ਕਸ਼ਮੀਰ ਤਣਾਅ 'ਤੇ ਪਾਕਿਸਾਤਨ ਸਰਕਾਰ ਨੇ ਟਵੀਟ ਕੀਤੀ ਕਠੂਆ ਰੇਪ ਪੀੜਤਾ ਦੀ ਫੋਟੋ

    • ਲੇਖਕ, ਫੈਕਟ ਚੈੱਕ ਟੀਮ
    • ਰੋਲ, ਬੀਬੀਸੀ

ਪਾਕਿਸਤਾਨ ਸਰਕਾਰ ਨੇ 'ਕਠੂਆ ਗੈਂਗ ਰੇਪ ਅਤੇ ਮਰਡਰ ਕੇਸ' ਦੀ ਪੀੜਤ ਬੱਚੀ ਦੀ ਤਸਵੀਰ ਦੀ ਵਰਤੋਂ ਕਰਕੇ ਅਪੀਲ ਕੀਤੀ ਹੈ ਕਿ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਲਈ ਕੌਮਾਂਤਰੀ ਸੰਗਠਨ ਨੇ ਕੁਝ ਕਦਮ ਚੁੱਕੇ।

ਤਕਰੀਬਨ 19 ਮਹੀਨੇ ਪੁਰਾਣੀ ਇਸ ਫੋਟੋ ਨਾਲ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਕਿ "ਕੌਮਾਂਤਰੀ ਭਾਈਚਾਰੇ ਨੂੰ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਕਸ਼ਮੀਰੀਆਂ ਦੀ ਨਸਲਕੁਸ਼ੀ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਮਹਿਰੂਮ ਕਰ ਦਿੱਤਾ ਗਿਆ ਹੈ ਅਤੇ ਜੋ ਫਾਸੀਵਾਦੀ ਭਾਰਤ ਸਰਕਾਰ ਵੱਲੋਂ ਲਗਾਏ ਗਏ ਅਣਮਨੁੱਖੀ ਕਰਫਿਊ ਕਾਰਨ ਆਪਣੇ ਘਰਾਂ ਵਿੱਚ ਫਸ ਗਏ ਹਨ। #Kashmirhour "

ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਪੀਲ 'ਤੇ ਭਾਰਤ-ਸ਼ਾਸਿਤ ਕਸ਼ਮੀਰ ਦੇ ਲੋਕਾਂ ਨਾਲ ਇੱਕਜੁਟਤਾ ਦਿਖਾਉਣ ਲਈ ਸ਼ੁੱਕਰਵਾਰ, 30 ਅਗਸਤ 2019 ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 12.30 ਵਜੇ ਤੱਕ 'ਕਸ਼ਮੀਰ ਆਵਰ' ਮਨਾਇਆ।

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਕਠੂਆ ਸਮੂਹਿਕ ਬਲਾਤਕਾਰ ਦੀ ਪੀੜਤਾ ਦੀ ਇਸ ਤਸਵੀਰ ਨੂੰ ਦੁਪਹਿਰ 3 ਵਜੇ ਟਵੀਟ ਕੀਤਾ, ਜਿਸ ਦੇ ਨਾਲ ਭਾਰਤ-ਸ਼ਾਸਿਤ ਕਸ਼ਮੀਰ ਵਿਚ ਮੌਜੂਦਾ ਤਣਾਅ ਦਾ ਜ਼ਿਕਰ ਕੀਤਾ ਗਿਆ ਹੈ।

ਮੌਜੂਦਾ ਤਣਾਅ ਨਾਲ ਸਬੰਧਤ ਨਹੀਂ

ਰਿਵਰਸ ਇਮੇਜ ਸਰਚ ਤੋਂ ਪਤਾ ਚੱਲਦਾ ਹੈ ਕਿ ਕਠੂਆ ਸਮੂਹਿਕ ਬਲਾਤਕਾਰ ਪੀੜਤਾ ਦੀ ਇਹ ਫੋਟੋ ਫਰਵਰੀ ਤੋਂ ਅਪ੍ਰੈਲ 2018 ਵਿਚਾਲੇ ਕਈ ਵੈਬਸਾਈਟਾਂ ਦੁਆਰਾ ਵਰਤੀ ਗਈ ਸੀ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਸੀ।

ਯੂ-ਟਿਊਬ 'ਤੇ ਪੀੜਤਾ ਦੇ ਨਾਮ ਤੋਂ ਸਰਚ ਕਰਨ 'ਤੇ ਉਸਦੀ ਲਾਸ਼ ਦੇ ਕਈ ਵੀਡੀਓ ਸਾਨੂੰ ਮਿਲੇ ਜੋ ਕਿ ਅਪ੍ਰੈਲ 2018 ਵਿੱਚ ਪੋਸਟ ਕੀਤੇ ਗਏ ਸਨ।

ਇਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਇਹ ਤਸਵੀਰ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਮੌਜੂਦਾ ਤਣਾਅ ਦੀ ਸਥਿਤੀ ਨਾਲ ਸਬੰਧਤ ਨਹੀਂ ਹੈ।

ਪਰ ਇਹ ਤਸਵੀਰ ਕਠੂਆ ਗੈਂਗ ਰੇਪ ਦੀ ਪੀੜਤਾ ਦੀ ਹੀ ਹੈ। ਪੀੜਤਾ ਦੀ ਵਕੀਲ ਮੁਬਿਨ ਫਾਰੂਕੀ ਖ਼ਾਨ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਦੀ ਪੁਸ਼ਟੀ ਕੀਤੀ ਹੈ।

ਕਠੂਆ ਗੈਂਗ ਰੇਪ ਦਾ ਕੇਸ

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਜਨਵਰੀ 2018 ਵਿੱਚ ਬਕਰਵਾਲ ਭਾਈਚਾਰੇ ਨਾਲ ਸਬੰਧਤ ਇੱਕ ਅੱਠ ਸਾਲ ਦੀ ਬੱਚੀ ਨਾਲ ਗੈਂਗ ਰੇਪ, ਤਸ਼ੱਦਦ ਅਤੇ ਕਤਲ ਦੇ ਕੇਸ ਵਿੱਚ ਛੇ ਦੋਸ਼ੀਆਂ ਵਿੱਚੋਂ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਸ ਗੈਂਗਰੇਪ ਤੋਂ ਬਾਅਦ ਦੇਸ ਭਰ ਵਿੱਚ ਗੁੱਸਾ ਦੇਖਿਆ ਗਿਆ ਸੀ। ਸਾਬਕਾ ਸਰਕਾਰੀ ਅਧਿਕਾਰੀ ਸਾਂਜੀ ਰਾਮ ਨੂੰ ਇਸ ਕੇਸ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਸੀ।

ਪਠਾਨਕੋਟ ਦੀ ਫਾਸਟ ਟਰੈਕ ਅਦਾਲਤ ਨੇ ਵੀ ਸਾਂਜੀ ਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਸਾਂਜੀ ਰਾਮ ਦੇ ਬੇਟੇ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਰਿਹਾ ਕਰ ਦਿੱਤਾ ਸੀ।

ਇਸਦੇ ਨਾਲ ਹੀ ਦੋ ਪੁਲਿਸ ਮੁਲਾਜ਼ਮਾਂ ਨੂੰ ਵੀ ਪੰਜ-ਪੰਜ ਸਾਲ ਕੈਦ ਦੀ ਸਜਾ ਸੁਣਾਈ ਗਈ ਸੀ।

ਸਾਂਜੀ ਰਾਮ ਤੋਂ ਇਲਾਵਾ ਪਰਵੇਸ਼ ਕੁਮਾਰ, ਦੋ ਵਿਸ਼ੇਸ਼ ਪੁਲਿਸ ਅਧਿਕਾਰੀ ਦੀਪਕ ਕੁਮਾਰ ਅਤੇ ਸੁਰੇਂਦਰ ਵਰਮਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਸਬ-ਇੰਸਪੈਕਟਰ ਆਨੰਦ ਦੱਤਾ ਨੂੰ ਇਸ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਸਬੂਤ ਮਿਟਾਉਣ ਲਈ ਦੋਸ਼ੀ ਠਹਿਰਾਇਆ ਗਿਆ ਸੀ।

ਇਹ ਵੀ ਪੜ੍ਹੋ:

ਪਠਾਨਕੋਟ ਦੀ ਫ਼ਾਸਟ ਟਰੈਕ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਪੀੜਤ ਕੁੜੀ ਦੀ ਮਾਂ ਨੇ ਮੁੱਖ ਮੁਲਜ਼ਮ ਸਾਂਜੀ ਰਾਮ ਨੂੰ ਫਾਂਸੀ ਦੀ ਮੰਗ ਕੀਤੀ ਸੀ।

ਜੁਲਾਈ 2019 ਵਿੱਚ ਕੁਝ ਦੋਸ਼ੀਆਂ ਨੇ ਹੇਠਲੀ ਅਦਾਲਤ ਦੇ ਇਸ ਫ਼ੈਸਲੇ ਵਿਰੁੱਧ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ, ਜਿਸਦੀ ਸੁਣਵਾਈ 11 ਸਤੰਬਰ, 2019 ਨੂੰ ਹੋਣੀ ਹੈ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)