You’re viewing a text-only version of this website that uses less data. View the main version of the website including all images and videos.
ਬਿਗ ਬੌਸ : ਪੰਜਾਬੀਆਂ ਦੇ ਮੇਲੇ 'ਚ ਕੌਣ-ਕੌਣ ਦਿਖਾਏਗਾ ਜੌਹਰ
ਟੀਵੀ ਰਿਐਲਿਟੀ ਸ਼ੋਅ ਬਿਗ ਬੌਸ ਆਪਣੇ 13ਵੇਂ ਸੀਜ਼ਨ ਦੇ ਨਾਲ ਐਤਵਾਰ ਰਾਤ 9 ਵਜੇ ਤੋਂ ਟੀਵੀ ਦੇ ਪਰਦੇ 'ਤੇ ਦਸਤਕ ਦੇ ਚੁੱਕਿਆ ਹੈ।
ਬੀਤੇ ਸਾਲ ਦੇ ਸੀਜ਼ਨ ਦੀ ਤਰ੍ਹਾਂ ਇਸ ਵਾਰੀ ਵੀ ਫ਼ਿਲਮ ਅਦਾਕਾਰ ਸਲਮਾਨ ਖਾਨ ਸ਼ੋਅ ਨੂੰ ਹੋਸਟ ਕਰ ਰਹੇ ਹਨ।
29 ਸਤੰਬਰ ਨੂੰ ਬਿਗ ਬੌਸ ਸੀਜ਼ਨ 13 ਦੀ ਗਰੈਂਡ ਓਪਨਿੰਗ ਹੋਈ, ਜਿਸ ਵਿੱਚ 13 ਮੈਂਬਰਾਂ ਦੀ ਐਂਟਰੀ ਹੋਈ ਪਰ ਇਸ ਵਾਰੀ ਸੀਜ਼ਨ ਥੋੜ੍ਹਾ ਵੱਖਰਾ ਹੈ।
ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਜਦੋਂ ਪ੍ਰੋਗਰਾਮ ਵਿੱਚ ਔਰਤ ਮੈਂਬਰਾਂ ਦੀ ਗਿਣਤੀ ਮਰਦਾਂ ਨਾਲੋਂ ਜ਼ਿਆਦਾ ਹੈ।
ਬਿਗ ਬੌਸ 'ਚ ਪੰਜਾਬੀ
ਸ਼ੋਅ ਵਿੱਚ ਹਿੱਸਾ ਲੈਣ ਵਾਲੇ ਕੁੱਲ 13 ਮੈਂਬਰਾਂ 'ਚੋਂ 8 ਔਰਤਾਂ ਹਨ- ਰਸ਼ਮੀ ਦੇਸਾਈ, ਦੇਬੋਲੀਨਾ ਭੱਟਾਚਾਰਿਆ, ਕੋਇਨਾ ਮਿਤਰਾ, ਮਾਹਿਰਾ ਸ਼ਰਮਾ, ਸ਼ੇਫ਼ਾਲੀ ਬੱਗਾ, ਸ਼ਹਿਨਾਜ਼ ਗਿੱਲ, ਦਲਜੀਤ ਕੌਰ ਤੇ ਆਰਤੀ ਸਿੰਘ। ਇਨ੍ਹਾਂ ਅੱਠ ਔਰਤਾਂ ਵਿੱਚੋਂ ਚਾਰ ਪੰਜਾਬਣਾਂ ਹਨ।
ਇਹ ਵੀ ਪੜ੍ਹੋ:
ਇਸ ਦੇ ਨਾਲ ਹੀ ਇਸ ਵਾਰੀ ਸ਼ੋਅ ਵਿੱਚ ਸ਼ਾਮਿਲ ਹੋਣ ਵਾਲੇ ਮਰਦ ਮੈਂਬਰ ਹਨ- ਸਿਧਰਾਥ ਸ਼ੁਕਲਾ, ਅਬੂ ਮਲਿਕ, ਸਿਧਾਰਥ ਡੇ, ਪਾਰਸ ਛਾਬੜਾ ਤੇ ਆਸਿਮ ਰਿਆਜ਼।
ਬਿਗ ਬੌਸ ਵਿੱਚ ਇਸ ਵਾਰੀ ਪੰਜਾਬੀ ਬਹੁਗਿਣਤੀ ਨਜ਼ਰ ਆ ਰਹੀ ਹੈ। 13 ਵਿੱਚੋਂ 5 ਮੈਂਬਰ ਪੰਜਾਬੀ ਹਨ, ਜਿਸ ਵਿੱਚ ਚਾਰ ਔਰਤਾਂ ਹਨ।
ਦਲਜੀਤ ਕੌਰ
ਪੰਜਾਬੀ ਕੁੜੀ ਦਲਜੀਤ ਕੌਰ, ਜਿਸ ਦੀ ਐਂਟਰੀ ਬਿਗ ਬੌਸ ਦੇ ਹਾਊਸ ਵਿੱਚ 'ਮਲਟੀ-ਟਾਸਕਿੰਗ ਮੰਮੀ' ਵਜੋਂ ਹੋਈ ਹੈ। ਉਹ ਓਪਨਿੰਗ ਸ਼ੋਅ ਦੌਰਾਨ ਆਪਣੇ 8 ਸਾਲਾ ਮੁੰਡੇ ਦੇ ਨਾਲ ਆਈ ਸੀ।
ਸ਼ਾਲੀਨ ਭਾਨੋਟ ਤੋਂ ਵੱਖ ਹੋਣ ਤੋਂ ਬਾਅਦ ਦਲਜੀਤ ਹੁਣ 'ਸਿੰਗਲ ਮਦਰ' ਹੈ। ਦਲਜੀਤ ਕਈ ਇੰਟਰਵਿਊਜ਼ ਵਿੱਚ ਸਿੰਗਲ ਮਦਰ ਦੀਆਂ ਔਕੜਾਂ ਤੇ ਵਿੱਤੀ ਲੋੜਾਂ ਦੀ ਗੱਲ ਕਰਦੀ ਰਹੀ ਹੈ।
ਦਲਜੀਤ ਕੌਰ ਟੀਵੀ ਅਦਾਕਾਰਾ ਹੈ ਜਿਸ ਨੇ 'ਇਸ ਪਿਆਰ ਕੋ ਕਿਆ ਨਾਮ ਦੂੰ' ਲੜੀਵਾਰ ਰਾਹੀਂ ਕਾਫ਼ੀ ਨਾਮਣਾ ਖੱਟਿਆ। ਇਸ ਤੋਂ ਇਲਾਵਾ 'ਕੁਲਵਧੂ, ਕਾਲਾ ਟੀਕਾ, ਸਵਰਾਗਿਨੀ, ਕਿਆਮਤ ਕੀ ਰਾਤ' ਵਰਗੇ ਟੀਵੀ ਸੀਰੀਅਲਜ਼ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਸ ਤੋਂ ਇਲਾਵਾ ਦਲਜੀਤ ਕੌਰ ਤੇ ਸ਼ਾਲੀਨ ਭਾਨੋਟ 'ਨੱਚ ਬਲਈਏ' ਵਿੱਚ ਇਕੱਠੇ ਪਰਫਾਰਮ ਕਰ ਚੁੱਕੇ ਹਨ।
ਸ਼ਿਫ਼ਾਲੀ ਬੱਗਾ
ਬਿਗ ਬੌਸ ਵਿੱਚ ਦਿੱਲੀ ਦੀ ਰਹਿਣ ਵਾਲੀ ਸ਼ਿਫਾਲੀ ਬੱਗਾ ਦੀ ਪਛਾਣ ਇੱਕ ਖੂਬਸੂਰਤ ਤੇ ਬਹਾਦਰ ਕੁੜੀ ਦੇ ਤੌਰ 'ਤੇ ਕਰਵਾਈ ਗਈ ਹੈ।
ਸ਼ਿਫਾਲੀ ਪੱਤਰਕਾਰਿਤਾ ਜਗਤ ਨਾਲ ਜੁੜੀ ਹੋਈ ਹੈ ਤੇ ਇੱਕ ਟੀਵੀ ਨਿਊਜ਼ ਐਂਟਰ ਹੈ। ਉਹ ਤੇਜ਼ ਚੈਨਲ ਦੇ ਨਾਲ ਕੰਮ ਕਰ ਚੁੱਕੀ ਹੈ।
ਸ਼ਹਿਨਾਜ਼ ਗਿੱਲ
ਬਿਗ ਬੌਸ ਵਿੱਚ ਪੰਜਾਬ ਦੀ ਸ਼ੇਰਨੀ ਕਹੀ ਜਾ ਰਹੀ ਸ਼ਹਿਨਾਜ਼ ਗਿੱਲ ਮਾਡਲ, ਗਾਇਕਾ ਤੇ ਅਦਾਕਾਰਾ ਹੈ। ਉਹ 'ਸ਼ਰਤਾਂ' ਤੇ 'ਚਾਦਰਾਂ' ਮਿਊਜ਼ਿਕ ਐਲਬਮ ਦਾ ਵੀ ਹਿੱਸਾ ਰਹੀ ਹੈ।
ਸ਼ਹਿਨਾਜ਼ ਪੰਜਾਬੀ ਫ਼ਿਲਮ 'ਕਾਲਾ ਸ਼ਾਹ ਕਾਲਾ' ਵਿੱਚ ਵੀ ਨਜ਼ਰ ਆ ਚੁੱਕੀ ਹੈ। ਹਾਲ ਹੀ ਵਿੱਚ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਨਾਲ ਹੋਈ ਬਹਿਸ ਕਾਰਨ ਉਹ ਕਾਫ਼ੀ ਚਰਚਾ ਵਿੱਚ ਰਹੀ ਹੈ।
ਮਾਹਿਰਾ ਸ਼ਰਮਾ
ਜੰਮੂ-ਕਸ਼ਮੀਰ ਦੀ ਰਹਿਣ ਵਾਲੀ ਮਾਹਿਰਾ ਸ਼ਰਮਾ ਟਿਕਟਾਕ ਸਟਾਰ ਵਜੋਂ ਜਾਣੀ ਜਾਂਦੀ ਹੈ। ਉਹ ਕਈ ਹਿੰਦੀ ਲੜੀਵਾਰ ਤੇ ਪੰਜਾਬੀ ਵੀਡੀਓਜ਼ ਵਿੱਚ ਆ ਚੁੱਕੀ ਹੈ।
ਮਾਹਿਰਾ 'ਸੁਪਨਾ ਤੇ ਜਾਨੇ ਕਿਉਂ' ਪੰਜਾਬੀ ਵੀਡੀਓਜ਼ ਵਿੱਚ ਕੰਮ ਕਰ ਚੁੱਕੀ ਹੈ।
'ਯਾਰੋਂ ਕਾ ਟਸ਼ਨ' ਸੀਰੀਅਲ ਰਾਹੀਂ ਉਸ ਨੇ ਐਕਟਿੰਗ ਜਗਤ ਵਿੱਚ ਕਦਮ ਰੱਖਿਆ। ਇਸ ਤੋਂ ਇਲਾਵਾ 'ਕੁੰਡਲੀ ਭਾਗਿਆ, ਤਾਰਕ ਮਹਿਤਾ ਕਾ ਉਲਟਾ ਚਸ਼ਮਾ ਤੇ ਨਾਗਿਨ' ਸੀਰੀਅਲ ਰਾਹੀਂ ਉਹ ਚਰਚਾ ਵਿੱਚ ਰਹੀ।
ਪਾਰਸ ਛਾਬੜਾ
ਰਿਐਲਿਟੀ ਸ਼ੋਅ ਸਪਲਿਟਜ਼ ਵਿਲਾ 5 ਦੇ ਜੇਤੂ ਰਹੇ ਪਾਰਸ ਛਾਬੜਾ ਬਿਗ ਬੌਸ 13 ਦੇ ਸੋਹਣੇ ਮੁੰਡੇ ਕਹੇ ਜਾ ਰਹੇ ਹਨ।
ਉਹ 'ਬੜ੍ਹੋ ਬਹੂ ਤੇ ਵਿਘਨਹਰਤਾ ਗਨੇਸ਼' ਸੀਰੀਅਲ ਵਿੱਚ ਬਤੌਰ ਅਦਾਕਾਰ ਕੰਮ ਕਰ ਚੁੱਕੇ ਹਨ।
ਉਹ ਅਦਾਕਾਰਾ ਸਾਰਾ ਖਾਨ ਦੇ ਨਾਲ 'ਨੱਚ ਬੱਲੀਏ-5' ਵਿੱਚ ਵੀ ਹਿੱਸਾ ਲੈ ਚੁੱਕੇ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: