ਗਾਇਕ ਪੰਮੀ ਬਾਈ ਇੰਝ ਹੋਇਆ ਇੱਕ ਲੱਖ ਦੀ ਠੱਗੀ ਦਾ ਸ਼ਿਕਾਰ - 5 ਅਹਿਮ ਖ਼ਬਰਾਂ

ਪੰਜਾਬੀ ਗਾਇਕ ਪਰਮਜੀਤ ਸਿੰਘ ਜੋ ਕਿ ਪੰਮੀ ਬਾਈ ਵਜੋਂ ਵਧੇਰੇ ਜਾਣੇ ਜਾਂਦੇ ਹਨ, ਇੱਕ ਲੱਖ ਨੌ ਹਜ਼ਾਰ ਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਏ ਹਨ।

ਦਿ ਟ੍ਰਿਬਿਊਨ ਮੁਤਾਬਕ ਪੰਮੀ ਬਾਈ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ 'ਕੋਕ ਸਟੂਡੀਓ' ਦੀ ਇੱਕ ਫੇਕ ਈਮੇਲ ਆਈਡੀ ਤੋਂ ਮੇਲ ਆਈ ਜਿਸ ਵਿਚ 11 ਫਰਵਰੀ ਨੂੰ ਇੱਕ ਗਾਣੇ ਦੀ ਰਿਹਰਸਲ ਕਰਨ ਅਤੇ ਅਗਲੇ ਦਿਨ ਰਿਕਾਰਡਿੰਗ ਕਰਨ ਦਾ ਵੇਰਵਾ ਸੀ।

ਉਨ੍ਹਾਂ ਨੇ ਆਪਣਾ ਨਿੱਜੀ ਵੇਰਵਾ ਦੇ ਦਿੱਤਾ ਅਤੇ ਫਿਰ ਮੁਲਜ਼ਮ ਨੇ ਉਨ੍ਹਾਂ ਨੂੰ ਫਓਨ ਕਰਕੇ ਵੀਡੀਓ ਦੇ ਰਾਈਟਸ ਲਈ 52,800 ਰੁਪਏ 6 ਅਤੇ 7 ਫਰਵਰੀ ਨੂੰ ਦੋ ਕਿਸ਼ਤਾਂ ਵਿਚ ਜਮ੍ਹਾ ਕਰਵਾਉਣ ਲਈ ਕਿਹਾ।

ਪੰਮੀ ਬਾਈ ਨੇ ਦੱਸਿਆ ਕਿ 10 ਫ਼ਰਵਰੀ ਨੂੰ ਮੁਲਜ਼ਮ ਨੇ ਕਿਹਾ ਕਿ ਉਸ ਦੇ ਖਾਤੇ ਵਿਚ 16 ਲੱਖ ਰੁਪਏ ਹਨ ਇਸ ਲਈ ਇੱਕ ਫੀਸਦ ਟੈਕਸ ਦੇਣਾ ਪਏਗਾ। ਪੰਮੀ ਬਾਈ ਨੇ ਉਸੇ 16 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ। ਫਿਰ ਉਸੇ ਸ਼ਖ਼ਸ ਦਾ ਇੱਕ ਹੋਰ ਫੋਨ ਆਉਂਦਾ ਹੈ ਵੀਡੀਓ ਰਿਕਾਰਡਿੰਗ ਲਈ ਸੈਕਿਊਰਿਟੀ ਫੀਸ ਜਮ੍ਹਾ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ:

ਫਿਰ ਕੁਝ ਐਡਵਾਂਸ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਇਸ ਤਰ੍ਹਾਂ ਉਨ੍ਹਾਂ ਕੁੱਲ 1.09 ਲੱਖ ਰੁਪਏ ਜਮ੍ਹਾ ਕਰਵਾਏ।

ਉਨ੍ਹਾਂ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਚੰਡੀਗੜ੍ਹ ਤੋਂ ਮੁੰਬਈ ਉਡਾਣ ਭਰਨ ਗਏ ਤਾਂ ਉਹ ਜਾਅਲੀ ਨਿਕਲੀ।

ਨਾਗਰਿਕਤਾ ਸੋਧ ਬਿਲ ਕੀ ਹੈ

ਨਾਗਿਰਕਤਾ ਸੋਧ ਬਿੱਲ (Citizenship Amendment Bill) ਦੇਰ ਰਾਤ ਲੋਕਸਭਾ ਵਿਚ ਪਾਸ ਹੋ ਗਿਆ। ਇਸ ਬਿੱਲ ਵਿੱਚ ਬੰਗਲਾਦੇਸ਼, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੇ ਛੇ ਘੱਟ ਗਿਣਤੀ ਭਾਈਚਾਰੇ (ਹਿੰਦੂ, ਮੁਸਲਮਾਨ, ਬੋਧੀ, ਜੈਨ, ਪਾਰਸੀ, ਇਸਾਈ ਅਤੇ ਸਿੱਖ) ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਸਤਾਵ ਹੈ।

ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਮੁਸਲਮਾਨਾਂ ਨੂੰ ਬਾਹਰ ਰੱਖਣ ਲਈ ਇਹ ਬਿੱਲ ਲਿਆਈ ਹੈ, ਜੋ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ।

ਸਰਕਾਰ ਦੀ ਦਲੀਲ ਹੈ ਕਿ ਇਨ੍ਹਾਂ ਤਿੰਨ ਮੁਲਕਾਂ ਵਿਚ ਮੁਸਲਮਾਨ ਬਹੁਗਿਣਤੀ ਹਨ ਅਤੇ ਘੱਟ ਗਿਣਤੀਆਂ ਨੂੰ ਹੀ ਭਾਰਤ ਦੀ ਸਹਾਇਤਾ ਦੀ ਲੋੜ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਦਿੱਲੀ ਅੱਗ ਹਾਦਸੇ ਨੇ ਕਈ ਘਰਾਂ ਦਾ ਚਿਰਾਗ ਬੁਝਾਇਆ

ਮਹੰਮਦ ਬਬਲੂ, ਮੁਹੰਮਦ ਅਫ਼ਸਾਦ ਅਤੇ ਮੁਹੰਮਦ ਮੁਸ਼ੱਰਫ਼। ਇਹ ਉਹ ਨਾਮ ਹਨ ਜੋ ਸ਼ਨੀਵਾਰ ਦੀ ਸ਼ਾਮ ਤੱਕ ਜ਼ਿੰਦਾ ਸਨ। ਇਹ ਬਿਹਾਰ ਵਿੱਚ ਆਪਣੇ ਪਿੰਡਾਂ ਤੋਂ ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਦੇ ਇੱਕ ਕਾਰਖਾਨੇ ਵਿੱਚ ਰੋਜ਼ਾਨਾ 12 ਤੋਂ 15 ਘੰਟੇ ਕੰਮ ਕਰ ਰਹੇ ਸਨ।

ਇਹ ਜਿੱਥੇ ਕੰਮ ਕਰਦੇ ਸਨ, ਉੱਥੇ ਹੀ ਥਾਂ ਬਣਾ ਕੇ ਸੌਂ ਜਾਂਦੇ ਸਨ। ਜਿੰਨਾ ਕਮਾਉਂਦੇ ਸਨ, ਉਸ ਵਿੱਚੋਂ ਜ਼ਿਆਦਾਤਰ ਹਿੱਸਾ ਆਪਣੇ ਪਿੰਡ ਭੇਜ ਦਿੰਦੇ ਸਨ ਤਾਂ ਜੋ ਇਹ ਆਪਣੇ ਮਾਂ-ਬਾਪ ਅਤੇ ਬੱਚਿਆਂ ਨੂੰ ਦੋ ਵੇਲੇ ਦੀ ਰੋਟੀ ਦੇ ਸਕਣ।

ਪਰ ਐਤਵਾਰ ਦੀ ਸਵੇਰ ਅਨਾਜ ਮੰਡੀ ਇਲਾਕੇ ਵਿੱਚ ਸਕੂਲ ਬੈਗ ਤੇ ਪਲਾਸਟਿਕ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ ਵਿੱਚ ਇਨ੍ਹਾਂ ਚਾਰਾਂ ਸਮੇਤ 43 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਬੱਚੇ ਵੀ ਸ਼ਾਮਲ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਦੁਨੀਆਂ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ

34 ਸਾਲਾ ਸਨਾ ਮਰੀਨ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣ ਜਾਵੇਗੀ। ਸਨਾ ਮਰੀਨ ਫਿਨਲੈਂਡ 'ਚ ਔਰਤਾਂ ਦੀ ਆਗਵਾਈ ਵਾਲੇ ਗਠਜੋੜ ਦੀ ਸਰਕਾਰ ਵਿਚ ਫਿਲਹਾਲ ਟਰਾਂਸਪੋਰਟ ਮੰਤਰੀ ਹੈ।

ਪ੍ਰਧਾਨ ਮੰਤਰੀ ਐਂਟੀ ਰਿਨੇ ਵਲੋਂ ਅਹੁਦਾ ਛੱਡੇ ਜਾਣ ਤੋਂ ਬਾਅਦ ਸਨਾ ਨੂੰ ਉਨ੍ਹਾਂ ਦੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੇ ਇਸ ਅਹੁਦੇ ਲਈ ਚੁਣਿਆ ਹੈ। ਉਹ ਇਸ ਹਫ਼ਤੇ ਸਹੁੰ ਵੀ ਚੁੱਕ ਸਕਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸਨਾ ਮਰੀਨ 'ਰੇਨਬੋ ਫੈਮਿਲੀ' (rainbow family) ਵਿੱਚ ਪਲੀ। ਉਹ ਕਿਰਾਏ ਦੇ ਘਰ ਵਿੱਚ ਆਪਣੀ ਮਾਂ ਅਤੇ ਉਸਦੀ ਮਹਿਲਾ ਪਾਰਟਨਰ ਨਾਲ ਰਹਿੰਦੀ ਰਹੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਰੂਸ ਦੇ ਓਲੰਪਿਕ ਅਤੇ ਫੁੱਟਬਾਲ ਕੱਪ 'ਚ ਹਿੱਸਾ ਲੈਣ 'ਤੇ ਪਾਬੰਦੀ

ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਰੂਸ ਨੂੰ ਸਾਰੇ ਪ੍ਰਮੁੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ 'ਤੇ 4 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।

ਇਸ ਦਾ ਮਤਲਬ ਹੈ ਕਿ ਟੋਕੀਓ ਵਿੱਚ ਅਗਲੇ ਸਾਲ ਹੋਣ ਜਾਣ ਵਾਲੀਆਂ ਓਲੰਪਿਕ ਖੇਡਾਂ ਅਤੇ 2022 'ਚ ਕਤਰ 'ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿੱਚ ਰੂਸ ਦਾ ਝੰਡਾ ਅਤੇ ਕੌਮੀ ਗੀਤ ਸ਼ਾਮਿਲ ਨਹੀਂ ਹੋਵੇਗਾ।

ਹਾਲਾਂਕਿ, ਜੋ ਖਿਡਾਰੀ ਇਹ ਸਾਬਿਤ ਕਰ ਸਕਣਗੇ ਕਿ ਉਹ ਡੋਪਿੰਗ ਕਾਂਡ ਤੋਂ ਬਾਹਰ ਹਨ ਉਹ ਕਿਸੇ ਮੁਲਕ ਦੇ ਝੰਡੇ ਦੀ ਬਜਾਇ ਵੱਖਰੇ ਝੰਡੇ ਹੇਠਾਂ ਮੁਕਾਬਲਿਆਂ 'ਚ ਹਿੱਸਾ ਲੈ ਸਕਣਗੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)