You’re viewing a text-only version of this website that uses less data. View the main version of the website including all images and videos.
ਮਹਾਰਾਸ਼ਟਰ ’ਚ ਕੀ ਹੋ ਰਿਹਾ ਹੈ - ‘ਪੱਤਰਕਾਰ ਤੇ ਨੇਤਾ ਵੀ ਨਹੀਂ ਜਾਣਦੇ’
ਮਹਾਰਾਸ਼ਟਰ ਦੀ ਸਿਆਸਤ ਦਾ ਨਜ਼ਾਰਾ ਪਲ-ਪਲ ਬਦਲਦਾ ਜਾ ਰਿਹਾ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸ ਕੋਲ ਕਿੰਨੇ ਵਿਧਾਇਕ ਹਨ।
ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦੇਵੇਂਦਰ ਫਡਨਵੀਸ ਅਤੇ ਅਜੀਤ ਪਵਾਰ ਨੇ ਸਹੁੰ ਤਾਂ ਚੁੱਕ ਲਈ ਪਰ ਮੌਜੂਦਾ ਹਾਲਾਤ ਨੂੰ ਵੇਖੀਏ ਤਾਂ ਉਨ੍ਹਾਂ ਕੋਲ 145 ਵਿਧਾਇਕਾਂ ਦਾ ਸਮਰਥਨ ਹੈ, ਅਜਿਹਾ ਨਹੀਂ ਲਗਦਾ।
ਤਾਜ਼ਾ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਕੋਲ 105 ਆਪਣੇ ਵਿਧਾਇਕ ਹਨ ਅਤੇ 14 ਆਜ਼ਾਦ ਉਮੀਦਵਾਰ ਅਤੇ ਛੋਟੀਆਂ ਪਾਰਟੀਆਂ ਦੇ ਵਿਧਾਇਕ ਮਿਲਾ ਕੇ ਉਸ ਕੋਲ 119 ਵਿਧਾਇਕ ਬਣਦੇ ਹਨ।
ਐਨਸੀਪੀ ਦੇ 11 ਵਿਧਾਇਕ ਸ਼ਨੀਵਾਰ ਸਵੇਰੇ ਅਜੀਤ ਪਵਾਰ ਨਾਲ ਗਏ। ਹੁਣ ਉਨ੍ਹਾਂ ਵਿੱਚੋਂ ਛੇ ਸ਼ਰਦ ਪਵਾਰ ਕੋਲ ਵਾਪਸ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੁਝ ਪਤਾ ਨਹੀਂ ਸੀ, ਅਚਾਨਕ ਸਾਨੂੰ ਫੜ ਲਿਆ ਗਿਆ ਅਤੇ ਰਾਜ ਭਵਨ ਲੈ ਗਏ।
ਇਹ ਵੀ ਪੜ੍ਹੋ:
ਅਜਿਹੇ ਹਾਲਾਤ ਵਿੱਚ ਹੁਣ ਪੰਜ ਵਿਧਾਇਕ ਅਜੀਤ ਪਵਾਰ ਨਾਲ ਬਚ ਗਏ। ਜੇ ਅਸੀਂ ਇਨ੍ਹਾਂ ਪੰਜਾਂ ਨੂੰ 119 ਨਾਲ ਜੋੜਦੇ ਹਾਂ, ਤਾਂ ਇਹ ਗਿਣਤੀ 124 ਹੈ ਅਤੇ ਬਹੁਗਿਣਤੀ ਅੰਕੜਾ 145 ਹੈ।
ਅਜਿਹੀ ਹਾਲਤ ਵਿੱਚ ਭਾਜਪਾ ਨੂੰ 20 ਵਿਧਾਇਕਾਂ ਦੀ ਲੋੜ ਹੈ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੋਂ ਲਿਆਵੇਗੀ।
ਮਹਾਰਾਸ਼ਟਰ ਵਿਧਾਨ ਸਭਾ ਵਿੱਚ ਕੁੱਲ 288 ਸੀਟਾਂ ਹਨ। ਇਨ੍ਹਾਂ ਵਿੱਚ ਭਾਜਪਾ ਨੇ 105, ਕਾਂਗਰਸ ਨੇ 44, ਐੱਨਸੀਪੀ ਨੇ 54 ਤੇ ਸ਼ਿਵ ਸੇਨਾ ਨੇ 56 ਸੀਟਾਂ ਜਿੱਤੀਆਂ ਹਨ। ਬਹੁਮਤ ਲਈ 145 ਸੀਟਾਂ ਦਾ ਜੋੜ ਚਾਹੀਦਾ ਹੈ।
'ਬਜ਼ਾਰ 'ਚ ਕਈ ਵਿਧਾਇਕ ਮੌਜੂਦ'
ਐਤਵਾਰ ਸ਼ਾਮ ਨੂੰ ਭਾਜਪਾ ਦੇ ਸੀਨੀਅਰ ਆਗੂ ਨਾਰਾਇਣ ਰਾਣੇ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ 'ਬਾਜ਼ਾਰ ਵਿੱਚ ਬਹੁਤ ਸਾਰੇ ਵਿਧਾਇਕ ਬਚੇ ਹਨ'।
"ਮੈਂ ਉਨ੍ਹਾਂ ਸਾਰੇ ਵਿਧਾਇਕਾਂ ਨੂੰ ਪਛਾਣਦਾ ਹਾਂ। ਅਸੀਂ ਵੀ ਮਿਲ ਕੇ ਕੰਮ ਕੀਤਾ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਭਾਵੇਂ ਇਕ ਜਾਂ ਦੋ ਵਿਧਾਇਕ ਜਾਂਦੇ ਹਨ। ਬਾਜ਼ਾਰ ਵਿਚ ਬਹੁਤ ਸਾਰੇ ਵਿਧਾਇਕ ਹਨ। ਕੁਝ ਆ ਰਹੇ ਹਨ, ਕੁਝ ਆਉਣ ਦੇ ਮੂਡ ਵਿਚ ਹਨ। ਇਸ ਲਈ ਕੋਈ ਫ਼ਰਕ ਨਹੀਂ ਪੈਂਦਾ।"
ਨਾਰਾਇਣ ਰਾਣੇ ਨੇ ਕਿਹਾ, "ਮਹਾਰਾਸ਼ਟਰ ਵਿੱਚ ਭੂਚਾਲ ਆਇਆ ਹੈ, ਇਹ ਕਿਹਾ ਜਾ ਰਿਹਾ ਹੈ। ਪਰ ਇਹ ਭੂਚਾਲ ਨਹੀਂ ਹੈ। ਇਹ ਸਭ ਕੁਝ ਹੋਣਾ ਹੀ ਸੀ। ਮੈਂ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਕਿ ਮਹਾਰਾਸ਼ਟਰ ਵਿੱਚ ਭਾਜਪਾ ਦੀ ਸਰਕਾਰ ਬਣੇਗੀ।”
“ਅਜੇ ਇੱਕ ਹਫ਼ਤਾ ਵੀ ਨਹੀਂ ਹੋਇਆ ਸੀ ਕਿ ਦੇਵੇਂਦਰ ਫੜਨਵੀਸ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਭਾਜਪਾ ਦੀ ਸਰਕਾਰ ਸੂਬੇ ਵਿੱਚ ਵਾਪਸ ਆ ਗਈ ਹੈ। ਅਜੀਤ ਪਵਾਰ ਨੇ ਸਰਕਾਰ ਦਾ ਸਮਰਥਨ ਕੀਤਾ ਹੈ।"
ਰਾਣੇ ਨੇ ਅੱਗੇ ਕਿਹਾ, “ਇਹ ਜਾਣਕਾਰੀ ਦੇਣਾ ਠੀਕ ਨਹੀਂ ਹੋਵੇਗਾ ਕਿ ਅਜੀਤ ਪਵਾਰ ਕਦੋਂ ਤੋਂ ਭਾਜਪਾ ਦੇ ਸੰਪਰਕ ਵਿਚ ਸਨ, ਪਰ ਅੱਜ ਵੀ ਸ਼ਿਵ ਸੈਨਾ ਅਤੇ ਕਾਂਗਰਸ ਦੇ ਲੋਕ ਸਾਡੇ ਨਾਲ ਸੰਪਰਕ ਵਿੱਚ ਹਨ।”
“ਇਸ ਦਾ ਇਹ ਮਤਲਬ ਨਹੀਂ ਹੈ ਕਿ ਸਿਰਫ਼ ਅਜੀਤ ਪਵਾਰ ਹੀ ਸਾਡੇ ਸੰਪਰਕ ਵਿਚ ਸਨ। ਕਈ ਹੋਰ ਸਾਰੀਆਂ ਪਾਰਟੀਆਂ ਦੇ ਆਗੂ ਸਾਡੇ ਨਾਲ ਸੰਪਰਕ ਵਿੱਚ ਹਨ। ਉਨ੍ਹਾਂ ਨੂੰ ਬੰਦ ਰੱਖਿਆ ਜਾਂਦਾ ਹੈ ਜਾਂ ਹੋਟਲਾਂ ਵਿਚ ਰੱਖਿਆ ਜਾਂਦਾ ਹੈ, ਪਰ ਕਿਵੇਂ ਉਹ ਉਨ੍ਹਾਂ ਨੂੰ ਬੰਦ ਰੱਖਣਗੇ, ਕੁਝ ਲੋਕ ਸ਼ਿਵ ਸੈਨਾ ਜਾਂ ਕਾਂਗਰਸ ਵਿਚ ਰਹਿਣਗੇ ਹੀ ਨਹੀਂ।”
ਇਸ ਦਾ ਮਤਲਬ ਹੈ ਕਿ ਭਾਜਪਾ ਸੋਚ ਰਹੀ ਹੈ ਕਿ ਬਹੁਮਤ ਲਈ ਉਹ ਐੱਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਤੋਂ ਇਲਾਵਾ ਹੋਰ ਕਿੱਥੋਂ ਵਿਧਾਇਕ ਆਪਣੇ ਵੱਲ ਲਿਆ ਸਕਦੀ ਹੈ।
ਅਜਿਹਾ ਲਗਦਾ ਹੈ ਕਿ ਜਿਵੇਂ ਕਰਨਾਟਕ ਵਿਚ ਕਈਂ ਪੜਾਵਾਂ ਵਿਚ 'ਆਪ੍ਰੇਸ਼ਨ ਕਮਲ' ਹੋਇਆ ਸੀ, ਉਸੇ ਤਰ੍ਹਾਂ ਮਹਾਰਾਸ਼ਟਰ ਵਿਚ ਵੀ 'ਆਪ੍ਰੇਸ਼ਨ ਕਮਲ' ਅਜੇ ਬਾਕੀ ਹੈ।
ਇਹ ਵੀ ਪੜ੍ਹੋ:
ਭਾਜਪਾ ਦੇ ਮਹਾਰਥੀ ਕੀ ਕਰ ਰਹੇ ਹੋਣਗੇ?
ਦੇਵੇਂਦਰ ਫਡਨਵੀਸ ਅੱਗੇ ਕਿਹੜੀ ਰਣਨੀਤੀ ਅਪਣਾਉਣਗੇ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ, ਕਿਉਂਕਿ ਉਨ੍ਹਾਂ ਨੇ ਸਹੁੰ ਤਾਂ ਚੁੱਕ ਲਈ ਪਰ ਉਨ੍ਹਾਂ ਕੋਲ ਬਹੁਮਤ ਲਈ ਲੋੜੀਂਦੇ ਵਿਧਾਇਕ ਨਹੀਂ ਹਨ।
ਫਿਲਹਾਲ, ਕੋਈ ਨਹੀਂ ਜਾਣਦਾ ਕਿ ਫਡਨਵੀਸ 145 ਵਿਧਾਇਕ ਕਿੱਥੋਂ ਲਿਆਉਣਗੇ। ਅਜੇ ਤੱਕ ਰਾਜਪਾਲ ਵਲੋਂ ਦਿੱਤੀ ਮੋਹਲਤ ਮੁਤਾਬਕ ਫਡਨਵੀਸ ਨੂੰ 30 ਨਵੰਬਰ ਨੂੰ ਵਿਧਾਨ ਸਭਾ ਵਿਚ ਆਪਣਾ ਬਹੁਮਤ ਸਾਬਤ ਕਰਨਾ ਪੈਣਾ ਹੈ।
ਸੁਪਰੀਮ ਕੋਰਟ ਵਿਚ ਕੀ ਹੋਵੇਗਾ?
ਸ਼ਨੀਵਾਰ ਦੀ ਸਵੇਰੇ ਤੜਕੇ ਦੇਵੇਂਦਰ ਫਡਨਵੀਸ ਅਤੇ ਅਜੀਤ ਪਵਾਰ ਦੇ ਸਹੁੰ ਚੁੱਕਣ ਤੋਂ ਬਾਅਦ ਕਾਂਗਰਸ, ਸ਼ਿਵ ਸੈਨਾ ਅਤੇ ਐੱਨਸੀਪੀ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ।
ਤਿੰਨਾਂ ਧਿਰਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਜੋ ਵੀ ਹੋਇਆ ਹੈ, ਉਹ ਗੈਰ-ਸੰਵਿਧਾਨਕ ਹੈ। ਕਾਂਗਰਸ ਨੇ ਵਿਸ਼ੇਸ਼ ਤੌਰ 'ਤੇ ਇਸ ਨੂੰ ਚੁਣੌਤੀ ਦਿੱਤੀ ਹੈ।
ਜੇ ਅਸੀਂ ਪਿਛਲੇ ਸਮੇਂ ਦੌਰਾਨ ਵੱਖ ਵੱਖ ਸੂਬਿਆਂ ਵਿਚ ਵਾਪਰੀਆਂ ਅਜਿਹੀਆਂ ਹਾਲਤਾਂ ਵੱਲ ਝਾਤ ਮਾਰੀਏ ਤਾਂ ਵਿਧਾਨ ਸਭਾ ਵਿਚ ਬਹੁਮਤ ਸਾਬਿਤ ਕਰਨਾ ਹੀ ਸਭ ਤੋਂ ਵੱਧ ਮਹੱਤਵਪੂਰਨ ਸਾਬਿਤ ਹੋਇਆ ਹੈ।
ਇਮਾਨਦਾਰੀ ਨਾਲ ਦੱਸਣ ਲਈ ਨੇਤਾਵਾਂ ਅਤੇ ਪੱਤਰਕਾਰਾਂ ਨੂੰ ਪਤਾ ਹੀ ਨਹੀਂ ਕਿ ਕੀ ਹੋ ਰਿਹਾ ਹੈ। ਸਾਰੇ ਸੂਤਰ ਫੇਲ੍ਹ ਹੋਏ ਹਨ।
ਇਸ ਰਾਜਨੀਤੀ ਵਿਚ ਅਜੀਤ ਪਵਾਰ ਕਿੱਥੇ ਖੜੇ ਹਨ?
ਕਿਸੇ ਸਮੇਂ ਅਜੀਤ ਪਵਾਰ ਐੱਨਸੀਪੀ ਦੇ ਬਹੁਤ ਵੱਡੇ ਨੇਤਾ ਸਨ। ਪਿਛਲੇ 10 ਸਾਲਾਂ ਵਿੱਚ ਉਨ੍ਹਾਂ ਕਈ ਮਾਮਲਿਆਂ ਵਿੱਚ ਕਈ ਵਾਰ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਹੌਲੀ-ਹੌਲੀ ਪਾਰਟੀ ਵਿਚ ਉਨ੍ਹਾਂ ਦਾ ਕੱਦ ਛੋਟਾ ਹੁੰਦਾ ਗਿਆ ਅਤੇ ਸ਼ਰਦ ਪਵਾਰ ਨੇ ਜਾਣ ਬੁੱਝ ਕੇ ਅਜਿਹਾ ਕੀਤਾ। ਚਾਚੇ-ਭਤੀਜੇ (ਸ਼ਰਦ ਪਵਾਰ ਅਤੇ ਅਜੀਤ ਪਵਾਰ) ਦੀ ਆਪਸ ਵਿਚ ਘੱਟ ਹੀ ਬਣਦੀ ਹੈ, ਪਰ ਕੋਈ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰਦਾ।
ਹੁਣ ਅਜੀਤ ਪਵਾਰ ਨੇ ਸਹੁੰ ਚੁੱਕ ਲਈ ਹੈ ਪਰ ਉਨ੍ਹਾਂ ਕੋਲ ਸਿਰਫ ਪੰਜ ਵਿਧਾਇਕ ਬਚੇ ਹਨ। ਅਜਿਹੇ ਹਾਲਾਤ ਵਿੱਚ ਉਹ ਐੱਨਸੀਪੀ ਤੋਂ ਅਲੱਗ ਹੋਏ ਵਿਧਾਇਕਾਂ ਨੂੰ ਆਪਣੇ ਨਾਲ ਲਿਜਾ ਸਕਣਗੇ, ਇਹ ਮੁਸ਼ਕਲ ਲੱਗ ਰਿਹਾ ਹੈ।
ਇਹ ਵੀ ਪੜ੍ਹੋ:
ਅਮਿਤ ਸ਼ਾਹ ਬਨਾਮ ਸ਼ਰਦ ਪਵਾਰ
ਦੇਵੇਂਦਰ ਫਡਨਵੀਸ ਦੀ ਸਹੁੰ ਚੁੱਕਣ ਦੇ ਬਾਵਜੂਦ ਜੇ ਅੱਜ ਮਹਾਰਾਸ਼ਟਰ ਵਿੱਚ ਕਿਸੇ ਕੋਲ ਤਾਕਤ ਹੈ ਤਾਂ ਉਹ ਸ਼ਰਦ ਪਵਾਰ ਕੋਲ ਹੈ।
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਕਿਹੜੀਆਂ ਗੋਟੀਆਂ ਫਿਟ ਕਰਦੇ ਨੇ ਇਹ ਵੀ ਰੋਚਕਤਾ ਦਾ ਮੁੱਦਾ ਹੈ।
ਇਹ ਵੱਖੋ-ਵੱਖਰੀਆਂ ਧਿਰਾਂ ਨਾਲ ਸੰਬੰਧਾਂ ਦੇ ਮਾਮਲੇ ਵਿਚ ਹੋਵੇ ਜਾਂ ਵਿਧਾਇਕਾਂ ਗਿਣਤੀ ਦੀ ਗਿਣਤੀ ਦੇ ਹਿਸਾਬ ਨਾਲ, ਅਗਲੇ ਕੁਝ ਦਿਨਾਂ ਵਿਚ ਕੀ ਹੋਵੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕਿਸ ਪਾਰਟੀ ਦੇ ਕਿੰਨੇ ਵਿਧਾਇਕ ਕਿਸ ਦੇ ਸੰਪਰਕ ਵਿੱਚ ਹਨ।
ਇਸ ਸਭ ਦੌਰਾਨ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਅਜੀਤ ਪਵਾਰ ਅਤੇ ਪ੍ਰਫੁੱਲ ਪਟੇਲ ਸਣੇ ਕਈ ਅਹਿਮ ਆਗੂਆਂ ਖ਼ਿਲਾਫ਼ ਜਾਂਚ ਕਰ ਰਹੀ ਹੈ।
(ਬੀਬੀਸੀ ਮਰਾਠੀ ਦੇ ਸੰਪਾਦਕ ਅਸ਼ੀਸ਼ ਦੀਕਸ਼ਤ ਨਾਲ ਬੀਬੀਸੀ ਪੱਤਰਕਾਰ ਪੰਕਜ ਪ੍ਰਿਆਦਰਸ਼ੀ ਦੀ ਗੱਲ ਉੱਤੇ ਅਧਾਰਿਤ)
ਇਹ ਵੀਡੀਓਜ਼ ਵੀ ਦੇਖੋ