ਜਦੋਂ ਜਾਮੀਆ ਯੂਨੀਵਰਸਿਟੀ ਦੀ ਵੀਸੀ ਨਾਲ ਅੱਧੇ ਘੰਟੇ ਤੱਕ ਵਿਦਿਆਰਥੀਆਂ ਕਰਦੇ ਰਹੇ ਸਵਾਲ-ਜਵਾਬ

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਸੋਮਵਾਰ ਨੂੰ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀ 15 ਦਸੰਬਰ ਨੂੰ ਜਾਮੀਆ ਕੈਂਪਸ 'ਚ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਐੱਫਆਈਆਰ ਦਰਜ ਕਰਵਾਉਣ ਦੀ ਮੰਗ ਕਰ ਰਹੇ ਸਨ।

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਦੇ ਖ਼ਿਲਾਫ਼ ਐੱਫਆਈਆਰ ਦਰਜ ਨਹੀਂ ਹੁੰਦੀ ਉਹ ਪ੍ਰੀਖਿਆ ਦਾ ਬਾਈਕਾਟ ਕਰਨਗੇ।

ਰੋਸ-ਮੁਜ਼ਾਹਰਿਆਂ ਨੂੰ ਦੇਖਦੇ ਹੋਏ ਜਾਮੀਆ ਦੀ ਵਾਈਸ ਚਾਂਸਲਰ ਨਜ਼ਮਾ ਅਖ਼ਤਰ ਸਾਹਮਣੇ ਆਈ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤਾ।

ਵੀਸੀ ਨੇ ਕਿਹਾ ਕਿ ਪੁਲਿਸ ਨੇ ਜਾਮੀਆ ਕੈਂਪਸ 'ਚ ਵੜਨ ਤੋਂ ਪਹਿਲਾਂ ਆਗਿਆ ਨਹੀਂ ਲਈ ਸੀ ਅਤੇ ਕੈਂਪਸ ਅੰਦਰ ਜਦੋ ਵੀ ਕਾਰਵਾਈ ਕੀਤੀ ਉਸ ਦੇ ਖ਼ਿਲਾਫ਼ ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾ।

ਨਜ਼ਮਾ ਅਖ਼ਤਰ ਨੇ ਕਿਹਾ, "ਅਸੀਂ ਜੋ ਐੱਫਆਈਆਰ ਕਰਵਾਈ ਹੈ, ਉਸ ਨੂੰ ਪੁਲਿਸ ਰੀਸੀਵ ਨਹੀਂ ਕਰ ਰਹੀ ਹੈ। ਤੁਸੀਂ ਜੋ ਚਾਹੁੰਜੇ ਹੋ ਉਹ ਅਸੀਂ ਨਹੀਂ ਕਰ ਸਕਦੇ ਕਿਉਂਕਿ ਅਸੀਂ ਸਰਕਾਰ ਕਰਮਚਾਰੀ ਹਾਂ। ਅਸੀਂ ਸਰਕਾਰ ਨੂੰ ਇਤਰਾਜ਼ ਭੇਜੇ ਹਨ। ਹੁਣ ਅਸੀਂ ਕੋਰਟ ਵੀ ਜਾਵਾਂਗੇ।"

ਇਹ ਵੀ ਪੜ੍ਹੋ-

ਬੀਬੀਸੀ ਹਿੰਦੀ 'ਤੇ ਇਸ ਪੂਰੀ ਬਹਿਸਬਾਜ਼ੀ ਦਾ ਵੀਡੀਓ ਦੇਖ ਸਕਦੇ ਹੋ

ਵਿਦਿਆਰਥੀਆਂ ਨੇ ਇਸ ਤੋਂ ਬਾਅਦ ਸਵਾਲ ਕੀਤਾ ਕਿ 15 ਪਹਿਲਾਂ ਵੀ ਇਹੀ ਕਿਹਾ ਗਿਆ ਸੀ ਕਿ ਜਾਮੀਆ ਪ੍ਰਸ਼ਾਸਨ ਕੋਰਟ ਜਾਵੇਗਾ। ਦੂਜਾ ਸਵਾਲ ਇਹ ਵੀ ਹੈ ਕਿ ਪੁਲਿਸ ਜਾਮੀਆ ਕੈਂਪਸ 'ਚ ਵੜੀ ਕਿਵੇਂ ਅਤੇ ਮੀਡੀਆ 'ਚ ਇਸ ਦੀ ਜਵਾਬਦੇਹੀ ਨੂੰ ਲੈ ਕੇ ਸਵਾਲ ਹੋਇਆ ਤਾਂ ਤੁਸੀਂ ਕਿਹਾ ਸੀ, "ਕੋਈ ਨਹੀਂ।" ਸਿੱਧਾ ਜਵਾਬ ਕਿਉਂ ਨਹੀਂ ਦਿੱਤਾ।

ਉਸ 'ਤੇ ਵੀਸੀ ਨਜ਼ਮਾ ਅਖ਼ਤਰ ਨੇ ਕਿਹਾ, "ਤੁਸੀਂ ਜੋ ਟੀਵੀ ਇੰਟਰਵਿਊ ਦੇਖਿਆ ਹੈ ਉਹ ਅਧੂਰਾ ਹੈ। ਮੈਂ ਕਹਿੰਦੀ ਹਾਂ ਕਿ ਉਹ ਪੂਰਾ ਇੰਟਰਵਿਊ ਦਿਖਾਉਣ ਤਾਂ ਹੀ ਸਪੱਸ਼ਟ ਹੋਵੇਗਾ।"

ਦੱਸ ਦਈਏ ਕਿ 15 ਦਸੰਬਰ ਨੂੰ ਜਾਮੀਆ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਹੋਏ ਮੁਜ਼ਾਹਰੇ ਦੌਰਾਨ ਹਿੰਸਾ ਭੜਕ ਗਈ ਸੀ।

ਇਸ ਦੌਰਾਨ ਕਈ ਬੱਸਾਂ ਵਿੱਚ ਅੱਗ ਲਗਾਈ ਅਤੇ ਭੰਨ-ਤੋੜ ਦੀਆਂ ਘਟਨਾਵਾਂ ਵੀ ਹੋਈਆਂ ਸਨ। ਇਲਜ਼ਾਮ ਹਨ ਕਿ ਦੇਰ ਸ਼ਾਮ ਦਿੱਲੀ ਪੁਲਿਸ ਨੇ ਜਾਮੀਆ ਕੈਂਪਸ ਵਿੱਚ ਵੜ ਕੇ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਅਤੇ ਲਾਈਬ੍ਰੇਰੀ 'ਚ ਵੜ ਕੇ ਭੰਨਤੋੜ ਕੀਤੀ ਸੀ।

ਸੀਏਏ ਅਤੇ ਜਾਮੀਆ ਵਿੱਚ ਹੋਈ ਹਿੰਸਾ ਦੇ ਵਿਰੋਧ ਵਿੱਚ ਵਿਦਿਆਰਥੀ ਬੀਤੇ ਇੱਕ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ।

ਵਿਦਿਆਰਥੀਆਂ ਨੇ ਇਹ ਵੀ ਕਿਹਾ ਹੈ ਕਿ ਇਸ ਗੱਲ ਨੂੰ ਸਵੀਕਾਰ ਕੀਤਾ ਜਾਵੇ ਕਿ ਜਾਮੀਆ 'ਚ ਪੁਲਿਸ ਨੇ ਸਰਕਾਰ ਦੇ ਕਹਿਣ 'ਤੇ ਵਿਦਿਆਰਥੀਆਂ ਨਾਲ ਕੁੱਟਮਾਰ ਅਤੇ ਭੰਨਤੋੜ ਕੀਤੀ।

ਇਹ ਵੀ ਪੜ੍ਹੋ-

ਪਰ ਵੀਸੀ ਨੇ ਕਿਹਾ ਕਿ ਉਹ ਕਿਸੇ ਦੀ ਕਹੀ ਗੱਲ ਨਹੀਂ ਦੁਹਰਾਉਣਗੇ। ਉਨ੍ਹਾਂ ਨੇ ਕਿਹਾ, "ਤੁਸੀਂ ਆਪਣੀ ਗੱਲ ਮੇਰੇ ਮੂੰਹ 'ਚ ਨਾ ਪਾਓ। ਮੈਂ ਆਪਣੀ ਗੱਲ ਕਹਾਂਗੀ। ਦਿੱਲੀ ਪੁਲਿਸ ਜਾਮੀਆ ਕੈਂਪਸ ਵਿੱਚ ਸਾਡੀ ਆਗਿਆ ਦੇ ਬਿਨਾ ਵੜੀ ਸੀ। ਸਾਡੇ ਮਾਸੂਮ ਬੱਚਿਆਂ ਨੂੰ ਕੁੱਟਿਆਂ ਸੀ ਅਤੇ ਬਹੁਤ ਤਕਲੀਫ਼ ਦਿੱਤੀ। ਇਹ ਚੀਜ਼ ਅਸੀਂ ਬਿਲਕੁਲ ਨਹੀ ਬਰਦਾਸ਼ਤ ਕਰਾਂਗੇ।"

ਵਾਈਸ ਚਾਂਸਲਰ ਅਤੇ ਵਿਦਿਆਰਥੀਆਂ ਵਿਚਾਲੇ ਸਵਾਲ-ਜਵਾਬ ਅੱਧੇ ਘੰਟੇ ਤੋਂ ਵੀ ਵੱਧ ਚੱਲੇ। ਜਾਮੀਆ ਦੇ ਵਿਦਿਆਰਥੀ ਪੁਲਿਸ ਦੇ ਖ਼ਿਲਾਫ਼ ਤੁਰੰਤ ਐੱਫਆਈਆਰ ਕਰਵਾਉਣ ਦੀ ਜ਼ਿੱਦ 'ਤੇ ਅੜੇ ਰਹੇ। ਵਿਦਿਆਰਥੀਆਂ ਨੇ ਸਵਾਲ ਕੀਤਾ ਕਿ ਆਖ਼ਿਰ ਕਦੋਂ ਸ਼ਿਕਾਇਤ ਦਰਜ ਹੋਵੇਗੀ।

ਨਜ਼ਮਾ ਅਖ਼ਤਰ ਨੇ ਕਿਹਾ, "ਤਰੀਕ ਨਾ ਪੁੱਛੋ, ਮੈਂ ਕਹਿ ਦਿੱਤਾ ਤਾਂ ਐੱਫਆਈਆਰ ਹੋ ਕੇ ਰਹੇਗੀ।" ਪਰ ਵਿਦਿਆਰਥੀ ਇਸ 'ਤੇ ਰਾਜ਼ੀ ਨਹੀਂ ਹੋਏ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਹ ਝੂਠ ਹੈ ਅਤੇ ਤਤਕਾਲ ਐੱਫਆਈਆਰ ਹੋਣੀ ਚਾਹੀਦੀ ਹੈ।

ਇੱਕ ਵਿਦਿਆਰਥੀ ਨੇ ਇਹ ਵੀ ਸਵਾਲ ਕੀਤਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) 'ਤੇ ਜਾਮੀਆ ਪ੍ਰਸ਼ਾਸਨ ਦਾ ਸਟੈਂਡ ਕੀ ਹੈ। ਇਸ 'ਤੇ ਵੀਸੀ ਨੇ ਕਿਹਾ ਹੈ ਕਿ ਵਿਦਿਆਰਥੀ ਸਿਰਫ਼ ਯੂਨੀਵਰਸਿਟੀ, ਪ੍ਰੀਖਿਆਵਾਂ ਅਤੇ ਪੜ੍ਹਾਈ-ਲਿਖਾਈ ਦੀ ਗੱਲ ਕਰਨ।

ਕੈਂਪਸ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦੇ ਸਵਾਲ 'ਤੇ ਉਨ੍ਹਾਂ ਕਿਹਾ ਹੈ ਕਿ ਐੱਫਆਈਆਰ ਕਰਦਿਆਂ ਹੀ ਸੁਰੱਖਿਆ ਦੀ ਗਾਰੰਟੀ ਨਹੀਂ ਮਿਲ ਜਾਂਦੀ।

ਬੀਤੇ ਦਿਨੀਂ ਜਾਮੀਆ ਵਿੱਚ ਗਰਲਜ਼ ਹੋਸਟਲ 'ਚ ਕਥਿਤ ਤੌਰ 'ਤੇ ਮੁੰਡਿਆਂ ਦੇ ਆ ਜਾਣ ਦੀ ਗੱਲ ਸਾਹਮਣਏ ਆਈ ਹੈ। ਇਸ ਨੂੰ ਲੈ ਕੇ ਕੁੜੀਆਂ ਨੇ ਸਵਾਲ ਕੀਤਾ ਕਿ ਗਰਲਜ਼ ਹੋਸਟਲ ਸੁਰੱਖਿਅਤ ਨਹੀਂ ਤਾਂ ਕੈਂਪਸ ਦੀ ਸੁਰੱਖਿਆ ਦਾ ਦਾਅਵਾ ਕਿਵੇਂ ਕੀਤਾ ਜਾ ਰਿਹਾ ਹੈ?

ਵੀਸੀ ਨੇ ਕਿਹਾ ਕਿ ਸੁਰੱਖਿਆ ਹਰ ਥਾਂ ਦੁਗਣੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੋਰ ਕੀ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਦੀ ਕਾਰਵਾਈ ਮੰਗਲਵਾਰ ਤੋਂ ਸ਼ੁਰੂ ਹੋ ਜਾਵੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਜਾਮੀਆ ਪ੍ਰਸ਼ਾਸਨ ਜੋ ਵੀ ਕਦਮ ਚੁੱਕੇਗਾ ਉਹ ਸਾਰੇ ਵੈਬਸਾਈਟ 'ਤੇ ਪਾ ਦੇਵੇਗਾ।

ਵਿਦਿਆਰਥੀਆਂ ਨੇ ਇਹ ਵੀ ਸਵਾਲ ਕੀਤਾ ਕਿ ਜਾਮੀਆ ਦੇ ਵਿਦਿਆਰਥੀਆਂ 'ਤੇ ਪੁਲਸਿ ਨੇ ਪਹਿਲਾਂ ਹਮਲਾ 12 ਦਸੰਬਰ ਨੂੰ ਕੀਤਾ। ਜੇਕਰ ਜਾਮੀਆ ਪ੍ਰਸ਼ਾਸਨ ਪਹਿਲਾਂ ਹੀ ਕੁਝ ਠੋਸ ਕਾਰਵਾਈ ਕਰਦਾ ਤਾਂ ਪੁਲਿਸ 15 ਦਸੰਬਰ ਲਨੂੰ ਵਿਦਿਆਰਥੀਆਂ ਨਾਲ ਕੁੱਟਮਾਰ ਨਹੀਂ ਕਰਦੀ।

ਵਿਦਿਆਰਥੀਆਂ ਨੇ ਇਹ ਵੀ ਕਿਹਾ ਕਿ ਜੇਕਰ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਫਿਰ ਹੋਸਟਲ ਖਾਲੀ ਕਰਨ ਲਈ ਕਿਉਂ ਕਿਹਾ ਗਿਆ ਸੀ?

ਨਜ਼ਮਾ ਅਖ਼ਤਰ ਨੇ ਕਿਹਾ ਕਿ ਅਜੇ ਹੋਸਟਲ ਖਾਲੀ ਕਰਨ ਦਾ ਆਦੇਸ਼ ਨਹੀਂ ਜਾਰੀ ਕੀਤਾ। ਬਲਕਿ ਜੋ ਵਿਦਿਆਰਥੀ ਹੋਸਟਲ 'ਚ ਰੁਕੇ ਸਨ, ਉਨ੍ਹਾਂ ਦੀ ਸੁਰੱਖਿਆ ਲਈ ਸਿਕਿਓਰਿਟੀ ਨੂੰ ਵੱਖਰੀਆਂ ਹਦਾਇਤਾਂ ਦਿੱਤੀਆਂ ਸਨ।

ਹਾਲਾਂਕਿ ਵਿਦਿਆਰਥੀਆਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਾਮੀਆ ਪ੍ਰਸ਼ਾਸਨ ਨੇ ਹੋਸਟਲ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ।

ਪੁਲਿਸ ਦੀ ਕਾਰਵਾਈ 'ਚ ਜਖ਼ਮੀ ਹੋਏ ਵਿਦਿਆਰਥੀਆਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਹੋਣ ਨੂੰ ਲੈ ਕੇ ਵੀ ਸਵਾਲ ਉੱਠੇ।

ਵਿਦਿਆਰਥੀਆਂ ਨੇ ਕਿਹਾ ਕਿ ਪੁਲਿਸ ਨੇ ਜਿਨ੍ਹਾਂ ਵਿਦਿਆਰਥੀਆਂ ਨੂੰ ਕੁੱਟਿਆ ਉਨ੍ਹਾਂ ਦੇ ਖ਼ਿਲਾਫ਼ ਐੱਫਆਈਆਰ ਵੀ ਕਰ ਰਹੀ ਹੈ। ਜਾਮੀਆ ਪ੍ਰਸ਼ਾਸਨ ਉਨ੍ਹਾਂ ਲਈ ਕੀ ਕਰ ਰਿਹਾ ਹੈ?

ਨਜ਼ਮਾ ਅਖ਼ਤਰ ਨੇ ਇਸ 'ਤੇ ਕਿਹਾ, "ਅਸੀਂ ਸਿਰਫ਼ ਕੋਸ਼ਿਸ਼ ਹੀ ਕਰ ਸਕਦੇ ਹਾਂ। ਅਸੀਂ ਪੁਲਿਸ ਨਹੀਂ ਹਾਂ। ਕੋਸਿਸ਼ ਕਰਨ ਦਾ ਸਮਾਂ ਦਿਓ।"

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)