You’re viewing a text-only version of this website that uses less data. View the main version of the website including all images and videos.
ਸੜਕੀ ਨਿਯਮਾਂ ਦੀ ਉਲੰਘਣਾ ਹੁਣ ਪੈ ਸਕਦੀ ਹੈ ਤੁਹਾਡੀ ਜੇਬ 'ਤੇ ਭਾਰੀ
ਆਵਾਜਾਈ ਦੇ ਨਿਯਮਾਂ ਦੀ ਉਲੰਘਣਾ 'ਤੇ ਭਾਰੀ ਜੁਰਮਾਨੇ ਲਗਾ ਕੇ ਦੇਸ ਦੀਆਂ ਸੜਕਾਂ ਨੂੰ ਸੁਰੱਖਿਅਤ ਕਰਨ ਦੇ ਮਕਸਦ ਨਾਲ ਰਾਜ ਸਭਾ ਨੇ ਸੋਮਵਾਰ ਨੂੰ ਮੋਟਰ ਵੀਹਕਲ ਬਿੱਲ (ਸੋਧਿਆ) 2019 ਪਾਸ ਕਰ ਦਿੱਤਾ ਹੈ।
ਇਸ ਨਵੇਂ ਬਿੱਲ ਤਹਿਤ ਹੁਣ ਜਿਹੜੇ ਜੁਰਮਾਨੇ ਸੈਂਕੜਿਆਂ 'ਚ ਹੁੰਦੇ ਸਨ ਉਹ ਹਜ਼ਾਰਾਂ ਰੁਪਏ ਦੇਣੇ ਪੈ ਸਕਦੇ ਹਨ।
ਆਓ ਇੱਕ ਝਾਤ ਮਾਰਦੇ ਹਾਂ ਨਵੇਂ ਨਿਯਮਾਂ 'ਤੇ, ਜੋ ਤੁਹਾਨੂੰ ਪਤਾ ਹੋਣ ਜ਼ਰੂਰੀ ਹਨ-
- ਜੇਕਰ ਤੁਸੀਂ ਬਿਨਾਂ ਲਾਈਸੈਂਸ ਦੇ ਗੱਡੀ ਚਲਾਉਂਦੇ ਫੜੇ ਗਏ ਤਾਂ ਹੁਣ 500 ਨਹੀਂ ਬਲਕਿ 5000 ਰੁਪਏ ਦੇਣੇ ਪੈਣਗੇ ਅਤੇ ਇਸ ਦੇ ਨਾਲ ਓਵਰ-ਸਪੀਡ ਲਈ ਜੁਰਮਾਨਾ ਇੱਕ ਹਜ਼ਾਰ ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਗਿਆ ਹੈ
- ਹੁਣ ਹੈਲਮੇਟ ਨਾ ਪਾਉਣ ਲਈ 100 ਰੁਪਏ ਨਹੀਂ ਸਗੋਂ ਇੱਕ ਹਜ਼ਾਰ ਰੁਪਏ ਦਾ ਚਾਲਾਨ ਦੀ ਤਜਵੀਜ਼ ਹੈ ਜਾਂ ਫਿਰ 3 ਮਹੀਨਿਆਂ ਲਈ ਤੁਹਾਡਾ ਡਰਾਈਵਿੰਗ ਲਾਈਸੈਂਸ ਅਯੋਗ ਕਰਾਰ ਦੇ ਦਿੱਤਾ ਜਾਵੇਗਾ।
- ਸ਼ਰਾਬ ਪੀ ਕੇ ਗੱਡੀ ਚਲਾਉਣ 'ਤੇ 2 ਹਜ਼ਾਰ ਨਹੀਂ, ਸਿੱਧਾ 10 ਹਜ਼ਾਰ ਦਾ ਹਰਜਾਨਾ ਭੁਗਤਣਾ ਪੈਣਾ ਹੁਣ ਤੇ ਖ਼ਰਾਬ ਡਰਾਈਵਿੰਗ ਲਈ ਚਾਲਾਨ 1000 ਤੋਂ ਵਧਾ ਕੇ 5000 ਰੁਪਏ ਕਰ ਦਿੱਤਾ ਗਿਆ ਹੈ।
- ਸੀਟ ਬੈਲਟ ਨਾ ਲਗਾਉਣ 'ਤੇ 100 ਤੋਂ ਵਧਾ ਕੇ ਇੱਕ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਗਿਆ ਹੈ ਅਤੇ ਡਰਾਈਵਿੰਗ ਕਰਦਿਆਂ ਮੌਬਾਈਲ ਫੋਨ ਦੀ ਵਰਤੋਂ 'ਤੇ ਕਟਾਉਣਾ ਪਵੇਗਾ 5000 ਰੁਪਏ ਦਾ ਚਾਲਾਨ।
- ਹਿੱਟ ਐਂਡ ਰਨ ਮਾਮਲਿਆਂ 'ਚ ਮੌਤ ਹੋਣ ’ਤੇ ਪੀੜਤ ਦੇ ਪਰਿਵਾਰ ਨੂੰ ਸਰਕਾਰ ਵੱਲੋਂ 2 ਲੱਖ ਰੁਪਏ ਜਾਂ ਉਸ ਤੋਂ ਵੱਧ ਦਾ ਮੁਆਵਜ਼ਾ ਦਿੱਤਾ ਜਾਵੇਗਾ, ਜੋ ਕਿ ਪਹਿਲਾਂ 25 ਹਜ਼ਾਰ ਰੁਪਏ ਸੀ।
- ਨਾਬਾਲਗ਼ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੌਰਾਨ ਮਾਪੇ ਜਾਂ ਗੱਡੀ ਦੇ ਮਾਲਕ ਨੂੰ ਉਦੋਂ ਤੱਕ ਜ਼ਿੰਮੇਵਾਰ ਮੰਨਿਆ ਜਾਵੇਗਾ ਜਦੋਂ ਤੱਕ ਉਹ ਇਹ ਨਹੀਂ ਸਾਬਿਤ ਕਰ ਦਿੱਤੇ ਕਿ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਨਾਬਾਲਗ ਗੱਡੀ ਚਲਾ ਰਿਹਾ ਸੀ।
- ਸੜਕ ਹਾਦਸੇ ਦੌਰਾਨ ਜੇਕਰ ਕੋਈ ਪੀੜਤ ਦੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਉਸ ਨੂੰ ਸਿਵਿਲ ਅਤੇ ਅਧਰਾਧਿਕ ਦੇਣਦਾਰੀਆਂ ਤੋਂ ਸੁਰੱਖਿਅਤ ਕੀਤਾ ਜਾਵੇਗਾ। ਉਹ ਚਾਹੁਣ ਤਾਂ ਪੁਲਿਸ ਅਤੇ ਮੈਡੀਕਲ ਅਧਿਕਾਰੀਆਂ ਸਾਹਮਣੇ ਆਪਣੀ ਪਛਾਣ ਗੁਪਤ ਰੱਖ ਸਕਦੇ ਹਨ।
- ਡਰਾਈਵਿੰਗ ਲਾਈਸੈਂਸ ਨੂੰ ਰਿਨਿਊ ਕਰਵਾਉਣ ਦੀ ਸਮਾਂ-ਸੀਮਾ ਵਧਾ ਦਿੱਤੀ ਹੈ ਜਿਸ ਦੇ ਤਹਿਤ ਹੁਣ ਇਸ ਦੇ ਖ਼ਤਮ ਹੋਣ ਤੋਂ ਪਹਿਲਾਂ ਇੱਕ ਸਾਲ ਦੇ ਅੰਦਰ ਬਣਵਾਇਆ ਜਾ ਸਕੇਗਾ।
ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਮੁਤਾਬਕ ਦੇਸ ਵਿੱਚ ਹਰ ਸਾਲ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ 'ਚ ਕਰੀਬ 1,50,000 ਲੋਕਾਂ ਦੀ ਮੌਤ ਹੁੰਦੀ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਬਿੱਲ ਦੇ ਪ੍ਰਵਾਧਾਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ ਤਾਂ ਇਹ ਅੰਕੜਾ 50 ਫੀਸਦ ਘੱਟ ਸਕਦਾ ਹੈ।