ਜ਼ੋਮੈਟੋ ਨੂੰ ਕਿਉਂ ਦੇਣਾ ਪਿਆ ਇਹ ਬਿਆਨ : 'ਖਾਣੇ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਖਾਣਾ ਖ਼ੁਦ ਇੱਕ ਧਰਮ ਹੈ'

ਫੂ਼ਡ ਡਿਲਵਰੀ ਐਪ ਜ਼ੋਮੈਟੋ ਨੇ ਟਵਿੱਟਰ 'ਤੇ ਇੱਕ ਬਿਆਨ ਸਾਂਝਾ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ 'ਖਾਣੇ ਦਾ ਕੋਈ ਧਰਮ ਨਹੀਂ ਹੁੰਦਾ ਸਗੋਂ ਖਾਣਾ ਖ਼ੁਦ ਇੱਕ ਧਰਮ ਹੈ।'

ਜ਼ੋਮੈਟੋ ਵੱਲੋਂ ਇਹ ਬਿਆਨ ਉਸ ਵੇਲੇ ਦਿੱਤਾ ਗਿਆ ਹੈ ਜਦੋਂ ਇੱਕ ਗਾਹਕ ਵੱਲੋਂ ਉਨ੍ਹਾਂ ਦੇ ਡਿਲਵਰੀ ਬੁਆਏ (ਯਾਨਿ ਕਿ ਖਾਣਾ ਡਿਲਵਰ ਕਰਨ ਵਾਲੇ) ਤੋਂ ਆਰਡਰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਅਮਿਤ ਸ਼ੁਕਲ ਨੇ ਟਵਿੱਟਰ 'ਤੇ ਲਿਖਿਆ,''ਮੈਂ ਜ਼ੋਮੈਟੋ ਦਾ ਆਰਡਰ ਕੈਂਸਲ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਜਿਸ ਡਿਲਵਰੀ ਨੂੰ ਬੁਆਏ ਨੂੰ ਆਰਡਰ ਦੇਣ ਲਈ ਭੇਜਿਆ ਉਹ ਗ਼ੈਰ-ਹਿੰਦੂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਰਾਈਡਰ ਨੂੰ ਨਹੀਂ ਬਦਲ ਸਕਦੇ ਅਤੇ ਨਾ ਹੀ ਕੈਂਸਲ ਕੀਤੇ ਗਏ ਆਰਡਰ ਦੇ ਪੈਸੇ ਵਾਪਸ ਕਰ ਸਕਦੇ ਹਨ। ਮੈਂ ਕਿਹਾ ਕਿ ਤੁਸੀਂ ਮੇਰੇ 'ਤੇ ਆਰਡਰ ਲੈਣ ਲਈ ਦਬਾਅ ਨਹੀਂ ਬਣਾ ਸਕਦੇ। ਮੈਨੂੰ ਪੈਸੇ ਵੀ ਨਹੀਂ ਚਾਹੀਦੇ ਸਿਰਫ਼ ਮੇਰਾ ਆਰਡਰ ਕੈਂਸਲ ਕਰ ਦਿਓ।''

ਇਹ ਵੀ ਪੜ੍ਹੋ:

ਅਮਿਤ ਸ਼ੁਕਲ ਵੱਲੋਂ ਕੀਤੇ ਇਸ ਟਵੀਟ ਅਤੇ ਜ਼ੋਮੈਟੋ ਵੱਲੋਂ ਦਿੱਤੇ ਬਿਆਨ 'ਤੇ ਟਵਿੱਟਰ ਉੱਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਟਵਿੱਟਰ ਯੂਜ਼ਰ @beingtulshi ਲਿਖਦੇ ਹਨ,''ਤੁਸੀਂ ਅਸਲ ਵਿੱਚ ਕੋਈ ਖਾਣੇ ਦਾ ਆਰਡਰ ਨਹੀਂ ਕੈਂਸਲ ਕਰਨਾ ਚਾਹੁੰਦੇ ਸੀ ਤੁਸੀਂ ਸਿਰਫ਼ ਦੇਸ ਵਿੱਚ ਚੱਲ ਰਹੇ ਹਿੰਦੂ-ਮੁਸਲਮਾਨ ਵਿਵਾਦ ਨੂੰ ਹਵਾ ਦੇਣਾ ਚਾਹੁੰਦੇ ਸੀ। ਤੁਹਾਨੂੰ ਇਸ ਲਈ ਸ਼ਰਮ ਆਉਣੀ ਚਾਹੀਦੀ ਹੈ।''

ਟਵਿੱਟਰ ਯੂਜ਼ਰ ਸਿੰਧੂ ਨੈਰ ਨੇ ਲਿਖਿਆ ਕਿ ਤੁਹਾਡੇ ਵਰਗੇ ਲੋਕਾਂ ਨੇ ਹਿੰਦੂਆਂ ਦੇ ਨਾਮ ਨੂੰ ਖ਼ਰਾਬ ਕੀਤਾ ਹੋਇਆ ਹੈ।

ਟਵਿੱਟਰ ਯੂਜ਼ਰ ਰਕਸ਼ਿਤ ਤਿਵਾਰੀ ਅਮਿਤ ਸ਼ੁਕਲ ਦੇ ਇਸ ਕਦਮ ਦੀ ਤਾਰੀਫ਼ ਕਰ ਰਹੇ ਹਨ।

ਘਣਸ਼ਾਮ ਮੀਰਵਾਲ ਲਿਖਦੇ ਹਨ ਲਿਖਦੇ ਹਨ ਕਿ ਤੁਸੀਂ ਸਿਰਫ਼ ਨਫ਼ਰਤ ਫੈਲਾ ਰਹੇ ਹੋ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਿੰਦੂ ਵੀ 'ਨਾਨ ਵੈਜ' ਖਾਂਦੇ ਹਨ।

ਟਵਿੱਟਰ ਯੂਜ਼ਰ ਵਰੁਣ ਜ਼ੋਮੈਟੋ ਦੀ ਤਾਰੀਫ਼ ਕਰਦੇ ਹਨ ਤੇ ਅਮਿਤ ਸ਼ੁਕਲ ਲਈ ਲਿਖਦੇ ਹਨ ਕਿ ਕਿਰਪਾ ਕਰਕੇ ਸਾਡੇ ਦੇਸ ਨੂੰ ਖ਼ਰਾਬ ਨਾ ਕਰੋ। ਜੇਕਰ ਤੁਸੀਂ ਐਨੇ ਹੀ ਸ਼ਰਵਨ ਕੁੱਕ ਹਾਂ ਤਾਂ ਫਿਰ ਬਾਹਰੋਂ ਖਾਣਾ ਹੀ ਕਿਉਂ ਮੰਗਵਾ ਰਹੇ ਹੋ।

ਟਵਿੱਟਰ ਯੂਜ਼ਰ ਅੰਕਿਤ ਸ਼ਰਮਾ ਜ਼ੋਮੈਟੋ ਦੀ ਪ੍ਰਤੀਕਿਰਿਆ ਹੇਠਾਂ ਲਿਖਦੇ ਹਨ,''ਜੇਕਰ ਡਿਲਵਰੀ ਬੁਆਏ ਮੁਸਲਮਾਨ ਹੋਇਆ ਤਾਂ ਮੈਂ ਵੀ ਆਪਣਾ ਆਰਡਰ ਕੈਂਸਲ ਕਰ ਦਿਆਂਗਾ। ਇਨ੍ਹਾਂ ਜਿਹਾਦੀਆਂ 'ਤੇ ਭਰੋਸਾ ਨਹੀਂ ਕਰ ਸਕਦੇ।''

ਖਾਣਾ ਖਾਂਦੇ ਡਿਲਵਰੀ ਬੁਆਏ ਦਾ ਵੀਡੀਓ ਵੀ ਹੋਇਆ ਸੀ ਵਾਇਰਲ

ਪਿਛਲੇ ਸਾਲ ਦਸੰਬਰ ਮਹੀਨੇ ਕਿਸੇ ਗਾਹਕ ਨੂੰ ਖਾਣਾ ਦੇਣ ਜਾਂਦਿਆਂ ਫੂਡ ਡਲਿਵਰੀ ਐਪ ਜ਼ੋਮੈਟੋ ਦੇ ਇੱਕ ਕਰਮੀ ਨੇ ਰਸਤੇ 'ਚ ਡੱਬਾ ਖੋਲ੍ਹ ਕੇ ਥੋੜ੍ਹਾ ਜਿਹਾ ਖਾਣਾ ਖਾਧਾ ਤਾਂ ਉਸਦਾ ਵੀਡੀਓ ਵਾਇਰਲ ਹੋ ਗਿਆ ਸੀ।

ਜ਼ੋਮੈਟੋ ਨੇ ਉਸ ਆਦਮੀ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਉਸਦੀ ਇੰਟਰਨੈੱਟ ਉੱਪਰ ਭਖਵੀਂ ਚਰਚਾ ਵੀ ਹੋਈ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)