੀ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਟਕਰਾਅ ਦੀ ਕੋਈ ਰਿਪੋਰਟ ਨਹੀਂ ਹੈ। ਉਹ ਆਪ ਗਸ਼ਤ ਕਰ ਰਹੇ ਹਨ। ਸਥਿਤੀ ਪੂਰੀ ਤਰ੍ਹਾਂ ਸ਼ਾਂਤੀਪੂਰਣ ਹੈ।
ਦਿੱਲੀ ਪੁਲਿਸ ਨੇ ਵੀ ਟਵੀਟ ਕਰ ਕੇ ਭਰੋਸਾ ਦਿੱਤਾ ਹੈ ਕਿ ਪੂਰੀ ਦਿੱਲੀ ਵਿੱਚ ਅਮਨੋ-ਅਮਾਨ ਹੈ।
ਡੀਸੀਪੀ ਵੈਸਟ ਦਿੱਲੀ ਨੇ ਸ਼ਾਂਤੀ ਬਣਾਈ ਰੱਕਣ ਦੀ ਅਪਲੀ ਕਰਦਿਆਂ ਕਈ ਵੀਡੀਓ ਟਵੀਟ ਕੀਤਾ।
ਵੈਸਟਰਨ ਰੇਂਜ ਦੀ ਜੁਆਇੰਟ ਕਮਿਸ਼ਨਰ ਸ਼ਾਲਿਨੀ ਸਿੰਘ ਪੱਛਮੀ ਦਿੱਲੀ ਦੇ ਖਿਆਲਾ ਇਲਾਕੇ ਵਿੱਚ ਲੋਕਾਂ ਵਿਚਾਲੇ ਗਏ।
ਉਨ੍ਹਾਂ ਵੀਡੀਓ ਸੰਦੇਸ਼ ਵਿੱਚ ਕਿਹਾ, ''ਅਸੀਂ ਖਿਆਲਾ ਇਲਾਕੇ ਵਿੱਚ ਖੜੇ ਹਾਂ। ਇਮਾਮ ਸਾਬ੍ਹ ਅਤੇ ਹੋਰ ਲੋਕ ਵੀ ਸਾਡੇ ਨਾਲ ਹਨ। ਇੱਥੇ ਅਫਵਾਹ ਫੈਲੀ ਸੀ ਕਿ ਦੰਗੇ ਹੋ ਗਏ ਹਨ, ਇਹ ਸਭ ਅਫਵਾਹ ਹੈ। ਅਜਿਹੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਜਾਵੇ।''
ਇਸੇ ਟਵਿੱਟਰ ਹੈਂਡਲ 'ਤੇ ਇੱਕ ਪੁਲਿਸ ਵਾਲਾ ਲੋਕਾਂ ਸਮਝਾਉਂਦਾ ਨਜ਼ਰ ਆ ਰਿਹਾ ਹੈ ਕਿ ਖਿਆਲਾ ਇਲਾਕੇ ਵਿੱਚ ਜੂਆ ਖੇਡ ਰਹੇ ਕੁਝ ਲੋਕਾਂ ਨੂੰ ਫੜਨ ਲਈ ਰੇਡ ਹੋਈ ਸੀ। ਜੂਆ ਖੇਡਣ ਵਾਲੇ ਜਦੋਂ ਭੱਜੇ ਤਾਂ ਲੋਕਾਂ ਨੂੰ ਕਹਿੰਦੇ ਕਿ ਇੱਥੇ ਦੰਗੇ ਭੜਕ ਗਏ। ਅਜਿਹਾ ਕੁਝ ਨਹੀਂ ਹੈ, ਡਰਨ ਦੀ ਗੱਲ ਨਹੀਂ ਹੈ।
ਦਿੱਲੀ ਮੈਟਰੋ ਦੇ ਸਟੇਸ਼ਨ ਕੁਝ ਦੇਰ ਲਈ ਬੰਦ ਰਹੇ
ਇਸੇ ਦੌਰਾਨ ਦਿੱਲੀ ਮੈਟਰੋ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਕੁਝ ਦੇਰ ਲਈ ਤਿਲਕ ਨਗਰ, ਨਾਂਗਲੋਈ, ਸੂਰਜਮੱਲ ਸਟੇਡੀਅਮ, ਬਦਰਪੁਰ, ਤੁਗਲਕਾਬਾਦ, ਉੱਤਮ ਨਗਰ ਵੈਸਟ ਤੇ ਨਵਾਦਾ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ।
ਮੈਟਰੋ ਦੇ ਇਸ ਕਦਮ ਨਾਲ ਅਫ਼ਵਾਹਾਂ ਨੂੰ ਹੋਰ ਹਵਾ ਮਿਲੀ। ਕੁਝ ਹੀ ਸਮੇਂ ਬਾਅਦ ਦਿੱਲੀ ਮੈਟਰੋ ਨੇ ਅਧਿਕਾਰਿਤ ਤੌਰ 'ਤੇ ਇਨ੍ਹਾਂ ਸਟੇਸ਼ਨਾਂ ਦੇ ਕੰਮ ਕਰਦੇ ਹੋਣ ਦੀ ਸੂਚਨਾ ਦਿੱਤੀ।
ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਸ਼ਕੂਰਬਸਤੀ ਸਟੇਸ਼ਨ ਤੇ ਮਾਹੌਲ ਵਿੱਚ ਕੁਝ ਤਣਾਅ ਦੇਖਿਆ। ਉਨ੍ਹਾਂ ਮੁਤਾਬਕ ਲੋਕ ਕਾਹਲੀ ਨਾਲ ਘਰਾਂ ਨੂੰ ਪਰਤਣਾ ਚਾਹੁੰਦੇ ਸਨ।
ਅਫ਼ਵਾਹਾਂ ਦੇ ਰੋਕਣ ਵਿੱਚ ਸਿਆਸਤਦਾਨਾਂ ਦੇ ਯਤਨ:
ਅਫ਼ਵਾਹਾਂ ਨੂੰ ਰੋਕਣ ਲਈ ਨਾ ਸਿਰਫ਼ ਸਰਕਾਰੀ ਇੰਤਜ਼ਾਮੀਆ ਕੋਸ਼ਿਸ਼ਾਂ ਕਰਦਾ ਨਜ਼ਰ ਆਇਆ ਸਗੋਂ ਕੁਝ ਸਿਆਸਤਦਾਨਾਂ ਨੇ ਵੀ ਇਸ ਕੋਸ਼ਿਸ਼ ਵਿੱਚ ਹਿੱਸਾ ਪਾਇਆ।
ਆਮ ਆਦਮੀ ਪਾਰਟੀ ਦੇ ਐੱਮਐੱਲਏ ਜਰਨੈਲ ਸਿੰਘ ਨੇ ਇਸ ਬਾਰੇ ਤਿਲਕ ਨਗਰ ਚੌਂਕ ਤੋਂ ਫ਼ੇਸਬੁੱਕ ਲਾਈਵ ਕੀਤਾ। ਲੋਕਾਂ ਨੂੰ ਅਮਨ ਕਾਇਮ ਰੱਖਣ ਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵਿਸ਼ਨੂੰ ਨਗਰ ਤੋਂ ਮਾਹੌਲ ਬਾਰੇ ਟਵੀਟ ਕੀਤਾ ਅਤੇ ਕਿਹਾ ਕਿ ਸਭ ਠੀਕ-ਠਾਕ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਧਿਆਨ ਨਾ ਦਿੱਤਾ ਜਾਵੇ ।
ਵੀਡੀਓ: ਜਦੋਂ ਬੀਬੀਸੀ ਟੀਮ ਨੂੰ ਭੜਕੀ ਭੀੜ ਨੇ ਘੇਰਿਆ
ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ