ਕਰਤਾਰਪੁਰ ਲਾਂਘੇ 'ਤੇ ਪੰਜਾਬ ਦੇ ਡੀਜੀਪੀ ਦੇ ਬਿਆਨ 'ਤੇ ਬੋਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਅਜਿਹੇ ਅੱਤਵਾਦੀ ਬਣਨਾ ਸੌ ਵਾਰ ਪਸੰਦ ਕਰਾਂਗੇ'

ਕਰਤਾਰਪੁਰ ਲਾਂਘਾ ਖੋਲ੍ਹਣ ਦੀ ਸਹਿਮਤੀ ਦੇਣ ਦੇ ਪਾਕਿਸਤਾਨ ਦੇ ਇਰਾਦੇ 'ਤੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਵਾਲ ਚੁੱਕਣ ਮਗਰੋਂ ਪੰਜਾਬ ਵਿੱਚ ਸਿਆਸਤ ਗਰਮ ਹੋ ਗਈ ਤੇ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਹਨ।

ਜੱਥੇਦਾਰ ਅਕਾਲ ਤਖ਼ਤ, ਗਿਆਨੀ ਹਰਪ੍ਰੀਤ ਸਿੰਘ ਨੇ ਵੀ ਡੀਜੀਪੀ ਦੇ ਬਿਆਨ ਦਾ ਸਖ਼ਤ ਨੋਟਿਸ ਲਿਆ ਤੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ, ਐੱਸਜੀਪੀਸੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਬਿਆਨ ਬਾਰੇ ਤਿੱਖੀ ਪ੍ਰਤਿਕਿਰਿਆ ਦਿੱਤੀ। ਕਾਂਗਰਸ ਵੱਲੋਂ ਵੀ ਡੀਜੀਪੀ ਦੇ ਬਚਾਅ ਵਿੱਚ ਬਿਆਨ ਆਇਆ।

ਅੰਗਰੇਜ਼ੀ ਅਖ਼ਬਾਰ 'ਦਿ ਇੰਡਿਅਨ ਐਕਸਪ੍ਰੈਸ' ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਡੀਜੀਪੀ ਨੇ ਕਿਹਾ ਕਿ ਸ਼ਰਧਾਲੂਆਂ ਲਈ ਬਗੈਰ ਵੀਜ਼ਾ ਲਾਂਘਾ ਖੋਲ੍ਹਣਾ ਸੁਰੱਖਿਆ ਦੇ ਨਜ਼ਰੀਏ ਤੋਂ ਇੱਕ ਵੱਡੀ ਚੁਣੌਤੀ ਹੈ।

ਡੀਜੀਪੀ ਨੇ ਕੀ ਕਿਹਾ?

ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਮੁਤਾਬਕ, "ਇਹ ਸੰਭਵ ਹੈ ਕਿ ਤੁਸੀਂ ਸਵੇਰ ਨੂੰ ਇੱਕ ਆਮ ਵਿਅਕਤੀ ਨੂੰ ਕਰਤਾਰਪੁਰ ਭੇਜੋ ਅਤੇ ਸ਼ਾਮ ਤੱਕ ਉਹ ਵਿਅਕਤੀ ਟਰੇਂਡ ਅੱਤਵਾਦੀ ਬਣ ਕੇ ਵਾਪਸ ਆ ਜਾਵੇਗਾ। ਤੁਸੀਂ ਛੇ ਘੰਟੇ ਉੱਥੇ ਹੋ, ਤੁਹਾਨੂੰ ਫਾਇਰਿੰਗ ਰੇਂਜ 'ਤੇ ਲਿਜਾਇਆ ਜਾ ਸਕਦਾ ਹੈ, ਤੁਹਾਨੂੰ ਆਈਈਡੀ ਬਣਾਉਣਾ ਸਿਖਾਇਆ ਜਾ ਸਕਦਾ ਹੈ।"

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਖੋਲ੍ਹਿਆ ਗਿਆ ਸੀ।

ਇਹੋ-ਜਿਹੇ ਅੱਤਵਾਦੀ ਅਸੀਂ ਸੌ ਵਾਰੀ ਬਣਨਾ ਪਸੰਦ ਕਰਾਂਗੇ-ਜਥੇਦਾਰ

ਜੱਥੇਦਾਰ ਅਕਾਲ ਤਖ਼ਤ, ਗਿਆਨੀ ਹਰਪ੍ਰੀਤ ਸਿੰਘ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਹੋਏ ਸਨ। ਉਨ੍ਹਾਂ ਨੇ ਉੱਥੋਂ ਹੀ ਡੀਜੀਪੀ ਦੇ ਬਿਆਨ ਦਾ ਸਖ਼ਤ ਨੋਟਿਸ ਲਿਆ ਤੇ ਭਾਰਤ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

"ਜਿਹੜਾ ਪੰਜਾਬ ਦੇ ਡੀਜੀਪੀ ਦਾ ਬਿਆਨ ਆਇਆ ਹੈ। ਬਹੁਤ ਹੀ ਮੰਦਭਾਗਾ ਬਿਆਨ ਹੈ। ਅੱਜ ਅਸੀਂ ਗੁਰਦਆਰਾ ਸ੍ਰੀ ਕਰਤਾਰਪੁਰ ਸਾਹਿਬ ਖੜ੍ਹੇ ਹਾਂ। ਇੱਥੇ ਸਿਵਾ ਪਿਆਰ-ਮੁਹਬੱਤ ਤੇ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨਾਂ ਤੋਂ ਸਾਨੂੰ ਕੁਝ ਵੀ ਨਹੀਂ ਮਿਲਿਆ।"

ਲੰਗਰ ਛਕਿਐ, ਬਹੁਤ ਅੱਛਾ ਪ੍ਰਬੰਧ ਹੈ। ਐਸੀ ਕੋਈ ਗੱਲ ਨਹੀਂ ਹੈ, ਇਸ ਅਸਥਾਨ ਦੇ ਉੱਤੇ ਜਿਹੜੀ ਸਾਨੂੰ ਅੱਤਵਾਦੀ ਬਣਾਉਂਦੀ ਹੋਵੇ।"

"ਜੇ ਮੱਕੇ ਦੀ ਜ਼ਿਆਰਤ ਕਰਨ ਤੋਂ ਬਾਅਦ ਕੋਈ ਮੁਸਲਮਾਨ ਅੱਤਵਾਦੀ ਨਹੀਂ ਬਣਦਾ। ਕਟਾਸ਼ਰਾਜ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਕੋਈ ਹਿੰਦੂ ਨਹੀਂ ਬਣਦਾ। ਯੈਰੂਸ਼ਲਮ ਦੇ ਦਰਸ਼ਨ ਕਰਕੇ ਵਾਪਸ ਆਪਣੇ ਦੇਸ਼ ਗਏ ਈਸਾਈ ਅੱਤਵਾਦੀ ਨਹੀਂ ਬਣਦੇ। ਤਾਂ ਫਿਰ ਅਸੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਣੇ ਆਪਣੇ ਮੁਲਕ ਵਾਪਸ ਜਾ ਕੇ ਅਸੀਂ ਅੱਤਵਾਦੀ ਕਿਵੇਂ ਬਣ ਗਏ।"

"ਜੇ ਗੁਰੂ ਘਰਾਂ ਦੇ ਦਰਸ਼ਨ ਕਰਨਾ ਸਾਨੂੰ ਅੱਤਵਾਦੀ ਬਣਾਉਂਦੈ, ਫਿਰ ਇਹੋ-ਜਿਹੇ ਅੱਤਵਾਦੀ ਗੁਰੂ ਘਰ ਦੇ ਦਰਸ਼ਨ ਕਰਕੇ ਅਸੀਂ ਸੌ ਵਾਰੀ ਬਣਨਾ ਪਸੰਦ ਕਰਾਂਗੇ।"

ਇਹ ਬਹੁਤ ਹੀ ਮਾੜਾ ਬਿਆਨ ਹੈ। ਭਾਰਤ ਸਰਕਾਰ ਨੂੰ ਡੀਜੀਪੀ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਬਿਆਨ ਨੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੇ ਮਨਾਂ ਨੂੰ ਹੀ ਨਹੀਂ। ਉਨ੍ਹਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ, ਜਿਹੜੇ ਅਮਨ ਚਾਹੁੰਦੇ ਨੇ।

"ਇਹ ਬਹੁਤ ਹੀ ਬੇਤੁਕਾ, ਨਿਖੇਧੀ ਭਰਭੂਰ ਬਿਆਨ ਹੈ।"

ਡੀਜੀਪੀ ਦੇ ਅਜਿਹਾ ਕਹਿਣ ਦੀ ਕੋਈ ਠੋਸ ਵਜ੍ਹਾ ਰਹੀ ਹੋਵੇਗੀ-ਸ਼ਰਮਾ

ਬੀਬੀਸੀ ਪੰਜਾਬੀ ਨੇ ਡੀਜੀਪੀ ਦਿਨਕਰ ਗੁਪਤਾ ਦੀ ਟਿੱਪਣੀ 'ਤੇ ਪੰਜਾਬ ਦੇ ਸਾਬਕਾ ਡੀਜੀਪੀ ਐੱਸ.ਕੇ. ਸ਼ਰਮਾ ਦੀ ਰਾਇ ਜਾਨਣੀ ਚਾਹੀ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੂੰ ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਡੀਜੀਪੀ ਦੇ ਅਜਿਹਾ ਕਹਿਣ ਦੀ ਕੋਈ ਠੋਸ ਵਜ੍ਹਾ ਰਹੀ ਹੋਵੇਗੀ। ਜਿਹੜੇ ਵੀ ਲੋਕ ਕਰਤਾਰਪੁਰ ਸਾਹਿਬ ਗਏ ਹਨ ਦੂਜੇ ਪਾਸੇ ਦੀਆਂ ਆਈਐੱਸਆਈ ਵਰਗੀਆਂ ਖ਼ੂਫ਼ੀਆ ਏਜੰਸੀਆ ਵੱਲੋਂ ਉਨ੍ਹਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਹਨ।"

"ਇਹ ਜਾਣਕਾਰੀ ਪੰਜਾਬ ਪੁਲਿਸ ਕੋਲ ਹੋਵੇਗੀ। ਇਸੇ ਕਾਰਨ ਉਨ੍ਹਾਂ ਨੇ ਇਹ ਟਿੱਪਣੀ ਕੀਤੀ। ਆਪਣੀਆਂ ਕੋਸ਼ਿਸ਼ਾਂ ਵਿੱਚ ਉਹ ਕਿੰਨੇ ਕਾਮਯਾਬ ਰਹੇ ਜਾਂ ਨਹੀਂ ਇਹ ਭਾਵੇਂ ਮੈਨੂੰ ਪਤਾ ਨਹੀਂ ਹੈ। ਪਰ ਡੀਜੀਪੀ ਨੂੰ ਇਸ ਦਾ ਜ਼ਰੂਰ ਪਤਾ ਹੋਵੇਗਾ।''

ਪਾਕਿਸਤਾਨ ਦਾ ਸਿੱਖਾਂ ਦਾ ਚਹੇਤਾ ਬਣਨ ਦਾ ਜਾਂ ਸਿੱਖ ਮਿਲੀਟੈਂਟਾਂ ਨੂੰ ਭਰਮਾਉਣ ਦਾ ਏਜੰਡਾ ਹੈ। ਡੀਜੀਪੀ ਕੋਲ ਇਸ ਬਾਰੇ ਜਾਣਕਾਰੀ ਹੋਵੇਗੀ। ਡੀਜੀਪੀ ਨੇ ਜੋ ਕਿਹਾ ਮੈਂ ਉਸ ਨਾਲ ਸਹਿਮਤ ਹਾਂ"

ਵੀਡੀਓ: ਕਰਤਾਰਪੁਰ ਸਾਹਿਬ ਜਾਣ ਲਈ ਆਨਲਾਈਨ ਅਪਲਾਈ ਇੰਝ ਕਰੋ

ਸ਼੍ਰੋਮਣੀ ਅਕਾਲੀ ਦਲ ਦੀ ਚਿਤਾਵਨੀ

ਸ਼੍ਰੋਮਣੀ ਅਕਾਲੀ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਕੀਤੀ। ਅਕਾਲੀ ਆਗੂ ਬਿਕਰਮ ਸਿੰਘ ਮੀਜੀਠੀਆ ਨੇ ਨੇ ਪੰਜਾਬ ਸਰਕਾਰ ਤੋਂ ਇਸ ਬਾਰ ਸਪੱਸ਼ਟੀਕਰਨ ਮੰਗਿਆ।

ਉਨ੍ਹਾਂ ਕਿਹਾ, ''ਜੇ 24 ਤਰੀਕ ਤੱਕ ਸਰਕਾਰ ਨੇ ਆਪਣਾ ਰਵੱਈਆ ਸਪੱਸ਼ਟ ਨਾ ਕੀਤਾ ਤਾਂ ਵਿਧਾਨ ਸਭਾ ਨਹੀਂ ਚੱਲਣ ਦਿੱਤੀ ਜਾਵੇਗੀ।''

ਇਹ ਵੀ ਪੜ੍ਹੋ:

ਮੀਜੀਠੀਆ ਨੇ ਅੱਗੇ ਕਿਹਾ, "ਉੱਥੇ ਜਾਣ ਵਾਲੇ ਸ਼ਰਧਾਲੂਆਂ ਦਾ ਮਕਸਦ ਉਸ ਖ਼ੁਸ਼ਬੂ ਉਸ ਹਵਾ ਨੂੰ ਗ੍ਰਹਿਣ ਕਰਨਾ ਜਿੱਥੇ ਗੁਰੂ ਨਾਨਕ ਰਹੇ। ਇਨ੍ਹਾਂ ਨੇ ਕਹਿ ਦਿੱਤਾ ਤੁਸੀਂ ਉੱਥੇ ਜਾ ਕੇ ਰੱਬ-ਰੱਬ ਨਹੀਂ ਕਰੋਂਗੇ। ਤੁਹਾਨੂੰ ਤਾਂ ਉੱਥੋਂ ਫੜ ਕੇ ਲਿਜਾਇਆ ਜਾਵੇਗਾ। ਐਕਸਪਲੋਜ਼ਿਵ ਦੀ ਟਰੇਨਿੰਗ ਦਿੱਤੀ ਜਾਵੇਗੀ। ਤੁਹਾਨੂੰ ਏਕੇ-47 ਚਲਾਉਣ ਦੀ ਟਰੇਨਿੰਗ ਦਿੱਤੀ ਜਾਵੇਗੀ। ਤੁਹਾਨੂੰ ਗਰਨੇਡ ਦੀ ਟਰੇਨਿੰਗ ਦਿੱਤੀ ਜਾਵੇਗੀ।"

ਮਜੀਠੀਆ ਨੇ ਡੀਜੀਪੀ ਅਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਅੱਗੇ ਕਿਹਾ ਕਿ ਜਦੋਂ ਲਾਘਾਂ ਖੁਲ੍ਹਿਆ ਸੀ ਤਾਂ ਉਸ ਵੇਲੇ ਅਸੀਂ ਵੀ ਪਾਕਿਸਤਾਨ ਗਏ ਸੀ ਅਤੇ ਜਥੇਦਾਰ ਨੇ ਅਗਵਾਈ ਕੀਤੀ ਸੀ, ਸਾਡੇ ਵਿੱਚੋਂ ਤਾਂ ਨਹੀਂ ਕੋਈ ਅੱਤਵਾਦੀ ਬਣ ਗਿਆ।

"ਸਾਨੂੰ ਕਿਹੜੇ ਕਿਹੜੇ ਨੂੰ ਕੋਈ ਟਰੇਨਿੰਗ ਮਿਲੀ ਹੈ? 52 ਹਜ਼ਾਰ ਦੀ ਜੇ ਕੋਈ ਸੂਚੀ ਇਨ੍ਹਾਂ ਕੋਲ ਹੈ ਤਾਂ ਜਨਤਕ ਕਰਨ।

ਕਾਂਗਰਸ ਦੀ ਹਮੇਸ਼ਾ ਤੋਂ ਹੀ ਇਹੀ ਸੋਚ ਰਹੀ ਹੈ- ਸਿਰਸਾ

ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਡੀਜੀਪੀ ਦੇ ਬਿਆਨ ਬਾਰੇ ਆਪਣਾ ਪ੍ਰਤੀਕਰਮ ਦਿੱਤਾ। ਉਨ੍ਹਾਂ ਨੇ ਇਸ ਬਿਆਨ ਦੀ ਨਿੰਦਾ ਕੀਤੀ ਤੇ ਕਿਹਾ ਕਿ ਸਿੱਖਾਂ ਦੀ ਦੇਸ਼ ਪ੍ਰਤੀ ਵਫ਼ਾਦਾਰੀ ਤੇ ਸਵਾਲ ਨਹੀਂ ਚੁੱਕੇ ਜਾਣੇ ਚਾਹੀਦੇ।

ਸਿਰਸਾ ਨੇ ਕਿਹਾ, "ਪੰਜਾਬ ਦੇ ਡੀਜੀਪੀ ਨੇ ਇਹ ਜੋ ਬਿਆਨ ਦਿੱਤਾ ਹੈ ਕਿ ਕਰਤਾਰਪੁਰ ਜੋ ਸਿੱਖ ਇੱਕ ਦਿਨ ਲਈ ਜਾਵੇਗਾ ਤੇ ਸ਼ਾਮ ਨੂੰ ਆਤੰਕੀ ਬਣ ਕੇ ਆਵੇਗਾ ਤੇ ਆ ਕੇ ਬੰਬ ਧਮਾਕਾ ਕਰ ਦੇਵੇਗਾ। ਮੈਂ ਇਨ੍ਹਾਂ ਸ਼ਬਦਾਂ ਦੀ ਸਖ਼ਤ ਨਿੰਦਾ ਕਰਦਾ ਹਾਂ।"

ਇਹ ਵੀ ਪੜ੍ਹੋ:

"ਸਾਨੂੰ ਅਜਿਹੇ ਸ਼ਬਦਾਂ ਤੋਂ ਇਤਰਾਜ਼ ਹੈ। ਕਾਂਗਰਸ ਦੀ ਹਮੇਸ਼ਾ ਤੋਂ ਹੀ ਇਹੀ ਸੋਚ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਇੱਕ ਸਿੱਖ ਹੋਣ ਤੇ ਉਨ੍ਹਾਂ ਦੀ ਸਰਕਾਰ ਅਜਿਹਾ ਬਿਆਨ ਦੇਵੇ। ਸਿੱਖਾਂ ਦੀ ਦੇਸ਼ ਪ੍ਰਸਤੀ 'ਤੇ ਸਵਾਲ ਚੱਕੇ ਜਾਣ। ਸਿੱਖ ਦੇਸ਼ ਦੀ ਇੱਕ ਵਫ਼ਾਦਾਰ ਕੌਮ ਹੈ।"

"ਜੇ ਕੋਈ ਹਿੰਦੂ ਸ਼ਰਧਾਲੂ ਜਾ ਮਾਨਸਰੋਵਰ ਜਾ ਕੇ ਅੱਤਵਾਦੀ ਨਹੀਂ ਬਣਦਾ ਤਾਂ ਇਹ ਕਿਵੇਂ ਕਿਹਾ ਜਾਂਦਾ ਹੈ ਕਿ ਕੋਈ ਸਿੱਖ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਵੇਗਾ ਤੇ ਆਤੰਕੀ ਬਣ ਕੇ ਆ ਜਾਵੇਗਾ।"

‘ਲਗਦਾ ਹੈ ਡੀਜੀਪੀ ਆਰਐੱਸਐੱਸ ਵਰਕਰ ਵਜੋਂ ਕੰਮ ਕਰ ਰਹੇ ਹਨ’

ਪੰਜਾਬ ਵਿਧਾਨ ਸਭਾ ਵਿੱਚ ਵੋਰਿਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਡੀਜੀਪੀ ਦੇ ਬਿਆਨ ਦੀ ਨਿੰਦਾ ਕੀਤੀ ਹੈ।

ਆਪਣੀ ਪ੍ਰਤਿਕਿਰਿਆ ਵਿੱਚ ਉਨ੍ਹਾ ਨੇ ਕਿਹਾ,"ਡੀਜੀਪੀ ਸਾਹਿਬ ਦਾ ਬਿਆਨ ਆਇਆ ਕਿ ਜਿਹੜਾ ਵੀ ਵਿਅਕਤੀ ਕਰਤਾਰਪੁਰ ਸਾਹਿਬ ਜਾ ਕੇ ਆਉਂਦਾ ਹੈ। ਉਹ ਅੱਤਵਾਦੀ ਬਣ ਜਾਂਦਾ ਹੈ। ਬਹੁਤ ਹੀ ਮਾੜਾ ਤੇ ਨਿੰਦਣਯੋਗ ਬਿਆਨ ਹੈ।"

"ਕੈਪਟਨ ਸਾਹਿਬ ਨੂੰ ਤੁਰੰਤ ਮੁਕਦੱਮਾ ਦਰਜ ਕਰਕੇ ਡੀਜੀਪੀ ਸਾਹਿਬ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ। ਤੁਰੰਤ ਅਹੁਦੇ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ।"

ਵੀਡੀਓ: ਕਰਤਾਰਪੁਰ ਜਾਣ ਦੇ ਹਰ ਪੜਾਅ ਦੀ ਜਾਣਕਾਰੀ, ਸਰਹੱਦ ਦੇ ਦੋਵਾਂ ਪਾਸਿਆਂ ਤੋਂ

"ਡੀਜੀਪੀ ਦੇ ਪੱਧਰ 'ਤੇ ਬੈਠਾ ਇੱਕ ਵਿਅਕਤੀ ਲੋਕਾਂ ਨੂੰ ਤੋੜਨ ਵਾਲੇ ਬਿਆਨ ਦੇ ਰਿਹਾ ਹੈ। ਮੈਂ ਸਮਝਦਾ ਹਾਂ ਕਿ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।"

ਇਸ ਤਰ੍ਹਾਂ ਲੱਗ ਰਿਹਾ ਹੈ ਕਿ ਡੀਜੀਪੀ ਸਾਹਿਬ ਨਾਗਪੁਰ ਤੋਂ ਚਲਦੇ ਨੇ। ਆਰਐੱਸਐੱਸ ਦਾ ਇੱਕ ਵਰਕਰ ਬਣ ਕੇ ਕੰਮ ਕਰ ਰਹੇ ਹਨ। ਬੀਜੇਪੀ ਦੇ ਇੱਕ ਵਰਕਰ ਵਜੋਂ ਕੰਮ ਕਰ ਰਹੇ ਹਨ।

ਡੀਜੀਪੀ ਦੇ ਬਿਆਨ ਨਾਲ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚੀ- ਲੌਂਗੋਵਾਲ

ਇਸ ਮੁੱਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਖ਼ਤ ਪ੍ਰਤਿਕਿਰਿਆ ਦਿੱਤੀ ਹੈ।

ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ''ਇਹ ਦੋ ਦੇਸ਼ਾ ਦੀ ਵਿਦੇਸ਼ ਨੀਤੀ ਦੀ ਗੱਲ ਹੈ। ਡੀਜੀਪੀ ਜਾਂ ਪੰਜਾਬ ਸਰਕਾਰ ਦਾ ਤਾਂ ਕੋਈ ਅਧਿਕਾਰ ਹੀ ਨਹੀਂ ਹੈ ਬੋਲਣ ਦਾ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਮੰਸ਼ਾ ਮਾੜੀ ਹੈ ਅਤੇ ਇਹ ਚਾਹੁੰਦੇ ਹਨ ਕਿ ਲਾਂਘਾ ਬੰਦ ਹੋਵੇ।

ਉਨ੍ਹਾਂ ਅੱਗੇ ਕਿਹਾ ਕਿ ਡੀਜੀਪੀ ਦੇ ਬਿਆਨ ਨਾਲ ਸਿੱਖਾਂ ਦੀ ਸ਼ਰਧਾ ਨੂੰ ਠੇਸ ਪਹੁੰਚੀ ਹੈ। ਸ਼ਰਧਾਲੂ ਪੂਰੀ ਵੈਰੀਫਿਕੇਸ਼ਨ ਅਤੇ ਜਾਂਚ ਤੋਂ ਬਾਅਦ ਉੱਥੇ ਜਾਂਦੇ ਹਨ।

ਸਿੱਖ ਕੌਮ ਵਿੱਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੈ- ਵੇਰਕਾ

ਕਾਂਗਰਸ ਦੇ ਆਗੂ ਰਾਜ ਕੁਮਾਰ ਵੇਰਕਾ ਵੀ ਸਾਹਮਣੇ ਆਏ ਅਤੇ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਬਾਰੇ ਸਪੱਸ਼ਟੀ ਕਰਨ ਦਿੱਤਾ।

ਉਨ੍ਹਾਂ ਕਿਹਾ, ''ਸਿੱਖ ਕੌਮ ਵਿੱਚ ਦੇਸ਼ ਭਗਤੀ ਕੁੱਟ-ਕੁੱਟ ਕੇ ਭਰੀ ਹੈ। ਡੀਜੀਪੀ ਨੇ ਇਹ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ। ਜੋ ਲੋਕ ਮੱਥਾ ਟੇਕਣ ਜਾਂਦੇ ਹਨ ਉਨ੍ਹਾਂ ਨੂੰ ਹਿੰਦੁਸਤਾਨ ਖਿਲਾਫ ਭੜਕਾਇਆ ਜਾਂਦਾ ਹੈ।''

ਡੀਜੀਪੀ ਨੇ ਕਿਹਾ ਮੈਨੂੰ ਪਛਤਾਵਾ

ਐਤਵਾਰ ਨੂੰ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਆਪਣੇ ਬਿਆਨ ਉੱਤੇ ਪਛਤਾਵਾ ਜ਼ਾਹਿਰ ਕੀਤਾ।

ਉਨ੍ਹਾਂ ਲਿਖਿਆ, ''ਜੇਕਰ ਮੇਰੇ ਬਿਆਨ ਕਾਰਨ ਮੇਰੇ ਸੂਬੇ ਦੇ ਲੋਕਾਂ ਨੂੰ ਦੁੱਖ ਪਹੁੰਚਿਆਂ ਹੈ ਤਾਂ ਮੈਨੂੰ ਪਛਤਾਵਾ ਹੈ। ਮੈਂ ਜਾਣਬੁੱਝ ਕੇ ਅਜਿਹਾ ਬਿਆਨ ਨਹੀਂ ਦਿੱਤਾ, ਮੈਂ ਸਿਰਫ ਪੰਜਾਬ ਹਰ ਨਾਗਰਿਕ ਲਈ ਸੁਰੱਖਿਅਤ ਅਤੇ ਸ਼ਾਂਤ ਮਾਹੌਲ ਦੀ ਤਾਂਘ ਰੱਖਦਾ ਹਾਂ।''

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਮਾਮਲਾ ਵੱਧਦਿਆਂ ਦੇਖ ਸ਼ਨਿੱਚਰਵਾਰ ਸ਼ਾਮ ਤੱਕ ਆਪਣਾ ਸ਼ਪੱਟੀਕਰਨ ਵੀ ਦੇ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਕਈ ਦਹਾਕਿਆਂ ਤੋਂ ਮੇਰੇ ਵਰਗੇ ਸ਼ਰਧਾਲੂਆਂ ਦੀ ਵੀ ਖੁੱਲ੍ਹੇ ਦਰਸ਼ਨ ਦੀਦਾਰ ਦੀ ਇੱਛਾ ਪੂਰੀ ਹੋਈ ਹੈ।

ਡੀਜੀਪੀ ਨੇ ਕਿਹਾ, ''ਮੇਰੇ ਬਿਆਨ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਹਵਾਲਾ ਨਹੀਂ ਸੀ। ਮੈਂ ਤਾਂ ਸਿਰਫ਼ ਅਜਿਹੇ ਤੱਤਾਂ ਬਾਰੇ ਆਪਣੀ ਗੱਲ ਰੱਖੀ ਜੋ ਭਾਰਤ ਖਿਲਾਫ਼ ਹਰ ਮੌਕੇ ਦਾ ਫਾਇਦਾ ਚੁੱਕ ਸਕਦੇ ਹਨ। ਅਮਨ ਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਲਈ ਕਰਤਾਰਪੁਰ ਸਾਹਿਬ ਵਰਗੀ ਪਵਿੱਤਰ ਥਾਂ ਨੂੰ ਵੀ ਵਰਤਿਆ ਜਾ ਸਕਦਾ ਹੈ।''

ਵੀਡੀਓ: ਲਾਂਘੇ ਤੋਂ ਪਹਿਲਾਂ ਦੂਰਬੀਨ ਰਾਹੀਂ ਕਿਵੇਂ ਹੁੰਦੇ ਸੀ ਕਰਤਾਰਪੁਰ ਦੇ ਦਰਸ਼ਨ

ਕੈਪਟਨ ਅਮਰਿੰਦਰ ਸਿੰਘ ਇਸ ਬਾਰੇ ਖ਼ਦਸ਼ੇ ਜਤਾਉਂਦੇ ਰਹੇ ਹਨ

ਜਦੋਂ ਲਾਂਘਾਂ ਖੁੱਲ੍ਹਣ ਦੀ ਗੱਲ ਤੁਰੀ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਖ਼ਦਸ਼ੇ ਜ਼ਾਹਰ ਕੀਤੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਕਰਨਾ ਭਾਰਤ ਖ਼ਾਸ ਕਰਕੇ ਪੰਜਾਬ ਜੋ ਕਿ ਇੱਕ ਸਰਹੱਦੀ ਸੂਬਾ ਹੈ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ।

ਅਗਸਤ 2018 ਵਿੱਚ ਜਦੋਂ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਪਾਈ ਜੱਫ਼ੀ ਪਾਉਣ ਤੋਂ ਬਾਅਦ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਦੀ ਗੱਲ ਉਠੀ ਸੀ। ਕੈਪਟਨ ਇਸ ਦੇ ਹਮਾਇਤੀ ਨਹੀਂ ਸਨ ਤੇ ਸਿੱਧੂ ਨਾਲ ਵੀ ਉਨ੍ਹਾਂ ਦੀ ਇਸ ਗੱਲੋਂ ਤਲਖ਼ੀ ਵਧ ਗਈ ਸੀ।

ਆਖ਼ਰ ਲਾਂਘਾ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਿਛਲੇ ਸਾਲ ਖੋਲ੍ਹਿਆ ਗਿਆ। ਪਹਿਲੇ ਜੱਥੇ ਦੀ ਅਗਵਾਈ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਕੀਤੀ ਸੀ। ਉਸ ਪਹਿਲੇ ਜੱਥੇ ਵਿੱਚ ਭਾਰਤ ਦੇ ਸਾਬਕਾ ਮੁੱਖ ਮੰਤਰੀ ਡ਼ਾ ਮਨਮੋਹਨ ਸਿੰਘ ਤੋਂ ਇਲਵਾ ਕੈਪਟਨ ਅਮਰਿੰਦਰ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਸਿੱਖ ਵਜੋਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਰੂਰ ਜਾਣਗੇ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਪਾਕਿਸਤਾਨੀ ਡਰਾਈਵਰ ਦੀ ਭਾਰਤ-ਪਾਕ ਸ਼ਾਂਤੀ ਦੀ ਬਾਤ

ਵੀਡੀਓ: ਕਰਤਾਰਪੁਰ ਸਾਹਿਬ ’ਚ ਉਦਘਾਟਨੀ ਸਮਾਗਮ ਬਾਰੇ ਇੱਕ ਪੱਤਰਕਾਰ ਦੀਆਂ ਯਾਦਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)