ਗਾਂਧੀ ਦੇ 150 ਸਾਲ: ਇੱਕ ਬੰਦਾ ਵੀ ਵਿਰੋਧ ਕਰੇ ਤਾਂ ਬੰਦੇ ਮਾਤਰਮ ਨਾ ਗਾਣਾ ਤੇ ਨਾ ਝੰਡਾ ਵਰਤਣਾ - ਪ੍ਰੀਤਲੜੀ ਵਾਲਾ ਗਾਂਧੀ

ਤਸਵੀਰ ਸਰੋਤ, DINODIA PHOTOS/GETTY IMAGES
- ਲੇਖਕ, ਦਲਜੀਤ ਅਮੀ
- ਰੋਲ, ਪੱਤਰਕਾਰ, ਬੀਬੀਸੀ ਪੰਜਾਬੀ
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੂੰ ਵੀਹਵੀਂ ਸਦੀ ਦੇ ਅਹਿਮ ਸੁਫ਼ਨਸਾਜ਼ਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। ਇਸ ਸੁਫ਼ਨਸਾਜ਼ੀ ਦੀ ਤਰਜ਼ਮਾਨੀ ਉਨ੍ਹਾਂ ਦਾ ਰਸਾਲਾ ਪ੍ਰੀਤਲੜੀ ਕਰਦਾ ਸੀ ਜੋ ਉਨ੍ਹਾਂ ਨੇ 1933 ਵਿੱਚ ਸ਼ੁਰੂ ਕੀਤਾ। ਇਸ ਰਸਾਲੇ ਵਿੱਚ ਕਵਿਤਾਵਾਂ, ਕਹਾਣੀਆਂ, ਸਾਹਿਤ ਦੀ ਪੜਚੋਲ ਦੇ ਨਾਲ-ਨਾਲ ਸਮਕਾਲੀ ਹਾਲਾਤ ਦਾ ਤਬਸਰਾ ਛਾਪਿਆ ਜਾਂਦਾ ਸੀ।
ਇਸ ਲੇਖ ਰਾਹੀਂ ਇਹ ਵੇਖਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਕਿ 1930ਵਿਆਂ ਦੇ ਦਹਾਕੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਪ੍ਰੀਤਲੜੀ ਵਿੱਚ ਕਿਵੇਂ ਦਰਜ ਹੋਏ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਉਨ੍ਹਾਂ ਨਾਲ ਆਪਣੀਆਂ ਲਿਖਤਾਂ ਰਾਹੀਂ ਕਿਸ ਤਰ੍ਹਾਂ ਦਾ ਸੰਵਾਦ ਰਚਾਇਆ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਜਨਮ ਕਾਂਗਰਸ ਦੀ ਸਥਾਪਨਾ ਤੋਂ ਦਸ ਸਾਲ ਬਾਅਦ 1895 ਵਿੱਚ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਕਾਂਗਰਸ ਅਤੇ ਮੋਹਨਦਾਸ ਕਰਮਚੰਦ ਗਾਂਧੀ 1930ਵਿਆਂ ਦੇ ਦਹਾਕੇ ਦੌਰਾਨ ਆਪਣੇ-ਆਪਣੇ ਪੂਰੇ ਜਲੌਅ ਵਿੱਚ ਸਨ।
ਕਾਂਗਰਸ ਦੀ ਸ਼ਾਹ-ਖ਼ਰਚੀ ਅਤੇ ਗ਼ਰੀਬ ਮੁਲਕ
ਨਵੰਬਰ 1934 ਦੇ ਅੰਕ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਇੱਕ ਲੇਖ ਬੰਬਈ (ਹੁਣ ਮੁੰਬਈ) ਇੰਡੀਅਨ ਨੈਸ਼ਨਲ ਕਾਂਗਰਸ ਦੇ ਅਠਤਾਲੀਵੇਂ ਇਜਲਾਸ ਵਿੱਚ ਹੋਈ ਸ਼ਾਹ-ਖ਼ਰਚੀ ਬਾਬਤ ਲਿਖਿਆ, "ਜਿਸ ਦੇਸ਼ ਦੇ ਕਰੋੜਾਂ ਆਦਮੀਆਂ ਨੂੰ ਇੱਕ ਵੇਲੇ ਤੋਂ ਵਧੀਕ ਭੋਜਨ ਨਹੀਂ ਮਿਲਦਾ, ਉਹਦੀ ਕਾਂਗਰਸ ਲੱਖਾਂ ਰੁਪਏ ਰੁਪਏ ਖੀਰਾਂ-ਖੰਡਾਂ ਉੱਤੇ ਨਸ਼ਟ ਨਾ ਕਰੇ। ਗਾਂਧੀ ਜੀ ਇਸ ਸਾਰੀ ਮਸ਼ੀਨਰੀ ਨੂੰ ਇੰਨਾ ਸਾਦਾ ਅਤੇ ਹਲਕਾ ਬਣਾਉਣਾ ਚਾਹੁੰਦੇ ਹਨ ਕਿ ਇਹ ਸਮਾਗਮ ਪਿੰਡਾਂ ਵਿੱਚ ਹੀ ਇਕੱਤਰ ਕੀਤੇ ਜਾ ਸਕਣ।"
ਇਹ ਵੀ ਪੜ੍ਹੋ-
ਇਸ ਤੋਂ ਬਾਅਦ ਕਾਂਗਰਸ ਦੇ ਇਜਲਾਸ ਲਈ ਡੈਲੀਗੇਟਾਂ ਦੀ ਗਿਣਤੀ ਤੈਅ ਕਰਨ, ਪਿੰਡਾਂ ਵਿੱਚ ਤਿੰਨ ਚੌਥਾਈ ਡੈਲੀਗੇਟ ਲੈਣ ਅਤੇ ਪ੍ਰਧਾਨ ਦੀ ਚੋਣ ਡੈਲੀਗੇਟਾਂ ਰਾਹੀਂ ਕੀਤੀ ਜਾਣ ਦੀ ਜਮਹੂਰੀਅਤ ਦੇ ਤਕਾਜ਼ੇ ਵਜੋਂ ਸਿਫ਼ਤ ਕੀਤੀ ਗਈ ਹੈ।
ਇਸ ਤੋਂ ਬਾਅਦ ਗਾਂਧੀ ਬਾਬਤ ਅਹਿਮ ਟਿੱਪਣੀ ਹੈ, "ਭਾਵੇਂ ਖ਼ਿਆਲ ਕੀਤਾ ਜਾਂਦਾ ਸੀ ਕਿ ਮਹਾਤਮਾ ਜੀ ਦੇ ਬਲ ਦਾ ਸੂਰਜ ਅਸਤ ਹੋ ਰਿਹਾ ਹੈ, ਤੇ ਕਾਂਗਰਸ ਵਿੱਚ ਉਨ੍ਹਾਂ ਦੀ ਵਿਰੋਧਤਾ ਵਧਦੀ ਜਾ ਰਹੀ ਹੈ ਪਰ ਇਸ ਸਮਾਗਮ ਨੇ ਸਪਸ਼ਟ ਕਰ ਦਿੱਤਾ ਹੈ ਕਿ ਮਹਾਤਮਾ ਜੀ ਅਜੇ ਵੀ ਕੌਮ ਦਾ ਦਿਲ ਮੁੱਠੀ ਵਿੱਚ ਰੱਖਦੇ ਹਨ।"

ਤਸਵੀਰ ਸਰੋਤ, PAnjab Digital library
ਉਨ੍ਹਾਂ ਅੱਗੇ ਲਿਖਿਆ ਹੈ, "ਚਰਖੇ ਅਤੇ ਖਾਦੀ ਵਰਗੀਆਂ ਰੋਸ-ਉਪਜਾਊ ਸ਼ਰਤਾਂ ਵੀ ਮਨਜ਼ੂਰ ਕਰ ਲਈਆਂ ਹਨ। ਗੱਲ ਕੀ, ਅਜੇ ਵੀ ਕਾਂਗਰਸ ਤੇ ਗਾਂਧੀ ਇੱਕੋ ਹੀ ਹਸਤੀ ਸਮਝੇ ਗਏ ਹਨ। ਭਾਵੇਂ ਉਨ੍ਹਾਂ ਕਾਂਗਰਸ ਨਾਲੋਂ ਅਲਹਿਦਗੀ ਦਾ ਫ਼ੈਸਲਾ ਵਾਪਸ ਨਹੀਂ ਲਿਆ ਹੈ ਪਰ ਉਨ੍ਹਾਂ ਦੇ ਸ਼ਰਧਾਲੂਆਂ ਨੂੰ ਭਰੋਸਾ ਹੈ ਕਿ ਉਹ ਕਾਂਗਰਸ ਦੇ ਅਨਿੱਖੜਵੇਂ ਅੰਗ ਹਨ। ਭਾਵੇਂ ਕਾਂਗਰਸ ਦੇ ਅੰਦਰ ਤੇ ਭਾਵੇਂ ਬਾਹਰ, ਉਹ ਕਾਂਗਰਸ ਤੇ ਕਾਂਗਰਸ ਉਹ ਹਨ।"
ਗਾਂਧੀ ਦੇ ਉਸ ਦੌਰ ਵਿੱਚ ਕਾਂਗਰਸ ਨਾਲ ਚੱਲ ਰਹੇ ਖੱਟੇ-ਮਿੱਠੇ ਰਿਸ਼ਤੇ ਦਾ ਅੰਦਾਜ਼ਾ ਕਾਂਗਰਸ ਦੇ ਤਤਕਾਲੀ ਪ੍ਰਧਾਨ ਬਾਬੂ ਰਾਜਿੰਦਰਾ ਪ੍ਰਸ਼ਾਦ ਦੀ ਤਕਰੀਰ ਤੋਂ ਵੀ ਹੁੰਦਾ ਹੈ ਜਿਸ ਦਾ ਹਵਾਲਾ ਇਸ ਲੇਖ ਵਿੱਚ ਵੀ ਆਉਂਦਾ ਹੈ।
ਮੁਸਲਮਾਨ ਤੇ ਕਾਂਗਰਸ
ਜੂਨ 1937 ਦੀ ਸੰਪਾਦਕੀ ਵਿੱਚ ਪ੍ਰੀਤਲੜੀ ਨੇ ਲਿਖਿਆ ਹੈ, "ਹਿੰਦੂ ਤੇ ਮੁਸਲਮਾਨਾਂ ਵਿੱਚ ਪ੍ਰਸਪਰ ਵਿਸ਼ਵਾਸ ਨਹੀਂ। ਕਾਂਗਰਸ ਅਜੇ ਤੱਕ ਬਹੁਤੀ ਹਿੰਦੂ ਕਾਂਗਰਸ ਹੀ ਆਖੀ ਜਾਂਦੀ ਹੈ। ਕਈ ਆਦਮੀ ਇਸ ਦਾ ਕਾਰਨ ਮੁਸਲਮਾਨਾਂ ਵਿੱਚ ਦੇਸ਼-ਪਿਆਰ ਦੀ ਘਾਟ ਦਸਦੇ ਹਨ।
ਪਰ ਅਸੀਂ ਉਨ੍ਹਾਂ ਆਦਮੀਆਂ ਵਿੱਚੋਂ ਹਾਂ ਜਿਹੜੇ ਦੇਸ਼ ਆਪਣੇ ਬੂਹੇ ਉੱਤੇ ਹੀ ਵੇਖਦੇ ਹਨ। ਸਾਡਾ ਯਕੀਨ ਹੈ ਕਿ ਜੇ ਮੁਸਲਮਨਾਂ ਦਾ ਵਿਸ਼ਵਾਸ ਹਿੰਦੂ ਨਹੀਂ ਜਿੱਤ ਸਕੇ ਤਾਂ ਕਸੂਰ ਹਿੰਦੂਆਂ ਦਾ ਹੈ, ਤੇ ਜੇ ਕਾਂਗਰਸ ਵਿੱਚ ਬਹੁਤੇ ਮੁਸਲਮਾਨ ਨਹੀਂ ਸ਼ਾਮਲ ਹੋਏ ਤਾਂ ਵੀ ਕਸੂਰ ਹਿੰਦੂਆਂ ਦਾ ਹੀ ਹੈ।"
ਇਸ ਸੰਪਾਦਕੀ ਦਾ ਨਿਚੋੜ ਉਨ੍ਹਾਂ ਇਸ ਤਰ੍ਹਾਂ ਕੱਢਿਆ ਹੈ, "ਅਸੀਂ ਹਿੰਦੂ-ਮੁਸਲਿਮ ਇਤਫ਼ਾਕ ਨੂੰ ਸਵਰਾਜ ਦੀ ਪਹਿਲੀ ਸ਼ਰਤ ਸਮਝਦੇ ਹਾਂ, ਏਸ ਲਈ ਬੜੇ ਖ਼ੁਸ਼ ਹਾਂ, ਤੇ ਹਰੇਕ ਦੇਸ਼-ਪਿਆਰੇ ਹਿੰਦੂ ਨੂੰ ਪ੍ਰੇਰਨਾ ਚਾਂਹਦੇ ਹਾਂ, ਕਿ ਉਹ ਹਰ ਤਰ੍ਹਾਂ ਦੀ ਰਵਾਦਾਰੀ ਨਾਲ ਮੁਸਲਿਮ ਭਰੋਸੇ ਨੂੰ ਜਿੱਤਣ ਦਾ ਯਤਨ ਕਰੇ। ਹਿੰਦੂ-ਮੁਸਲਿਮ ਇਤਫ਼ਾਕ ਕਿਸੇ ਕੀਮਤੋਂ ਭੀ ਮਹਿੰਗਾ ਨਹੀਂ।"
ਆਜ਼ਾਦੀ ਦੀ ਤਾਂਘ
ਜਦੋਂ 1937 ਵਿੱਚ ਚੋਣਾਂ ਜਿੱਤ ਕੇ ਕਈ ਸੂਬਿਆਂ ਵਿੱਚ ਸਰਕਾਰ ਬਣਾਈ ਤਾਂ ਅਗਸਤ ਵਿੱਚ ਪ੍ਰੀਤਲੜੀ ਦੀ ਸੰਪਾਦਕੀ ਵਿੱਚ ਛਪਿਆ, "ਜੁਗੜੇ ਹੋ ਗਏ ਹਨ ਕਿ ਅਸੀਂ ਹਿੰਦੁਤਾਨੀ ਆਪਣੇ ਰਾਜ ਦੀ ਯਾਦ ਹੀ ਭੁੱਲ ਗਏ ਹਾਂ। ਜਦੋਂ ਦੂਜੇ ਮੁਲਕਾਂ ਵਿੱਚ ਸ਼ਹਿਰੀਅਤ ਦੇ ਹਕੂਕ ਦੀ ਮੁਤਬਰਕਤਾ ਬਾਬਤ ਪੜ੍ਹਦੇ ਹਾਂ ਤਾਂ ਸੁਫ਼ਨਾ ਜਿਹਾ ਜਾਪਦਾ ਹੈ। … ਕਾਂਗਰਸ ਨੇ ਹਕੂਮਤ ਮਨਜ਼ੂਰ ਕਰ ਲਈ ਹੈ। ਸਾਡੀ ਸ਼ੁਰੂ ਤੋਂ ਹੀ ਇਹੋ ਰੀਝ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਮਹਾਤਮਾ ਜੀ ਨੇ ਜਿਨ੍ਹਾਂ ਹਾਲਾਤ ਨੂੰ ਪੈਦਾ ਕਰਕੇ ਅਹੁਦੇ ਕਬੂਲ ਕੀਤੇ ਹਨ, ਓਨ੍ਹਾਂ ਨੇ ਕਾਂਗਰਸ ਦਾ ਵਕਾਰ ਵਧਾਇਆ ਹੈ; ਤੇ ਮਹਾਤਮਾ ਜੀ ਨੂੰ ਅਜੇ ਭੀ ਹਿੰਦੁਸਤਾਨ ਦਾ ਸਭ ਤੋਂ ਤਕੜਾ ਆਦਮੀ ਸਾਬਤ ਕੀਤਾ ਹੈ।"
ਇਸ ਤੋਂ ਬਾਅਦ ਸੰਪਾਦਕੀ ਕੁਝ ਨਜ਼ਾਰੇ ਬਿਆਨ ਕਰਦਾ ਹੈ, "ਕਾਂਗਰਸੀ ਸੂਬਿਆਂ ਵਿੱਚ ਲੋਕ ਰਾਜ ਦੇ ਦ੍ਰਿਸ਼ਯ ਦਿਖਾਈ ਦੇ ਰਹੇ ਹਨ। ਕੌਮੀ ਝੰਡੇ ਦਾ ਸਤਿਕਾਰ ਹੋ ਰਿਹਾ ਹੈ, ਬੰਦੇ ਮਾਤ੍ਰਮ ਕੌਂਸਲ ਦੇ ਹਾਲਾਂ ਵਿੱਚ ਖੜ੍ਹੋ ਕੇ ਗਾਂਵਿਆ ਜਾ ਰਿਹਾ ਹੈ, ਕਈ ਅੰਗਰੇਜ਼ ਅਫ਼ਸਰਾਂ ਨੇ ਵੀ ਖੜ੍ਹੋ ਕੇ ਆਪਣੇ ਸਾਥੀਆਂ ਦਾ ਆਦਰ ਕੀਤਾ ਹੈ। ਅਸੈਂਬਲੀ ਦੇ ਇਜਲਾਸਾਂ ਵਿੱਚ ਮਹਾਤਮਾ ਗਾਂਧੀ ਦੀ ਜੈ ਦੇ ਨਾਅਰੇ ਲਾਏ ਗਏ ਹਨ।"
ਕਾਂਗਰਸ ਦਾ ਪਿੰਡਾਂ ਵੱਲ ਝੁਕਾਅ
ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਮਾਰਚ 1938 ਦੇ ਅੰਕ ਵਿੱਚ ਹਰੀਪੁਰ ਕਾਂਗਰਸ ਬਾਬਤ ਟਿੱਪਣੀ ਕਰਦਿਆਂ ਗਾਂਧੀ ਬਾਬਤ ਲਿਖਿਆ ਹੈ, "ਗਾਂਧੀ ਜੀ ਦਾ ਹਰੇਕ ਨਿਰਨਾ ਦੇਸ਼ ਲਈ ਨਵੀਂਆਂ ਬਰਕਤਾਂ ਲਿਆਉਂਦਾ ਹੈ। ਗਾਂਧੀ ਜੀ ਨੇ ਪਿੰਡਾਂ ਵਿੱਚ ਕਾਂਗਰਸ ਲਿਜਾਕੇ ਮੁਲਕ ਦੀ ਸੁੱਤੀ ਆਤਮਾ ਜਗਾ ਦਿੱਤੀ ਹੈ।"
ਮੁਸਲਿਮ ਲੀਗ ਅਤੇ ਕਾਂਗਰਸ
ਅਪਰੈਲ 1938 ਦਾ ਪ੍ਰੀਤਲੜੀ ਦਾ ਸੰਪਾਦਕੀ ਮੁਸਲਿਮ ਲੀਗ ਅਤੇ ਕਾਂਗਰਸ ਦੇ ਰਿਸ਼ਤਿਆਂ ਬਾਬਤ ਹੈ। "ਮੁਸਲਿਮ ਲੀਗ ਦਾ ਇਜਲਾਸ ਕਲਕੱਤੇ ਵਿੱਚ ਹੋਣ ਵਾਲਾ। ਮਿਸਟਰ ਜਿਨਾਹ ਪ੍ਰਧਾਨ ਹਨ। ਐਸ ਵੇਲੇ ਗਾਂਧੀ ਜੀ ਭੀ ਉੱਥੇ ਹਨ, ਤੇ ਸੁਦੇ ਹਾਂ ਜਵਾਹਰ ਲਾਲ ਜੀ ਭੀ ਉੱਥੇ ਜਾਣਗੇ। ਮਿਸਟਰ ਜਿਨਾਹ ਅਤੇ ਕਾਂਗਰਸ ਵਿਚਕਾਰ ਕੁਝ ਚਿਰ ਤੋਂ ਖ਼ਿਆਲਾਂ ਦਾ ਵਟਾਂਦਰਾ ਹੋ ਰਿਹਾ ਹੈ। ਸੁਣਿਆ ਜਾਂਦਾ ਹੈ ਕਿ ਰਿਸ਼ਤਾ ਚੰਗਾ ਹੁੰਦਾ ਜਾ ਰਿਹਾ ਹੈ।"
ਇਹ ਵੀ ਪੜ੍ਹੋ-
ਮੁਲਕ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੇ ਆਪਸੀ ਰਿਸ਼ਤਿਆਂ ਦੀ ਬਾਤ ਪਾਉਣ ਤੋਂ ਬਾਅਦ ਸੰਪਾਦਕੀ ਵਿੱਚ ਇਸ ਤੋਂ ਅੱਗੇ ਲਿਖਿਆ ਗਿਆ ਹੈ, "ਸਾਨੂੰ ਆਸ ਹੈ, ਗਾਂਧੀ ਜੀ ਤੇ ਜਵਾਹਰ ਲਾਲ ਜੀ ਵਰਗੇ ਸਿਆਣੇ ਦਿਮਾਗ਼ਾਂ ਤੇ ਦਰਦ-ਮੰਦ ਦਿਲਾਂ ਵਿੱਚੋਂ ਜ਼ਰੂਰ ਕੋਈ ਐਸੀ ਸਬੀਲ ਨਿਕਲੇਗੀ ਕਿ ਮੁਸਲਿਮ ਲੀਗ ਦਾ ਕਲਕੱਤੇ ਦਾ ਸਮਾਗਮ ਲਗ-ਭਗ ਅਖ਼ੀਰਲਾ ਹੋਵੇਗਾ। ਬੰਗਾਲ ਵਿੱਚ ਭੀ ਸਾਡੀ ਸਰਕਾਰ ਹੋ ਜਾਵੇ, ਜਿਨਾਹ ਦੀ ਸਾਰੀ ਘਾਲ ਸਫ਼ਲ ਹੋਵੇ ਤੇ ਉਹ ਆਪਣੇ ਸਾਥੀਆਂ ਸਣੇ ਕਾਂਗਰਸ ਵਿੱਚ ਸ਼ਾਮਿਲ ਹੋ ਕੇ ਅਗਲੇ ਵਰ੍ਹੇ ਕਾਂਗਰਸ ਦਾ ਪ੍ਰਧਾਨ ਹੋਵੇ।"
ਹਿੰਦੁਸਤਾਨ ਸਦਾ ਹਿੰਦੂਆਂ ਦਾ ਰਹੇਗਾ
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਇਹ ਆਸ ਜੂਨ 1938 ਦੀ ਸੰਪਾਦਕੀ ਵਿੱਚ ਤਿੜਕ ਜਾਂਦੀ ਹੈ ਕਿਉਂਕਿ ਨਵਾਂ ਸਿਆਸੀ ਖਿਡਾਰੀ ਮੂੰਹਜ਼ੋਰ ਹੋ ਕੇ ਸਿਆਸੀ ਮੰਚ ਉੱਤੇ ਦਸਤਕ ਦੇ ਦਿੰਦਾ ਹੈ। 'ਹਿੰਦੁਸਤਾਨ ਸਦਾ ਹਿੰਦੂਆਂ ਦਾ ਰਹੇਗਾ' ਦੇ ਸਿਰਲੇਖ ਹੇਠ ਉਨ੍ਹਾਂ ਨੇ ਲਿਖਿਆ ਹੈ, "ਡਾਕਟਰ ਸਾਵਰਕਰ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਹਨ। ਕਦੇ ਪਹਿਲੀ ਸ਼੍ਰੇਣੀ ਦੇ ਦੇਸ਼-ਭਗਤ ਸਨ। ਦੇਸ਼-ਭਗਤੀ ਪਿੱਛੇ ਉਮਰ ਜਿਹਲ ਵਿੱਚ ਗੁਜ਼ਾਰ ਕੇ ਆਏ ਹਨ। ਪਰ ਹੁਣ ਦੇਸ਼-ਭਗਤੀ ਦੀ ਥਾਂ ਹਿੰਦੂ-ਧਰਮ ਦੀ ਭਗਤੀ ਠਾਠਾਂ ਮਾਰ ਰਹੀ ਹੈ।"
"ਆਪ ਨੇ ਪਿਛਲੇ ਦਿਨੀਂ ਨਾਸਕ ਵਿੱਚ ਸਪੀਚ ਕਰਦਿਆਂ ਹੋਇਆ ਆਖਿਆ ਕਿ 'ਹਿੰਦੁਸਤਾਨ ਹਿੰਦੂਆਂ ਦਾ ਹੈ, ਤੇ ਸਦਾ ਹਿੰਦੂਆਂ ਦਾ ਰਹੇਗਾ। ਕਾਂਗਰਸ ਮੁਸਲਮਾਨਾਂ ਦੀ ਖ਼ੁਸ਼ਾਮਦ ਬਿਅਰਥ ਕਰ ਰਹੀ ਹੈ। ਕੀ ਮੁਸਲਮਾਨਾਂ ਨਾਲ ਓਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ ਜਾ ਸਕਦਾ, ਜਿਸ ਤਰ੍ਹਾਂ ਅੰਗਰੇਜ਼ਾਂ ਨਾਲ ਕੀਤਾ ਜਾ ਰਿਹਾ ਹੈ?"
ਇਸ ਤੋਂ ਬਾਅਦ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸੁਆਲ ਕਰਦੇ ਹਨ, "ਕੀ ਹਿੰਦੂ ਮਹਾਂ ਸਭਾ ਦੇ ਪ੍ਰਧਾਨ ਦਾ ਇਹ ਦਾਅਵਾ ਪੜ੍ਹ ਕੇ ਅਸੀਂ ਮਿਸਟਰ ਜਿਨਾਹ ਦੀ ਇਹਤਿਆਤ ਨੂੰ ਬੇ-ਲੋੜੀ ਆਖ ਸਕਦੇ ਹਾਂ? ਮੁਸਲਿਮ ਲੀਗ ਦਾ ਸਭ ਤੋਂ ਵੱਡਾ ਸ਼ੰਕਾ ਇਹੀ ਹੈ ਕਿ ਹਿੰਦੂ, ਮੁਸਲਮਾਨਾਂ ਨੂੰ ਇਸ ਮੁਲਕ ਦਾ ਭਾਗ ਨਹੀਂ ਸਮਝਦੇ।"
ਇਸ ਤੋਂ ਬਾਅਦ ਤਤਕਾਲੀ ਹਾਲਾਤ ਦੀ ਤਫ਼ਸੀਲ ਕਰਨ ਤੋਂ ਬਾਅਦ ਉਹ ਤਿੰਨ ਨੁਕਤੇ ਦਰਜ ਕਰਦੇ ਹਨ, "ਮੁਸਲਮਾਨ ਉੱਨੇ ਹੀ ਹਿੰਦੁਸਤਾਨੀ ਹਨ ਜਿੰਨੇ ਹਿੰਦੂ। ਹਿੰਦੂਆਂ ਦੇ ਵਤੀਰੇ ਨੇ ਮੁਸਲਮਾਨਾਂ ਨੂੰ ਨਖੇੜ ਕੇ ਆਪਣੀ ਤਾਕਤ ਕਮਜ਼ੋਰ ਕਰ ਲਈ ਹੈ।"
"ਹਿੰਦੂਆਂ ਦੀ ਸਿਆਸੀ ਮੁਕਤੀ ਹਿੰਦੂ ਸੰਗਠਨ ਵਿੱਚ ਨਹੀਂ, ਮੁਸਲਮਾਨਾਂ ਦੇ ਦਿਲਾਂ ਵਿੱਚੋਂ ਵਖਰੇਵਾਂ ਕੱਢ ਸਕਣ ਵਿੱਚ ਹੈ।"
"ਜੇ ਜਿਨਾਹ-ਬੋਸ ਗੱਲਬਾਤ ਸਮਝੌਤੇ ਤੱਕ ਨਾ ਪਹੁੰਚ ਸਕੀ, ਤਾਂ ਕਸੂਰ ਡਾਕਟਰ ਸਾਵਰਕਰ ਦੀ ਇਸ ਸਪੀਚ ਦਾ ਹੋਵੇਗਾ।"
ਕੌਮੀ ਝੰਡਾ ਤੇ ਬੰਦੇ ਮਾਤਰਮ
ਅਗਸਤ 1939 ਨੂੰ ਕੌਮੀ ਝੰਡਾ ਤੇ ਬੰਦੇ ਮਾਤਰਮ ਦੇ ਸਿਰਲੇਖ ਹੇਠ ਲਿਖਿਆ ਹੈ, "ਅਸੀਂ ਵੀ ਅਨੋਖੇ ਬੰਦੇ ਹਾਂ। ਜਿਹੜੀਆਂ ਚੀਜ਼ਾਂ ਹੋਰ ਕੌਮਾਂ ਆਪਣੇ ਆਪ ਨੂੰ ਇਕੱਠਿਆਂ ਕਰਨ ਲਈ ਵਰਤਦੀਆਂ ਹਨ, ਅਸੀਂ ਉਨ੍ਹਾਂ ਵਿੱਚੋਂ ਵੀ ਵੱਖ ਹੋਣ ਦੀਆਂ ਦਲੀਲਾਂ ਕੱਢ ਲੈਂਦੇ ਹਾਂ। ਝੰਡੇ ਤੇ ਕੌਮੀ ਗੀਤ ਦਾ ਲਾਭ ਹੀ ਕੀ ਜੇ ਇਸ ਵੀ ਨਿਫ਼ਾਕ (ਬੇਇਤਫ਼ਾਕੀ) ਪੈਦਾ ਕਰਨ ਦਾ ਇੱਕ ਹੋਰ ਕਾਰਨ ਬਣ ਜਾਣ।"
"ਗਾਂਧੀ ਜੀ ਨੇ ਹਰੀਜਨ ਵਿੱਚ ਸਲਾਹ ਦਿੱਤੀ ਹੈ ਕਿ ਜਿੱਥੇ ਇੱਕ ਆਦਮੀ ਵੀ ਝੰਡੇ ਜਾਂ ਬੰਦੇ ਮਾਤਰਮ ਦਾ ਵਿਰੋਧੀ ਹੋਵੇ. ਓਥੇ ਨਾ ਗੀਤ ਗਾਇਆ ਜਾਏ ਤੇ ਨਾ ਝੰਡਾ ਵਰਤਿਆ ਜਾਏ। … ਹਰਕੇ ਅਮਲ ਦਾ ਮਨੋਰਥ ਸਾਹਮਣੇ ਰਹਿਣਾ ਚਾਹੀਦਾ ਹੈ। ਇਤਫ਼ਾਕ ਲਈ ਕੀਤਾ ਅਮਲ ਜੇ ਇਤਫ਼ਾਕ ਪੈਦਾ ਨਹੀਂ ਕਰਦਾ ਤਾਂ ਭਾਵੇਂ ਉਹ ਕੇਡਾ ਵੀ ਸੁਚੱਜਾ ਤੇ ਸਿਆਣਾ ਸਮਝਿਆ ਜਾਂਦਾ ਹੋਵੇ। ਉਸ ਦਾ ਤਿਆਗ ਹੀ ਚੰਗਾ ਹੈ।"
ਤ੍ਰਿਪੁਰੀ ਨੈਸ਼ਨਲ ਕਾਂਗਰਸ
ਕਾਂਗਰਸ ਦੇ ਇਕਵੰਜਵੇਂ ਇਜਲਾਸ ਵੇਲੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸੁਰ ਤਨਕੀਦੀ ਹੋ ਜਾਂਦੀ ਹੈ। ਉਹ ਮਾਰਚ 1939 ਵਿੱਚ ਲਿਖਦੇ ਹਨ, "ਇਸ ਸੈਸ਼ਨ ਵਿੱਚ ਵਰਤਮਾਨ ਕਾਂਗਰਸ ਦੇ ਪੂਜਯ ਬਾਪੂ ਹਾਜ਼ਰ ਨਹੀਂ ਸਨ। ਪ੍ਰਧਾਨ ਸੁਭਾਸ਼ ਨੂੰ ਬਹੁਤ ਸਾਰੇ ਲੀਡਰਾਂ ਦੀ ਸ਼ੁਭ ਇੱਛੜਾ ਪ੍ਰਾਪਤ ਨਹੀਂ, ਪੰਡਿਤ ਜਵਾਹਰ ਲਾਲ ਪਹਿਲਾਂ ਵਰਗੀ ਸਰਬ-ਪਰਵਾਨ ਸ਼ਖ਼ਸੀਅਤ ਦੇ ਹੁਲਾਰੇ ਨਾਲ ਬੋਲ ਨਹੀਂ ਰਹੇ। ਪ੍ਰਧਾਨ ਦਾ ਪ੍ਰੋਸੈਸ਼ਨ ਭਾਵੇਂ ਬੜੀ ਸ਼ਾਨ ਨਾਲ ਨਿਕਲਿਆ ਹੈ, ਪਰ ਉਨ੍ਹਾਂ ਦੀ ਕੁਰਸੀ ਦਾ ਉਹ ਪਹਿਲਾ ਸਤਿਕਾਰ ਨਹੀਂ।"

ਤਸਵੀਰ ਸਰੋਤ, PANJAB DIGITAL LIBRARY/BBC
ਮਹਾਤਮਾ ਗਾਂਧੀ ਦੀ ਗ਼ੈਰ-ਹਾਜ਼ਰੀ ਦਾ ਜ਼ਿਕਰ ਦੁਬਾਰਾ ਇਸ ਤਰ੍ਹਾਂ ਹੁੰਦਾ ਹੈ, "ਕਾਂਗਰਸ ਦੇ ਸੈਸ਼ਨ ਤੇ ਸਬਜੈਕਟ ਕਮੇਟੀ ਦੀ ਇਕੱਤ੍ਰਤਾ ਵਿੱਚ ਪ੍ਰੋਗਰਾਮ ਉੱਤੇ ਏਨੀ ਵਿਚਾਰ ਨਹੀਂ ਕੀਤੀ ਜਾ ਰਹੀ, ਜਿੰਨੀ ਮਹਾਤਮਾ ਜੀ ਦੀ ਬੇਲੋੜੀ ਪ੍ਰਸ਼ੰਸ਼ਾ ਉੱਤੇ। ਬੇਲੋੜੀ ਇਸ ਲਈ ਕਿ ਕਿਸੇ ਨੂੰ ਭੀ ਇਸ ਪ੍ਰਸ਼ੰਸਾ ਤੋਂ ਸੰਕੋਚ ਨਹੀਂ, ਨਾ ਮਹਾਤਮਾ ਜੀ ਦੀ ਅਗਵਾਈ ਉੱਤੇ ਕੋਈ ਸ਼ੰਕਾ ਹੈ।
ਸੁਭਾਸ਼ ਬਾਬੂ ਆਪ ਕਿੰਨੀ ਵਾਰੀ ਮਹਾਤਮਾ ਜੀ ਨੂੰ ਆਪਣਾ ਲੀਡਰ ਮੰਨ ਚੁੱਕੇ ਹਨ, ਉਨ੍ਹਾਂ ਦੀ ਅਸੀਸ ਦੇ ਚਾਹਵਾਨ ਹਨ। ਏਸ ਅਵਸਥਾਂ ਵਿੱਚ ਬਾਰ-ਬਾਰ ਮਹਾਤਮਾ ਜੀ ਨੂੰ ਪੁਰਾਣਾ ਤਜਰਬੇ-ਕਾਰ ਮਲਾਹ ਤੇ ਉਨ੍ਹਾਂ ਦੀ ਬੇੜੀ ਨੂੰ ਪੱਕੀ ਆਖਣ ਦੇ ਨਾਲ ਸੁਭਾਸ਼ ਬਾਬੂ ਦੀ ਬੇੜੀ ਨੂੰ ਮੋਰੀਆਂ ਵਾਲੀ ਆਖਣਾ ਆਪਣੇ ਚੁਣੇ ਪ੍ਰਧਾਨ ਦਾ ਨਿਰਾਦਰ ਕਰਨਾ ਤੇ ਏਸ ਸੈਸ਼ਨ ਦੀ ਸਾਰਥਕਤਾ ਨੂੰ ਬਿਲਕੁਲ ਨਸ਼ਟ ਕਰਨਾ ਹੈ।"
ਉਹ ਅੱਗੇ ਲਿਖਦੇ ਹਨ, "ਮਹਾਤਮਾ ਜੀ ਨੇ ਭੀ ਸੁਭਾਸ਼ ਜੀ ਨਾਲ ਇਨਸਾਫ਼ ਨਹੀਂ ਕੀਤਾ, ਤੇ ਉਨ੍ਹਾਂ ਦੀ ਬੀਮਾਰੀ ਨੂੰ ਮੁੱਖ ਰੱਖ ਕੇ ਅਸੀਂ ਇਹ ਕਹਿਣ ਲਈ ਮਜਬੂਰ ਹਾਂ ਕਿ ਇੱਥੇ ਇਕਤ੍ਰ ਹੋਏ ਗਾਂਧੀ-ਭਗਤ ਲੀਡਰਾਂ ਨੇ ਸੁਭਾਸ਼ ਬਾਬੂ ਜੀ ਨਾਲ ਏਨੀ ਮਿਹਰਬਾਨੀ ਭੀ ਨਹੀਂ ਕੀਤੀ, ਜਿੰਨੀ ਕਿ ਇੱਕ ਉਚੇਰੇ ਤਬਕੇ ਵਿੱਚ ਇੱਕ ਸਾਧਾਰਨ ਆਦਮੀ ਦਾ ਭੀ ਹੱਕ ਸਮਝਿਆ ਜਾ ਸਕਦਾ ਹੈ।"
ਕਾਂਗਰਸ ਅੰਦਰ ਪਸਰੀ ਗਾਂਧੀ-ਭਗਤੀ ਨਾਲ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸੁਰ ਵਿੱਚ ਤਲਖ਼ੀ ਆਈ ਜਾਪਦੀ ਹੈ, "ਇਸ ਤੋਂ ਛੁੱਟ ਜਿਹੜੀ ਗੱਲ ਸਾਨੂੰ ਬਹੁਤ ਨਿਰਾਸ਼ ਕਰਦੀ ਹੈ, ਉਹ ਹੈ ਕਿ ਬਹੁਤੇ ਲੀਡਰ ਗਾਂਧੀ ਜੀ ਨੂੰ ਆਪਣਾ ਲੀਡਰ ਸਮਝਣ ਦੀ ਥਾਂ ਆਪਣੀ 'ਲਾਠੀ' ਸਮਝ ਰਹੇ ਹਨ। ਲੀਡਰ ਤੇ ਸੁਚੱਜੇ ਆਦਮੀਆਂ ਦੇ ਭੀ ਹੁੰਦੇ ਹਨ, ਪਰ ਲਾਠੀਆਂ ਸਿਰਫ਼ ਲ਼ੂਲ੍ਹੇ ਲੰਗੜਿਆਂ ਦੀ ਵਰਤੋਂ ਲਈ ਹੁੰਦੀਆਂ ਹਨ।
ਕੀ ਪੰਡਤ ਜੀ, ਤੇ ਰਾਜਾ ਜੀ, ਕੀ ਪਟੇਲ ਤੇ ਕੀ ਕੋਈ ਹੋਰ, ਸਭ ਲਾਠੀ ਦੇ ਆਸਰੇ ਤੁਰਨ ਵਾਲੇ ਦਿਸ ਰਹੇ ਹਨ। ਇਨ੍ਹਾਂ ਸਭਨਾਂ ਦੀਆਂ ਤਕਰੀਰਾਂ ਵਿੱਚੋਂ ਇੱਕ ਲੂਲ੍ਹੇ ਜਿਹੇ ਅੰਧ-ਵਿਸ਼ਵਾਸ ਦੀ ਝਲਕ ਪੈਂਦੀ ਹੈ। ਪੰਤ ਜੀ ਦੇ ਮਤੇ ਵਿੱਚ ਜੇ ਏਨਾਂ ਹੀ ਹੁੰਦਾ ਕਿ ਪ੍ਰਧਾਨ ਸੁਭਾਸ਼ ਆਪਣੀ ਕੈਬਨਿਟ ਮਹਾਤਮਾ ਜੀ ਦੀ ਸਲਾਹ ਨਾਲ ਚੁਣਨ ਤਾਂ ਬਿਲਕੁਲ ਯੋਗ ਸੀ।"
ਪ੍ਰੀਤਲੜੀ ਦੀ ਤਲਖ਼ੀ ਵਾਲੀ ਸੁਰ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ, "ਪ੍ਰਧਾਨ ਕੈਬਨਿਟ ਗਾਂਧੀ ਜੀ ਦੀ ਸਮੁੱਚੀ ਮਰਜ਼ੀ ਨਾਲ ਚੁਣੇ, ਪ੍ਰਧਾਨ ਦੇ ਅਹੁਦੇ ਨੂੰ ਬੇਅਰਥ ਆਖਣਾ ਹੈ। ਫੇਰ ਹਰ ਸਾਲ ਨਵਾਂ ਪ੍ਰਧਾਨ ਚੁਣਨ ਦੀ ਕੀ ਲੋੜ ਹੈ? ਮਹਾਤਮਾ ਜੀ ਮੁਸਤਕਿਲ ਪ੍ਰਧਾਨ ਬਣਾਏ ਜਾਣ, ਤੇ ਉਹ ਆਪਣੀ ਮਰਜ਼ੀ ਅਨੁਸਾਰ ਆਪਣਾ ਜਨਰਲ ਸਕਤ੍ਰ ਚੁਣ ਲਿਆ ਕਰਨ।"
ਸੁਭਾਸ਼ ਚੰਦਰ ਬੋਸ ਦਾ ਅਸਤੀਫ਼ਾ
ਮਈ 1939 ਦੀ ਸੰਪਾਦਕੀ ਸੁਭਾਸ਼ ਚੰਦਰ ਬੋਸ ਬਾਬਤ ਹੈ ਜੋ ਕਾਂਗਰਸ ਅੰਦਰਲੀ ਖ਼ਾਨਾਜੰਗੀ ਅਤੇ ਸ਼ਬਦਾਂ ਦੇ ਸਲੀਕੇ ਪਿੱਛੇ ਲੁਕੀ ਮਾਰਧਾੜ ਨੂੰ ਬੇਪਰਦ ਕਰਦੀ ਹੈ। ਇਖ਼ਲਾਕੀ ਸੁਆਲਾਂ ਅਤੇ ਮੁਲਕ ਦੇ ਤਤਕਾਲੀ ਹਾਲਾਤ ਬਾਬਤ ਟਿੱਪਣੀ ਕਰਨ ਤੋਂ ਬਾਅਦ ਗੁਰਬਖ਼ਸ਼ ਸਿੰਘ ਪ੍ਰੀਤਲੜੀ ਲਿਖਦੇ ਸਨ, "ਅਸੀਂ ਸੁਭਾਸ਼ ਜੀ ਦੇ ਪ੍ਰਧਾਨਗੀ ਲਈ ਖੜ੍ਹੇ ਹੋਣ ਨਾਲ ਸਹਿਮਤ ਨਹੀਂ ਸਾਂ।
ਇਹ ਵੀ ਪੜ੍ਹੋ-
ਸਾਡਾ ਖ਼ਿਆਲ ਹੈ ਕਿ ਇਸ ਵੇਲੇ ਗਾਂਧੀ ਜੀ ਦੀ ਇੱਛਾ ਦੇ ਵਿਰੁਧ ਕਾਂਗਰਸ ਦਾ ਪ੍ਰਧਾਨ ਬਣਨਾ ਮੁਫ਼ੀਦ ਸਾਬਤ ਨਹੀਂ ਸੀ ਹੋ ਸਕਦਾ। ਤੇ ਜੇ ਥੋੜੀ ਬਹੁਤ ਬਹੁ-ਸੰਮਤੀ ਨਾਲ ਪ੍ਰਧਾਨ ਕੋਈ ਚੁਣਿਆ ਵੀ ਜਾਏ ਤਾਂ ਗਾਂਧੀ ਜੀ ਦੀ ਸਰਗਰਮ ਮਿਲਵਰਤਨ ਬਿਨਾਂ ਇਸ ਵੇਲੇ ਉਸ ਆਪਣੀ ਪਾਲਸੀ ਚਲਾ ਨਹੀਂ ਸਕਦਾ। ਤੇ ਜੇ ਨਹੀਂ ਚਲਾ ਸਕਦਾ ਤਾਂ ਪ੍ਰਧਾਨ ਚੁਣੇ ਜਾਣਾ ਕੋਈ ਅਰਥ ਨਹੀਂ ਰੱਖਦਾ, ਸਗੋਂ ਜਤਨ ਤੇ ਸਮੇਂ ਦੀ ਬੇਅਰਥ ਵਰਤੋਂ ਹੈ।"
ਗਾਂਧੀ ਦੀਆਂ ਮਜ਼ਹਬੀ ਰੁਚੀਆਂ
ਉਸ ਵੇਲੇ ਦੇ ਹਾਲਾਤ ਵਿੱਚ ਸਭ ਸਿਆਸੀ ਆਗੂਆਂ ਦੀਆਂ ਮਜ਼ਹਬੀ ਰੁਚੀਆਂ ਉਜਾਗਰ ਹੋ ਰਹੀਆਂ ਸਨ। ਪ੍ਰੀਤਲੜੀ ਦੀ ਜੂਨ 1939 ਦੀ ਸੰਪਾਦਕੀ ਵਿੱਚ ਦਰਜ ਹੈ, "ਇਸ ਸਾਰੇ ਗੋਰਖ਼ ਧੰਦੇ ਦੀ ਸਾਨੂੰ ਸਮਝ ਨਹੀਂ ਆ ਸਕੀ ਤੇ ਪਿੱਛੇ ਜਿਹੇ ਜਵਾਹਰ ਲਾਲ ਜੀ ਨੇ ਇਸ ਉੱਤੇ ਬੜੀ ਨਿਰਾਸਤਾ ਪ੍ਰਗਟ ਕੀਤੀ ਹੈ।
ਗਾਂਧੀ ਜੀ ਆਪਣੀਆਂ ਮਜ਼੍ਹਬੀ ਰੁਚੀਆਂ ਨਾਲ ਮੁਲਕੀ ਪਾਲਿਟਿਕਸ ਨੂੰ ਧੁੰਧਲਾ ਜਿਹਾ ਕਰ ਰਹੇ ਹਨ ਜਿਸ ਵਿੱਚੋਂ ਕਦੇ ਕਦੇ ਕੁਝ ਭੀ ਸਾਫ਼ ਨਹੀਂ ਲੱਭ ਸਕਦਾ। ਆਪਣੇ ਜ਼ਾਤੀ ਇਤਕਾਦ ਕੁਝ ਭੀ ਹੋਣ, ਆਪਣੇ ਅੰਦਰੋਂ ਕੁਝ ਭੀ ਆਵਾਜ਼ਾਂ ਉਠਣ, ਪਰ ਸਾਡੇ ਅਮਲਾਂ ਤੇ ਫ਼ੈਸਲਿਆਂ ਦੀ ਸਾਡੇ ਸਾਥੀਆਂ ਨੂੰ ਸਮਝ ਆਉਣੀ ਚਾਹੀਦੀ ਹੈ। ਅੰਧ ਵਿਸ਼ਵਾਸ ਭਾਵੇਂ ਸਿਆਸੀ ਤੋਂ ਸਿਆਣੀ ਹਸਤੀ ਉੱਤੇ ਰੱਖਿਆ ਜਾਏ, ਕਿਸੇ ਕੌਮ ਲਈ ਮਾਰੂ ਹੈ।"

ਤਸਵੀਰ ਸਰੋਤ, Getty Images
ਉਹ ਅੱਗੇ ਲਿਖਦੇ ਹਨ, "ਗਾਂਧੀ ਜੀ ਅਜੇ ਭੀ ਹਿੰਦੁਸਤਾਨ ਦੇ ਸਭ ਤੋਂ ਸਿਆਣੇ ਤੇ ਚੰਗੇ ਮਨੁੱਖ ਹਨ, ਅਸੀਂ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਮੁਲਕ ਦੀ ਰਹਿਨੁਮਾਈ ਆਪਣੀ ਸਿਆਣਪ ਨਾਲ ਕਰਨ, ਨਾ ਕਿ 'ਅੰਦਰਲੀਆਂ ਆਵਾਜ਼ਾਂ' ਨਾਲ। ਅੰਦਰਲੀਆਂ ਆਵਾਜ਼ਾਂ ਅਸਲ ਵਿੱਚ ਆਪਣੀਆਂ ਹੀ ਅਨ-ਘੋਲੀਆਂ ਦਲੀਲਾਂ ਹੁੰਦੀਆਂ ਹਨ, ਅਨਘੋਲੀਆਂ ਹੋਣ ਕਰਕੇ ਬਹੁਤੀ ਵਾਰੀ ਗ਼ਲਤ ਰਹਿਨੁਮਾਈ ਕਰਦੀਆਂ ਹਨ। ਸਭ ਤੋਂ ਵੱਡੀ ਹਿਫ਼ਾਜ਼ਤ ੁਇਸੇ ਵਿੱਚ ਹੈ ਕਿ ਆਪਣੀ ਘੋਖੀ ਹੋਈ ਦਲੀਲ ਨੂੰ ਰਹਿਨੁਮਾ ਮੰਨਿਆ ਜਾਏ।"
ਸੁਭਾਸ਼ ਬਾਬੂ ਤੇ ਨਸ਼ੇ-ਬੰਦੀ
ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸਮਾਜਿਕ ਇਤਫ਼ਾਕ ਵਾਲੀ ਦਲੀਲ ਕਿਸੇ ਇਖ਼ਲਾਕੀ ਬਿਹਤਰੀ ਜਾਂ ਇਨਸਾਫ਼ ਦੀ ਧਾਰਨਾ ਦੀ ਥਾਂ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਸਮਝੌਤੇ ਨਾਲ ਜੁੜੀ ਹੋਈ ਸੀ।
ਇਸ ਨਜ਼ਰ ਤੋਂ ਉਹ ਜੁਲਾਈ 1939 ਦੀ ਸੰਪਾਦਕੀ ਵਿੱਚ ਲਿਖਦੇ ਹਨ, "ਬੰਬਈ ਕਾਂਗਰਸ ਹਕੂਮਤ ਨੇ ਨਸ਼ੇ-ਬੰਦੀ ਦਾ ਕਾਨੂੰਨ ਅਮਲ ਵਿੱਚ ਲੈ ਆਂਦਾ ਹੈ। ਇਹੋ ਜਿਹੇ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਸਮੇਂ ਬੜੀਆਂ ਦਿੱਕਤਾਂ ਆਇਆ ਕਰਦੀਆਂ ਹਨ। ਵੱਡੀ ਦਿੱਕਤ ਇਹ ਹੈ ਕਿ ਸ਼ਰਾਬ ਦੀ ਲਗ-ਭਗ ਸਾਰੀ ਤਿਜ਼ਾਰਤ ਪਾਰਸੀਆਂ ਦੇ ਹੱਥ ਤੇ ਪਾਰਸੀ ਕੌਮ ਨੂੰ ਅਸੰਤੁਸ਼ਟ ਕਰਕੇ ਬੰਬਈ ਵਿੱਚ ਕੋਈ ਸਾਂਝੀ ਹਕੂਮਤ ਸਫ਼ਲਤਾ ਨਾਲ ਨਿਭਾ ਸਕਣਾ ਬੜਾ ਮੁਸ਼ਕਿਲ ਹੈ।"
ਸੁਭਾਸ਼ ਚੰਦਰ ਬੋਸ ਪਾਰਟੀ ਦੇ ਫ਼ੈਸਲਿਆਂ ਦੇ ਖ਼ਿਆਫ਼ ਆਵਾਜ਼ ਚੁੱਕਦੇ ਹਨ ਤਾਂ ਉਨ੍ਹਾਂ ਦੀ ਚਾਰੇ ਪਾਸਿਓਂ ਆਲੋਚਨਾ ਹੁੰਦੀ ਹੈ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੀ ਇਸ ਵਿੱਚ ਸੁਰ ਮਿਲਾਉਂਦੇ ਹਨ, "ਪੰਡਤ ਜਵਾਹਰ ਲਾਲ ਜੀ ਨੇ ਭੀ ਬੜੈ ਤਕੜੇ ਸ਼ਬਦਾਂ ਵਿੱਚ ਆਪਣਾ ਇਖ਼ਤਿਲਾਫ਼ ਸੁਭਾਸ਼ ਜੀ ਨਾਲ ਪ੍ਰਗਟ ਕੀਤਾ ਹੈ। ਗਾਂਧੀ ਜੀ ਨੇ ਭੀ ਹਰੀਜਨ ਵਿੱਚ ਆਪਣੇ ਖ਼ਿਆਲ ਪ੍ਰਗਟ ਕੀਤੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਇਹ ਖ਼ਿਆਲ ਕਰਨੋਂ ਰਿਹਾ ਨਹੀਂ ਜਾ ਸਕਦਾ ਕਿ ਸੁਭਾਸ਼ ਜੀ ਨੇ ਆਪਣੀ ਵਡਿੱਤਣ ਨਾਲ ਇਨਸਾਫ਼ ਨਹੀਂ ਕੀਤਾ।"
ਖੱਦਰ ਕਿਉਂ ਕਾਮਯਾਬ ਨਹੀਂ?
ਜਨਵਰੀ 1940 ਨੂੰ ਓਪਰੋਕਤ ਸਿਰਲੇਖ ਹੇਠ ਲਿਖਿਆ ਹੈ, "ਖ਼ੁਦਮੁਖ਼ਤਾਰੀ ਦਾ ਦਿਨ ਇਸੇ ਮਹੀਨੇ ਆ ਰਿਹਾ ਹੈ। ਉਸ ਦਿਨ ਖ਼ੁਦਮੁਖ਼ਤਾਰੀ ਦਾ ਪਲੈਜ ਪੜ੍ਹਿਆ ਜਾਣ ਦਾ ਰਵਾਜ਼ ਹੈ। ਇਸ ਪਲੈਜ ਵਿੱਚ ਇੱਕ ਚਰਖ਼ੇ ਦਾ ਵਾਧਾ ਕੀਤਾ ਗਿਆ ਹੈ। ਕੁਝ ਚਿਰ ਤੋਂ ਚਰਖ਼ੇ ਉੱਤੇ ਗਾਂਧੀ ਜੀ ਵੱਲੋਂ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਦਾ ਪ੍ਰਤੀਕਰਮ ਇਹ ਹੈ ਕਿ ਕਾਂਗਰਸ ਦੀ ਸੋਸ਼ਲਿਸਟ ਬਰਾਂਚ ਦੇ ਲੀਡਰਾਂ ਵਿੱਚੋਂ ਕਈਆਂ ਨੇ ਇਸ ਨਵੇਂ ਪਲੈਜ ਤੇ ਦਸਖ਼ਤ ਕਰਨੋਂ ਇਨਕਾਰ ਕਰ ਦਿੱਤਾ ਹੈ। ਇਹ ਸਾਰੇ ਲੀਡਰ ਖੱਦਰ ਪਾਂਦੇ ਹਨ, ਪਰ ਖੱਦਰ ਨੂੰ ਮਜ਼੍ਹਬ ਬਣਾਏ ਜਾਣ ਤੋਂ ਛਿੱਥੇ ਪੈਂਦੇ ਹਨ।"

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਗੁਰਬਖ਼ਸ਼ ਸਿੰਘ ਪ੍ਰੀਤਲੜੀ ਖੱਦਰ ਦਾ ਮਾਮਲਾ ਸਮਝਾਉਣ ਲਈ ਪੰਜਾਬੀ ਜ਼ੁਬਾਨ ਦਾ ਹਵਾਲਾ ਦਿੰਦੇ ਹੋਏ ਲਿਖਦੇ ਹਨ, "ਖੱਦਰ ਨੂੰ ਆਰਥਕ ਦਾਇਰੇ ਤੋਂ ਬਾਹਰ ਲਿਆਕੇ ਰੂਹਾਨੀ ਮੰਡਲ ਵਿੱਚ ਲਿਆਉਣਾ ਗ਼ਲਤ ਫ਼ਹਿਮੀਆਂ ਪੈਦਾ ਕੀਤੇ ਬਿਨਾ ਨਹੀਂ ਰਹਿ ਸਕਦਾ।"
"ਜੋ ਘਾਟਾ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਨੂੰ ਇੱਕ ਫ਼ਿਰਕੇ ਕੋਲੋਂ ਮੁਤਬਰੱਕ ਬਨਾਏ ਜਾਣ ਨਾਲ ਪਹੁੰਚਾ ਹੈ ਉਹੀ ਹੁਣ ਖੱਦਰ ਨੂੰ ਪਹੁੰਚ ਰਿਹਾ ਹੈ। ਸਿਰਫ਼ ਇੱਕ ਪੰਜਾਬ ਹੀ ਹੈ ਜਿੱਥੇ ਮਾਤ੍ਰੀ ਭਾਸ਼ਾ ਕੋਲ ਬਹੁਤਿਆਂ ਨੂੰ ਬੇ-ਧਿਆਨੀ ਹੈ। ਉਸਦਾ ਵੱਡਾ ਕਾਰਨ ਇਹ ਹੈ ਕਿ ਇੱਕ ਫ਼ਿਰਕੇ ਨੇ ਇਸ ਨੂੰ ਮੁਤਬਰੱਕ ਬਣਾ ਦਿੱਤਾ। ਹਿੰਦੇ ਹਿੰਦੀ ਵੱਲ ਚਲੇ ਗੇ, ਮੁਸਲਮਾਨ ਉਰਦੂ ਵੱਲ, ਇਹ ਇਨਸਾਨੀ ਫ਼ਿਤਰਤ ਹੈ।"
"ਇਸ ਤੋਂ ਬਾਅਦ ਉਹ ਦਲੀਲ ਦਿੰਦੇ ਹਨ ਕਿ ਖੱਦਰ ਤੋਂ ਆਜ਼ਾਦੀ ਦੁਆ ਦੇਣ ਦੀ ਆਸ ਕਰਨਾ ਸੁਫ਼ਨਿਆਂ ਵਿੱਚ ਰਹਿਣਾ ਹੈ ਅਤੇ ਆਪਣੀ ਸਮਝ ਬਿਆਨ ਕਰਦੇ ਹਨ, "ਅਸੀਂ ਕਿਸੇ ਐਸੀ ਸਕੀਮ ਦੇ ਹੱਕ ਵਿੱਚ ਹਾਂ ਕਿ ਜਿਸਦੀ ਸਮਝ ਆ ਸਕੇ, ਤੇ ਜਿਹੜੀ ਸ਼ਰਧਾ ਦਾ ਟੈਕਸ ਨਾ ਮੰਗੇ। ਇਸ ਸਕੀਮ ਵਿੱਚ ਸਾਫ਼ ਇਕਬਾਲ ਕੀਤਾ ਜਾਏ ਕਿ ਇੱਕ ਦਿਨ ਹਿੰਦੁਸਤਾਨ ਵਿੱਚ ਸਾਰਾ ਕੱਪੜਾ ਮਸ਼ੀਨਾਂ ਨਾਲ ਹੀ ਬਣਨਾ ਹੈ।"
ਇਸ ਦਲੀਲ ਵਿੱਚ ਉਹ ਆਜ਼ਾਦੀ ਤੋਂ ਬਾਅਦ ਦੀ ਕੱਪੜਾ ਸਨਅਤ ਦਾ ਨਕਸ਼ਾ ਬਣਾਉਂਦੇ ਹਨ। ਮੁੜ ਕੇ ਇਸ ਵਿਸ਼ੇ ਉੱਤੇ ਵਿਸਥਾਰ ਨਾਲ ਲਿਖਣ ਤੋਂ ਪਹਿਲਾਂ ਉਹ ਸਾਫ਼ ਕਰਦੇ ਹਨ, "ਖੱਦਰ ਦੀ ਪੂਜਾ ਬੇਅਰਥ ਹੈ, ਹਾਨੀਕਾਰਕ ਹੈ।"
ਇਹ ਵੀ ਪੜ੍ਹੋ:
ਇਹ ਵੀਡੀਓਜ਼ ਵੀ ਵੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 4














