ਕਸ਼ਮੀਰ ਸਮੱਸਿਆ ਜਵਾਹਰ ਲਾਲ ਨਹਿਰੂ ਦੀ ਦੇਣ - ਅਮਿਤ ਸ਼ਾਹ - 5 ਅਹਿਮ ਖ਼ਬਰਾਂ

ਅਮਿਤ ਸ਼ਾਹ ਨੇ ਕਸ਼ਮੀਰ ਦੇ ਹਾਲਾਤ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜਿੰਮੇਵਾਰ ਦੱਸਿਆ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਜੰਮੂ ਵਿੱਚ ਰੈਲੀ ਦੌਰਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਸ਼ਮੀਰ ਦੇ ਹਾਲਾਤ ਲਈ ਜ਼ਿੰਮੇਵਾਰ ਦੱਸਿਆ।

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜੰਮੂ ਵਿੱਚ ਸ਼ਾਹ ਨੇ ਵਿਜੈ ਸੰਕਲਪ ਸੰਮੇਲਨ ਦੌਰਾਨ ਰਾਹੁਲ ਗਾਂਧੀ ਤੇ ਵੀ ਕਸ਼ਮੀਰ ਸਮੱਸਿਆ ਨੂੰ ਲੈ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਇਹ ਮਸਲਾ ਰਾਹੁਲ ਦੇ ਪੜਦਾਦਾ ਦੀ ਦੇਣ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਵਿੱਚ ਭਾਜਪਾ ਦੀ ਰੈਲੀ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਸਿਰਫ਼ ਪੀਐੱਮ ਨਰਿੰਦਰ ਮੋਦੀ ਹੀ ਪੁਲਵਾਮਾ ਹਮਲੇ ਦਾ ਮਾਕੂਲ ਜਵਾਬ ਪਾਕਿਸਤਾਨ ਨੂੰ ਦੇ ਸਕਦੇ ਹਨ।

ਉਨ੍ਹਾਂ ਇਸ ਸਬੰਧੀ ਹੋਰ ਕਿਹਾ ਕਿ ਪਾਕਿਸਤਾਨ ਵੱਲੋਂ ਪ੍ਰਾਯੋਜਿਤ ਅੱਤਵਾਦ ਮੁਲਕ ਲਈ ਇੱਕ ਗੰਭੀਰ ਮਸਲਾ ਹੈ ਅਤੇ ਇਸਨੂੰ ਹੋਰ ਨਹੀਂ ਝੱਲਿਆ ਜਾ ਸਕਦਾ।

ਪੰਜਾਬ 'ਚ 1 ਲੱਖ 25 ਹਜ਼ਾਰ ਦੇ ਕਰੀਬ ਕਿਸਾਨਾਂ ਨੂੰ ਮਿਲੀ ਪਹਿਲੀ ਕਿਸ਼ਤ 2000 ਰੁਪਏ

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਕਿਸਾਨ ਸਮਾਨ ਮਿਧੀ ਸਕੀਮ ਦੇ ਲਾਂਚ ਦੇ ਦਿਨ ਪੰਜਾਬ ਦੇ ਲਗਭਗ 1.25 ਲੱਖ ਛੋਟੇ ਕਿਸਾਨਾਂ ਨੂੰ 2000 ਰੁਪਏ ਦੀ ਪਹਿਲੀ ਕਿਸ਼ਤ ਮਿਲੀ।

ਖ਼ਬਰ ਅਨੁਸਾਰ ਹੁਣ ਤੱਕ 7.50 ਲੱਖ ਕਿਸਾਨਾਂ ਨੇ ਇਸ ਸਕੀਮ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਕੋਲ ਆਪਣਾ ਪੰਜੀਕਰਨ ਕਰਵਾਇਆ ਅਤੇ ਇਹ ਪ੍ਰਕਿਰਿਆ ਅਜੇ ਜਾਰੀ ਹੈ।

20 ਫ਼ਰਵਰੀ ਤੱਕ 1.25 ਲੱਖ ਦੇ ਕਰੀਬ ਕਿਸਾਨਾਂ ਦੀ ਵੈਰੀਫ਼ਿਕੇਸ਼ਨ ਮੁਕੰਮਲ ਹੋਈ ਅਤੇ ਉਨ੍ਹਾਂ ਦੇ ਖ਼ਾਤਿਆਂ 'ਚ ਪੈਸੇ ਪਹੁੰਚੇ।

ਪੰਜਾਬ ਸਰਕਾਰ ਦੇ ਸਰਵੇਖਣ ਅਨੁਸਾਰ ਪੰਜਾਬ ਵਿੱਚ 10.40 ਲੱਖ ਛੋਟੇ ਕਿਸਾਨਾਂ ਕੋਲ ਆਪਣੀ ਖ਼ੇਤੀ ਦੀ ਜ਼ਮੀਨ ਇੱਕ ਏਕੜ ਤੋਂ ਵੀ ਘੱਟ ਤੋਂ ਲੈ ਕੇ ਪੰਜ ਏਕੜ ਤੱਕ ਹੈ।

ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਹਰਪਾਲ ਚੀਮਾ ਦਾ ਮੋਰਚਾ

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ ਪੰਜਾਬ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਪ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਦੇ ਆਗੂ ਭਾਰਤ ਭੂਸ਼ਣ ਆਸ਼ੂ ਨੂੰ ਹਟਾਉਣ ਦੀ ਮੰਗ ਕੀਤੀ ਹੈ।

ਚੀਮਾ ਨੇ ਆਸ਼ੂ ਦੀ ਤੁਲਨਾ ਰੌਬਰਟ ਵਾਡਰਾ ਨਾਲ ਕਰਦਿਆਂ ਕਿਹਾ ਕਿ ਉਹ ਭੂ-ਮਾਫ਼ੀਆ ਅਤੇ ਗੈਰ-ਕਾਨੂੰਨੀ ਉਸਾਰੀ ਨੂੰ ਸ਼ੈਅ ਦੇ ਰਹੇ ਹਨ।

ਖ਼ਬਰ ਅਨੁਸਾਰ ਹਾਲ ਹੀ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਸੀਐੱਲਯੂ ਦੇ ਮਸਲੇ ਵਿੱਚ ਗੜਬੜੀਆਂ ਆਈਆਂ ਸਨ।

ਸਫ਼ਾਈ ਕਰਮਚਾਰੀਆਂ ਦੇ ਪੈਰ ਧੌਣ 'ਤੇ ਮੋਦੀ ਨੇ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਯਾਗਰਾਜ 'ਚ 5 ਸਫ਼ਾਈ ਕਰਮਚਾਰੀਆਂ ਦੇ ਪੈਰ ਧੌਣ ਤੋਂ ਬਾਅਦ ਉਨ੍ਹਾਂ ਦੇ ਕੁੰਭ ਮੇਲੇ 'ਚ ਵਿਸ਼ੇਸ਼ ਯੋਗਦਾਨ ਲਈ ਸਨਮਾਨ ਦਿੱਤਾ।

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੀਐੱਮ ਨੇ ਅਜਿਹਾ ਕੀਤਾ ਹੈ। ਪੈਰ ਧੌਣ ਤੋਂ ਬਾਅਦ ਮੋਦੀ ਨੇ ਕਿਹਾ ਜਿਨ੍ਹਾਂ ਸਫ਼ਾਈਕਰਮੀ ਭਰਾ-ਭੈਣਾਂ ਦੇ ਪੈਰ ਧੋ ਕੇ ਮੈਂ ਅਰਦਾਸ ਕੀਤੀ ਹੈ, ਉਹ ਪਲ ਮੇਰੇ ਨਾਲ ਸਾਰੀ ਉਮਰ ਰਹੇਗਾ।

ਮੋਦੀ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀ ਹੀ ਮਿਹਨਤ ਸੀ ਕਿ ਇਸ ਵਾਰ ਕੁੰਭ ਦੀ ਪਛਾਣ ਸਵੱਛ ਕੁੰਭ ਦੇ ਤੌਰ 'ਤੇ ਹੋਈ

ਆਸਕਰ ਐਵਾਰਡ 2019 - ਰੈੱਡ ਕਾਰਪੇਟ 'ਤੇ ਸਿਤਾਰਿਆਂ ਦਾ ਜਲਵਾ

ਲਾਸ ਐਂਜਲਸ, ਕੈਲੀਫ਼ੋਰਨੀਆ ਵਿਖੇ ਹੋ ਰਹੇ 91ਵੇਂ ਅਕੈਡਮੀ ਐਵਾਰਡਜ਼ ਸਮਾਰੋਹ ਵਿੱਚ ਵੱਖ-ਵੱਖ ਕੈਟੇਗਰੀਜ਼ ਚ ਨਾਮਜ਼ਦ ਕਲਾਕਾਰ ਅਤੇ ਮਹਿਮਾਨ ਰੈੱਡ ਕਾਰਪਟ ਤੇ ਨਜ਼ਰ ਆਏ।

ਇਸ ਵਾਰ ਦੇ ਇਨ੍ਹਾਂ ਆਸਕਰ ਐਵਾਰਡਸ 'ਚ ਦਿ ਫੇਵਰੇਟ ਅਤੇ ਰੋਮਾ ਦੋਵਾਂ ਫ਼ਿਲਮਾਂ ਦੇ ਨਾਂ 10-10 ਨੋਮਿਨੇਸ਼ਨਜ਼ ਹਨ।

ਪਹਿਲੀ ਵਾਰ ਹੈ ਕਿ ਇਸ ਐਵਾਰਡ ਸਮਾਰੋਹ ਲਈ ਕੋਈ ਮੇਜ਼ਬਾਨ ਨਹੀਂ ਹੈ।

ਪੂਰੀ ਖ਼ਬਰ ਅਤੇ ਲਾਈਵ ਕਵਰੇਜ ਲਈ ਇੱਥੇ ਕਲਿੱਕ ਕਰੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)