ਜੋਸ਼ ਤੇ ਜਜ਼ਬੇ ਨਾਲ ਲਬਰੇਜ਼ 97 ਸਾਲਾ ਸਰਪੰਚ ਨੂੰ ਮਿਲੋ ਜੋ ਕਦੇ ਸਕੂਲ ਨਹੀਂ ਗਈ

    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਬੀਬੀਸੀ ਲਈ, ਰਾਜਸਥਾਨ ਦੇ ਪੁਰਾਨਾਬਾਸ ਪਿੰਡ ਤੋਂ

ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਨੀਮਕਾਥਾਨਾ ਬਲਾਕ ਦੇ ਪੁਰਾਨਾਬਾਸ ਪਿੰਡ ਦੀ ਪੰਚਾਇਤ ਅੱਜਕੱਲ੍ਹ ਕਾਫ਼ੀ ਚਰਚਾ ਵਿੱਚ ਹੈ। ਇੱਥੇ 97 ਸਾਲਾ ਵਿਦਿਆ ਦੇਵੀ ਪਹਿਲੀ ਵਾਰ ਸਰਪੰਚ ਚੁਣੇ ਗਏ ਹਨ। ਵਿਦਿਆ ਦੇਵੀ ਆਪ ਤਾਂ ਸਕੂਲ ਨਹੀਂ ਗਏ, ਪਰ ਕੁੜੀਆਂ ਦੀ ਸਿੱਖਿਆ ਬਾਰੇ ਗੱਲ ਕਰਦੇ ਹਨ।

26 ਜਨਵਰੀ ਨੂੰ ਸਰਪੰਚ ਦੇ ਅਹੁਦੇ ਦੀ ਸਹੁੰ ਚੁੱਕਦੇ ਹੋਏ ਵਿਦਿਆ ਦੇਵੀ ਹੁਣ ਤੱਕ ਹੋਈਆਂ ਰਾਜਸਥਾਨ ਦੀਆਂ ਤਿੰਨ ਪੜਾਅ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਸਭ ਤੋਂ ਵੱਡੀ ਉਮਰ ਦੇ ਸਰਪੰਚ ਬਣੇ।

ਚਿਹਰੇ 'ਤੇ ਝੁਰੜੀਆਂ, ਸਿਰ ਦੇ ਅੱਧੇ ਵਾਲ ਝੜੇ ਹੋਏ ਤੇ ਕਮਜ਼ੋਰ ਨਜ਼ਰ ਕਾਰਨ ਐਨਕਾਂ ਲਾ ਕੇ ਹਲਕਾ ਜਿਹਾ ਝੁਕ ਕੇ ਤੁਰਦੀ ਹੋਏ ਵਿਦਿਆ ਦੇਵੀ ਬੋਲੇ, ''ਅਟਲ ਸੇਵਾ ਕੇਂਦਰ ਅੱਧਾ ਮੀਲ ਤਾਂ ਹੋਵੇਗਾ ਹੀ। ਇੰਨੀ ਦੂਰ ਜਾ ਕੇ ਵਾਪਸ ਆਉਂਦੀ ਹਾਂ। ਇੰਨੀ ਹਿੰਮਤ ਹੈ ਕਿ ਨੀਮਕਾਥਾਨਾ ਵੀ ਜਾ ਸਕਦੀ ਹਾਂ। ਮੈਨੂੰ ਕੋਈ ਬਿਮਾਰੀ ਨਹੀਂ ਹੈ। ਉਹ ਮੇਰਾ ਨਰਿੰਦਰ... ਕੀ ਕਰੀਏ, ਰੱਬ ਦੀ ਮਰਜ਼ੀ ਹੈ। ਬਸ ਹੁਣ ਤਾਂ ਅੱਖਾਂ 'ਤੇ ਅਸਰ ਪੈ ਗਿਆ।''

ਇੰਨਾ ਕਹਿੰਦੇ ਹੀ 97 ਸਾਲ ਦੀ ਬਜ਼ੁਰਗ ਸਰਪੰਚ ਵਿਦਿਆ ਦੇਵੀ ਚੁੱਪ ਹੋ ਗਏ। ਚੋਣਾਂ ਤੋਂ ਚਾਰ ਦਿਨ ਪਹਿਲਾਂ ਹੀ ਉਨ੍ਹਾਂ ਦੇ ਪੁੱਤਰ ਨਰਿੰਦਰ ਦੀ ਮੌਤ ਹੋ ਗਈ ਸੀ।

ਮਲੇਸ਼ੀਆ ਵਿੱਚ ਮਹਾਤਿਰ ਮੁਹੰਮਦ ਦੇ ਨਾਂ 92 ਸਾਲ ਦੀ ਉਮਰ ਵਿੱਚ ਸਭ ਤੋਂ ਵੱਡੀ ਉਮਰ ਵਿੱਚ ਪ੍ਰਧਾਨ ਮੰਤਰੀ ਬਣਨ ਦਾ ਰਿਕਾਰਡ ਹੈ।

ਹਾਲਾਂਕਿ ਉਨ੍ਹਾਂ ਨੇ ਹੁਣ 94 ਸਾਲ ਦੀ ਉਮਰ ਵਿੱਚ ਇਸ ਮਹੀਨੇ ਹੀ ਅਸਤੀਫ਼ਾ ਦੇ ਦਿੱਤਾ ਹੈ। ਆਪਣੀ ਉਮਰ ਨੂੰ ਲੈ ਕੇ ਉਹ ਹਮੇਸ਼ਾ ਚਰਚਾ ਵਿੱਚ ਰਹੇ, ਪਰ ਵਿਦਿਆ ਦੇਵੀ ਤਾਂ ਉਨ੍ਹਾਂ ਤੋਂ ਵੀ ਕਿਧਰੇ ਜ਼ਿਆਦਾ ਵੱਡੀ ਉਮਰ ਵਿੱਚ ਸਰਪੰਚ ਬਣੇ ਹਨ।

ਇਹ ਵੀ ਪੜ੍ਹੋ:

ਵਿਦਿਆ ਦੇਵੀ ਨੇ ਇਸ ਸਾਲ 1 ਫਰਵਰੀ ਨੂੰ ਆਪਣਾ 98ਵਾਂ ਜਨਮ ਦਿਨ ਮਨਾਇਆ ਹੈ।

ਉਮਰ ਦੇ ਇਸ ਪੜਾਅ ਤੱਕ ਦਾ ਸਫ਼ਰ ਤੈਅ ਕਰਨਾ ਜਿੱਥੇ ਕਈ ਲੋਕਾਂ ਨੂੰ ਨਸੀਬ ਨਹੀਂ ਹੁੰਦਾ, ਉੱਥੇ ਵਿਦਿਆ ਦੇਵੀ ਨੇ ਇਸ ਉਮਰ ਵਿੱਚ ਦੇਸ ਦੀ ਲੋਕਤੰਤਰੀ ਪ੍ਰਣਾਲੀ ਵਿੱਚ ਜਨ ਪ੍ਰਤੀਨਿਧੀ ਬਣਨ ਦਾ ਮਾਣ ਹਾਸਲ ਕੀਤਾ ਹੈ।

ਪੁਰਾਨਾਬਾਸ ਦੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਆਪਣਾ ਸਰਪੰਚ ਚੁਣ ਕੇ ਉਨ੍ਹਾਂ ਤੋਂ ਵਿਕਾਸ ਦੀ ਉਮੀਦ ਜਤਾਈ ਹੈ।

ਸਹੁੰ ਚੁੱਕਣ ਤੋਂ ਬਾਅਦ ਹੀ ਵਿਦਿਆ ਦੇਵੀ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਜੁਟ ਗਈ। ਪਿੰਡ ਵਿੱਚ ਸਫ਼ਾਈ ਅਭਿਆਨ ਚਲਾਇਆ, ਜਿਸਦੀ ਗਵਾਹੀ ਇੱਥੋਂ ਦੀਆਂ ਸੜਕਾਂ ਦਿੰਦੀਆਂ ਹਨ।

ਵੀਡਿਓ: ਪੰਜਾਬ ਦੇ ਮੰਤਰੀ ਦਾ 'ਭੱਦੇ' ਗੀਤ ਬਣਾਉਣ ਵਾਲਿਆਂ ਨੂੰ ਤਿੱਖਾ ਸੰਦੇਸ਼

ਉਹ ਕਹਿੰਦੇ ਹਨ, ''ਪਿੰਡ ਦੇ ਲੋਕਾਂ ਨੇ ਮੈਨੂੰ ਕਿਹਾ-ਤੁਹਾਨੂੰ ਚੁੱਕਣ ਲਈ ਕੂੜਾ ਹੀ ਮਿਲਿਆ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਮੋਦੀ ਵੀ ਤਾਂ ਕੂੜਾ ਚੁੱਕਦੇ ਹਨ। ਪਿਛਲੇ ਦੋ ਸਰਪੰਚਾਂ ਦੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ ਕਿ 10 ਸਾਲ ਵਿੱਚ ਪਹਿਲੀ ਵਾਰ ਤਾਂ ਉਹ ਆਦਮੀ ਸਰਪੰਚ ਬਣਿਆ, ਫਿਰ ਉਸਦੀ ਪਤਨੀ ਸਰਪੰਚ ਬਣ ਗਈ, ਪਰ ਪਿੰਡ ਦਾ ਕੂੜਾ ਕਿਸੇ ਨੇ ਨਹੀਂ ਚੁੱਕਿਆ।''

ਵਿਦਿਆ ਦੇਵੀ ਝੁਨਝੁਨੂ ਦੇ ਜਗੀਰਦਾਰ ਪਰਿਵਾਰ ਵਿੱਚ ਪੈਦਾ ਹੋਈ ਅਤੇ ਕਿਸਾਨੀ ਮਾਹੌਲ ਵਿੱਚ ਵੱਡੀ ਹੋਈ। 1923 ਦੇ ਦੌਰ ਵਿੱਚ ਕੁੜੀਆਂ ਦੀ ਸਿੱਖਿਆ ਨੂੰ ਮਹੱਤਵ ਨਾ ਦਿੱਤੇ ਜਾਣ ਕਾਰਨ ਵਿਦਿਆ ਦੇਵੀ ਆਪ ਤਾਂ ਕਦੇ ਸਕੂਲ ਨਹੀਂ ਗਏ, ਪਰ ਪਿੰਡ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਵਾਅਦਾ ਕਰਦੇ ਹਨ।

ਉਹ ਕਹਿੰਦੇ ਹਨ, ''ਉਦੋਂ ਕੁੜੀਆਂ ਨੂੰ ਕੋਈ ਨਹੀਂ ਪੜ੍ਹਾਉਂਦਾ ਸੀ, ਪਰ ਹੁਣ ਤਾਂ ਬੱਚੇ ਖ਼ੂਬ ਪੜ੍ਹ ਰਹੇ ਹਨ।''

ਆਪ ਕਦੇ ਸਕੂਲ ਨਾ ਜਾਣ ਵਾਲੀ ਵਿਦਿਆ ਦੇਵੀ ਬਾਰੇ ਪਿੰਡ ਦੇ ਲੋਕ ਕਹਿੰਦੇ ਹਨ ਕਿ ਇਸ ਉਮਰ ਵਿੱਚ ਵੀ ਉਹ ਪਿੰਡ ਦੀਆਂ ਔਰਤਾਂ ਨਾਲ ਸਿੱਖਿਆ ਬਾਰੇ ਗੱਲਾਂ ਕਰਦੇ ਹਨ।

ਕੀ ਇਸ ਉਮਰ ਵਿੱਚ ਥਕਾਵਟ ਨਹੀਂ ਹੁੰਦੀ? ਇਸ ਸਵਾਲ 'ਤੇ ਬਹੁਤ ਉਤਸ਼ਾਹ ਨਾਲ ਕਹਿੰਦੇ ਹਨ, ''ਕੋਈ ਬਿਮਾਰੀ ਨਹੀਂ ਹੈ, ਨਿਰੋਗੀ ਸਰੀਰ ਹੈ। ਪਰ ਹੁਣ ਨਰਿੰਦਰ ਦੇ ਜਾਣ ਤੋਂ ਬਾਅਦ ਅੱਖਾਂ 'ਤੇ ਅਸਰ ਪੈ ਗਿਆ ਹੈ।''

ਉਹ ਭਰੇ ਮਨ ਨਾਲ ਆਪਣੇ ਪੁੱਤਰ ਨਰਿੰਦਰ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।

ਵੀਡਿਓ: ਨੈਸ਼ਨਲ ਸਾਈਂਸ ਡੇਅ ਮੌਕੇ ਸੀਵੀ ਰਮਨ ਨੂੰ ਯਾਦ ਕਰਦਿਆਂ...

17 ਜਨਵਰੀ 2020 ਨੂੰ ਸਰਪੰਚ ਦੀ ਚੋਣ ਲਈ ਪੁਰਾਨਾਬਾਸ ਪਿੰਡ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਸੀ।

13 ਜਨਵਰੀ ਨੂੰ ਜੈਪੁਰ ਵਿੱਚ ਉਨ੍ਹਾਂ ਦੇ ਪੁੱਤਰ ਨਰਿੰਦਰ ਦਾ ਦੇਹਾਂਤ ਹੋ ਗਿਆ। ਉਦੋਂ ਪਿੰਡ ਵਿੱਚ ਪ੍ਰਚਾਰ ਕਰ ਰਹੀ ਵਿਦਿਆ ਦੇਵੀ ਪਰਿਵਾਰ ਨਾਲ ਜੈਪੁਰ ਚਲੀ ਗਈ।

ਉਨ੍ਹਾਂ ਦੇ ਪੁੱਤਰ ਅਸ਼ਵਨੀ ਕੁਮਾਰ ਕ੍ਰਿਸ਼ਣੀਆਂ ਕਹਿੰਦੇ ਹਨ, ''ਪਰਿਵਾਰ ਦੇ ਜੈਪੁਰ ਜਾਂਦੇ ਹੀ ਪਿੰਡ ਵਿੱਚ ਸਰਪੰਚ ਦੇ ਅਹੁਦੇ ਲਈ ਉਮੀਦਵਾਰ ਵਿਦਿਆ ਦੇਵੀ ਦੇ ਆਈਸੀਯੂ ਵਿੱਚ ਭਰਤੀ ਹੋਣ ਦੀ ਅਫ਼ਵਾਹ ਫੈਲ ਗਈ, ਪਰ ਲੋਕਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਅਤੇ ਉਹ 270 ਵੋਟਾਂ ਨਾਲ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਹੇ।''

ਸਹੁਰਿਆਂ ਵਿੱਚ ਸੱਤਾ ਅਤੇ ਫੌਜ ਦਾ ਤਜਰਬਾ

ਸ਼ੇਖਾਵਾਟੀ ਖੇਤਰ ਦੇ ਝੁਨਝੁਨੂ ਜ਼ਿਲ੍ਹੇ ਦੇ ਕਿਸਾਨ ਪਰਿਵਾਰ ਵਿੱਚ ਵਿਆਹ ਕਰਕੇ ਉਹ ਸੀਕਰ ਜ਼ਿਲ੍ਹੇ ਦੇ ਪੁਰਾਨਾਬਾਸ ਪਿੰਡ ਵਿੱਚ ਆਏ।

ਇੱਥੇ ਉਨ੍ਹਾਂ ਨੇ ਆਪਣੇ ਸਹੁਰੇ ਸੂਬੇਦਾਰ ਸੇਡੂਰਾਮ ਦੀ ਸਰਪੰਚੀ ਦਾ ਤਜਰਬਾ ਦੇਖਿਆ। ਵਿਦਿਆ ਦੇਵੀ ਦੇ ਪੁੱਤਰ ਅਸ਼ਵਨੀ ਕੁਮਾਰ ਦੱਸਦੇ ਹਨ ਕਿ ਦਾਦਾ ਜੀ ਉਸ ਸਮੇਂ ਅੱਠ ਪਿੰਡਾਂ ਦੇ ਸਰਪੰਚ ਹੁੰਦੇ ਸਨ। ਪਿੰਡ ਵਾਸੀਆਂ ਦੀ ਹਰ ਸਮੱਸਿਆ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਸਨ।

ਨੀਮਕਾਥਾਨਾ ਬਲਾਕ ਵਿਕਾਸ ਅਧਿਕਾਰੀ ਰਾਜੂਰਾਮ ਦਾ ਕਹਿਣਾ ਹੈ ਕਿ ਇਸਤੋਂ ਪਹਿਲਾਂ ਇੰਨੀ ਉਮਰ ਦੀ ਔਰਤ ਨੂੰ ਸਰਪੰਚ ਬਣਦੇ ਨਹੀਂ ਦੇਖਿਆ।

ਇਸ ਖੇਤਰ ਵਿੱਚ ਹੀ ਨਹੀਂ ਬਲਕਿ ਮੈਂ ਆਪਣੇ ਪੂਰੇ ਕਾਰਜਕਾਲ ਵਿੱਚ ਵੀ ਇਸ ਉਮਰ ਦੀ ਔਰਤ ਨੂੰ ਸਰਪੰਚ ਬਣਦੇ ਨਹੀਂ ਦੇਖਿਆ।

ਆਮ ਹੋ ਰਹੀਆਂ ਗੱਲਾਂ ਵਿੱਚ ਇਕਦਮ ਵਿਦਿਆ ਦੇਵੀ ਜੋਸ਼ੀਲੀ ਆਵਾਜ਼ ਵਿੱਚ ਕਹਿੰਦੇ ਹਨ, ''ਮੇਰੇ ਸਹੁਰੇ ਨੇ ਜੋ ਨਾਮ ਕਮਾਇਆ, ਉਹੀ ਨਾਮ ਮੈਂ ਵੀ ਕਮਾਉਣਾ ਚਾਹੁੰਦੀ ਹਾਂ।''

ਰਾਜਨੀਤੀ ਦਾ ਤਜਰਬਾ ਅਤੇ ਆਤਮਵਿਸ਼ਵਾਸ ਉਨ੍ਹਾਂ ਦੀਆਂ ਅੱਖਾਂ ਵਿੱਚ ਸਾਫ਼ ਝਲਕ ਰਿਹਾ ਸੀ। ਉਹ ਫਿਰ ਦੱਸਦੇ ਹਨ, ''ਮੇਰੇ ਪਤੀ ਮੇਜਰ ਸਾਹਬ ਵੀ 55 ਸਾਲ ਪਹਿਲਾਂ ਨਿਰਵਿਰੋਧ ਸਰਪੰਚ ਬਣੇ ਸੀ। ਉਨ੍ਹਾਂ ਨੇ ਪਿੰਡ ਦੇ ਬੰਦ ਰਸਤੇ ਖੁੱਲ੍ਹਵਾਏ ਸਨ।''

ਪੁਰਾਨਾਬਾਸ ਪਿੰਡ ਦੇ ਹੀ ਰਹਿਣ ਵਾਲੇ 63 ਸਾਲ ਦੇ ਮੋਹਰ ਸਿੰਘ ਨੀਮਕਾਥਾਨਾ ਵਿੱਚ ਪ੍ਰਾਈਵੇਟ ਨੌਕਰੀ ਕਰਦੇ ਹਨ। ਉਹ ਕਹਿੰਦੇ ਹਨ ਕਿ ਸਰਪੰਚ ਬਣਦੇ ਹੀ ਵਿਦਿਆ ਦੇਵੀ ਨੇ ਆਪਣੇ ਪੈਸੇ ਨਾਲ ਪਿੰਡ ਵਿੱਚ ਸਫ਼ਾਈ ਕਰਾਈ ਹੈ।

ਮੋਹਰ ਸਿੰਘ ਦਾ ਕਹਿਣਾ ਹੈ, ''ਪਿੰਡ ਵਿੱਚ ਪੀਣ ਦੇ ਪਾਣੀ ਵਿੱਚ ਫਲੋਰਾਇਡ ਜ਼ਿਆਦਾ ਹੈ। ਵਿਦਿਆ ਦੇਵੀ ਨੇ ਪਾਣੀ ਲਈ ਵੀ ਵਿਵਸਥਾ ਕਰਨ ਲਈ ਕਿਹਾ ਹੈ। ਸਾਨੂੰ ਤਾਂ ਉਮੀਦ ਹੈ ਪਾਣੀ ਦੀ ਸੁਵਿਧਾ ਉਹ ਕਰਵਾ ਦੇਣਗੇ।''

ਜ਼ਿੰਦਗੀ ਵਿੱਚ ਕਦੇ ਸਰਪੰਚ ਬਣਨ ਬਾਰੇ ਸੋਚਿਆ ਸੀ? ਉਹ ਹੱਸਦੇ ਹੋਏ ਬੋਲੇ, ''ਮੈਂ ਤਾਂ ਕਦੇ ਨਹੀਂ ਸੋਚਿਆ, ਪਰ ਮੇਰਾ ਇਹ ਪੋਤਾ ਹੈ ਨਾ ਮੋਂਟੂ, ਇਸਨੇ ਕਿਹਾ ਦਾਦੀ ਖੜ੍ਹੀ ਹੋ ਜਾਓ ਅਤੇ ਪਿੰਡ ਵਾਲਿਆਂ ਨੇ ਜਿੱਤਾ ਦਿੱਤਾ।''

ਇਹ ਵੀ ਪੜ੍ਹੋ:

ਫਿਰ ਹੱਥਾਂ ਨੂੰ ਫੈਲਾਅ ਕੇ ਹੌਲੀ ਆਵਾਜ਼ ਵਿੱਚ ਬੋਲੇ, ''ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਸਭ ਪਿੰਡ ਵਾਲਿਆਂ ਦਾ ਭਲਾ ਹੋਵੇ।''

ਵਿਦਿਆ ਦੇਵੀ ਦੇ ਪਤੀ ਸੈਨਾ ਵਿੱਚ ਮੇਜਰ ਸਨ। ਉਸ ਦੌਰਾਨ ਵਿਦਿਆ ਦੇਵੀ ਗੜ੍ਹਵਾਲ, ਮਹੂ, ਦਿੱਲੀ ਸਮੇਤ ਦੇਸ ਦੇ ਕਈ ਖੇਤਰਾਂ ਵਿੱਚ ਰਹੀ।

ਉਹ ਹੱਸਦੇ ਹੋਏ ਬੋਲੇ, ''ਜਦੋਂ ਮੇਜਰ ਸਾਹਬ ਦਿੱਲੀ ਵਿੱਚ ਸਨ, ਉਦੋਂ ਰਾਸ਼ਟਰਪਤੀ ਭਵਨ ਜਾਣ ਦਾ ਮੌਕਾ ਮਿਲਿਆ, ਸਾਰੇ ਅਫ਼ਸਰਾਂ ਨੂੰ ਬੁਲਾਇਆ ਗਿਆ ਸੀ ਤਾਂ ਮੈਂ ਪਹਿਲੀ ਵਾਰ ਉੱਥੇ ਗਈ ਸੀ।''

50 ਸਾਲ ਪਹਿਲਾਂ ਪੁਰਾਨਾਬਾਸ ਪਿੰਡ ਤੋਂ ਨਿਕਲ ਕੇ 7 ਕਿਲੋਮੀਟਰ ਦੂਰ ਨੀਮਕਾਥਾਨਾ ਜਾ ਵਸੇ ਕੈਲਾਸ਼ ਮੀਣਾ ਇੱਕ ਸਮਾਜਿਕ ਕਾਰਕੁੰਨ ਹਨ।

ਉਹ ਕਹਿੰਦੇ ਹਨ ਕਿ ਵਿਦਿਆ ਦੇਵੀ ਦੇ ਪਰਿਵਾਰ ਵਿੱਚ ਰਾਜਨੀਤੀ ਅਤੇ ਸੈਨਾ ਦਾ ਮਾਹੌਲ ਰਿਹਾ ਹੈ। 50 ਸਾਲ ਪਹਿਲਾਂ ਇਸ ਪਿੰਡ ਵਿੱਚ ਕਿਸੇ ਦੀ ਮੌਤ ਹੋਣ ਤੋਂ ਬਾਅਦ ਲੋਕਾਂ ਨੂੰ ਭੋਜਨ ਕਰਾਉਣ ਖਿਲਾਫ਼ ਆਵਾਜ਼ ਉੱਠੀ। ਨਵੀਂ ਪੁਰਾਣੀ ਪੀੜ੍ਹੀ ਦਾ ਤਾਲਮੇਲ ਬਣਾਉਣ ਲਈ ਪੁਰਾਣੇ ਲੋਕ ਨਵੇਂ ਵਿਚਾਰਾਂ ਨਾਲ ਸੋਚਦੇ ਹਨ।

ਆਤਮਨਿਰਭਰ

ਵਿਦਿਆ ਦੇਵੀ ਸਰਪੰਚ ਦੀ ਚੋਣ ਜਿੱਤਣ ਦੇ ਬਾਅਦ ਦੀ ਇੱਕ ਘਟਨਾ ਸੁਣਾਉਂਦੇ ਹਨ। ਉਹ ਮੁਸਕਰਾਉਂਦੇ ਹੋਏ ਕਹਿੰਦੇ ਹਨ, ''ਜਦੋਂ ਸਰਪੰਚ ਬਣੀ ਤਾਂ ਪੁਲਿਸ ਵਾਲੇ ਜੀਪ ਵਿੱਚ ਬੈਠਾ ਕੇ ਘਰ ਛੱਡਣ ਆ ਰਹੇ ਸਨ। ਉਦੋਂ ਉਹ ਬੋਲੇ, ''ਆਓ ਮਾਤਾ ਜੀ ਜੀਪ ਵਿੱਚ ਬੈਠਾ ਦਈਏ, ਤਾਂ ਮੈਂ ਹੱਸ ਕੇ ਬੋਲੀ ਮੈਨੂੰ ਕੀ ਬੈਠਾਓਗੇ, ਮੈਂ ਆਪ ਹੀ ਬੈਠ ਜਾਵਾਂਗੀ।''

ਪਹਿਲਾਂ ਵਿਦਿਆ ਦੇਵੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਸਵੇਰੇ ਚਾਰ ਵਜੇ ਉੱਠਦੇ ਸੀ। ਉਹ ਬੱਚੇ ਨੂੰ ਗੋਦ ਵਿੱਚ ਲੈ ਕੇ ਚੱਕੀ ਪੀਸਦੇ ਹੁੰਦੇ ਸੀ, ਪਾਣੀ ਦਾ ਖੂਹ ਦੂਰ ਸੀ, ਉੱਥੋਂ ਪਾਣੀ ਲਿਆਉਂਦੀ ਸੀ। ਦੋ ਘੜੇ ਸਿਰ 'ਤੇ ਰੱਖ ਕੇ ਪੌੜੀਆਂ ਚੜ੍ਹ ਕੇ ਆਉਣਾ ਪੈਂਦਾ ਸੀ।

ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਸਿਰ ਚੁੱਕ ਕੇ ਉਹ ਕਹਿੰਦੇ ਹਨ, ''ਪਹਿਲਾਂ ਬਹੁਤ ਮਿਹਨਤ ਨਾਲ ਕੰਮ ਕਰਦੀ ਸੀ।'' ਆਪਣੇ ਹੱਥਾਂ 'ਤੇ ਹੱਥ ਮਾਰਦੇ ਹੋਏ ਕਹਿੰਦੇ ਹਨ, ''ਹੁਣ ਤਾਂ ਥੋੜ੍ਹੀ ਕਮਜ਼ੋਰ ਹੋ ਗਈ ਹਾਂ।''

ਜੇਐੱਨਯੂ ਦਿੱਲੀ ਦੇ ਐਸੋਸੀਏਟ ਪ੍ਰੋਫੈਸਰ ਗੰਗਾਸਹਾਏ ਮੀਣਾ ਕਹਿੰਦੇ ਹਨ, ''97 ਸਾਲ ਦੀ ਬਜ਼ੁਰਗ ਔਰਤ ਦਾ ਚੁਣਿਆ ਜਾਣਾ ਰਾਜਨੀਤੀ ਵਿੱਚ ਸਭ ਤੋਂ ਵੱਧ ਉਮਰ ਸੀਮਾ ਨੂੰ ਤਾਂ ਗੌਣ ਕਰ ਦਿੰਦਾ ਹੈ। ਉਹ ਕਹਿੰਦੇ ਹਨ ਕਿ ਉਹ ਜਿੰਨਾ ਪਿੰਡ ਨੂੰ ਸਮਝਦੀ ਹੋਵੇਗੀ, ਸ਼ਾਇਦ ਹੀ ਕੋਈ ਹੋਰ ਓਨਾ ਸਮਝਦਾ ਹੋਵੇਗਾ। ਇਹ ਮਾਣ ਦੀ ਗੱਲ ਹੈ ਕਿ ਇਸ ਉਮਰ ਦੇ ਕਿਸੇ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਚੁਣਿਆ, ਉਹ ਵੀ ਇੱਕ ਔਰਤ ਨੂੰ। ਮੈਨੂੰ ਪੂਰੀ ਉਮੀਦ ਹੈ ਕਿ ਪੰਚਾਇਤ ਦੇ ਵਿਕਾਸ ਵਿੱਚ ਆਪਣੇ ਤਜਰਬੇ ਦਾ ਲਾਭ ਦੇਣ ਵਿੱਚ ਉਹ ਕਾਮਯਾਬ ਹੋਵੇਗੀ।''

ਪੁਰਾਨਾਬਾਸ ਪਿੰਡ ਪੰਚਾਇਤ ਦੇ ਬਾਂਕਲੀ ਪਿੰਡ ਦੇ ਕਿਸਾਨ ਮੂਲਚੰਦ ਕਹਿੰਦੇ ਹਨ, ''97 ਸਾਲ ਦੀ ਉਮਰ ਵਿੱਚ ਇੰਨਾ ਸਰਗਰਮ ਕਿਸੇ ਨੂੰ ਨਹੀਂ ਦੇਖਿਆ। ਵਿਦਿਆ ਦੇਵੀ ਹਮੇਸ਼ਾ ਬਜ਼ੁਰਗਾਂ ਦੀ ਪੈਨਸ਼ਨ, ਪਿੰਡ ਦੀ ਸਫ਼ਾਈ, ਬੱਚਿਆਂ ਦੀ ਪੜ੍ਹਾਈ ਲਈ ਕੰਮ ਕਰਨ ਦੀ ਗੱਲ ਕਰਦੀ ਹੈ।'' ਮੂਲਚੰਦ ਖੁਦ 70 ਸਾਲ ਦੇ ਹਨ ਅਤੇ 2000 ਤੋਂ 2005 ਤੱਕ ਇੱਥੇ ਉਪ ਸਰਪੰਚ ਰਹਿ ਚੁੱਕੇ ਹਨ। ਉਹ ਕਹਿੰਦੇ ਹਨ, ''ਇਨ੍ਹਾਂ ਦੇ ਵਿਚਾਰ ਚੰਗੇ ਹਨ। ਕੰਮ ਕਰਨਗੇ।''

ਦੂਜੇ ਪਾਸੇ ਵਿਦਿਆ ਦੇਵੀ ਕਹਿੰਦੀ ਹੈ, ''ਅਜਿਹਾ ਕੰਮ ਕਰਨਾ ਹੈ ਕਿ ਮਰਨ ਦੇ ਬਾਅਦ ਵੀ ਲੋਕ ਯਾਦ ਕਰਨ।''

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡਿਓ: ਮਸਜਿਦ ਦੀ ਅੱਗ ਬੁਝਾਉਣ ਲਈ ਹਿੰਦੂ ਆਏ

ਵੀਡਿਓ: ਕਸ਼ਮੀਰ: ਬੰਦ,ਕਰਫਿਊ ਤੇ ਪਾਬੰਦੀਆਂ ਨੇ ਤਬਾਹ ਕੀਤੇ ਕਾਰੋਬਾਰੀਆਂ ਦੇ ਸੁਪਨੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)