Sangrur: ਦਲਿਤ ਦੇ ਕਤਲ ਦਾ ਮਾਮਲਾ, 'ਪਹਿਲਾਂ ਮੇਰੀ ਬਾਂਹ ਤੋੜੀ, ਹੁਣ ਮੇਰਾ ਭਰਾ ਚੁੱਕ ਕੇ ਮਾਰ ਦਿੱਤਾ' — ਗਰਾਉਂਡ ਰਿਪੋਰਟ

ਤਸਵੀਰ ਸਰੋਤ, Sukhcharan Preet/BBC
- ਲੇਖਕ, ਸੁਖਚਰਨ ਪ੍ਰੀਤ
- ਰੋਲ, ਬੀਬੀਸੀ ਪੰਜਾਬੀ ਲਈ
ਸੰਗਰੂਰ ਦੇ ਲਹਿਰਗਾਗਾ ਦਾ ਪਿੰਡ ਚੰਗਾਲੀਵਾਲਾ, ਪਿਛਲੇ ਕੁਝ ਦਿਨਾਂ ਤੋਂ ਅਜੀਬੋ-ਗਰੀਬ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ।
ਪਿੰਡ ਦੇ ਬਾਹਰ ਸੜਕ ਉੱਤੇ ਰੋਸ ਮੁਜ਼ਾਹਰਾ ਚੱਲ ਰਿਹਾ ਹੈ, ਪਿੰਡ ਦੀਆਂ ਗਲ਼ੀਆਂ ਵਿਚ ਸਹਿਮ ਤੇ ਸੋਗ ਮਹਿਸੂਸ ਕੀਤਾ ਜਾ ਸਕਦਾ ਹੈ।
ਜਦੋਂ ਅਸੀਂ ਪਿੰਡ ਵਿੱਚ ਦਾਖਲ਼ ਹੋਏ ਤਾਂ ਚਾਰੇ ਪਸਰੀ ਚੁੱਪ ਹੋਈ ਤੇ ਡਰ ਮਹਿਸੂਸ ਕੀਤਾ ਜਾ ਸਕਦਾ ਸੀ। ਪਿੰਡ ਦੀ ਫਿਰਨੀ ਉੱਤੇ ਇੱਕ ਬੰਦਾ ਟਰੈਕਟਰ ਲਈ ਖੜ੍ਹਾ ਸੀ।
ਇਸ ਬੰਦੇ ਨੂੰ ਸਾਡੇ ਵਲੋਂ ਪਿੰਡ ਦਾ ਮਾਹੌਲ ਪੁੱਛਣ ਉੱਤੇ ਉਹ ਸੰਖੇਪ ਜਵਾਬ ਦਿੰਦਾ ਹੈ, “ਜੋ ਹੈ ਤੁਹਾਡੇ ਸਾਹਮਣੇ ਹੀ ਹੈ।”
ਅਸਲ ਵਿਚ 7 ਨਵੰਬਰ ਨੂੰ ਪਿੰਡ ਦੇ ਦਲਿਤਾਂ ਦੇ ਮੁੰਡੇ ਜਗਮੇਲ ਨੂੰ ਪਿੰਡ ਦੇ ਹੀ ਕੁਝ ਕਥਿਤ ਉੱਚ ਜਾਤੀ ਵਾਲਿਆਂ ਨੇ ਥਮਲੇ ਨਾਲ ਬੰਨ੍ਹ ਕੇ ਕੁੱਟਿਆ ਸੀ।
ਨਾ ਸਿਰਫ਼ ਕੁੱਟਿਆ, ਪਰਿਵਾਰ ਮੁਤਾਬਕ ਅੰਨ੍ਹਾਂ ਤਸ਼ੱਦਦ ਕੀਤਾ ਗਿਆ, ਜਗਮੇਲ ਦਾ ਪਹਿਲਾ ਪਟਿਆਲਾ ਵਿਚ ਇਲਾਜ ਹੋਇਆ ਅਤੇ ਬਾਅਦ ਵਿਚ 16 ਨਵੰਬਰ ਨੂੰ ਪੀਜੀਆਈ ਵਿਚ ਮੌਤ ਹੋ ਗਈ।
ਭਾਵੇਂ ਕਿ ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਇਹ ਜਾਤ ਨਾਲੋਂ ਵੱਧ ਨਿੱਜੀ ਲੈਣ ਦੇਣ ਦਾ ਮਸਲਾ ਸੀ। ਮੁਲਜ਼ਮ ਮ੍ਰਿਤਕ ਉੱਤੇ ਘਰ ਆਕੇ ਗਾਲ੍ਹਾਂ ਕੱਢਣ ਦਾ ਉਲਟਾ ਇਲਜ਼ਾਮ ਲਾਉਂਦੇ ਹਨ, ਪਰ ਜਿਸ ਵਹਿਸ਼ੀਆਨਾ ਤਰੀਕੇ ਨਾਲ ਗੁਰਮੇਲ ਨੂੰ ਥੰਮ ਨਾਲ ਬੰਨ੍ਹ ਕੇ ਕੁੱਟਿਆ ਗਿਆ ਅਤੇ ਪਾਣੀ ਮੰਗਣ ਉੱਤੇ ਮੂਤ ਪਿਲਾਇਆ ਗਿਆ ਉਹ ਸਧਾਰਨ ਲੜਾਈ ਨਹੀਂ ਜਾਪਦੀ ਸਗੋਂ ਇੱਕ ਖਾਸ ਤਰ੍ਹਾਂ ਦੀ ਨਫ਼ਰਤ ਦਾ ਮੁਜ਼ਾਹਰਾ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਕਤ ਵਿਅਕਤੀ ਆਪਣਾ ਨਾਂ ਦੱਸੇ ਬਗੈਰ ਗੱਲ ਕਰਨ ਲਈ ਤਿਆਰ ਹੋਇਆ, "ਉਹ ਸਾਡੇ ਭਾਈਚਾਰੇ ਵਿੱਚੋਂ ਹੀ ਸੀ।ਸਿੱਧਾ ਜਿਹਾ ਬੰਦਾ ਸੀ।ਕਈ ਵਾਰ ਸਾਡੇ ਨਾਲ ਵੀ ਲੜ ਪੈਂਦਾ ਸੀ।ਕਦੇ ਕਿਸੇ ਤੋਂ ਵੀ ਰੋਟੀ ਜਾਂ ਪੈਸੇ ਮੰਗ ਲੈਂਦਾ ਸੀ।ਉਹਦੇ ਮਨ 'ਚ ਕੁੱਝ ਨਹੀਂ ਸੀ। ਜੇ ਉਹਦੇ ਮਨ ਵਿੱਚ ਹੁੰਦਾ ਤਾਂ ਉਨ੍ਹਾਂ ਨਾਲ ਨਾ ਜਾਂਦਾ। ਗ਼ਰੀਬੀ ਕਰਕੇ ਟੈਨਸ਼ਨ ਵਿੱਚ ਵੀ ਰਹਿੰਦਾ ਸੀ।"
ਸਬੱਬ ਨਾਲ ਰਸਤੇ ਵਿੱਚ ਮਿਲੇ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤੇ ਮੁਲਜ਼ਮਾਂ ਦਾ ਘਰ ਪੁੱਛਿਆ ਤਾਂ ਇਹ ਨੌਜਵਾਨ ਜੱਕੋ-ਤੱਕੀ ਵਿੱਚ ਉਨ੍ਹਾਂ ਦੇ ਘਰ ਦਿਖਾਉਣ ਲਈ ਰਾਜ਼ੀ ਹੋ ਗਏ।
ਰਸਤੇ ਵਿੱਚ ਤੁਰੇ ਜਾਂਦਿਆਂ ਇੱਕ ਨੌਜਵਾਨ ਗੱਲ ਛੋਂਹਦਾ ਹੈ, "ਵੈਸੇ ਤਾਂ ਸਾਡੇ ਪਿੰਡ ਵਿੱਚ ਸਰਦਾਰਾਂ ਦੇ ਘਰ ਥੋੜ੍ਹੇ ਹੀ ਹਨ ਪਰ ਇਹ ਚਾਰੇ ਸਰਦਾਰਾਂ ਵਿੱਚੋਂ ਹਨ।"
ਇਹ ਵੀ ਪੜ੍ਹੋ:
"ਬਾਕੀ ਅਬਾਦੀ ਦਲਿਤਾਂ ਦੀ ਹੈ?"
"ਨਹੀਂ ਜੱਟਾਂ ਦੇ ਘਰ ਵੀ ਬਹੁਤ ਹਨ।"
"ਸਰਦਾਰ ਜੱਟ ਨਹੀਂ ਹਨ?"
"ਹਾਂ ਜੀ, ਹਨ ਤਾਂ ਜੱਟ ਹੀ ਪਰ ਇਨ੍ਹਾਂ ਕੋਲ ਜ਼ਮੀਨਾਂ ਜ਼ਿਆਦਾ ਹਨ। ਇਨ੍ਹਾਂ ਨੂੰ ਪਿੰਡ ਵਿੱਚ ਸਰਦਾਰ ਹੀ ਕਹਿੰਦੇ ਹਨ।"
ਨੌਜਵਾਨ ਘਰਾਂ ਵੱਲ ਇਸ਼ਾਰਾ ਅੱਗੇ ਨਿਕਲ ਜਾਂਦੇ ਹਨ।
ਚਾਰੋ ਮੁਲਜ਼ਮਾਂ ਦੇ ਘਰ ਨੇੜੇ-ਨੇੜੇ ਹੀ ਹਨ। ਦੋ ਘਰਾਂ ਨੂੰ ਜਿੰਦੇ ਲੱਗੇ ਹੋਏ ਹਨ।ਇੱਕ ਘਰ ਖੁੱਲ੍ਹਾ ਸੀ। ਸਾਡੇ ਦਰਵਾਜ਼ਾ ਖੜਕਾਉਣ ਉੱਤੇ ਇੱਕ ਕੁੜੀ ਗੇਟ ਖੋਲ੍ਹਦੀ ਹੈ। ਉਸ ਦੀ ਨਿਗ੍ਹਾ ਹੱਥ ਵਿੱਚ ਫੜੇ ਕੈਮਰੇ ਉੱਤੇ ਪੈਂਦੀ ਹੈ। ਪਿੱਛੇ ਇੱਕ ਦੋ ਔਰਤਾਂ ਦੇ ਬੈਠੇ ਹੋਣ ਦੀ ਝਲਕ ਜਿਹੀ ਪੈਂਦੀ ਹੈ।
"ਭਾਈ ਘਰ ਹੈ ਕੋਈ,ਅਸੀਂ ਕੇਸ ਬਾਰੇ ਕੁੱਝ ਗੱਲ ਕਰਨੀ ਸੀ।"
"ਨਹੀਂ ਬਾਈ ਜੀ, ਘਰੇ ਕੋਈ ਨਹੀਂ ਹੈ।", ਦਰਵਾਜ਼ਾ ਇੱਕ ਦਮ ਬੰਦ ਹੋ ਜਾਂਦਾ ਹੈ।
ਜਗਮੇਲ ਸਿੰਘ ਦੀ ਹੋਣੀ
ਸਾਡੀ ਕੋਈ ਗੱਲਬਾਤ ਨਹੀਂ ਹੋ ਸਕੀ ਅਤੇ ਵਾਪਸ ਮੁੜ ਪਏ, ਘਰ ਦੱਸ ਕੇ ਵਾਪਸ ਮੁੜੇ ਜਾਂਦੇ ਨੌਜਵਾਨਾਂ ਨਾਲ ਅਸੀਂ ਦੁਬਾਰਾ ਜਾ ਰਲਦੇ ਹਾਂ।
ਜਗਮੇਲ ਸਿੰਘ ਦਾ ਘਰ ਦਿਖਾਉਣ ਲਈ ਕਹਿੰਦੇ ਹਾਂ। ਜਗਮੇਲ ਦਾ ਘਰ ਵੀ ਥੋੜ੍ਹੀ ਦੂਰ ਹੀ ਹੈ। ਇੱਕ ਕਮਰੇ ਵਾਲੇ ਖ਼ਸਤਾ ਹਾਲ ਘਰ ਦਾ ਬਾਹਰਲਾ ਗੇਟ ਖੁੱਲ੍ਹਾ ਹੈ।
ਅੰਦਰ ਕਮਰੇ ਨੂੰ ਜਿੰਦਰਾ ਲੱਗਾ ਹੋਇਆ ਸੀ। ਘਰ ਵਿੱਚ ਕੋਈ ਨਹੀਂ ਸੀ।

ਤਸਵੀਰ ਸਰੋਤ, Sukhcharan Preet/BBC
ਲਗਪਗ 10x20 ਫੁੱਟ ਦੇ ਇਸ ਘਰ ਵਿੱਚ ਜਗਮੇਲ ਸਿੰਘ ਆਪਣੇ ਤਿੰਨ ਧੀਆਂ ਪੁੱਤ ਅਤੇ ਪਤਨੀ ਨਾਲ ਰਹਿੰਦਾ ਸੀ।
ਬੀਤੇ ਦਿਨ 16 ਨਵੰਬਰ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਜਗਮੇਲ ਸਿੰਘ ਦਮ ਤੋੜ ਗਿਆ ਸੀ।
ਜਗਮੇਲ ਸਿੰਘ ਦੀ ਪਿੰਡ ਦੇ ਹੀ ਚਾਰ ਕਥਿਤ ਉੱਚ ਜਾਤੀ ਵਿਅਕਤੀਆਂ ਨੇ ਬੁਰੀ ਤਰਾਂ ਕੁੱਟਮਾਰ ਕੀਤੀ ਸੀ।
ਜਗਮੇਲ ਸਿੰਘ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੰਗਾਲੀਵਾਲਾ ਦਾ ਰਹਿਣ ਵਾਲਾ ਸੀ। ਸੁਨਾਮ ਤੋਂ ਲਹਿਰਾ ਜਾਂਦਿਆਂ ਚੰਗਾਲੀਵਾਲਾ ਆਖ਼ਰੀ ਪਿੰਡ ਹੈ।
ਪਿੰਡ ਦੇ ਬਾਹਰ ਮੇਨ ਸੜਕ ਉੱਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਘਰ ਤੋਂ ਇੱਕ ਕਿੱਲੋਮੀਟਰ ਦੂਰ ਲੋਕਾਂ ਵੱਲੋਂ ਸੜਕ ਜਾਮ ਕੀਤੀ ਹੋਈ ਹੈ।
ਸੀਨੀਅਰ ਆਗੂ ਦੇ ਇਸ ਪਿੰਡ ਵਿਚ ਰਜਿੰਦਰ ਕੌਰ ਭੱਠਲ ਦੇ ਪਰਿਵਾਰਕ ਮੈਂਬਰਾਂ ਚੋਂ ਕੋਈ ਨਹੀਂ ਸੀ ਦਿਖ ਰਿਹਾ। ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂ ਵੀ ਇਸ ਧਰਨੇ ਵਿੱਚ ਸ਼ਾਮਲ ਹੋਣ ਪਹੁੰਚੇ ਹੋਏ ਸਨ।
ਅਜਿਹੇ ਹੀ ਇੱਕ ਹਮਲੇ ਵਿੱਚ 2006 ਦੌਰਾਨ ਦੋ ਬਾਂਹਾਂ ਅਤੇ ਇੱਕ ਲੱਤ ਗਵਾਉਣ ਵਾਲਾ ਬੰਤ ਸਿੰਘ ਝੱਬਰ ਵੀ ਧਰਨੇ ਵਿੱਚ ਸ਼ਾਮਲ ਸੀ। ਵ੍ਹੀਲ ਚੇਅਰ ਉੱਤੇ ਬੈਠਾ ਬੰਤ ਸਿੰਘ ਇਨਕਲਾਬੀ ਗੀਤਾਂ ਨਾਲ ਲੋਕਾਂ ਨੂੰ ਪ੍ਰੇਰ ਰਿਹਾ ਸੀ ਅਤੇ ਜਾਤ ਦੇ ਨਾਂ ਉੱਤੇ ਹੋਣ ਵਾਲੀ ਹਿੰਸਾਂ ਖ਼ਿਲਾਫ਼ ਇਕਜੁਟ ਹੋਣ ਦਾ ਸੱਦਾ ਦੇ ਰਿਹਾ ਸੀ।
ਧਰਨਾਕਾਰੀ ਮਰਨ ਵਾਲੇ ਜਗਮੇਲ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਮੁਆਵਜ਼ਾ ਅਤੇ ਉਹਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕਰ ਰਹੇ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਪੋਸਟ ਮਾਰਟਮ ਨਾ ਕਰਵਾਉਣ ਲਈ ਅੜੇ ਹੋਏ ਹਨ।
ਪੀੜ੍ਹਤ ਪਰਿਵਾਰ ਦੇ ਇਲਜ਼ਾਮ
ਜਗਮੇਲ ਸਿੰਘ ਦੀ ਮਾਤਾ ਵੀ ਧਰਨੇ ਵਿੱਚ ਬੈਠੀ ਹੈ। ਉਹਦਾ ਰੋਣਾ ਥੰਮ੍ਹ ਨਹੀਂ ਰਿਹਾ। ਜਗਮੇਲ ਸਿੰਘ ਦੇ ਵੱਡਾ ਭਰਾ ਗੁਰਤੇਜ ਸਿੰਘ ਦਾ ਕਹਿਣਾ ਹੈ, "ਇਸ ਪਰਿਵਾਰ ਦੇ ਬੰਦਿਆਂ ਨੇ ਕਾਫ਼ੀ ਸਮਾਂ ਪਹਿਲਾਂ ਮੇਰੀ ਵੀ ਬਾਂਹ ਤੋੜ ਦਿੱਤੀ ਸੀ। ਕੁਝ ਦਿਨ ਪਹਿਲਾਂ ਮੇਰੇ ਭਰਾ ਨੇ ਇਨ੍ਹਾਂ ਨੂੰ ਗਾਲਾਂ ਵਗ਼ੈਰਾ ਕੱਢ ਦਿੱਤੀਆਂ।"

ਤਸਵੀਰ ਸਰੋਤ, Sukhcharan Preet/BBC
"ਇਨ੍ਹਾਂ ਨੇ ਉਹਦੀ ਕੁੱਟਮਾਰ ਕਰ ਦਿੱਤੀ। ਮੇਰੇ ਭਰਾ ਨੇ ਥਾਣੇ ਸ਼ਿਕਾਇਤ ਦੇ ਦਿੱਤੀ। ਇਨ੍ਹਾਂ ਦਾ ਸਮਝੌਤਾ ਹੋ ਗਿਆ। ਉਸ ਤੋਂ ਅਗਲੇ ਦਿਨ ਇਨ੍ਹਾਂ ਫਿਰ ਇਸ ਕੰਮ ਨੂੰ ਅੰਜਾਮ ਦੇ ਦਿੱਤਾ।"
"ਇਨ੍ਹਾਂ ਘਰੇ ਲਿਜਾ ਕੇ ਬੰਨ੍ਹ ਕੇ ਕੁੱਟਿਆ। ਜਿੰਨੀ ਦੇਰ ਤੱਕ 50 ਲੱਖ ਰੁਪਏ ਮੁਆਵਜ਼ਾ ਅਤੇ ਮੇਰੀ ਭਰਜਾਈ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਅਸੀਂ ਮੇਰੇ ਭਰਾ ਦਾ ਸਸਕਾਰ ਨਹੀਂ ਕਰਾਂਗੇ।"
'ਜਾਤੀਵਾਦੀ ਹਿੰਸਾ ਦਾ ਹੈ ਮਾਮਲਾ'
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਮੁਤਾਬਕ ਇਹ ਜਾਤੀਵਾਦੀ ਹਿੰਸਾ ਦਾ ਮਾਮਲਾ ਹੈ, "ਜਗਮੇਲ ਸਿੰਘ ਨੂੰ ਜ਼ਬਰੀ ਚੁੱਕ ਕੇ ਉਸ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਉਹਨੂੰ ਜਬਰੀ ਪਿਸ਼ਾਬ ਪਿਆਇਆ ਗਿਆ।ਇਹ ਕੋਈ ਇਕੱਲਾ-ਕਹਿਰਾ ਮਾਮਲਾ ਨਹੀਂ ਹੈ।"

ਤਸਵੀਰ ਸਰੋਤ, Sukhcharan Preet/BBC
ਉਹ ਅੱਗੇ ਕਹਿੰਦੇ ਹਨ, "ਮੁਕਤਸਰ ਦੇ ਜਵਾਹਰ ਆਲਾ ਅਤੇ ਮਾਨਸਾ ਦੇ ਪਿੰਡ ਝੱਬਰ ਵਰਗੇ ਅਨੇਕਾਂ ਕਾਂਡ ਇਸ ਤਰਾਂ ਦੇ ਲਗਾਤਾਰ ਪੰਜਾਬ ਵਿੱਚ ਵਾਪਰ ਰਹੇ ਹਨ।ਇਹ ਜਾਤੀਵਾਦੀ ਸੋਚ ਦਾ ਨਤੀਜਾ ਹੈ। ਦੂਸਰਾ ਵੱਡਾ ਕਾਰਨ ਹੈ ਕਿ ਪਿੰਡਾਂ ਦੇ ਖੇਤ ਮਜ਼ਦੂਰ ਬੇਜ਼ਮੀਨੇ ਹੋਣ ਕਰਕੇ ਜ਼ਮੀਨਾਂ ਵਾਲਿਆਂ ਉੱਤੇ ਨਿਰਭਰ ਹਨ।ਜਿਸ ਕਰਕੇ ਕੁਝ ਧਨਾਢ ਜ਼ਿਮੀਂਦਾਰਾਂ ਵੱਲੋਂ ਇਨ੍ਹਾਂ ਮਜਬੂਰ ਲੋਕਾਂ ਨਾਲ ਮਨ ਆਈਆਂ ਕੀਤੀਆਂ ਜਾਂਦੀਆਂ ਹਨ।"
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਸੰਗਰੂਰ ਦੇ ਜ਼ਿਲ੍ਹਾ ਆਗੂ ਬਿੱਕਰ ਸਿੰਘ ਮੁਤਾਬਕ, "ਜਗਮੇਲ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ। ਉਹ ਦੋ ਦਿਨ ਸਰਕਾਰੀ ਹਸਪਤਾਲ ਸੰਗਰੂਰ ਜਾਂਦਾ ਰਿਹਾ। ਉਹ ਬੁਰੀ ਤਰਾਂ ਜਖਮੀਂ ਸੀ ਪਰ ਕਿਸੇ ਨੇ ਉਹਨੂੰ ਦਾਖਲ ਨਹੀਂ ਕੀਤਾ।ਪ੍ਰਸ਼ਾਸਨ ਨੇ ਵੀ ਉਹਦੀ ਸਾਰ ਨਹੀਂ ਲਈ।ਜਦੋਂ ਉਹਦੀ ਹਾਲਤ ਗੰਭੀਰ ਹੋ ਗਈ ਤਾਂ ਮਾਮੂਲੀ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ।

ਤਸਵੀਰ ਸਰੋਤ, Sukhcharan Preet/BBC
ਜਦੋਂ ਮਾਮਲਾ ਜਥੇਬੰਦੀਆਂ ਦੇ ਧਿਆਨ ਵਿੱਚ ਆਇਆ ਤਾਂ ਪ੍ਰਸ਼ਾਸਨ ਹਰਕਤ ਵਿੱਚ ਆਇਆ। ਉਹਨੂੰ ਪਹਿਲਾਂ ਪਟਿਆਲੇ ਫਿਰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ।ਉਦੋਂ ਤੱਕ ਉਹਦੀ ਹਾਲਤ ਗੰਭੀਰ ਹੋ ਚੁੱਕੀ ਸੀ ਜਿਸ ਕਰਕੇ ਉਹ ਬਚ ਨਹੀਂ ਸਕਿਆ।"
'ਦਲਿਤ ਅਤੇ ਉੱਚ ਜਾਤੀ ਵਾਲੀ ਕੋਈ ਗੱਲ ਨਹੀਂ'
ਪਿੰਡ ਦੇ ਉੱਚ ਜਾਤੀ ਨਾਲ ਸਬੰਧਿਤ ਵਿਅਕਤੀ ਵੀ ਧਰਨੇ ਵਿੱਚ ਸਮਰਥਨ ਦੇਣ ਆਏ ਹੋਏ ਸਨ।ਜਨਰਲ ਵਰਗ ਨਾਲ ਸਬੰਧਿਤ ਹਰਪ੍ਰੀਤ ਸਿੰਘ ਨੇ ਬੀਬੀਸੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਗ਼ਰੀਬ ਬੰਦੇ ਨਾਲ ਬਹੁਤ ਧੱਕਾ ਹੋਇਆ ਹੈ।ਉਹਦੀ ਬੁਰੀ ਤਰਾਂ ਕੁੱਟਮਾਰ ਹੋਈ ਹੈ ਪਰ ਜੇ ਉਸਨੂੰ ਸਮੇਂ ਸਿਰ ਡਾਕਟਰੀ ਇਲਾਜ ਸਹੀ ਤਰੀਕੇ ਨਾਲ ਮਿਲ ਜਾਂਦਾ ਤਾਂ ਉਹਦੀ ਜਾਨ ਬਚ ਸਕਦੀ ਸੀ।
ਅਸੀਂ ਧਰਨੇ ਵਿੱਚ ਸ਼ਾਮਲ ਹੋਣ ਆਏ ਹਾਂ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਦਲਿਤ ਨਾਲ ਧੱਕਾ ਹੋਇਆ ਹੈ।ਸਾਡੇ ਪਿੰਡ ਵਿੱਚ ਦਲਿਤ ਅਤੇ ਉੱਚ ਜਾਤੀ ਵਾਲੀ ਕੋਈ ਗੱਲ ਨਹੀਂ ਹੈ।ਅਸੀਂ ਪਰਿਵਾਰ ਦੇ ਨਾਲ ਹਾਂ। ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ।"

ਤਸਵੀਰ ਸਰੋਤ, Sukhcharan Preet/BBC
ਇੱਕ ਹੋਰ ਪਿੰਡ ਵਾਸੀ ਪਾਲਾ ਸਿੰਘ ਮੁਤਾਬਿਕ, "ਇਸ ਵਿੱਚ ਦਲਿਤ ਵਾਲਾ ਕੋਈ ਮਸਲਾ ਨਹੀਂ ਹੈ। ਸਾਡੇ ਪਿੰਡ ਵਿੱਚ ਅਜਿਹਾ ਮਾਹੌਲ ਕਦੇ ਨਹੀਂ ਰਿਹਾ। ਪਿੰਡ ਦੇ ਜੱਟ,ਬ੍ਰਾਹਮਣ,ਸਰਦਾਰ ਸਾਰੇ ਜਨਰਲ ਵਰਗ ਨਾਲ ਸਬੰਧਿਤ ਲੋਕ ਇਸ ਪਰਿਵਾਰ ਦੇ ਨਾਲ ਹਨ। ਇਹ ਹਮਲਾ ਇਕੱਲੇ ਜਗਮੇਲ ਸਿੰਘ ਉੱਤੇ ਨਹੀਂ ਹੋਇਆ ਸਗੋਂ ਪੂਰੇ ਪਿੰਡ ਉੱਤੇ ਹੋਇਆ ਹੈ। ਪਰਿਵਾਰ ਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਹੈ,ਸਰਕਾਰੀ ਨੌਕਰੀ ਵੀ ਮਿਲਣੀ ਚਾਹੀਦੀ ਹੈ। ਅਸੀਂ ਵੀ ਪਿੰਡ ਵੱਲੋਂ ਜਿੰਨਾ ਹੋ ਸਕਿਆ ਇਸ ਪਰਿਵਾਰ ਦੀ ਮਦਦ ਕਰਾਂਗੇ।"
ਮੁਲਜ਼ਮਾਂ ਦਾ ਪੱਖ਼
ਜਗਮੇਲ ਸਿੰਘ ਦੀ ਕੁੱਟਮਾਰ ਦੀ ਘਟਨਾ 7 ਨਵੰਬਰ ਨੂੰ ਪਿੰਡ ਚੰਗਾਲੀਵਾਲਾ ਵਿੱਚ ਵਾਪਰੀ ਸੀ।ਇਸ ਮਾਮਲੇ ਵਿੱਚ 13 ਨਵੰਬਰ ਨੂੰ ਥਾਣਾ ਲਹਿਰਾ ਵਿੱਚ ਐੱਸਸੀ ਐੱਸਟੀ ਐਕਟ, ਅਗਵਾ ਅਤੇ ਕੁੱਟਮਾਰ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਚਾਰ ਲੋਕਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।
16 ਨਵੰਬਰ ਨੂੰ ਜਗਮੇਲ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਥਾਣਾ ਲਹਿਰਾ ਵੱਲੋਂ ਇਸ ਕੇਸ ਵਿੱਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ ਸੀ।ਪੁਲਿਸ ਵੱਲੋਂ ਚਾਰੇ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ।

ਤਸਵੀਰ ਸਰੋਤ, Sukhcharan Preet/BBC
ਸੰਗਰੂਰ ਦੇ ਐਸਪੀ ਡੀ ਗੁਰਮੀਤ ਸਿੰਘ ਮੁਤਾਬਕ ਮਾਮਲੇ ਦੇ ਚਾਰੇ ਮੁਲਜ਼ਮ ਗ੍ਰਿਫਤਾਰ ਕਰਕੇ ਉਨ੍ਹਾਂ ਦਾ ਸੋਮਵਾਰ ਤੱਕ ਪੁਲਿਸ ਰਿਮਾਂਡ ਲਿਆ ਗਿਆ ਹੈ। ਕੁੱਟਮਾਰ ਲਈ ਵਰਤਿਆ ਰੱਸਾ, ਸੋਟਾ ਆਦਿ ਬਰਾਮਦ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:
ਪੁਲਿਸ ਹਿਰਾਸਤ ਵਿਚ ਲਏ ਗਏ ਮੁਲਜ਼ਮਾਂ ਤੋਂ ਪੇਸ਼ੀ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਪੱਸ਼ਟ ਤੌਰ ਉੱਤੇ ਕੁਝ ਨਹੀਂ ਕਿਹਾ। ਜਗਮੇਲ ਸਿੰਘ ਨਾਲ ਕੁੱਟਮਾਰ ਕਿਉਂ ਕੀਤੀ ਦੇ ਜਵਾਬ ਵਿਚ ਇੱਕ ਮੁਲਜ਼ਮ ਅਮਰਜੀਤ ਸਿੰਘ ਨੇ ਕਿਹਾ ਕਿ ਉਹ ਗਾਲ਼ਾ ਕੱਢਦਾ ਸੀ ਤੇ ਪ੍ਰੇਸ਼ਾਨ ਕਰਦਾ ਸੀ।
ਜਦੋਂ ਅਮਰਜੀਤ ਸਿੰਘ ਨੂੰ ਇਸ ਇਲਜ਼ਾਮ ਬਾਰੇ ਪੁੱਛਿਆ ਕਿ ਉਨ੍ਹਾਂ ਜਗਮੇਲ ਨੂੰ ਥਮਲੇ ਨਾਲ ਬੰਨ੍ਹ ਕੇ ਕੁੱਟਿਆ ਸੀ ਤਾਂ ਉਸ ਨੇ ਸਿਰਫ਼ ਨਾਂਹ ਵਿਚ ਸਿਰ ਹਿਲਾਇਆ। ਇਸ ਤੋਂ ਇਲਾਵਾ ਹੋਰ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਸਰਕਾਰ ਨੇ ਮੰਨੀਆਂ ਸ਼ਰਤਾਂ
ਸੋਮਵਾਰ ਸ਼ਾਮ ਨੂੰ ਸਰਕਾਰ ਨੇ ਐਲਾਨ ਕੀਤਾ ਕਿ ਜਗਮੇਲ ਦੇ ਪਰਿਵਾਰ ਨੂੰ 20 ਲੱਖ ਰੁਪਏ ਦਿੱਤੇ ਜਾਣਗੇ।
ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।
ਘਰ ਦਿ ਮੁਰੱਮਤ ਲਈ 1.25 ਲੱਖ ਰੁਪਏ ਵੀ ਦਿੱਤੇ ਜਾਣਗੇ।
ਚੰਡੀਗੜ੍ਹ ਪੀਜੀਆਈ 'ਚ ਵੀ ਧਰਨਾ
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਜਗਮੇਲ ਦੀਆਂ ਦੋ ਭੈਣਾਂ ਅਤੇ ਪਤਨੀ ਕੁਝ ਪਿੰਡ ਵਾਲਿਆਂ ਤੇ ਹਮਦਰਦੀ ਰੱਖਣ ਵਾਲਿਆਂ ਨਾਲ ਪੀਜੀਆਈ ਧਰਨਾ ਦਿੱਤਾ ਸੀ।
ਉਨ੍ਹਾਂ ਨੇ ਮੰਗਾਂ ਪੂਰੀਆਂ ਹੋਣ ਤੱਕ ਤੇ ਸਰਕਾਰ ਦੇ ਲਿਖਤੀ ਭਰੋਸੇ ਤੱਕ ਪੋਸਟ ਮਾਰਟਮ ਕਰਵਾਉਣ ਤੋਂ ਇਨਕਾਰ ਕੀਤਾ ਸੂ। ਉਨ੍ਹਾਂ ਦੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਪੀਐੱਸਯੂ, ਐੱਸਐੱਫ਼ਐੱਸ ਤੇ ਪੰਜਾਬ ਖੇਤ ਮਜ਼ਦੂਰ ਸੰਗਠਨ ਵਰਗੇ ਕਈ ਜਨਤਕ ਸੰਗਠਨਾਂ ਦੇ ਕਾਰਕੁਨ ਵੀ ਬੈਠੇ ਸਨ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਚੰਗਾਲੀ ਪਿੰਡ ਤੇ ਪੀਜੀਆਈ ਪਹੁੰਚ ਕੇ ਪਰਿਵਾਰ ਦਾ ਸਾਥ ਦਿੱਤਾ।
ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੀਜੀਆਈ ਪਹੁੰਚ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਮੁਤਾਬਕ ਸਵਾ ਅੱਠ ਲੱਖ ਰੁਪਏ ਮੁਆਵਜ਼ਾ ਦੇ ਸਕਦੇ ਹਨ। ਇਸ ਤੋਂ ਇਲਾਵਾ ਇੱਕ ਪਰਿਵਾਰਕ ਮੈਂਬਰ ਨੂੰ ਪੈਨਸ਼ਨ ਦੇ ਸਕਦੇ ਹਨ।
ਮੰਤਰੀ ਦਾ ਕਹਿਣਾ ਸੀ ਕਿ ਚਾਰੇ ਮੁਲਜ਼ਮ ਫੜੇ ਗਏ ਹਨ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਦੇਰ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਕਤਲ ਮਾਮਲੇ ਦੀ ਨਿਆਂ ਲ਼ਈ ਤੇਜੀ ਨਾਲ ਜਾਂਚ ਅਤੇ ਮਾਮਲੇ ਦੀ ਸੁਣਵਾਈ ਯਕੀਨੀ ਬਣਾਉਣ ਲਈ ਮੁੱਖ ਸਕੱਤਰ ਤੇ ਡੀਜੀਪੀ ਨੂੰ ਜਰੂਰੀ ਕਦਮ ਚੁੱਕਣ ਲਈ ਕਿਹਾ । ਇਸ ਹੁਕਮ ਬਾਰੇ ਸਰਕਾਰੀ ਬਿਆਨ ਵਿਚ ਕਿਹਾ ਗਿਆ।
ਦੇਸ ਤੋਂ ਬਾਹਰ ਹੋਣ ਕਾਰਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਕਰਨ ਅਵਤਾਰ ਅਤੇ ਡੀਜੀਪੀ ਦਿਨਕਰ ਗੁਪਤਾ ਨੂੰ ਹਰ ਅਪਡੇਟ ਦੇਣ ਲਈ ਕਿਹਾ ਅਤੇ ਤਿੰਨ ਮਹੀਨੇ ਵਿਚ ਇਸ ਘਿਨਾਉਣੇ ਕੇਸ ਦੇ ਮੁਲਜ਼ਮਾਂ ਨੂੰ ਕਾਰਵਾਈ ਨੂੰ ਯਕੀਨੀ ਬਣਾਉਣ।
ਇਹ ਵੀਡੀਓ ਜ਼ਰੂਰ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4












