'ਜਦੋਂ ਮੈਂ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ...'

ਜਗਤੇਸ਼ਰ ਤੇ ਮਨਦੀਪ
ਤਸਵੀਰ ਕੈਪਸ਼ਨ, ਮਨਦੀਪ ਸ਼ਰਮਾ ਅਤੇ ਜਗਤੇਸ਼ਰ ਨੇ ਘਰਦਿਆਂ ਦੀ ਰਜ਼ਾਮੰਦੀ ਖ਼ਿਲਾਫ਼ ਕੋਰਟ ਮੈਰਿਜ ਕਰਵਾਈ ਸੀ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਅਤੇ ਕਰੀਅਰ ਦੀ ਚੋਣ ਮਰਜ਼ੀ ਨਾਲ ਕਰਨ ਦੀ ਖੁੱਲ੍ਹ ਦਿੰਦੇ ਹਨ ਤਾਂ ਜੀਵਨ ਸਾਥੀ ਚੁਣਨ ਦੀ ਆਜ਼ਾਦੀ ਕਿਉਂ ਨਹੀਂ।"

ਇਹ ਸਵਾਲ ਹੈ ਸੰਗਰੂਰ ਦੀ ਰਹਿਣ ਵਾਲੀ ਜਗਤੇਸ਼ਵਰ ਕੌਰ ਦਾ, ਜਿਸ ਨੇ ਕੁਝ ਸਾਲ ਪਹਿਲਾਂ ਆਪਣੇ ਪਸੰਦ ਦੇ ਮੁੰਡੇ ਮਨਦੀਪ ਸ਼ਰਮਾ ਨਾਲ ਅੰਤਰਜਾਤੀ ਵਿਆਹ ਕਰਵਾਇਆ ਹੈ।

ਬੇਸ਼ੱਕ ਜਗਤੇਸ਼ਵਰ ਕੌਰ ਅੱਜ ਆਪਣੀ ਜ਼ਿੰਦਗੀ 'ਚ ਖ਼ੁਸ਼ ਹੈ, ਪਰ ਇਹ ਅੰਤਰਜਾਤੀ ਵਿਆਹ ਕਰਵਾਉਣਾ ਉਸ ਲਈ ਸੌਖਾ ਨਹੀਂ ਸੀ।

ਜਗਤੇਸ਼ਵਰ ਕੌਰ ਦੱਸਦੀ ਹੈ ਕਿ ਉਸ ਦਾ ਜਨਮ ਦਲਿਤ ਪਰਿਵਾਰ ਵਿੱਚ ਹੋਇਆ ਸੀ ਅਤੇ ਉਸ ਦਾ ਜੱਦੀ ਪਿੰਡ ਸੰਗਰੂਰ ਜ਼ਿਲ੍ਹੇ ਵਿੱਚ ਹੀ ਹੈ। ਪਰ ਪਿਤਾ ਦੀ ਸਰਕਾਰੀ ਨੌਕਰੀ ਕਰਕੇ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਚੰਡੀਗੜ੍ਹ ਵਿਚ ਹੀ ਬਤੀਤ ਕੀਤਾ ਹੈ।

ਵੀਡੀਓ ਕੈਪਸ਼ਨ, ਅੰਤਰਜਾਤੀ ਵਿਆਹ: ‘ਵਿਆਹ ਦੇ ਸਾਰੇ ਚਾਅ ਅਧੂਰੇ ਰਹਿ ਗਏ’

ਜਗਤੇਸ਼ਵਰ ਕੌਰ ਮੁਕਾਬਕ ਉਸ ਦਾ ਪਰਿਵਾਰ ਨੌਕਰੀਸ਼ੁਦਾ ਅਤੇ ਚੰਗੀ ਪੜ੍ਹਾਈ ਵਾਲਾ ਸੀ ਪਰ ਉਹ ਵੀ ਅੰਤਰਜਾਤੀ ਵਿਆਹ ਦੇ ਖ਼ਿਲਾਫ਼ ਸਨ।

ਬੇਸ਼ੱਕ ਉਸ ਦੇ ਭਰਾ ਨੇ ਅੰਤਰਜਾਤੀ ਵਿਆਹ ਕੀਤਾ ਸੀ ਪਰ ਜਦੋਂ ਉਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਵਿਰੋਧ ਹੋਇਆ।

ਇਹ ਵੀ ਪੜ੍ਹੋ-

ਚੰਗਾਲੀਵਾਲਾ ਪਿੰਡ ਵੀ ਸੰਗਰੂਰ ਜ਼ਿਲ੍ਹੇ ਵਿੱਚ ਹੀ ਪੈਂਦਾ ਹੈ, ਜੋ ਕੁਝ ਦਿਨੀਂ ਪਹਿਲਾਂ ਇੱਕ ਦਲਿਤ ਨੌਜਵਾਨ ਦੀ ਜਨਰਲ ਵਰਗ ਵੱਲੋਂ ਕੀਤੀ ਗਈ ਬੇਤਹਾਸ਼ਾ ਕੁੱਟਮਾਰ ਕਾਰਨ ਚਰਚਾ ਵਿੱਚ ਸੀ।

ਅਜਿਹੇ ਸਮੇਂ ਵਿੱਚ ਅਸੀਂ ਅੰਤਰਜਾਤੀ ਵਿਆਹ ਕਰਨ ਵਾਲਿਆਂ ਜੋੜਿਆਂ ਦੀ ਰਾਏ ਜਾਣਨ ਦੀ ਕੋਸ਼ਿਸ ਕੀਤੀ ਉਹ ਅਜਿਹੀਆਂ ਘਟਨਾਵਾਂ ਨੂੰ ਕਿਵੇਂ ਲੈਂਦੇ ਹਨ।

'ਰਜ਼ਾਮੰਦੀ ਤੋਂ ਬਗ਼ੈਰ ਕੋਰਟ ਮੈਰਿਜ'

ਐੱਮਏ ਤੱਕ ਦੀ ਪੜ੍ਹਾਈ ਕਰ ਚੁੱਕੀ ਜਗਤੇਸ਼ਵਰ ਦੱਸਦੀ ਹੈ ਕਿ ਜਿਸ ਮੁੰਡੇ ਨਾਲ ਉਸ ਨੇ ਵਿਆਹ ਕਰਵਾਇਆ ਹੈ ਉਹ ਜਨਰਲ ਵਰਗ ਨਾਲ ਸਬੰਧਿਤ ਹੈ।

ਉਨ੍ਹਾਂ ਨੇ ਕਿਹਾ, "ਸਾਡੇ ਦੋਹਾਂ ਲਈ ਇਹ ਵਿਆਹ ਕਰਵਾਉਣਾ ਸੌਖਾ ਨਹੀਂ ਸੀ। ਦੋਵਾਂ ਪਾਸਿਆਂ ਤੋਂ ਵਿਰੋਧ ਸੀ। ਅਸੀਂ ਦੋਹਾਂ ਨੇ ਘਰ ਵਾਲਿਆਂ ਦੀ ਰਜ਼ਾਮੰਦੀ ਤੋਂ ਬਗ਼ੈਰ ਕੋਰਟ ਮੈਰਿਜ ਕਰਵਾ ਲਈ। ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਸਾਡਾ ਬਾਈਕਾਟ ਕਰ ਦਿੱਤਾ। ਕੁਝ ਮਹੀਨੇ ਦੇ ਵਿਰੋਧ ਤੋਂ ਬਾਅਦ ਫਿਰ ਦੋਹਾਂ ਪਰਿਵਾਰਾਂ ਨੇ ਸਾਨੂੰ ਅਪਣਾ ਲਿਆ।"

ਜਗਤੇਸ਼ਰ
ਤਸਵੀਰ ਕੈਪਸ਼ਨ, ਜਗਤੇਸ਼ਰ ਦੇ ਭਰਾ ਨੇ ਵੀ ਅੰਤਰਜਾਤੀ ਵਿਆਹ ਕਰਵਾਇਆ ਸੀ ਪਰ ਉਸ ਵਾਰੀ ਘਰਦੇ ਨਹੀਂ ਮੰਨੇ

ਕੀ ਸਮਾਜ ਨੇ ਮਾਨਤਾ ਦਿੱਤੀ ਇਸ ਸਵਾਲ ਦੇ ਜਵਾਬ ਵਿੱਚ ਜਗਤੇਸ਼ਵਰ ਆਖਦੀ ਹੈ ਕਿ ਸਮਾਜ ਦੀ ਕੋਈ ਪ੍ਰਵਾਹ ਨਹੀਂ ਹੈ।

"ਅਸੀਂ ਖ਼ੁਸ਼ ਹਾਂ ਅਤੇ ਪ੍ਰਮਾਤਮਾ ਨੇ ਸਾਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੋਰ ਕੀ ਚਾਹੀਦਾ ਹੈ।"

ਜਗਤੇਸ਼ਰ ਦੇ ਪਤੀ ਮਨਦੀਪ ਸ਼ਰਮਾ, ਜੋ ਕਿ ਆਪਣਾ ਕਾਰੋਬਾਰ ਕਰਦੇ ਹਨ, ਦਾ ਕਹਿਣਾ ਹੈ ਕਿ ਸਮਾਜ ਵਿੱਚ ਜਾਤ-ਪਾਤ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਆਖਿਆ ਕਿ ਚਾਰ ਸਾਲ ਪਹਿਲਾਂ ਜਦੋਂ ਉਸ ਨੇ ਅੰਤਰਜਾਤੀ ਵਿਆਹ ਕਰਵਾਉਣ ਦੀ ਗੱਲ ਘਰ ਵਿੱਚ ਕੀਤੀ ਸੀ ਤਾਂ ਸਾਰੇ ਇਸ ਦੇ ਖ਼ਿਲਾਫ਼ ਸੀ।

ਉਨ੍ਹਾਂ ਨੇ ਦੱਸਿਆ, "ਪਰਿਵਾਰ ਦਾ ਕਹਿਣਾ ਸੀ ਕਿ ਲੋਕ ਸਾਨੂੰ ਕੀ ਆਖਣਗੇ। ਸਮਾਜ ਕਿਵੇਂ ਮੂੰਹ ਦਿਖਾਵਾਂਗੇ ਵਰਗੇ, ਤਮਾਮ ਸਵਾਲਾਂ ਦੀ ਪ੍ਰਵਾਹ ਕੀਤੇ ਬਿਨਾਂ ਅਸੀਂ ਵਿਆਹ ਕਰਵਾਇਆ।"

ਜਗਤੇਸ਼ਵਰ ਕੌਰ ਆਖਦੀ ਹੈ, "ਹਰ ਇਨਸਾਨ ਵਾਂਗ ਮੇਰੇ ਵੀ ਵਿਆਹ ਨੂੰ ਲੈ ਕੇ ਚਾਅ ਸਨ। ਬਰਾਤ ਧੂਮ ਧੜਕੇ ਨਾਲ ਜਾਵੇ, ਰਿਸ਼ਤੇਦਾਰ ਆਉਣ, ਸਭ ਪਾਸੇ ਖ਼ੁਸ਼ੀਆਂ ਹੋਣ।"

"ਪਰ ਸਮਾਜ ਦੀਆਂ ਬਣਾਈਆਂ ਬੰਦਸ਼ਾਂ ਕਾਰਨ ਮੈਨੂੰ ਸਾਰੇ ਚਾਅ ਖ਼ਤਮ ਕਰ ਕੇ ਅਦਾਲਤ ਵਿੱਚ ਜਾ ਕੇ ਵਿਆਹ ਕਰਵਾਉਣ ਪਿਆ, ਜਿਸ ਵਿੱਚ ਸਾਡੇ ਪਰਿਵਾਰਿਕ ਮੈਂਬਰਾਂ ਦੀ ਬਜਾਇ ਦੋ ਦੋਸਤ ਹੀ ਸ਼ਾਮਲ ਹੋਏ ਸਨ।"

'ਅਜੇ ਵੀ ਅੰਤਰਜਾਤੀ ਵਿਆਹ ਨੂੰ ਠੀਕ ਨਹੀਂ ਸਮਝਿਆ ਜਾਂਦਾ'

ਮਨਦੀਪ ਸ਼ਰਮਾ ਮੁਤਾਬਕ ਸਮਾਜਕ ਬੰਦਸ਼ਾਂ ਦੇ ਚਲਦੇ ਹੋਏ ਦੋਵਾਂ ਨੇ ਇਕੱਠੇ ਰਹਿਣ ਲਈ ਆਪਣੇ ਚਾਅ ਹੀ ਕੁਰਬਾਨ ਕਰ ਦਿੱਤੇ।

ਮਨਦੀਪ ਅਤੇ ਜਗਤੇਸ਼ਵਰ ਦਾ ਕਹਿਣਾ ਸੀ ਕਿ ਦੇਸ਼ ਨੂੰ ਆਜ਼ਾਦ ਹੋਇਆ ਬਹੁਤ ਸਮਾਂ ਹੋ ਗਿਆ ਹੈ ਪਰ ਅਫ਼ਸੋਸ ਜਾਤਪਾਤ ਦਾ ਬੰਧਨ ਅਜੇ ਵੀ ਬਰਕਰਾਰ ਹੈ।

ਅੰਤਰਜਾਤੀ ਵਿਆਹ
ਤਸਵੀਰ ਕੈਪਸ਼ਨ, ਜਗਤੇਸ਼ਰ ਕਹਿੰਦੀ ਹੈ ਕਿ ਉਸ ਦੇ ਵਿਆਹ ਵਾਲੇ ਸਾਰੇ ਚਾਅ ਅਧੂਰੇ ਰਹਿ ਗਏ ਸਨ

ਫਿਰ ਦੋਵੇਂ ਚੁੱਪ ਕਰ ਜਾਂਦੇ ਹਨ, ਚਾਹ ਦੀ ਘੁੱਟ ਭਰਨ ਤੋਂ ਬਾਅਦ ਜਗਤੇਸ਼ਵਰ ਆਖਦੀ ਹੈ, "ਉਂਝ ਕਹਿਣ ਨੂੰ ਸਮਾਜ ਆਧੁਨਿਕਤਾ ਵੱਲ ਵੱਧ ਰਿਹਾ ਹੈ ਹਾਂ ਪਰ ਜਾਤਪਾਤ ਦੇ ਮੁੱਦੇ ਉੱਤੇ ਸਮਾਜ ਦਿਮਾਗ਼ੀ ਤੌਰ ਉੱਤੇ ਆਜ਼ਾਦ ਨਹੀਂ ਹੋਇਆ ਜਿਸ ਦੀ ਉਦਾਹਰਨ ਚੰਗਾਲੀਵਾਲਾ ਪਿੰਡ ਵਿੱਚ ਕੁਝ ਦਿਨ ਪਹਿਲਾਂ ਵਾਪਰੀ ਘਟਨਾ ਹੈ।"

ਜਗਤੇਸ਼ਵਰ ਮੰਨਦੀ ਹੈ ਕਿ ਪਿੰਡਾਂ ਵਿੱਚ ਅਜੇ ਵੀ ਅੰਤਰਜਾਤੀ ਵਿਆਹ ਨੂੰ ਠੀਕ ਨਹੀਂ ਸਮਝਿਆ ਜਾਂਦਾ।

ਅੰਤਰਜਾਤੀ ਵਿਆਹ ਦੇ ਰੁਝਾਨ ਅਤੇ ਇਸ ਦੀਆਂ ਦਿੱਕਤਾਂ ਨੂੰ ਸਮਝਣ ਦੇ ਲਈ ਅਸੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਮੀਰਪੁਰ ਕਲਾਂ ਦਾ ਵੀ ਰੁਖ ਕੀਤਾ।

ਇਹ ਵੀ ਪੜ੍ਹੋ-

'ਸਾਡੇ ਮੂੰਹ ਉੱਤੇ ਕਿਉਂ ਦਾਗ਼ ਲਗਾ ਰਿਹਾ ਹੈ'

ਹਰਿਆਣਾ ਸਰਹੱਦ ਤੋਂ ਕੁਝ ਦੂਰੀ ਉੱਤੇ ਵਸੇ ਮਾਲਵੇ ਦੇ ਇਸ ਘੂਗ ਵਸਦੇ ਪਿੰਡ ਵਿੱਚ ਸਾਡੀ ਮੁਲਾਕਾਤ ਹੋਈ ਸਾਬਕਾ ਸਰਪੰਚ ਅਮਰੀਕ ਸਿੰਘ ਨਾਲ।

ਜੱਟ ਸਿੱਖ ਪਰਿਵਾਰ ਨਾਲ ਸਬੰਧਿਤ ਅਮਰੀਕ ਸਿੰਘ ਨੇ 1997 ਵਿੱਚ ਨੇੜਲੇ ਪਿੰਡ ਦੀ ਦਲਿਤ ਭਾਈਚਾਰੇ ਦੀ ਕੁੜੀ ਨਾਲ ਵਿਆਹ ਕਰਵਾਇਆ ਸੀ।

ਛੇ ਏਕੜ ਜ਼ਮੀਨ ਦਾ ਮਾਲਕ ਅਮਰੀਕ ਸਿੰਘ ਦਲਿਤ ਪਰਿਵਾਰ ਦੀ ਕੁੜੀ ਨਾਲ ਅੰਤਰਜਾਤੀ ਵਿਆਹ ਕਰਨਾ ਵਾਲਾ ਉਸ ਸਮੇਂ ਪਹਿਲਾਂ ਨੌਜਵਾਨ ਸੀ।

ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਅਮਰੀਕ ਸਿੰਘ ਦੱਸਦੇ ਹਨ ਕਿ ਇਹ ਵਿਆਹ ਸੌਖਾ ਨਹੀਂ ਸੀ।

ਅਮਰੀਕ ਸਿੰਘ ਤੇ ਕੁਲਵੰਤ ਕੌਰ
ਤਸਵੀਰ ਕੈਪਸ਼ਨ, ਅਮਰੀਕ ਕਹਿੰਦੇ ਹਨ ਜਦੋਂ ਉਨ੍ਹਾਂ ਨੇ ਘਰੇ ਵਿਆਹ ਦੀ ਗੱਲ ਕੀਤੀ ਤਾਂ ਕਲੈਸ਼ ਪੈ ਗਿਆ

ਅਮਰੀਕ ਸਿੰਘ ਨੇ ਦੱਸਿਆ, "ਜਦੋਂ ਮੈਂ ਘਰੇ ਦਲਿਤਾਂ ਦੀ ਕੁੜੀ ਨਾਲ ਵਿਆਹ ਦੀ ਇੱਛਾ ਪ੍ਰਗਟਾਈ ਤਾਂ ਕਲੇਸ਼ ਹੋ ਗਿਆ। ਘਰ ਵਾਲੇ ਆਖਣ ਲੱਗੇ ਤੂੰ ਸਾਡੇ ਮੂੰਹ ਉੱਤੇ ਕਿਉਂ ਦਾਗ਼ ਲਗਾ ਰਿਹਾ ਹੈ, ਅਸੀਂ ਸਮਾਜ ਨੂੰ ਕੀ ਜਵਾਬ ਦੇਵਾਂਗਾ।"

"ਪਿੰਡ ਵਾਲੇ ਵੀ ਆਖਣ ਲੱਗੇ ਤੇਰੇ ਕੋਲ ਜ਼ਮੀਨ ਜਾਇਦਾਦ ਹੈ ਤੈਨੂੰ ਕਿਹੜੇ ਜਿੰਮੀਦਾਰਾਂ ਦੀਆਂ ਕੁੜੀਆਂ ਦੀ ਘਾਟ ਹੈ, ਪਰ ਮੈ ਸਭ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਪਿਆਰ ਦਾ ਸਾਥ ਦਿੱਤਾ।"

ਉਨ੍ਹਾਂ ਆਖਿਆ ਕਿ ਜਿੰਮੀਦਾਰਾਂ ਦੇ ਪਰਿਵਾਰ ਵਿੱਚ ਜੇਕਰ ਕੋਈ ਦਲਿਤ ਨੂੰ ਗਲਾਸ ਵਿੱਚ ਚਾਹ ਵੀ ਦਿੰਦਾ ਸੀ ਤਾਂ ਉਸ ਭਾਂਡੇ ਨੂੰ ਅੱਗ ਵਿੱਚ ਸਾੜ ਦਿੱਤਾ ਜਾਂਦਾ ਸੀ।

"ਇਸ ਤੋਂ ਤੁਸੀਂ ਜਨਰਲ ਵਰਗ ਅਤੇ ਦਲਿਤ ਵਰਗ ਦੇ ਫ਼ਰਕ ਦਾ ਅੰਦਾਜ਼ਾ ਲੱਗਾ ਸਕਦੇ ਹੋ। ਪਰ ਮੈਂ ਉਸ ਸਮੇਂ ਦਲਿਤ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਸੀ ਜਿਸ ਦੀ ਪ੍ਰਤੀਕਿਰਿਆ ਆਉਣਾ ਸੁਭਾਵਿਕ ਸੀ।"

ਸਮਾਜਕ ਬਾਈਕਾਟ

ਉਨ੍ਹਾਂ ਨੇ ਦੱਸਿਆ, "ਜਦੋਂ ਘਰ ਵਾਲਿਆਂ, ਰਿਸ਼ਤੇਦਾਰਾਂ ਅਤੇ ਹੋਰ ਲੋਕ ਮੇਰੇ ਫ਼ੈਸਲੇ ਨੂੰ ਬਦਲ ਨਹੀਂ ਸਕੇ ਤਾਂ ਉਨ੍ਹਾਂ ਨੇ ਵਿਆਹ ਦੀ ਹਾਮੀ ਭਰ ਦਿੱਤੀ। ਪਰ ਦੂਜੇ ਪਾਸੇ ਮੇਰੀ ਪਤਨੀ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਤੋਂ ਖ਼ੁਸ਼ ਨਹੀਂ ਸੀ, ਉਹ ਵੀ ਨਹੀਂ ਚਾਹੁੰਦੇ ਸੀ ਕਿ ਇਹ ਰਿਸ਼ਤਾ ਹੋਵੇ। ਬਾਅਦ ਵਿੱਚ ਦੋਵੇਂ ਹੀ ਪਰਿਵਾਰ ਸਾਡੇ ਵਿਆਹ ਲਈ ਰਾਜ਼ੀ ਹੋ ਗਏ।"

ਅਮਰੀਕ ਸਿੰਘ
ਤਸਵੀਰ ਕੈਪਸ਼ਨ, ਅਮਰੀਕ ਸਿੰਘ ਨੇ 1997 ਵਿੱਚ ਅੰਤਰਜਾਤੀ ਵਿਆਹ ਕਰਵਾਇਆ ਸੀ

ਅਮਰੀਕ ਸਿੰਘ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਸਮਾਜ ਦੇ ਤਾਅਨਿਆਂ ਦਾ ਵੀ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਉਨ੍ਹਾਂ ਦਾ ਸਮਾਜਕ ਬਾਈਕਾਟ ਵੀ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਅਤੇ ਰੱਬ ਦੇ ਆਸਰੇ ਜ਼ਿੰਦਗੀ ਕੱਟਦੇ ਗਏ। ਅੱਜ ਸਭ ਕੁਝ ਠੀਕ ਹੈ।

ਅਮਰੀਕ ਸਿੰਘ ਦੀ ਪਤਨੀ ਕੁਲਵੰਤ ਕੌਰ ਸਰਕਾਰੀ ਨੌਕਰੀ ਕਰਦੀ ਹੈ। ਇੱਕ ਦਲਿਤਾਂ ਦੀ ਕੁੜੀ ਦਾ ਜ਼ਿੰਮੀਦਾਰਾਂ ਦੇ ਪਰਿਵਾਰ ਦੀ ਨੂੰਹ ਬਣ ਕੇ ਰਹਿਣਾ ਸੌਖਾ ਸੀ, ਇਸ ਦੇ ਜਵਾਬ ਵਿੱਚ ਉਹ ਆਖਦੀ ਹੈ ਕਿ ਬਹੁਤ ਦਿੱਕਤਾਂ ਆਈਆਂ।

ਉਨ੍ਹਾਂ ਨੇ ਗੱਲ ਕਰਦਿਆਂ ਦੱਸਿਆ, "ਮੂੰਹ ਉੱਤੇ ਤਾਂ ਨਹੀਂ ਪਿੰਡ ਵਾਲੇ ਪਿੱਠ ਪਿੱਛੇ ਜ਼ਰੂਰ ਗੱਲਾਂ ਕਰਦੇ ਸੀ।"

ਕੁਲਵੰਤ ਕੌਰ ਆਖਦੀ ਹੈ, "ਸਮਾਜ ਦੀ ਸੋਚ ਬਦਲ ਜ਼ਰੂਰ ਰਹੀ ਹੈ ਪਰ ਜਿੰਨੀ ਬਦਲਣੀ ਚਾਹੀਦੀ ਸੀ ਉੱਨੀ ਰਫ਼ਤਾਰ ਨਾਲ ਨਹੀਂ। ਨੌਜਵਾਨ ਪੀੜੀ ਦੀ ਸੋਚ ਤਾਂ ਜ਼ਰੂਰ ਬਦਲ ਰਹੀ ਹੈ ਪਰ ਬਜ਼ੁਰਗ ਅਜੇ ਵੀ ਪੁਰਾਣੀ ਸੋਚ ਦੇ ਧਾਰਨੀ ਹਨ, ਜਿਸ ਨੂੰ ਬਦਲਣ ਵਿੱਚ ਟਾਈਮ ਲੱਗੇਗਾ।"

ਕੁਲਵੰਤ ਕੌਰ
ਤਸਵੀਰ ਕੈਪਸ਼ਨ, ਕੁਲਵੰਤ ਕੌਰ ਕਹਿੰਦੀ ਹੈ ਕਿ ਜਿਸ ਸੱਸ ਦੇ ਤਾਅਨੇ ਉਸ ਨੂੰ ਸੁਣਨ ਨੂੰ ਮਿਲਦੇ ਸੀ ਉਹੀ ਹੁਣ ਉਸ ਦੇ ਨਾਲ ਰਹਿ ਕੇ ਖ਼ੁਸ਼ ਹੈ

ਕੀ ਤੁਹਾਡੇ ਬੱਚੇ ਅੰਤਰਜਾਤੀ ਵਿਆਹ ਕਰਨਗੇ? ਇਸ ਦੇ ਜਵਾਬ ਵਿੱਚ ਕੁਲਵੰਤ ਕੌਰ ਦਾ ਕਹਿਣਾ ਸੀ ਕਿ ਉਹ ਬੱਚਿਆਂ ਦਾ ਵਿਆਹ ਜਨਰਲ ਵਰਗ ਵਿੱਚ ਕਰਨ ਨੂੰ ਤਰਜ਼ੀਹ ਦੇਵੇਗੀ,

ਅਜਿਹਾ ਕਿਉਂ ਪੁੱਛੇ ਜਾਣ 'ਤੇ ਉਨ੍ਹਾਂ ਨੇ ਇਸ ਦਾ ਜਵਾਬ ਦਿੱਤਾ, "ਬੱਚੇ ਹੀ ਅਜਿਹਾ ਚਾਹੁੰਦੇ ਹਨ ਬਾਕੀ ਉਹਨਾਂ ਦੀ ਮਰਜ਼ੀ ਸਾਡੇ ਵੱਲੋਂ ਕੋਈ ਬੰਦਿਸ਼ ਨਹੀਂ ਹੈ।"

ਅਮਰੀਕ ਸਿੰਘ ਦੇ ਪਿੰਡ ਦੇ ਬਜ਼ੁਰਗਾਂ ਨਾਲ ਵੀ ਅਸੀਂ ਇਸ ਮੁੱਦੇ ਉਤੇ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਹੁਣ ਸਾਡੇ ਵਿੱਚ ਬਹੁਤ ਅੰਤਰਜਾਤੀ ਵਿਆਹ ਹੋ ਰਹੇ ਹਨ ਕਾਰਨ ਪੁੱਛੇ ਜਾਣ ਉਤੇ ਆਖਦੇ ਹਨ ਆਰਥਿਕਤਾ।

ਉਹਨਾਂ ਦੱਸਿਆ ਕਿ ਜੱਟਾਂ ਦੇ ਜ਼ਮੀਨਾਂ ਤੋਂ ਬਿਨਾਂ ਰਿਸ਼ਤੇ ਹੁੰਦੇ ਨਹੀਂ। ਜਦੋਂ ਜ਼ਮੀਨਾਂ ਹੀ ਨਹੀਂ ਰਹੀਆਂ ਤਾਂ ਫਿਰ ਵਿਆਹ ਤਾਂ ਕਰਵਾਉਣੇ ਹੀ ਹਨ ਉਹ ਭਾਵੇ ਕਿਸੇ ਵੀ ਜਾਤ ਨਾਲ ਕਿਉਂ ਨਾ ਹੋਣ।

ਅੰਤਰਜਾਤੀ ਵਿਆਹ ਦਾ ਰੁਝਾਨ ਕਿੰਨਾ ਸਾਰਥਕ

ਪੰਜਾਬ ਵਿੱਚ ਜਿੱਥੇ ਇੱਕ ਪਾਸੇ ਜਨਰਲ ਵਰਗ ਵੱਲੋਂ ਦਲਿਤ ਭਾਈਚਾਰੇ ਨਾਲ ਭੇਦਭਾਵ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਉੱਥੇ ਹੀ ਦੋਵਾਂ ਵਰਗਾ ਦੇ ਵਿਆਹ ਦੇ ਰੁਝਾਨ ਦੇ ਮੁੱਦੇ ਉੱਤੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਰੌਣਕੀ ਰਾਮ ਨਾਲ ਗੱਲ ਕੀਤੀ।

ਪ੍ਰੋਫੈਸਰ ਰੌਣਕੀ ਰਾਮ ਮੁਤਾਬਕ ਸਮਾਜ ਦੀ ਸੋਚ ਜ਼ਰੂਰ ਬਦਲ ਰਹੀ ਹੈ ਪਰ ਅੰਤਰਜਾਤੀ ਵਿਆਹ ਦਾ ਰੁਝਾਨ ਅਜੇ ਵੀ ਬਹੁਤ ਘੱਟ ਹੈ।

ਉਨ੍ਹਾਂ ਆਖਿਆ ਕਿ ਅੰਤਰਜਾਤੀ ਵਿਆਹ ਦਾ ਇੱਕ ਪਹਿਲੂ ਆਰਥਿਕਤਾ ਵੀ ਹੈ।

ਪ੍ਰੋਫੈਸਰ ਰੌਣਕੀ ਰਾਮ
ਤਸਵੀਰ ਕੈਪਸ਼ਨ, ਪ੍ਰੋਫੈਸਰ ਰੌਣਕੀ ਰਾਮ ਕਹਿੰਦੇ ਹਨ ਕਿ ਗੁਰਬਾਣੀ ਵਿੱਚ ਵੀ ਜਾਤ-ਪਾਤ ਦੇ ਆਧਾਰ ਉਤੇ ਭੇਦਭਾਵ ਨਾ ਕਰਨ ਲਈ ਆਖਿਆ ਗਿਆ ਹੈ

ਉਨ੍ਹਾਂ ਆਖਿਆ, "ਜੇਕਰ ਲੜਕਾ ਦਲਿਤ ਹੈ ਪਰ ਚੰਗੇ ਅਹੁਦੇ 'ਤੇ ਹੈ ਜਨਰਲ ਵਰਗ ਉਸ ਨਾਲ ਵਿਆਹ ਲਈ ਰਾਜ਼ੀ ਹੋ ਸਕਦਾ ਹੈ। ਪਰ ਜੇਕਰ ਲੜਕਾ ਪਿੰਡ ਦਾ ਹੋਵੇ ਅਤੇ ਮਿਹਨਤ ਮਜ਼ਦੂਰੀ ਕਰਦਾ ਹੈ ਤਾਂ ਉਸ ਨਾਲ ਅਜਿਹਾ ਨਹੀਂ ਹੁੰਦਾ।"

ਉਨ੍ਹਾਂ ਆਖਿਆ ਕਿ ਜਾਤ-ਪਾਤ ਨੇ ਅਜੇ ਵੀ ਸਾਡਾ ਸਮਾਜ ਜਕੜਿਆ ਹੋਇਆ ਹੈ।

ਉਦਾਹਰਨ ਪੇਸ਼ ਕਰਦਿਆਂ ਉਨ੍ਹਾਂ ਆਖਿਆ ਕਿ ਗੁਰਬਾਣੀ ਵਿੱਚ ਵੀ ਜਾਤਪਾਤ ਦੇ ਆਧਾਰ ਉਤੇ ਭੇਦਭਾਵ ਨਾ ਕਰਨ ਲਈ ਆਖਿਆ ਗਿਆ ਹੈ ਪਰ ਇਸ ਦੇ ਬਾਵਜੂਦ ਪਿੰਡਾਂ ਵਿੱਚ ਫ਼ਰਕ ਸਾਫ਼ ਦੇਖਿਆ ਜਾਂ ਸਕਦਾ ਹੈ।

"ਪਿੰਡਾਂ ਵਿੱਚ ਵਿਹੜਾ, ਠੱਠੀਆਂ ਸ਼ਬਦਾਂ ਦਾ ਆਮ ਉਚਾਰਨ ਹੁੰਦਾ ਹੈ। ਇਥੇ ਹੀ ਬੱਸ ਨਹੀਂ ਦਲਿਤਾਂ ਅਤੇ ਜਨਰਲ ਵਰਗ ਦੇ ਗੁਰੂ ਘਰ ਵੀ ਵੱਖ ਵੱਖ ਹਨ।"

ਅੰਤਰਜਾਤੀ ਵਿਆਹ ਲਈ ਸਰਕਾਰੀ ਮਦਦ

ਕੇਂਦਰ ਅਤੇ ਰਾਜ ਸਰਕਾਰ ਵੱਲੋਂ ਅੰਤਰਜਾਤੀ ਵਿਆਹ ਨੂੰ ਵਧਾਵਾ ਦੇਣ ਲਈ ਇਕ ਸਕੀਮ ਵੀ ਹੈ।

ਡਾਕਟਰ ਅੰਬੇਦਕਰ ਯੋਜਨਾ ਤਹਿਤ ਕੇਂਦਰ ਢਾਈ ਲੱਖ ਰੁਪਏ ਅਤੇ ਪੰਜਾਬ ਸਰਕਾਰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੰਦੀ ਹੈ। ਇਸ ਸਕੀਮ ਦਾ ਲਾਭ ਲੈਣ ਲਈ ਜੋੜੇ ਵਿੱਚੋਂ ਇੱਕ ਦਾ ਦਲਿਤ ਹੋਣਾ ਜ਼ਰੂਰੀ ਹੈ।

ਅਮਰੀਕ ਸਿੰਘ ਦੱਸਦੇ ਹਨ ਕਿ ਉਸ ਨੇ ਅੰਤਰਜਾਤੀ ਸਕੀਮ ਤਹਿਤ ਸਰਕਾਰ ਤੋਂ ਸਹਾਇਤਾ ਰਾਸ਼ੀ ਲਈ ਸੀ।

ਅੰਤਰਜਾਤੀ ਵਿਆਹ
ਤਸਵੀਰ ਕੈਪਸ਼ਨ, ਮਨਦੀਪ ਅਤੇ ਜਗਤੇਸ਼ਰ ਦੇ ਘਰ ਹੁਣ ਬੇਟੇ ਦਾ ਜਨਮ ਹੋਇਆ ਹੈ

ਜੇਕਰ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ 2018-2019 ਵਿੱਚ 24 ਜੋੜਿਆਂ ਨੇ ਅੰਤਰਜਾਤੀ ਵਿਆਹ ਤਹਿਤ ਸਰਕਾਰੀ ਰਾਸ਼ੀ ਲਈ ਅਰਜ਼ੀ ਦਿੱਤੀ।

ਦਲਿਤਾਂ ਨਾਲ ਪੰਜਾਬ ਵਿੱਚ ਵਧੀਕੀਆਂ ਬਾਰੇ ਅੰਕੜੇ

ਪੰਜਾਬ ਦੀ ਕੁਲ ਆਬਾਦੀ ਦਾ ਕਰੀਬ ਇੱਕ ਤਿਹਾਈ ਹਿੱਸਾ ਦਲਿਤ ਆਬਾਦੀ ਹੈ ਜੋ ਕਿ ਭਾਰਤ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਹੈ।

ਪੰਜਾਬ ਵਿੱਚ ਦਲਿਤਾਂ ਨਾਲ ਹੁੰਦੀ ਧੱਕੇਸ਼ਾਹੀ ਅਤੇ ਅਪਰਾਧ ਦੇ ਮਾਮਲਿਆਂ ਦੇ ਸਬੰਧ ਵਿਚ ਬੀਬੀਸੀ ਪੰਜਾਬੀ ਨੇ ਐੱਸਸੀ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਤੇਜਿੰਦਰ ਕੌਰ ਨਾਲ ਗੱਲਬਾਤ ਕੀਤੀ।

ਦਲਿਤ ਭਾਈਚਾਰੇ ਨਾਲ ਜਾਤ-ਪਾਤ ਦੇ ਭੇਦਭਾਵ ਦੇ ਮੁੱਦੇ ਉੱਤੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਮਾਲਵਾ ਖੇਤਰ ਇਸ ਵਿੱਚ ਸਭ ਤੋਂ ਅੱਗੇ ਹੈ।

ਉਨ੍ਹਾਂ ਨੇ ਦੱਸਿਆ, "ਖ਼ਾਸ ਤੌਰ ਉੱਤੇ ਸੰਗਰੂਰ, ਫ਼ਰੀਦਕੋਟ, ਅਬੋਹਰ, ਪਟਿਆਲਾ ਅਤੇ ਫ਼ਿਰੋਜ਼ਪੁਰ ਵਿੱਚ ਸਭ ਤੋਂ ਜ਼ਿਆਦਾ ਜਾਤ-ਪਾਤ ਦੇ ਭੇਦਭਾਵ ਦੇ ਮਾਮਲੇ ਕਮਿਸ਼ਨ ਦੇ ਸਾਹਮਣੇ ਆਉਂਦੇ ਹਨ।"

ਉਨ੍ਹਾਂ ਆਖਿਆ, "ਸਿੱਖਿਆਂ ਰਾਹੀਂ ਸਮਾਜ ਵਿੱਚ ਸੁਧਾਰ ਆ ਸਕਦਾ ਹੈ ਨਹੀਂ ਤਾਂ ਬਹੁਤ ਔਖਾ ਹੈ। ਪੰਜਾਬ 'ਚ ਦਲਿਤਾਂ ਉੱਪਰ ਅੱਤਿਆਚਾਰ ਵਧਣ ਦੀ ਗਵਾਹੀ ਸਰਕਾਰੀ ਰਿਕਾਰਡ ਵੀ ਭਰਦਾ ਹੈ।"

ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਦਲਿਤਾਂ ਨਾਲ ਜੁੜੇ ਵੱਖ-ਵੱਖ ਮਾਮਲਿਆਂ ਦੇ ਕੇਸ ਦਰਜ ਹੋਏ।

ਉਸ ਮੁਤਾਬਕ 2015 ਵਿੱਚ ਦਲਿਤ ਭਾਈਚਾਰੇ ਉੱਤੇ ਅੱਤਿਆਚਾਰ ਦੇ 1,982 ਮਾਮਲੇ, 2016 ਵਿੱਚ 1,900 ਮਾਮਲੇ, 2017 ਵਿੱਚ 2,435, 2018 ਵਿੱਚ 1,685, ਅਤੇ 2019 ਵਿੱਚ ਅਕਤੂਬਰ ਮਹੀਨੇ ਤੱਕ 1,150 ਕੇਸ ਦਰਜ ਹੋਏ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)