CAA ਖ਼ਿਲਾਫ਼ ਫਰਹਾਨ ਅਖ਼ਤਰ ਵੱਲੋਂ ਲੋਕਾਂ ਨੂੰ ਸੜਕਾਂ ’ਤੇ ਆਉਣ ਦੀ ਅਪੀਲ- 5 ਅਹਿਮ ਖ਼ਬਰਾਂ

ਅਦਾਕਾਰ ਤੇ ਨਿਰਦੇਸ਼ਕ ਫ਼ਰਹਾਨ ਅਖ਼ਤਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਵੀਰਵਾਰ ਨੂੰ ਮੁੰਬਈ ਦੀਆਂ ਸੜਕਾਂ 'ਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਉਤਰਨਗੇ।

45 ਸਾਲਾ ਅਦਾਕਾਰ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਇਕੱਲਿਆਂ ਰਹਿ ਕੇ ਵਿਰੋਧ ਦਾ ਸਮਾਂ ਲੰਘ ਚੁੱਕਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਪੁਲਿਸ ਦੇ ਬਿਨਾਂ ਆਗਿਆ ਦਾਖ਼ਲੇ 'ਤੇ ਵਿਦਿਆਰਥੀਆਂ ਦੀ ਕੁੱਟ ਮਾਰ ਤੋਂ ਬਾਅਦ ਦੇਸ਼ ਭਰ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਇਸ ਕਾਨੂੰਨ ਤੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਇਕਜੁਟਤਾ ਦਿਖਾਉਣ ਲਈ ਨਾਅਰੇਬਾਜ਼ੀ ਕਰ ਰਹੇ ਹਨ।

ਇਹ ਵੀ ਪੜ੍ਹੋ:

ਵੀਰਵਾਰ ਨੂੰ ਕਈ ਖੱਬੇ ਪੱਖੀ ਤੇ ਹੋਰ ਸੰਗਠਨਾਂ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਬਾਰੇ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਹੈ। 19 ਦਸੰਬਰ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ ਇਸੇ ਦਿਨ 1927 ਨੂੰ ਰਾਮ ਪ੍ਰਸਾਦ ਬਿਸਮਿਲ ਅਸ਼ਫ਼ਾਕ ਉਲ੍ਹਾ ਖ਼ਾਨ ਤੇ ਰੌਸ਼ਨ ਸਿੰਘ ਨੇ ਆਪਣੀ ਜਾਨ ਦਿੱਤੀ ਸੀ।

ਰਾਜਨੀਤਿਕ ਵਿਸ਼ਲੇਸ਼ਕ ਯੋਗਿੰਦਰ ਯਾਦਵ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਦੱਸਿਆ ਕਿ ਇਸੇ ਦਿਨ ਮਹਾਤਮਾ ਗਾਂਧੀ ਨੇ ਮੇਵਾਤ ਦੇ ਮੁਸਲਮਾਨਾਂ ਨੂੰ ਬਟਵਾਰੇ ਸਮੇਂ ਪਾਕਿਸਤਾਨ ਜਾਣ ਤੋਂ ਰੋਕਿਆ ਸੀ।

ਟਰੰਪ ਖ਼ਿਲਾਫ਼ ਮਹਾਂਦੋਸ਼ ਬਾਰੇ ਮਤਾ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿੱਚ ਪਾਸ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਹੇਠਲੇ ਸਦਨ ਭਾਵ ਹਾਊਸ ਆਫ਼ ਰਿਪਰਿਜ਼ੈਂਟੇਟਿਵ ਵਿੱਚ ਪਾਸ ਹੋ ਗਿਆ ਹੈ।

ਹਾਊਸ ਆਫ਼ ਰਿਪਰਿਜ਼ੈਂਟੇਟਿਵ ਵਿੱਚ ਡੈਮੋਕ੍ਰੇਟਿਕ ਪਾਰਟੀ ਦਾ ਬਹੁਮਤ ਹੈ ਇਸ ਤੋਂ ਬਾਅਦ ਉੱਪਰਲੇ ਸਦਨ ਭਾਵ ਸੀਨੇਟ ਵਿੱਚ ਮੁਕੱਦਮਾ ਚੱਲੇਗਾ।

ਇਸ ਤੋਂ ਪਹਿਲਾਂ ਸੰਸਦ ਦੀ ਮੁੱਖ ਕਮੇਟੀ ਵੀ ਇਸ ਟਰੰਪ ਖ਼ਿਲਾਫ਼ ਮਹਾਂਦੋਸ਼ ਦੇ ਦੋ ਇਲਜ਼ਾਮਾਂ ਨੂੰ ਪ੍ਰਵਾਨਗੀ ਦੇ ਚੁੱਕੀ ਹੈ। ਪੜ੍ਹੋ ਪੂਰੀ ਖ਼ਬਰ।

ਸਾਇਰਸ ਮਿਸਤਰੀ ਟਾਟਾ ਗਰੁੱਪ ਦੇ ਚੇਅਰਮੈਨ ਬਹਾਲ

ਸਾਇਰਸ ਮਿਸਤਰੀ ਨੂੰ ਨੈਸ਼ਨਲ ਕੰਪਨੀ ਲਾਅ ਅਪੇਲੈਟ ਟ੍ਰਾਬਿਊਨਲ ਨੇ ਟਾਟਾ ਗਰੁੱਪ ਦਾ ਚੇਅਰਮੈਨ ਬਹਾਲ ਕਰ ਦਿੱਤਾ ਹੈ।

ਟ੍ਰਾਬਿਊਨਲ ਨੇ ਇਹ ਵੀ ਕਿਹਾ ਹੈ ਕਿ ਐੱਨ ਚੰਦਰਸ਼ੇਖ਼ਰ ਨੂੰ ਟਾਟਾ ਗਰੁੱਪ ਦਾ ਐਗਜ਼ਿਕਿਊਟਿਵ ਚੇਅਰਮੈਨ ਬਣਾਇਆ ਜਾਣਾ ਗਲਤ ਸੀ। NCLAT ਦੀ ਦੋ ਜੱਜਾਂ ਦੀ ਬੈਂਚ ਨੇ ਕਿਹਾ ਕਿ ਮਿਸਤਰੀ ਦੇ ਖ਼ਿਲਾਫ਼ ਰਤਨ ਟਾਟਾ ਨੇ ਮਨਮਾਨੇ ਤਰੀਕੇ ਨਾਲ ਕਾਰਵਾਈ ਕੀਤੀ ਸੀ ਤੇ ਨਵੇਂ ਚੇਅਰਮੈਨ ਦੀ ਨਿਯੁਕਤੀ ਗਲਤ ਸੀ। ਟਾਟਾ ਗਰੁੱਪ 110 ਅਰਬ ਡਾਲਰ ਦੀ ਕੰਪਨੀ ਹੈ।

ਰਤਨ ਟਾਟਾ ਨੂੰ ਇਸ ਫ਼ੈਸਲੇ ਖ਼ਿਲਾਫ ਆਪੀਲ ਕਰਨ ਲਈ ਚਾਰ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਇਹ ਫ਼ੈਸਲਾ ਵੀ ਉਸ ਮਿਆਦ ਤੋਂ ਬਾਅਦ ਹੀ ਅਮਲ ਵਿੱਚ ਲਿਆਂਦਾ ਜਾਵੇਗਾ।

ਇਸ ਫ਼ੈਸਲੇ ਖ਼ਿਲਾਫ਼ ਰਤਨ ਟਾਟਾ ਸੁਪਰੀਮ ਕੋਰਟ ਵਿੱਚ ਵੀ ਜਾ ਸਕਦੇ ਹਨ। ਮਿਸਤਰੀ ਪਰਿਵਾਰ ਟਾਟਾ ਸੰਨਜ਼ ਵਿੱਚ ਸਭ ਤੋਂ ਵੱਡਾ ਭਾਈਵਾਲ ਹੈ ਜਿਸ ਦੀ ਹਿੱਸੇਦਾਰੀ 18.4 ਫ਼ੀਸਦੀ ਹੈ।

ਸੁਖਦੇਵ ਸਿੰਘ ਢੀਂਡਸਾ: ਪਾਰਟੀ 'ਚੋਂ ਕੱਢਦੇ ਹਨ ਤਾਂ ਕੱਢਣ ਦਿਓ

ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਵਿਖੇ ਆਪਣੇ ਨਿਵਾਸ ਸਥਾਨ 'ਤੇ ਇੱਕ ਜਨਤਕ ਮੀਟਿੰਗ ਕੀਤੀ। ਇਸ ਦੌਰਾਨ ਅਕਾਲੀ ਦਲ ਦਾ ਕੋਈ ਵੱਡਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ।

ਉਨ੍ਹਾਂ ਕਿਹਾ, ਵਰਕਰਾਂ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਕਿਹਾ, "ਅਕਾਲੀ ਦਲ ਵਿੱਚ ਰਹਿ ਕੇ ਹੀ ਕੰਮ ਕਰਨਾ ਹੈ। ਮੈਂ ਤਾਂ ਹੁਣ ਕੋਈ ਚੋਣ ਨਹੀਂ ਲੜਨੀ। ਅਸੀਂ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਹਰ ਜ਼ਿਲ੍ਹੇ ਵਿੱਚ ਰੈਲੀਆਂ ਮੀਟਿੰਗਾਂ ਕਰਾਂਗੇ।" ਪੂਰੀ ਖ਼ਬਰ ਪੜ੍ਹੋ

ਭਾਰਤ ਨੇ ਵੈਸਟ ਇੰਡੀਜ਼ ਨਾਲ ਸੀਰੀਜ਼ ਬਾਰਬਰ ਕੀਤੀ

ਭਾਰਤ ਨੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਦੂਜੇ ਮੈਚ ਵਿੱਚ ਵੈਸਟ ਇੰਡੀਜ਼ ਨੂੰ 107 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 387 ਦੌੜਾਂ ਜੋੜੀਆਂ ਜਿਸ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਪੂਰੀ ਟੀਮ 43.3 ਓਵਰਾਂ ਵਿੱਚ 280 ਦੌੜਾਂ ਬਣਾ ਕੇ ਮੈਦਾਨ ਤੋਂ ਬਾਹਰ ਹੋ ਗਈ।

ਮੈਚ ਦੌਰਾਨ ਭਾਰਤੀ ਖਿਡਾਰੀਆਂ ਦੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵੇਂ ਕਮਾਲ ਦੀਆਂ ਰਹੀਆਂ। ਓਪਨਰ ਰੋਹਿਤ ਸ਼ਰਮਾ ਤੇ ਕੇ. ਐੱਲ ਰਾਹੁਲ ਨੇ ਸੈਂਕੜੇ ਬਣਾਏ ਤਾਂ ਕਲਦੀਪ ਯਾਦਵ ਨੇ ਹੈਟਰਿਕ।

ਰੋਹਿਤ ਤੇ ਰਾਹੁਲ ਦੀ ਇਹ ਭਾਈਵਾਲੀ ਪਹਿਲੇ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਸੀ, ਇੱਕ ਓਵਰ ਵਿੱਚ ਸਭ ਤੋਂ ਵਧੇਰੇ ਦੌੜਾਂ ਤੇ ਕਿਸੇ ਭਾਰਤੀ ਗੇਂਦਬਾਜ਼ ਦੀ ਇੱਕ ਰੋਜ਼ਾ ਮੈਚ ਵਿੱਚ ਸਭ ਤੋਂ ਜ਼ਿਆਦਾ ਹੈਟਰਿਕ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)