ਕਸ਼ਮੀਰ 'ਤੇ ਇਮਰਾਨ ਖ਼ਾਨ ਨੇ ਗ਼ਲਤੀਆਂ ਕੀਤੀਆਂ: ਆਸਿਫ਼ਾ ਭੁੱਟੋ

    • ਲੇਖਕ, ਹੁਦਾ ਇਕਰਾਮ
    • ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ

ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਅਲੀ ਭੁੱਟੋ ਦੀ ਬੇਟੀ ਆਸਿਫਾ ਅਲੀ ਭੁੱਟੋ ਨੇ ਬੀਬੀਸੀ ਉਰਦੂ ਨੂੰ ਕਿਹਾ ਕਿ ਕਸ਼ਮੀਰ 'ਤੇ ਇਮਰਾਨ ਖ਼ਾਨ ਨੇ ਗਲਤੀਆਂ ਕੀਤੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਇਸ ਵਿਸ਼ੇ 'ਤੇ ਦੇਰ ਨਾਲ ਸੰਸਦ ਵਿੱਚ ਭਾਸ਼ਣ ਦੇਣਾ ਉਨ੍ਹਾਂ ਦੀ ਨਾਕਾਮੀ ਸੀ।

ਉਨ੍ਹਾਂ ਨੇ ਇਹ ਵੀ ਕਿਹਾ, "ਪਾਕਿਸਤਾਨ ਵਿਦੇਸ਼ ਮੰਤਰੀ ਦਾ ਪਾਕਿਸਤਾਨ-ਸ਼ਾਸਿਤ ਕਸ਼ਮੀਰ ਜਾਣਾ ਅਤੇ ਇਹ ਕਹਿਣਾ ਕਿ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ, ਹਾਸੋਹੀਣਾ ਹੈ।"

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਕਈ ਮੌਕਿਆਂ 'ਤੇ ਅਜਿਹਾ ਇਸ਼ਾਰਾ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਪਾਕਿਸਤਾਨ ਪੀਪੀਲਸ ਪਾਰਟੀ (ਪੀਪੀਪੀ) ਦੇ ਮਾਮਲਿਆਂ ਦੀਆਂ ਤਮਾਮ ਜ਼ਿੰਮੇਦਾਰੀਆਂ ਪਾਰਟੀ ਚੇਅਰਮੈਨ ਬਿਲਾਵਲ 'ਤੇ ਹੋਣਗੀਆਂ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ ਬਿਲਾਵਲ ਵੀ ਕਾਨੂੰਨ ਦੀ ਪਹੁੰਚ ਵਿੱਚ ਆ ਜਾਂਦੇ ਹਨ ਤਾਂ ਸਿਆਸੀ ਮਾਮਲੇ ਉਨ੍ਹਾਂ ਦੀ ਬੇਟੀ ਆਸਿਫ਼ਾ ਭੁੱਟੋਂ ਜ਼ਰਦਾਰੀ ਦੇਖੇਗੀ।

ਇਹ ਵੀ ਪੜ੍ਹੋ-

ਪੋਲੀਓ ਦੇ ਖ਼ਾਤਮੇ ਲਈ ਕੰਮ ਕਰਨ ਵਾਲੀ ਆਸਿਫਾ ਭੁੱਟੋ ਜ਼ਰਦਾਰੀ ਹੁਣ ਤੱਕ ਇੱਕ ਸਮਾਜਿਕ ਕਾਰਕੁਨ ਵਜੋਂ ਦਿਖਦੀ ਰਹੀ ਹੈ ਪਰ ਹੁਣ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਿਆਸਤ ਦੇ ਰੰਗ ਵੀ ਨਜ਼ਰ ਆਉਣ ਲੱਗੇ ਹਨ।

'ਗੜੀ ਖ਼ੁਦਾਬਖ਼ਸ਼ ਜਾ ਕੇ ਦੇਖੋ'

ਬੀਬੀਸੀ ਨਾਲ ਗੱਲ ਕਰਦਿਆਂ ਆਸਿਫਾ ਭੁੱਟੋ ਨੇ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਵਿਸ਼ਵ ਭਾਈਚਾਰੇ ਨੂੰ ਜੋ ਭੂਮਿਕਾ ਅਦਾ ਕਰਨੀ ਚਾਹੀਦੀ ਸੀ, ਉਹ ਉਂਝ ਨਹੀਂ ਕਰ ਰਹੇ ਅਤੇ ਅਜੇ ਤੱਕ ਓਨੀ ਨਿੰਦਾ ਵੀ ਨਹੀਂ ਕੀਤੀ ਗਈ।

ਉਨ੍ਹਾਂ ਨੇ ਭਾਰਤੀ ਸੈਨਾ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਇਲਜ਼ਾਮ ਲਗਾਏ।

ਉਨ੍ਹਾਂ ਨੇ ਕਿਹਾ, "ਇਸ ਵੇਲੇ ਜੰਮੂ-ਕਸ਼ਮੀਰ ਵਿੱਚ ਔਰਤਾਂ ਦੀ ਇੱਜ਼ਤ ਮਹਿਫ਼ੂਜ਼ ਨਹੀਂ ਹੈ ਅਤੇ ਬੱਚਿਆਂ ਦਾ ਕਤਲ ਹੋ ਰਿਹਾ ਹੈ। ਪ੍ਰਦਰਸ਼ਕਾਰੀਆਂ 'ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ।"

"ਜੇਕਰ ਕੋਈ ਪਾਕਿਸਤਾਨ ਦਾ ਝੰਡਾ ਲਹਿਰਾਉਂਦਾ ਹੈ ਤੇ ਉਸ 'ਤੇ ਗੋਲੀਆਂ ਚਲਾਉਣਾ ਵੀ ਭਾਰਤੀ ਫੌਜ ਆਪਣਾ ਹੱਕ ਸਮਝਦੀ ਹੈ। ਇਹ ਮਨੁੱਖੀ ਅਧਿਕਾਰਾਂ ਦੀ ਸਖ਼ਤ ਉਲੰਘਣਾ ਹੈ ਅਤੇ ਦੁਨੀਆਂ ਉਸ 'ਤੇ ਖ਼ਾਮੋਸ਼ ਹੈ।"

ਉਨ੍ਹਾਂ ਨੇ ਕਿਹਾ, "ਇਸ ਵੇਲੇ ਕਸ਼ਮੀਰ ਵਿੱਚ ਹਾਲਾਤ ਮਾੜੇ ਹਨ। ਮੈਂ ਉਹ ਗੱਲ ਦੁਹਰਾਉਣਾ ਚਾਹੁੰਦੀ ਹਾਂ ਜੋ ਮੇਰੇ ਪਿਤਾ ਨੇ ਸੰਸਦ ਵਿੱਚ ਕਹੀ ਸੀ ਕਿ ਜੇਕਰ ਇਹ ਸਭ ਸਾਡੀ ਸਰਕਾਰ ਵਿੱਚ ਹੋਇਆ ਹੁੰਦਾ ਤਾਂ ਉਹ ਪਹਿਲੀ ਫਲਾਇਟ ਨਾਲ ਯੂਏਈ ਜਾਂਦੇ, ਫਿਰ ਚੀਨ, ਰੂਸ ਅਤੇ ਫਿਰ ਇਰਾਨ ਦਾ ਕੌਰ ਕਰਦੇ।"

ਇਹ ਵੀ ਪੜ੍ਹੋ:

"ਮੁਸਲਮਾਨ ਦੇਸਾਂ ਨੂੰ ਇਕਜੁੱਟ ਕਰਦੇ ਅਤੇ ਆਪਣੇ ਸਹਿਯੋਗੀਆਂ ਨੂੰ ਕਹਿੰਦੇ ਕਿ ਉਹ ਸਾਡੇ ਨਾਲ ਖੜੇ ਹੋ ਕੇ ਇਸ ਫਾਸੀਵਾਦ ਅਤੇ ਮਨੁੱਖੀ ਸੰਕਟ ਖ਼ਿਲਾਫ਼ ਆਵਾਜ਼ ਚੁੱਕਣ ਜੋ ਇਸ ਵੇਲੇ ਕਸ਼ਮੀਰ ਵਿੱਚ ਹੋ ਰਿਹਾ ਹੈ।"

ਉਨ੍ਹਾਂ ਨੇ ਕਿਹਾ ਕਿ ਇਹ ਦੇਖਣ ਲਈ ਤੁਹਾਨੂੰ ਸਿਰਫ਼ ਗੜੀ ਖ਼ੁਦਾਬਖ਼ਸ਼ ਜਾਣ ਦੀ ਲੋੜ ਹੈ ਕਿ ਮੇਰੇ ਘਰ ਦੇ ਕਿੰਨੇ ਲੋਕਾਂ ਨੇ ਇਸ ਦੇਸ ਲਈ ਜਾਨ ਦਿੱਤੀ ਹੈ।

"ਸਾਡੇ ਕੋਲ ਸਿਰਫ਼ ਇਹੀ ਰਸਤਾ ਸੀ ਕਿ ਜਾਂ ਤਾਂ ਅਸੀਂ ਖ਼ਾਮੋਸ਼ ਰਹੀਏ ਜਾਂ ਅੱਗੇ ਵਧ ਕੇ ਆਵਾਜ਼ ਚੁੱਕੀਏ।"

ਉਨ੍ਹਾਂ ਨੇ ਕਿਹਾ, "ਮੇਰੇ ਨਾਨਾ ਨੇ ਜਨਤਾ ਦੇ ਅਧਿਕਾਰਾਂ ਲਈ ਆਵਾਜ਼ ਚੁੱਕਣ ਨੂੰ ਤਰਜ਼ੀਹ ਦਿੱਤੀ ਹੈ ਅਤੇ ਮੇਰੀ ਮਾਂ ਨੇ ਵੀ ਇਹੀ ਰਸਤਾ ਆਪਣਾਇਆ। ਮੇਰੇ ਭਰਾ ਵੀ ਆਪਣੇ ਨਾਨਾ ਦੇ ਮਿਸ਼ਨ ਅਤੇ ਮਾਂ ਦੀ ਸੋਚ ਨੂੰ ਲੈ ਕੇ ਤੁਰ ਰਹੇ ਹਨ। ਬਿਲਾਵਲ ਪੂਰੇ ਪਾਕਿਸਤਾਨ ਲਈ ਬੋਲਦੇ ਹਨ ਅਤੇ ਮੈਂ ਵੀ ਉਨ੍ਹਾਂ ਨਾਲ ਮਿਲ ਕੇ ਜਨਤਾ ਦੀ ਆਵਾਜ਼ ਬਣਦੀ ਰਹਾਂਗੀ।"

ਵਾਅਦੇ ਤੋਂ ਮੁਕਰਨ ਦਾ ਇਲਜ਼ਾਮ

ਆਸਿਫ਼ਾ ਭੁੱਟੋ ਆਪਣੇ ਆਪ ਨੂੰ ਰਾਜਨੀਤੀ ਦਾ ਮੰਝਿਆ ਹੋਇਆ ਖਿਡਾਰੀ ਨਹੀਂ ਮੰਨਦੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਦੇ ਕੰਮਾਂ ਨੂੰ ਸਮਝਣ ਲਈ ਕਿਸੇ ਨੂੰ ਸਿਆਸੀ ਜਾਣਕਾਰ ਹੋਣ ਦੀ ਲੋੜ ਨਹੀਂ ਹੈ।

ਉਨ੍ਹਾਂ ਮੁਤਾਬਕ ਦੇਸ ਦੇ ਹਾਲਾਤ ਉਸ ਦੇ ਹਾਲ ਨੂੰ ਖੂਬ ਬਿਆਨ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਇਮਰਾਨ ਖ਼ਾਨ ਦੀ ਸਰਕਾਰ ਅਤੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਦੇ ਦੌਰ ਵਿਚਕਾਰ ਬਹੁਤ ਸਮਾਨਤਾਵਾਂ ਹਨ।"

ਇਹ ਵੀ ਪੜ੍ਹੋ:

"ਜਿਵੇਂ ਉਨ੍ਹਾਂ ਦੀ ਉਹ ਹੀ ਕੈਬਨਿਟ ਹੈ ਜੋ ਮੁਸ਼ੱਰਫ ਦੀ ਸੀ। ਇਮਰਾਨ ਦੀਆਂ ਅਸਫਲਤਾਵਾਂ ਦੀ ਸੂਚੀ ਉਨ੍ਹਾਂ ਦੀ ਸਫਲਤਾਵਾਂ ਦੀ ਸੂਚੀ ਤੋਂ ਕਿਤੇ ਲੰਬੀ ਹੈ। ਮੌਜੂਦਾ ਸਰਕਾਰ ਨੇ ਦੇਸ ਨੂੰ ਆਰਥਿਕ ਪੱਖੋਂ ਅਸਥਿਰ ਕੀਤਾ ਹੈ।"

ਪਾਕਿਸਤਾਨ ਦੇ ਲੋਕਾਂ ਨੂੰ ਕੀਤੇ ਹੋਏ ਵਾਅਦਿਆਂ ਬਾਰੇ ਆਸਿਫ਼ਾ ਨੇ ਕਿਹਾ, "ਇਮਰਾਨ ਖ਼ਾਨ ਨੇ ਇੱਕ ਕਰੋੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਪਰ ਉਹ ਇੱਕ ਵੀ ਨੌਕਰੀ ਨਹੀਂ ਦੇ ਸਕੇ। ਉਨ੍ਹਾਂ ਨੇ ਅਰਥਵਿਵਸਥਾ ਨੂੰ ਅਸਥਿਰ ਕੀਤਾ ਹੈ ਜੋ ਹਜ਼ਾਰਾਂ ਲੋਕਾਂ ਦੀ ਨੌਕਰੀ ਜਾਣ ਦਾ ਕਾਰਨ ਬਣਿਆ।"

ਆਸਿਫ਼ਾ ਦਾ ਕਹਿਣਾ ਸੀ ਕਿ ਇਮਰਾਨ ਖ਼ਾਨ ਨੇ 50 ਲੱਖ ਘਕ ਦੇਣ ਦਾ ਵਾਅਦਾ ਕੀਤਾ ਸੀ ਜੋ ਹੁਣ ਤੱਕ ਪੂਰਾ ਨਹੀਂ ਹੋ ਸਕਿਆ।

ਉਨ੍ਹਾਂ ਨੇ ਕਿਹਾ, "ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ ਆਤਮਹੱਤਿਆ ਕਰ ਲੈਣਗੇ ਪਰ ਦੂਜੇ ਦੇਸਾਂ ਤੋਂ ਮਦਦ ਨਹੀਂ ਲੈਣਗੇ। ਪਰ ਅਸੀਂ ਦੇਖਿਆ ਕਿ ਉਹ ਹਰ ਦੇਸ ਦੇ ਸਾਹਮਣੇ ਕਟੋਰਾ ਲੈ ਕੇ ਖੜ੍ਹੇ ਸਨ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)