ਰੂਸ ਦੇ ਓਲੰਪਿਕ ਅਤੇ ਫੁੱਟਬਾਲ ਕੱਪ 'ਚ ਹਿੱਸਾ ਲੈਣ 'ਤੇ ਪਾਬੰਦੀ

ਵਿਸ਼ਵ ਐਂਟੀ ਡੋਪਿੰਗ ਏਜੰਸੀ (ਵਾਡਾ) ਨੇ ਰੂਸ ਨੂੰ ਸਾਰੇ ਪ੍ਰਮੁੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ 'ਤੇ 4 ਸਾਲ ਲਈ ਪਾਬੰਦੀ ਲਗਾ ਦਿੱਤੀ ਹੈ।

ਇਸ ਦਾ ਮਤਲਬ ਹੈ ਕਿ ਟੋਕੀਓ ਵਿੱਚ ਅਗਲੇ ਸਾਲ ਹੋਣ ਜਾਣ ਵਾਲੀਆਂ ਓਲੰਪਿਕ ਖੇਡਾਂ ਅਤੇ 2022 'ਚ ਕਤਰ 'ਚ ਹੋਣ ਵਾਲੇ ਫੁੱਟਬਾਲ ਵਿਸ਼ਵ ਕੱਪ ਵਿੱਚ ਰੂਸ ਦਾ ਝੰਡਾ ਅਤੇ ਕੌਮੀ ਗੀਤ ਸ਼ਾਮਿਲ ਨਹੀਂ ਹੋਵੇਗਾ।

ਹਾਲਾਂਕਿ, ਜੋ ਖਿਡਾਰੀ ਇਹ ਸਾਬਿਤ ਕਰ ਸਕਣਗੇ ਕਿ ਉਹ ਡੋਪਿੰਗ ਕਾਂਡ ਤੋਂ ਬਾਹਰ ਹਨ ਉਹ ਕਿਸੇ ਮੁਲਕ ਦੇ ਝੰਡੇ ਦੀ ਬਜਾਇ ਵੱਖਰੇ ਝੰਡੇ ਹੇਠਾਂ ਮੁਕਾਬਲਿਆਂ 'ਚ ਹਿੱਸਾ ਲੈ ਸਕਣਗੇ।

ਸਵਿੱਟਜ਼ਰਲੈਂਡ ਦੇ ਲੁਸਾਨੇ ਵਿੱਚ ਵਾਡਾ ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਸਰਬ-ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ।

ਵਾਡਾ ਦਾ ਇਹ ਫ਼ੈਸਲਾ ਰੂਸ ਦੀ ਐਂਟੀ ਡੋਪਿੰਗ ਏਜੰਸੀ (ਰੁਸਾਡਾ) ਦੇ ਗ਼ੈਰ-ਸੰਗਤ ਵਤੀਰੇ ਤੋਂ ਬਾਅਦ ਆਇਆ ਹੈ। ਜਨਵਰੀ 2019 ਵਿੱਚ ਦੇਖਿਆ ਗਿਆ ਸੀ ਕਿ ਰੁਸਾਡਾ ਨੇ ਜਾਂਚ ਕਰਨ ਵਾਲਿਆਂ ਨੂੰ ਦਿੱਤੇ ਲੈਬ ਡਾਟਾ 'ਚ ਹੇਰਫੇਰ ਕੀਤੇ ਸਨ।

ਇਹ ਵੀ ਪੜ੍ਹੋ-

ਕਿਹੜੇ ਮੁਕਾਬਲੇ 'ਚ ਹਿੱਸਾ ਲਵੇਗਾ ਰੂਸ?

ਵਾਡਾ ਨੇ ਇਸ ਪਾਬੰਦੀ ਦੇ ਖ਼ਿਲਾਫ਼ ਅਪੀਲ ਕਰਨ ਲਈ ਰੂਸ ਨੂੰ 21 ਦਿਨਾਂ ਦਾ ਸਮਾਂ ਦਿੱਤਾ ਹੈ।

2014 ਵਿੱਚ ਸੋਚੀ ਸਰਦ ਰੁੱਤ ਓਲੰਪਿਕ ਦੌਰਾਨ ਰੂਸ 'ਤੇ ਪਾਬੰਦੀ ਲਗਾਈ ਗਈ ਸੀ, ਜਿਸ ਤੋਂ ਬਾਅਦ ਪਿਛਲੇ ਸਾਲ ਪਿਓਂਗਚੇਂਗ ਵਿੱਚ ਹੋਇਆਂ ਸਰਦ ਰੁੱਤ ਓਲੰਪਿਕ ਖੇਡਾਂ 'ਚ 168 ਖਿਡਾਰੀਆਂ ਨੇ ਇੱਕ ਵੱਖਰੇ ਝੰਡੇ ਹੇਠਾਂ ਮੁਕਾਬਲੇ 'ਚ ਹਿੱਸਾ ਲਿਆ ਸੀ।

ਰੂਸ 'ਤੇ ਐਥਲੈਟਿਕਸ 'ਚ ਹਿੱਸਾ ਲੈਣ 'ਤੇ 2015 ਤੋਂ ਪਾਬੰਦੀ ਹੈ।

ਡੋਪਿੰਗ ਕਾਂਡ ਸਾਹਮਣੇ ਆਉਣ ਤੋਂ ਬਾਅਦ ਵਾਡਾ ਨੇ ਰੂਸ 'ਤੇ ਤਿੰਨ ਸਾਲ ਲਈ ਪਾਬੰਦੀ ਲਗਾ ਦਿੱਤੀ ਸੀ, ਜਿਸ ਤੋਂ ਬਾਅਦ 2018 ਵਿੱਚ ਰੂਸ ਦੀ ਡੋਪਿੰਗ ਏਜੰਸੀ ਨੇ ਵਾਡਾ ਨੂੰ ਇਸ ਸ਼ਰਤ 'ਤੇ ਆਪਣਾ ਡਾਟਾ ਦਿੱਤਾ ਸੀ ਕਿ ਉਸ 'ਤੇ ਪਾਬੰਦੀ ਹਟਾ ਦੇਣਗੇ। ਉਸ ਵੇਲੇ ਰੂਸ ਤੋਂ ਪਾਬੰਦੀ ਹਟਾ ਦਿੱਤੀ ਗਈ ਸੀ।

ਇਸ ਪਾਬੰਦੀ ਦੇ ਬਾਵਜੂਦ ਰੂਸ ਯੂਰੋ 2020 ਫੁੱਟਬਾਲ ਮੁਕਾਬਲੇ ਵਿੱਚ ਹਿੱਸਾ ਸਕੇਗਾ। ਇਹ ਮੁਕਾਬਲਾ ਇਸ ਵਾਰ ਰੂਸ ਦੇ ਸੈਂਟ ਪੀਟਰਸਬਰਗ ਸ਼ਹਿਰ ਵਿੱਚ ਹੋ ਰਿਹਾ ਹੈ।

ਐਂਟੀ ਡੋਪਿੰਗ ਉਲੰਘਣ ਦੇ ਨਿਯਮਾਂ ਵਜੋਂ ਯੂਰਪੀ ਫੁੱਟਬਾਲ ਦੀ ਗਵਰਨਿੰਗ ਬਾਡੀ ਯੂਐਫਾ ਨੂੰ 'ਮੁੱਖ ਖੇਡ ਸੰਗਠਨ' ਨਹੀਂ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)