Chandrayaan-2: ਕੀ ਵਿਕਰਮ ਲੈਂਡਰ ਨਾਲ ਮੁੜ ਸੰਪਰਕ ਸਾਧਿਆ ਜਾ ਸਕੇਗਾ

    • ਲੇਖਕ, ਅਭਿਮਨਿਊ ਕੁਮਾਰ ਸਾਹਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤੀ ਸਪੇਸ ਰਿਸਰਚ ਸੈਂਟਰ (ISRO) ਦੇ ਮੁਖੀ ਕੇ ਸਿਵਨ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ ਕਿ ਇਸਰੋ ਨੂੰ ਚੰਨ 'ਤੇ ਵਿਕਰਮ ਲੈਂਡਰ ਨਾਲ ਜੁੜੀਆਂ ਤਸਵੀਰਾਂ ਮਿਲੀਆਂ ਹਨ।

ਇਸਰੋ ਮੁਖੀ ਸਿਵਨ ਨੇ ਕਿਹਾ ਹੈ, "ਇਸਰੋ ਨੂੰ ਚੰਨ ਦੀ ਸਤਹਿ 'ਤੇ ਲੈਂਡਰ ਦੀਆਂ ਤਸਵੀਰਾਂ ਮਿਲੀਆਂ ਹਨ। ਚੰਨ ਦੇ ਚੱਕਰ ਲਗਾ ਰਹੇ ਆਰਬਿਟਰ ਨੇ ਵਿਕਰਮ ਲੈਂਡਰ ਦੀ ਥਰਮਲ ਇਮੇਜ ਲਈ ਹੈ।"

ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਅਦ ਹੁਣ ਇਹ ਵੀ ਆਸ ਲਗਾਈ ਜਾ ਰਹੀ ਹੈ ਕਿ ਕੀ ਭਾਰਤ ਦਾ ਸੁਪਨਾ, ਜੋ ਸ਼ੁੱਕਰਵਾਰ ਦੀ ਰਾਤ ਅਧੂਰਾ ਰਹਿ ਗਿਆ ਸੀ, ਉਹ ਪੂਰਾ ਹੋ ਸਕੇਗਾ।

ਸ਼ੁੱਕਰਵਾਰ ਦੀ ਰਾਤ ਵਿਕਰਮ ਲੈਂਡਰ ਚੰਦਰਮਾ ਦੀ ਸਤਹਿ 'ਤੇ ਪਹੁੰਚਣ ਤੋਂ ਕੇਵਲ 2.1 ਕਿਲੋਮੀਟਰ ਦੀ ਦੂਰੀ 'ਤੇ ਹੀ ਸੀ ਜਦੋਂ ਉਸ ਦਾ ਸੰਪਰਕ ਗਰਾਊਂਡ ਸਟੇਸ਼ਨ ਨਾਲੋਂ ਟੁੱਟ ਗਿਆ।

ਕੇ ਸਿਵਨ ਨੇ ਕਿਹਾ ਹੈ ਕਿ ਇਸਰੋ ਲਗਾਤਾਰ ਵਿਕਰਮ ਲੈਂਡਰ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਵਿਗਿਆਨੀ ਇਸ ਦੀ ਘੱਟ ਆਸ ਜਤਾ ਰਹੇ ਹਨ।

ਉਨ੍ਹਾਂ ਦੀ ਕਹਿਣਾ ਹੈ ਕਿ ਜੇਕਰ ਦੁਬਾਰਾ ਸੰਪਰਕ ਹੁੰਦਾ ਹੈ ਤਾਂ ਉਹ ਇੱਕ ਹੈਰਾਨੀ ਵਾਲੀ ਗੱਲ ਹੋਵੇਗੀ।

ਇਹ ਵੀ ਪੜ੍ਹੋ-

ਇਸਰੋ ਦੇ ਵਿਗਿਆਨੀ ਟੀ ਕੇ ਘੋਸ਼ ਦੱਸਦੇ ਹਨ ਕਿ ਚੰਗਾ ਹੋਇਆ ਕਿ ਇਸਰੋ ਨੇ ਮੰਨ ਲਿਆ ਕਿ ਲੈਂਡਰ ਮਿਲ ਗਿਆ ਹੈ ਪਰ ਉਹ ਇੱਕ ਦਿਨ ਪਹਿਲਾਂ ਹੀ ਮਿਲ ਗਿਆ ਸੀ।

ਉਹ ਕਹਿੰਦੇ ਹਨ, "ਸਭ ਤੋਂ ਵੱਡੀ ਗੱਲ ਇਹ ਹੈ ਕਿ ਵਿਕਰਮ ਕਿਸ ਹਾਲਾਤ ਵਿੱਚ ਹੈ ਕਿਉਂਕਿ ਉੱਥੇ ਕੋਈ ਮਨੁੱਖ ਜਾ ਕੇ ਤਾਂ ਉਸ ਨੂੰ ਨਹੀਂ ਚੁੱਕ ਸਕਦਾ। ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਡਿੱਗ ਗਿਆ ਹੈ ਤੇ ਅਜਿਹੇ ਉਸਦੇ ਉਪਕਰਨ ਤੇ ਉਹ ਕਿਸ ਹਾਲਾਤ 'ਚ ਹੈ। ਕੀ ਇੱਕ ਦਮ ਡਿੱਗਿਆ ਜਾਂ ਉਸ ਨੇ ਸਾਫਟ ਲੈਂਡਿੰਗ ਕੀਤੀ ਜਾਂ ਹੋਰ ਕੀ ਹੋਇਆ।"

ਘੋਸ਼ ਕਹਿੰਦੇ ਹਨ, "ਜਿੱਥੇ ਉਸ ਨੇ ਅਸਲ ਵਿੱਚ ਲੈਂਡ ਕਰਨਾ ਸੀ ਉੱਥੋਂ ਉਹ ਕੋਈ 5 ਕਿਲੋਮੀਟਰ ਦੂਰ ਹੈ। ਮੇਰੇ ਖ਼ਿਆਲ ਨਾਲ ਸੰਭਵ ਨਹੀਂ ਕਿ ਉਸ ਨੂੰ ਫਿਰ ਵਰਤਿਆ ਜਾ ਸਕੇ ਪਰ ਸਾਨੂੰ ਪਤਾ ਲੱਗੇਗਾ ਕਿ ਕੀ ਖ਼ਾਮੀਆਂ ਸਨ।"

"ਕੀ ਇਸ ਦੇ ਚਾਰਜ ਜਾਂ ਮੋਟਰਾਂ ਨੇ ਕੁਝ ਦਿੱਕਤ ਕੀਤੀ, ਕਿਹੜੀਆਂ ਦਿੱਕਤਾਂ ਕਰਕੇ ਅਜਿਹਾ ਹੋਇਆ ਇਸ ਲਈ ਉਨ੍ਹਾਂ ਦੀ ਪਛਾਣ ਕੀਤੀ ਜਾ ਸਕੇਗੀ ਤਾਂ ਅਗਲੇਰੇ ਮਿਸ਼ਨਾਂ 'ਚ ਅਜਿਹਾ ਨਾ ਹੋਵੇ, ਉਸ 'ਚ ਸਾਨੂੰ ਮਦਦ ਮਿਲ ਸਕਦੀ ਹੈ।"

ਇਸ ਦੇ ਨਾਲ ਹੀ ਵਿਗਿਆਨੀ ਗੌਹਰ ਰਜ਼ਾ ਨੇ ਬੀਬੀਸੀ ਨੂੰ ਦੱਸਿਆ ਕਿ ਜਿਹੜੀਆਂ ਤਸਵੀਰਾਂ ਮਿਲਦੀਆਂ ਹਨ ਉਹ ਧੁੰਦਲੀਆਂ ਹੁੰਦੀਆਂ, ਉਸ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਜਿਵੇਂ ਅਸੀਂ ਆਪਣੇ ਕੈਮਰੇ ਤੋਂ ਲੈਂਦੇ ਹਾਂ, ਇਨ੍ਹਾਂ ਦੀ ਵਿਆਖਿਆ ਕਰਨੀ ਪੈਂਦੀ ਹੈ।

ਉਹ ਦੱਸਦੇ ਹਲ ਕਿ ਇਨ੍ਹਾਂ ਵਿੱਚ ਜਾਣਕਾਰੀ ਦਾ ਪੱਧਰ ਘੱਟ ਹੁੰਦਾ ਹੈ ਪਰ ਹੁਣ ਤੱਕ ਸਾਡੇ ਕੋਲ ਜਾਣਕਾਰੀ ਹੈ ਉਸ ਦੇ ਹਿਸਾਬ ਨਾਲ ਲੈਂਡਰ ਟੁੱਟਿਆ ਨਹੀਂ ਹੈ। ਜੇਕਰ ਉਹ ਟੁੱਟ ਕੇ ਖਿੱਲਰ ਜਾਂਦਾ ਤਾਂ ਫਿਰ ਸ਼ਾਇਦ ਅਸੀਂ ਇਹ ਨਹੀਂ ਕਹਿ ਸਕਦੇ ਕਿ ਲੈਂਡਰ ਦੀਆਂ ਤਸਵੀਰਾਂ ਲਈਆਂ ਗਈਆਂ ਹਨ।

ਉਹ ਕਹਿੰਦੇ ਹਨ, "ਇਸ ਦਾ ਮਤਲਬ ਇਹ ਹੈ ਕਿ ਉਸ ਦੀ ਸਪੀਡ 'ਚ ਇੰਨੀ ਕਮੀ ਆ ਗਈ ਸੀ ਕਿ ਉਹ ਕਿਸੇ ਚੱਟਾਨ ਨਾਲ ਟਕਰਾ ਕੇ ਪੂਰੀ ਤਰ੍ਹਾਂ ਬਰਬਾਦ ਨਹੀਂ ਹੋਇਆ ਹੈ। ਇਸ ਦਾ ਮਤਲਬ ਇਹ ਵੀ ਕਿ ਉਸ ਦੀ ਸਪੀਡ ਲਗਾਤਾਰ ਘੱਟ ਹੁੰਦੀ ਰਹੀ ਜਦੋਂ ਤੱਕ ਕਿ ਉਹ ਚੰਨ ਦੀ ਸਤਹਿ 'ਤੇ ਨਹੀਂ ਉਤਰ ਗਿਆ, ਇਸ ਤੋਂ ਅਜਿਹਾ ਲਗਦਾ ਹੈ।"

ਕੀ ਲੈਂਡਰ ਨਾਲ ਮੁੜ ਸੰਪਰਕ ਸਾਧਿਆ ਜਾ ਸਕੇਗਾ?

ਗੌਹਰ ਕਹਿੰਦੇ ਹਨ, "ਇਹ ਬਹੁਤ ਮੁਸ਼ਕਿਲ ਸਵਾਲ ਹੈ, ਪਹਿਲਾਂ ਲੈਂਡਰ ਆਪਣੀ ਥਾਂ 'ਤੇ ਹੋਵੇ ਤੇ ਉਸ ਕੋਲ ਜੈਨਰੇਟ ਕਰਨ ਦੀ ਸਮਰੱਥਾ ਹੋਵੇ ਤੇ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਬਰਕਰਾਰ ਹੋਵੇ। ਦੂਜੀ ਗੱਲ, ਉਸ ਦੇ ਉਹ ਹਿੱਸੇ ਆਪਰੇਟ ਕਰ ਰਹੇ ਹੋਣ, ਜਿਥੋਂ ਸਾਡਾ ਸੰਪਰਕ ਉਸ ਨਾਲੋਂ ਟੁੱਟ ਗਿਆ ਸੀ।"

ਗੌਹਰ ਇਨ੍ਹਾਂ ਦੋਵਾਂ 'ਚ ਹੀ ਆਸ ਨਹੀਂ ਰੱਖਦੇ। ਇਹ ਇੱਕ ਬੇਹੱਦ ਹੈਰਾਨੀ ਗੱਲ ਹੋਵੇਗੀ ਕਿ ਲੈਂਡਰ ਨਾਲ ਮੁੜ ਸੰਪਰਕ ਹੋ ਜਾਵੇ। ਬਹਿਰਹਾਲ, ਇਸ ਦੀ ਕੋਸ਼ਿਸ਼ ਜਾਰੀ ਹੈ।

ਚੰਦਰਯਾਨ-2 ਨਾਲ ਸਬੰਧਤ ਇਹ ਵੀ ਪੜ੍ਹੋ-

ਗੌਹਰ ਦੱਸਦੇ ਹਨ, "ਉਸ ਦੇ ਜੋ ਸੋਲਰ ਪੈਨਲ ਲੱਗੇ ਹੋਏ ਹਨ, ਉਨ੍ਹਾਂ ਦੀ ਦਿਸ਼ਾ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਸ 'ਤੇ ਸੋਲਰ ਲਾਈਟ ਪੈ ਰਹੀ ਹੋਵੇ ਤੇ ਉੱਥੋ ਫਿਰ ਜੈਨਰੇਟ ਹੋ ਰਹੀ ਹੋਵੇ ਅਤੇ ਉਸ ਤੋਂ ਬਾਅਦ ਫਿਰ ਕਮਿਊਨੀਕੇਸ਼ਨ ਸਿਸਟਮ ਵਿਚਲੇ ਆਪਸ਼ਨਾਂ 'ਚੋਂ ਕੋਈ ਨਾ ਕੋਈ ਆਪਸ਼ਨ ਅਜਿਹਾ ਹੋਵੇ ਜੋ ਪੂਰੀ ਤਰ੍ਹਾਂ ਆਪਰੇਟ ਕਰ ਰਿਹਾ ਹੋਵੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਨਾਲ ਸਾਡਾ ਸੰਪਰਕ ਹੋ ਸਕੇਗਾ।"

ਪਰ ਫਿਰ ਉਹ ਦੁਹਰਾਉਂਦੇ ਹਨ ਕਿ ਇਸ ਦੀ ਆਸ ਬਹੁਤ ਘੱਟ ਹੈ।

ਇਸ ਤੋਂ ਇਲਾਵਾ ਗੌਹਰ ਮੁਤਾਬਕ 2.1 ਕਿਲੋਮੀਟਰ ਤੋਂ ਚੰਨ ਦੀ ਸਤਹਿ 'ਤੇ ਪਹੁੰਚਣ ਤੱਕ, ਜਦੋਂ ਲੈਂਡਰ ਨਾਲੋ ਸੰਪਰਕ ਟੁੱਟਿਆ ਸੀ, ਇਸ ਦੀ ਜਾਣਕਾਰੀ ਮੌਜੂਦ ਨਹੀਂ ਹੈ।

ਗੌਹਰ ਕਹਿੰਦੇ ਹਨ, "ਹੁਣ ਜਦੋਂ ਸਾਨੂੰ ਲੈਂਡਰ ਦੀਆਂ ਤਸਵੀਰਾਂ ਮਿਲੀਆਂ ਹਨ ਤਾਂ ਉਸ ਨਾਲ ਅਸੀਂ ਸ਼ਾਇਦ ਟਰੇਸ ਕਰ ਸਕੀਏ ਕਿ ਇਸ ਵਿਚਾਲੇ ਕੀ ਹੋਇਆ ਹੈ। ਜੋ ਕਿ ਆਪਣੇ-ਆਪ 'ਚ ਬਹੁਤ ਵੱਡੀ ਜਾਣਕਾਰੀ ਹੋਵੇਗੀ।"

ਕੀ ਲੈਂਡਿੰਗ ਦੇ ਚਾਰੇ ਫੇਸਾਂ 'ਚੋਂ ਅਖ਼ੀਰਲੇ ਫੇਸ ਵਿੱਚ ਸਪੀਡ ਕੰਟਰੋਲ ਨਹੀਂ ਹੋ ਸਕੀ?

ਗੌਹਰ ਇਸ ਦਾ ਜਵਾਬ ਦਿੰਦਿਆਂ ਦੱਸਦੇ ਹਨ ਕਿ ਲਗਦਾ ਤਾਂ ਅਜਿਹਾ ਹੀ ਹੈ ਕਿ ਸਪੀਡ ਕੰਟਰੋਲ ਨਹੀਂ ਹੋ ਸਕੀ। ਲੈਂਡਰ 'ਚ ਦੋਵੇਂ ਚੀਜ਼ਾਂ ਬੇਹੱਦ ਜ਼ਰੂਰੀ ਹੁੰਦੀਆਂ ਹਨ, ਇੱਕ ਪਾਸੇ ਉਸ ਦਾ ਓਰੀਏਨਟੇਸ਼ਨ ਜ਼ਰੂਰੀ ਹੈ ਕਿ ਉਹ ਉਸੇ ਓਰੀਏਨਟੇਸ਼ਨ 'ਚ ਹੋਵੇ ਜਿਸ 'ਚ ਉਸ ਨੂੰ ਉਤਰਨਾ ਹੈ।"

"ਜਿਵੇਂ ਕਿ ਜਿਹੜੇ ਪੈਰ ਅਸੀਂ ਉਸ ਨੂੰ ਲਗਾਏ ਸਨ ਉਹ ਪੂਰੀ ਤਰ੍ਹਾਂ ਜ਼ਮੀਨ ਵੱਲ ਹੋਣ। ਦੂਜੀ ਗੱਲ, ਉਸ ਦੀ ਸਪੀਡ ਇੰਨੀ ਹੋਵੇ ਕਿ ਉਸ ਨੂੰ ਕੋਈ ਹਾਨੀ ਜਾਂ ਨੁਕਸਾਨ ਨਾ ਹੋਵੇ। ਹੁਣ ਤੱਕ ਦੇ ਹਾਲਾਤ ਦੇਖ ਕੇ ਲਗਦਾ ਹੈ ਕਿ ਓਰੀਏਨਟੇਸ਼ਨ 'ਚ ਵੀ ਦਿੱਕਤ ਹੋਈ ਅਤੇ ਸਪੀਡ ਵਿੱਚ ਹੀ ਪਰੇਸ਼ਾਨੀ ਆਈ।"

ਸਪੀਡ ਕੰਟਰੋਲ

ਸਾਫਟ ਲੈਂਡਿੰਗ ਲਈ ਲੈਂਡਰ ਦੀ ਸਪੀਡ ਨੂੰ 21 ਹਜ਼ਾਰ ਕਿਲੋਮੀਟਰ ਤੋਂ 7 ਕਿਲੋਮੀਟਰ ਪ੍ਰਤੀ ਘੰਟਾ ਕਰਨਾ ਸੀ। ਇਹ ਕਿਹਾ ਜਾ ਸਕਦਾ ਹੈ ਕਿ ਇਸਰੋ ਕੋਲੋਂ ਸਪੀਡ ਕੰਟਰੋਲਿੰਗ 'ਚ ਹੀ ਕਿਤੇ ਨਾ ਕਿਤੇ ਭੁੱਲ-ਚੁੱਕ ਹੋਈ ਹੈ ਅਤੇ ਉਸ ਦੀ ਸਾਫ਼ਟ ਲੈਂਡਿੰਗ ਨਹੀਂ ਹੋ ਸਕੀ ਹੈ।

ਲੈਂਡਰ ਵਿੱਚ ਚਾਰੇ ਪਾਸੇ ਚਾਰ ਰਾਕਟ ਜਾਂ ਫਿਰ ਤਾਂ ਇੰਜਨ ਲੱਗੇ ਸਨ, ਜਿਨ੍ਹਾਂ ਨੂੰ ਸਪੀਡ ਘੱਟ ਕਰਨ ਲਈ ਫਾਇਰ ਕੀਤਾ ਜਾਣਾ ਸੀ। ਜਦੋਂ ਇਹ ਉਪਰੋਂ ਹੇਠਾਂ ਆ ਰਿਹਾ ਹੁੰਦਾ ਹੈ, ਉਦੋਂ ਇਹ ਰਾਕਟ ਹੇਠਾਂ ਤੋਂ ਉਪਰ ਵੱਲ ਫਾਇਰ ਕੀਤੇ ਜਾਂਦੇ ਹਨ ਤਾਂ ਜੋ ਸਪੀਡ ਕੰਟਰੋਲ ਕੀਤਾ ਜਾ ਸਕੇ।

ਅੰਤ 'ਚ ਪੰਜਵਾਂ ਰਾਕਟ ਲੈਂਡਰ ਦੇ ਵਿੱਚ ਲੱਗਾ ਸੀ, ਜਿਸ ਦਾ ਕੰਮ 400 ਮੀਟਰ ਉਪਰ ਤੱਕ ਲੈਂਡਰ ਨੂੰ ਸਪੀਡ 'ਚ ਲੈ ਕੇ ਆਉਣਾ ਸੀ, ਤਾਂ ਜੋ ਉਹ ਆਰਾਮ ਨਾਲ ਲੈਂਡ ਕਰ ਸਕੇ ਪਰ ਅਜਿਹਾ ਨਹੀਂ ਹੋ ਸਕਿਆ। ਪਰੇਸ਼ਾਨੀ ਕਰੀਬ 2 ਕਿਲੋਮੀਟਰ ਉਪਰ ਤੋਂ ਹੀ ਸ਼ੁਰੂ ਹੋ ਗਈ ਸੀ।

7 ਸਾਲ ਤੱਕ ਕਿਵੇਂ ਕਰੇਗਾ ਕੰਮ?

ਇਸਰੋ ਮੁਖੀ ਕੇ ਸਿਵਨ ਨੇ ਸ਼ਨਿੱਚਰਵਾਰ ਨੂੰ ਡੀਡੀ ਨਿਊਜ਼ ਨੂੰ ਦਿੱਤੇ ਆਪਣੇ ਇੰਟਰਵਿਊ ''ਚ ਕਿਹਾ ਸੀ ਕਿ ਚੰਦਰਯਾਨ-2 ਦਾ ਆਰਬਿਟਰ 7 ਸਾਲਾਂ ਤੱਕ ਕੰਮ ਕਰ ਸਕੇਗਾ।

ਹਾਲਾਂਕਿ ਉਦੇਸ਼ ਇੱਕ ਸਾਲ ਦਾ ਹੀ ਹੈ। ਆਖ਼ਿਰ ਇਹ ਕਿਵੇਂ ਹੋਵੇਗਾ, ਇਸ ਸਵਾਲ ਦੇ ਜਵਾਬ 'ਚ ਵਿਗਿਆਨੀ ਗੌਹਰ ਕਹਿੰਦੇ ਹਨ ਕਿ ਆਰਬਿਟਰ, ਲੈਂਡਰ ਅਤੇ ਰੋਵਰ ਦੇ ਕੰਮ ਕਰਨ ਲਈ ਦੋ ਤਰ੍ਹਾਂ ਦੀ ਊਰਜਾ ਦੀ ਲੋੜ ਹੁੰਦੀ ਹੈ।

ਇੱਕ ਤਰ੍ਹਾਂ ਦੀ ਊਰਜਾ ਦਾ ਇਸਤੇਮਾਲ ਉਪਕਰਨਾਂ ਨੂੰ ਚਲਾਉਣ 'ਚ ਕੀਤਾ ਜਾਂਦਾ ਹੈ। ਇਹ ਊਰਜਾ, ਇਲੈਕਟ੍ਰੀਕਲ ਊਰਜਾ ਹੁੰਦੀ ਹੈ। ਇਸ ਲਈ ਉਪਕਰਨਾਂ 'ਤੇ ਸੋਲਰ ਪੈਨਲ ਲਗਾਏ ਜਾਂਦੇ ਹਨ ਤਾਂ ਜੋ ਸੂਰਜ ਦੀਆਂ ਕਿਰਨਾਂ ਤੋਂ ਇਹ ਊਰਜਾ ਮਿਲ ਸਕੇ।

ਦੂਜੀ ਤਰ੍ਹਾਂ ਦੀ ਊਰਜਾ ਦਾ ਇਸਤੇਮਾਲ ਆਰਬਿਟਰ, ਲੈਂਡਰ ਅਤੇ ਰੋਵਰ ਦੀ ਦਿਸ਼ਾ ਬਦਲਣ ਲਈ ਕੀਤਾ ਜਾਂਦਾ ਹੈ। ਇਹ ਜ਼ਰੂਰਤ ਬਿਨਾਂ ਬਾਲਣ (ਈਂਧਣ) ਤੋਂ ਪੂਰੀ ਨਹੀਂ ਕੀਤੀ ਜਾ ਸਕਦੀ ਹੈ।

ਸਾਡੇ ਆਰਬਿਟਰ ਵਿੱਚ ਬਾਲਣ ਅਜੇ ਬਚਿਆ ਹੋਇਆ ਹੈ ਅਤੇ ਇਹ 7 ਸਾਲ ਤੱਕ ਕੰਮ ਕਰ ਸਕੇਗਾ।

ਕੀ ਹੈ ਹਾਰਡ ਅਤੇ ਸਾਫਟ ਲੈਂਡਿੰਗ?

ਚੰਨ 'ਤੇ ਕਿਸੇ ਸਪੇਸਕਰਾਫਟ ਦੀ ਲੈਂਡਿੰਗ ਦੋ ਤਰ੍ਹਾਂ ਦੀ ਹੁੰਦੀ ਹੈ- ਸਾਫਟ ਲੈਂਡਿੰਗ ਅਤੇ ਹਾਰਡ ਲੈਂਡਿੰਗ।

ਜਦੋਂ ਸਪੇਸਕਰਾਫਟ ਦੀ ਗਤੀ ਨੂੰ ਹੌਲੀ-ਹੌਲੀ ਘੱਟ ਕਰ ਕੇ ਚੰਨ ਦੀ ਸਤਹਿ 'ਤੇ ਉਤਾਰਿਆ ਜਾਂਦਾ ਹੈ ਤਾਂ ਉਸ ਨੂੰ ਸਾਫਟ ਲੈਂਡਿੰਗ ਕਹਿੰਦੇ ਹਨ, ਜਦਕਿ ਹਾਰਡ ਲੈਂਡਿੰਗ ਵਿੱਚ ਸਪੇਸਕਰਾਫਟ ਚੰਨ ਦੀ ਸਤਹਿ 'ਤੇ ਕਰੈਸ਼ ਕਰਦਾ ਹੈ।

ਸਾਫਟ ਲੈਂਡਿੰਗ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਸੈਟੇਲਾਈਟ ਨੂੰ ਕਿਸੇ ਲੈਂਡਰ 'ਚੋਂ ਸੁਰੱਖਿਅਤ ਉਤਾਰਨਾ ਤਾਂ ਜੋ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰ ਸਕੇ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)