ਤੁਹਾਡਾ ਬਿਜਲੀ ਦਾ ਬਿੱਲ ਵੱਧ ਆ ਗਿਆ ਤਾਂ ਪੰਜਾਬ ਸਰਕਾਰ ਨੇ ਕੱਢਿਆ ਰਾਹ - 5 ਅਹਿਮ ਖ਼ਬਰਾਂ

ਪੰਜਾਬ 'ਚ ਹੁਣ ਬਿਜਲੀ ਦਾ ਬਿੱਲ ਭਰਨ ਲਈ ਵੀ ਲੋਨ ਮਿਲੇਗਾ।ਪੰਜਾਬ ਸਰਕਾਰ ਨੇ ਕਰਜ਼ੇ ਤੋਂ ਬਾਹਰ ਨਿਕਲਣ ਦਾ ਇੱਕ ਰਾਹ ਕੱਢਿਆ ਹੈ।

ਹੁਣ ਤੁਸੀਂ ਆਪਣਾ ਬਿਜਲੀ ਦਾ ਬਿੱਲ ਭਰਨ ਲਈ ਕਰਜ਼ਾ ਲੈ ਸਕਦੇ ਹੋ ਅਤੇ ਕਿਸ਼ਤਾਂ ਵਿੱਚ ਲਿਆ ਕਰਜ਼ਾ ਚੁਕਾ ਸਕਦੇ ਹੋ। ਇਸ ਦੇ ਲਈ 3 ਤੋਂ 24 ਮਹੀਨੇਂ ਤੱਕ ਕਿਸ਼ਤਾਂ ਦੀ ਤਜਵੀਜ਼ ਰੱਖੀ ਗਈ ਹੈ।

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਸਾਲ ਦਾ 9 ਤੋਂ 15 ਫ਼ੀਸਦੀ ਤੱਕ ਵਿਆਜ ਦੇਣਾ ਹੋਵੇਗਾ। ਇਸ ਦੇ ਲਈ ਕ੍ਰੈਡਿਟ ਕਾਰਡ ਦਾ ਹੋਣਾ ਵੀ ਲਾਜ਼ਮੀ ਹੈ।

ਭਾਸਕਰ ਮੁਤਾਬਕ ਪਾਵਰਕੌਮ ਪੰਜਾਬ ਦੇ ਐਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਬੈਂਕਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ, ਜੋ ਉਪਭੋਗਤਾਵਾਂ ਨੂੰ ਲੋਨ ਦੇਣਗੇ।

ਮਮਤਾ ਬੈਨਰਜੀ ਨੇ ਕਿਹਾ, ''ਮੇਰੀ ਲਾਸ਼ 'ਤੇ ਲਾਗੂ ਕਰਨਾ ਹੋਵੇਗਾ ਨਾਗਰਿਕਤਾ ਸੋਧ ਕਾਨੂੰਨ''

ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਹੋਈ ਪੁਲਿਸ ਦੀ ਝੜਪ ਮਗਰੋਂ ਭਖੀ ਸਿਆਸਤ ਵਿਚਾਲੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇੰਡੀਅਨ ਨੈਸ਼ਨਲ ਕਾਂਗਰਸ ਅਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵੀ ਲਗਾਤਾਰ ਵਿਰੋਧ ਕਰ ਰਹੀ ਹੈ।

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ।

ਮਮਤਾ ਬੈਨਰਜੀ ਨੇ ਕਿਹਾ, ''ਮੈਂ ਆਪਣੇ ਸੂਬੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਨਹੀਂ ਹੋਣ ਦਿਆਂਗੀ। ਜੇ ਉਹ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਅਜਿਹਾ ਮੇਰੀ ਲਾਸ਼ 'ਤੇ ਕਰਨਾ ਹੋਵੇਗਾ।''

ਬੰਗਾਲ ਸਣੇ ਦਿੱਲੀ ਵਿੱਚ ਵੀ ਪ੍ਰਦਰਸ਼ਨ ਹੋਏ। ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਇੰਡੀਆ ਗੇਟ ਪਹੁੰਚੇ। ਪੂਰੀ ਖ਼ਬਰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ

ਮੋਬਾਈਲ-ਆਨਲਾਈਨ ਬੈਂਕਿੰਗ, ਮੋਬਾਈਲ ਨੰਬਰ ਪੋਰਟ ਦੇ ਨਿਯਮਾਂ 'ਚ ਬਦਲਾਅ

ਪੈਸਿਆਂ ਦੇ ਆਨਲਾਈਨ ਲੈਣ-ਦੇਣ ਵੇਲੇ ਹੁਣ ਸਮਾਂ ਜਾਂ ਮਿਤੀ ਦੇਖਣ ਦੀ ਲੋੜ ਨਹੀਂ ਹੈ। ਬੀਤੀ 16 ਦਸੰਬਰ ਤੋਂ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਨੈਸ਼ਨਲ ਇਲੈਕਟ੍ਰੋਨਿਕ ਫੰਡ ਟਰਾਂਸਫਰ (NEFT) ਦੀ ਸੁਵਿਧਾ 24 ਘੰਟੇ ਅਤੇ 7 ਦਿਨਾਂ ਦੀ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ਼ ਇੰਡੀਆ (TRAI) ਨੇ ਹੁਣ ਮੋਬਾਈਲ ਨੰਬਰ ਪੋਰਟ ਕਰਵਾਉਣ ਵਿੱਚ ਨੀ ਆਸਾਨੀ ਕਰ ਦਿੱਤੀ ਹੈ।

ਪਹਿਲਾਂ ਨੰਬਰ ਪੋਰਟ ਕਰਵਾਉਣ ਵਿੱਚ ਜਿੱਥੇ 8 ਤੋਂ 15 ਦਿਨਾਂ ਦਾ ਸਮਾਂ ਲਗਦਾ ਸੀ ਉੱਥੇ ਹੀ ਹੁਣ ਮਹਿਜ਼ 3 ਦਿਨਾਂ ਵਿੱਚ ਨੰਬਰ ਪੋਰਟ ਹੋ ਜਾਵੇਗਾ।

ਮੋਬਾਈਲ ਨੰਬਰ ਪੋਰਟ ਕਰਵਾਉਣ ਤੋਂ ਲੈ ਕੇ ਆਨਲਾਈਨ ਬੈਂਕਿੰਗ ਵਿੱਚ ਆਏ ਬਦਲਾਅ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ

ਉਨਾਓ ਰੇਪ ਮਾਮਲੇ 'ਚ ਦੋਸ਼ੀ ਸਾਬਕਾ ਭਾਜਪਾ ਆਗੂ ਕੁਲਦੀਪ ਸੇਂਗਰ ਦੀ ਪੂਰੀ ਕਹਾਣੀ

ਦਿੱਲੀ ਦੀ ਇੱਕ ਅਦਾਲਤ ਨੇ ਕੁਲਦੀਪ ਸੇਂਗਰ ਨੂੰ ਅਗਵਾਹ ਅਤੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ।

ਦਰਅਸਲ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਇਹ ਫ਼ੈਸਲਾ ਦਿੱਤਾ ਹੈ। ਸੇਂਗਰ ਦੀ ਸਜ਼ਾ 'ਤੇ 17 ਦਸੰਬਰ (ਅੱਜ) ਨੂੰ ਬਹਿਸ ਹੋਵੇਗੀ, ਉਸ ਤੋਂ ਬਾਅਦ ਅਦਾਲਤ ਫ਼ੈਸਲਾ ਸੁਣਾਵੇਗੀ।

ਕੁਲਦੀਪ ਸੇਂਗਰ ਭਾਜਪਾ ਦੇ ਵਿਧਾਇਕ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਪਾਰਟੀ ਨੇ ਕੱਢ ਦਿੱਤਾ ਸੀ।

ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਇਹ ਮਾਮਲਾ ਲਖਨਊ ਦੀ ਅਦਾਲਤ ਤੋਂ ਦਿੱਲੀ ਦੀ ਅਦਾਲਤ ਵਿੱਚ ਟਰਾਂਸਫਰ ਕੀਤਾ ਗਿਆ ਸੀ। ਜਿਸ ਤੋਂ ਬਾਅਦ 5 ਅਗਸਤ ਤੋਂ ਰੋਜ਼ਾਨਾ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ।

ਉਨਾਓ ਰੇਪ ਕੇਸ ਦਾ ਪੂਰਾ ਘਟਨਾਕ੍ਰਮ ਤੇ ਦੋਸ਼ੀ ਕੁਲਦੀਪ ਸੇਂਗਰ ਦੇ ਦਬਦਬੇ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ

ਫਾਂਸੀ ਦੇ ਰੱਸਿਆਂ ਲਈ ਮਸ਼ਹੂਰ ਕਿਉਂ ਹੈ ਭਾਰਤ ਦੀ ਇਹ ਜੇਲ੍ਹ?

ਫ਼ਾਂਸੀ ਲਈ ਵਰਤਿਆ ਜਾਣ ਵਾਲਾ ਫਾਹਾ ਪੂਰੇ ਦੇਸ ਵਿੱਚ ਇੱਕੋ ਥਾਂ ਬਣਦਾ ਹੈ।

ਗਾਂਧੀ ਦੇ ਕਾਤਲ ਨੱਥੂ ਰਾਮ ਗੋਡਸੇ ਤੋਂ ਲੈ ਕੇ ਮੁੰਬਈ ਹਮਲਿਆਂ ਦੇ ਮੁਲਜ਼ਮ ਅਜ਼ਮਲ ਕਸਾਬ ਤੇ ਸੰਸਦ ਉੱਤੇ ਹਮਲੇ ਦੇ ਮੁਲਜ਼ਮ ਅਫ਼ਜ਼ਲ ਗੁਰੂ ਨੂੰ ਦਿੱਤੀਆਂ ਗਈਆਂ ਸਾਰੀਆਂ ਫ਼ਾਂਸੀਆਂ ਦੇ ਰੱਸੇ ਬਿਹਾਰ ਦੀ ਬਕਸਰ ਜੇਲ੍ਹ ਵਿੱਚ ਹੀ ਬਣਾਏ ਗਏ ਸਨ।

ਹਾਲ ਹੀ ਵਿੱਚ ਖ਼ਬਰ ਆਈ ਕਿ ਬਕਸਰ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ 10 ਰੱਸਿਆਂ ਦਾ ਆਰਡਰ ਮਿਲਿਆ ਹੈ। ਉਸ ਸਮੇਂ ਤੋਂ ਹੀ ਬਕਸਰ ਜੇਲ੍ਹ ਮੁੜ ਸੁਰਖੀਆਂ ਵਿੱਚ ਹੈ।

ਜੇਲ੍ਹ ਪ੍ਰਸ਼ਾਸਨ ਨੂੰ ਇਹ ਆਰਡਰ ਕਿਸ ਨੂੰ ਸਜ਼ਾ ਦੇਣ ਲਈ ਦਿੱਤਾ ਗਿਆ ਹੈ?

ਇਸ ਬਾਰੇ ਕਿਆਸ ਅਰਾਈਆਂ ਦਾ ਬਜ਼ਾਰ ਗਰਮ ਹੈ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਕ ਹੁਣ ਤੱਕ 21 ਜਣਿਆਂ ਨੂੰ ਫ਼ਾਂਸੀ ਲਾਇਆ ਜਾ ਚੁੱਕਿਆ ਹੈ ਜਦ ਕਿ 1500 ਨੂੰ ਇਹ ਸਜ਼ਾ ਸੁਣਾਈ ਗਈ ਸੀ।

ਇਹ ਫਾਹੇ ਇਸੇ ਜੇਲ੍ਹ ਵਿੱਚ ਹੀ ਕਿਉਂ ਬਣਦੇ ਹਨ? — ਤਫ਼ਸੀਲ ਵਿੱਚ ਪੜ੍ਹੋ ਇਹ ਪੂਰੀ ਜਾਣਕਾਰੀ ਇਸ ਲਿੰਕ 'ਤੇ ਕਲਿੱਕ ਕਰੋ

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)