ਜੈ ਸ਼੍ਰੀ ਰਾਮ: ਸਵਾਗਤ ਦੇ ਬੋਲਾਂ ਤੋਂ ਕਾਤਲ ਨਾਅਰਾ ਕਿਵੇਂ ਬਣ ਰਿਹਾ ਹੈ

ਭਾਰਤ ਦੇ ਬਹੁਤ ਸਾਰੇ ਖੇਤਰਾਂ ਵਿੱਚ ਹਿੰਦੂ ਲੋਕ ਇੱਕ ਦੂਸਰੇ ਨੂੰ ਮਿਲਣ ਵਿੱਛੜਨ ਸਮੇਂ ਜੈ ਸ਼੍ਰੀਰਾਮ ਕਹਿੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਸਥਿਤੀ ਬਦਲ ਗਈ ਹੈ ਤੇ ਹੁਣ ਰਾਮ ਨਾਮ ਇੱਕ ਕਾਤਲ ਨਾਅਰਾ ਬਣ ਗਿਆ ਹੈ। ਬੀਬੀਸੀ ਪੱਤਰਕਾਰ ਗੀਤਾ ਪਾਂਡੇ ਦਾ ਨਜ਼ਰੀਆ।

ਪਿਛਲੇ ਮਹੀਨੇ ਸੋਸ਼ਲ-ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਡਰਿਆ ਹੋਇਆ ਮੁਸਲਮਾਨ ਨੌਜਵਾਨ ਬਿਜਲੀ ਦੇ ਖੰਬੇ ਨਾਲ ਬੰਨ੍ਹ ਕੇ ਬਿਠਾਇਆ ਹੋਇਆ ਹੈ।

ਝਾਰਖੰਡ ਦੀ ਉਸ ਵੀਡੀਓ ਵਿੱਚ ਨੌਜਵਾਨ ਨੂੰ ਹਿੰਦੂ ਪੁਰਸ਼ਾਂ ਦੀ ਇੱਕ ਕਾਤਲ ਭੀੜ ਨੇ ਘੇਰਿਆ ਹੋਇਆ ਹੈ।

ਵੀਡੀਓ ਵਿੱਚ 24 ਸਾਲਾਂ ਦਾ ਤਬਰੇਜ਼ ਅਨਸਾਰੀ ਆਪਣੀ ਜਾਣ ਬਖ਼ਸ਼ਣ ਲਈ ਮਿੰਨਤਾਂ ਕਰ ਰਿਹਾ ਹੈ ਤੇ ਉਸਦੇ ਮੂੰਹ ਤੇ ਸਿਰ ਵਿੱਚ ਖੂਨ ਵਹਿ ਰਿਹਾ ਹੈ।

ਹਮਲਾਵਰ ਵਾਰ-ਵਾਰ ਉਸ ਨੂੰ ਜੈ ਸ਼੍ਰੀ ਰਾਮ ਕਹਿਣ ਲਈ ਧਮਕਾਉਂਦੇ ਹਨ। ਅਮਸਾਰੀ ਨੇ ਅਜਿਹਾ ਕਰ ਵੀ ਦਿੱਤਾ।

ਇਹ ਵੀ ਪੜ੍ਹੋ:

ਜਦੋਂ ਅਨਸਾਰੀ ਤੋਂ ਭੀੜ ਦਾ ਮਨ ਭਰ ਗਿਆ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਪੁਲਿਸ ਨੇ ਉਸ ਨੂੰ ਹਵਾਲਾਤ ਵਿੱਚ ਨਜ਼ਰਬੰਦ ਕਰ ਦਿੱਤਾ ਜਿੱਥੇ ਉਸਦੇ ਪਰਿਵਾਰ ਨੂੰ ਵੀ ਉਸ ਨਾਲ ਮਿਲਣ ਨਹੀਂ ਦਿੱਤਾ। ਚਾਰ ਦਿਨਾਂ ਬਾਅਦ ਅਨਸਾਰੀ ਗੁੱਝੀਆਂ ਸੱਟਾਂ ਦੀ ਮਾਰ ਨਾ ਝਲਦਾ ਹੋਇਆ ਮਰ ਗਿਆ।

ਅਨਸਾਰੀ ਕੋਈ ਇਕੱਲਾ ਵਿਅਕਤੀ ਨਹੀਂ ਸੀ ਜਿਸ ਨੂੰ ਭੀੜ ਨੇ ਵੱਖਰਿਆਂ ਕਰਕੇ ਨਿਸ਼ਾਨਾ ਬਣਾਇਆ ਹੋਵੇ।

ਜੂਨ ਦਾ ਪੂਰਾ ਮਹੀਨਾ ਹੀ ਭਾਰਤੀ ਮੁਸਲਮਾਨਾਂ ਲਈ ਖ਼ੌਫ ਦਾ ਭਰਿਆ ਹੋਇਆ ਸੀ।

ਜੂਨ ਦੇ ਮਹੀਨੇ ਵਿੱਚ ਮੁਸਲਮਾਨਾਂ ਨੂੰ ਕਈ ਥਾਈਂ ਫਿਰਕੂ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ।

ਅਸਾਮ ਦੇ ਬਾਰਪੇਟਾ ਜ਼ਿਲ੍ਹੇ ਵਿੱਚ ਨੌਜਵਾਨਾਂ ਦੇ ਇੱਕ ਸਮੂਹ ਨੂੰ ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾ ਰਹੀ ਭੀੜ ਨੇ ਆਪਣਾ ਨਿਸ਼ਾਨਾ ਬਣਾਇਆ। ਭੀੜ ਨੇ ਉਨ੍ਹਾਂ ਮੁੰਡਿਆਂ ਤੋਂ ਵੀ ਇਹੀ ਨਾਅਰੇ ਲਵਾਏ।

ਇਹ ਵੀ ਪੜ੍ਹੋ:

ਵਪਾਰਕ ਰਾਜਧਾਨੀ ਵਿੱਚ 25 ਸਾਲਾ ਟੈਕਸੀ ਡਰਾਇਵਰ ਨੂੰ ਨਿਸ਼ਾਨਾ ਬਣਾਇਆ। ਉਸ ਨੂੰ ਵੀ ਭੀੜ ਨੇ ਕੁੱਟ ਕੇ ਜੈ ਸ਼੍ਰੀ ਰਾਮ ਦੇ ਨਾਅਰੇ ਲਵਾਏ।

ਡਰਾਇਵਰ ਫੈਜ਼ਲ ਉਸਮਾਨ ਖ਼ਾਨ ਨੇ ਦੱਸਿਆ ਕਿ ਉਸ ਦੀ ਟੈਕਸੀ ਖ਼ਰਾਬ ਹੋ ਗਈ ਸੀ ਜਦੋਂ ਉਹ ਆਪਣੀ ਟੈਕਸੀ ਠੀਕ ਕਰ ਰਹੇ ਸਨ ਤਾਂ ਭੀੜ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਜਦੋਂ ਇੱਕ ਸਵਾਰੀ ਨੇ ਪੁਲਿਸ ਸੱਦ ਲਈ ਤਾਂ ਹਮਲਾਵਰ ਭੱਜ ਗਏ।

ਫਿਰ ਕੋਲਕੱਤਾ ਵਿੱਚ 26 ਸਾਲਾ ਮੁਸਲਮਾਨ ਅਧਿਆਪਕ ਹਾਫ਼ਿਜ਼ ਮੁਹੰਮਦ ਸ਼ਾਹਰੁਖ਼ ਹਲਦਰ, ਜੋ ਕਿ ਮਦੱਰਸੇ ਵਿੱਚ ਪੜ੍ਹਾਉਂਦੇ ਹਨ, ਨੂੰ ਰੇਲ ਗੱਡੀ ਵਿੱਚ ਸਫ਼ਰ ਦੌਰਾਨ ਨਿਸ਼ਾਨਾ ਬਣਾਇਆ ਗਿਆ।

ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭੀੜ ਨੇ ਉਸਦੇ ਪਹਿਰਾਵੇ ਅਤੇ ਦਾੜੀ ਦਾ ਮਜ਼ਾਕ ਉਡਾਇਆ ਅਤੇ ਫਿਰ ਨਾਅਰੇ ਲਾਉਣ ਨੂੰ ਕਿਹਾ। ਮਨ੍ਹਾਂ ਕਰਨ ਤੇ ਉਸ ਨੂੰ ਚਲਦੀ ਰੇਲ ਗੱਡੀ ਵਿੱਚੋਂ ਧੱਕਾ ਦੇ ਦਿੱਤਾ ਗਿਆ। ਹਲਦਰ ਦੇ ਸੱਟਾਂ ਆਈਆਂ ਪਰ ਉਹ ਆਪਣੀ ਕਹਾਣੀ ਦੱਸਣ ਲਈ ਬਚ ਗਿਆ।

ਨਾਅਰੇ ਮਾਰਨੇ ਤੇ ਧੱਕੇਸ਼ਾਹੀ ਹੁਣ ਸਿਰਫ ਸੜਕਾਂ ਤੇ ਭੀੜ ਤੱਕ ਹੀ ਸੀਮਤ ਨਹੀਂ ਰਿਹਾ ਸਗੋਂ ਪਾਰਲੀਮੈਂਟ ਵਿੱਚ ਵੀ ਪਹੁੰਚ ਗਈ ਹੈ।

'ਮਨੁੱਖਤਾ 'ਤੇ ਧੱਬਾ'

ਜਦੋਂ ਨਵੀਂ ਲੋਕ ਸਭਾ 17 ਜੂਨ ਨੂੰ ਪਹਿਲੀ ਵਾਰ ਜੁੜੀ ਤਾਂ ਵਿਰੋਧੀ ਧਿਰ ਦੇ ਮੁਸਲਮਾਨ ਲੋਕ ਸਭਾ ਮੈਂਬਰਾਂ ਨੂੰ ਭਾਜਪਾ ਵਾਲਿਆਂ ਨੇ ਵਰਗਲਾਇਆ, ਉਨ੍ਹਾਂ ਦੇ ਸਹੁੰ ਚੁੱਕਣ ਵਿੱਚ ਵਿਘਨ ਪਾਇਆ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਭੀੜ ਵੱਲੋਂ ਕੀਤੇ ਜਾ ਰਹੇ ਕਤਲਾਂ ਨੂੰ 'ਮਨੁੱਖਤਾ 'ਤੇ ਧੱਬਾ' ਦੱਸਿਆ ਸੀ।

ਕਾਰਟੂਨਿਸਟ ਸਤੀਸ਼ ਆਚਾਰਿਆ ਸਮੇਤ ਕਈ ਆਲੋਚਕਾਂ ਨੇ ਅਜਿਹੀਆਂ ਘਟਨਾਵਾਂ ਦੇ ਵਧਣ 'ਤੇ ਚਿੰਤਾ ਜ਼ਾਹਰ ਕੀਤੀ ਹੈ।

ਉੱਤਰੀ ਭਾਰਤ ਦੇ ਪਿੰਡਾਂ ਵਿੱਚ ਹਿੰਦੂ ਲੋਕ "ਜੈ ਸ਼੍ਰੀ ਰਾਮ" ਤੇ "ਜੈ ਸ਼੍ਰੀ ਸੀਆ ਰਾਮ" ਇੱਕ ਦੂਸਰੇ ਨੂੰ ਮਿਲਣ ਸਮੇਂ ਕਹਿੰਦੇ ਹਨ।

ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਖਾ ਰਹੀ ਹੈ ਕਿ ਇਹ ਸਾਰੇ ਹਮਲੇ ਤੇ ਕਤਲ ਉਸ ਦੇਵਤੇ ਦੇ ਨਾਂ ਤੇ ਕੀਤੇ ਜਾ ਰਹੇ ਹਨ ਜਿਸ ਨੂੰ ਨਿਆਂ ਤੇ ਸਹਿਣਸ਼ੀਲਤਾ ਲਈ ਜਾਣਿਆ ਜਾਂਦਾ ਹੈ।

ਲਗਦਾ ਹੈ ਹੁਣ ਅਜਿਹਾ ਨਹੀਂ ਰਿਹਾ, ਹੁਣ ਜੈ ਸ਼੍ਰੀ ਰਾਮ ਦੀ ਵਰਤੋਂ ਉਨ੍ਹਾਂ ਲੋਕਾਂ ਨੂੰ ਧਮਕਾਉਣ ਲਈ ਕੀਤੀ ਜਾਂਦੀ ਹੈ ਜੋ ਹੋਰ ਧਰਮ ਦੇ ਪੈਰੋਕਾਰ ਹਨ।

ਇਹ ਬਦਲਾਅ ਸਭ ਤੋਂ ਪਹਿਲਾਂ ਅਯੁੱਧਿਆ ਵਿੱਚ 1980ਵਿਆਂ ਵਿੱਚ ਬਾਬਰੀ ਮਸੀਤ ਢਾਹ ਕੇ ਉਸ ਦੀ ਥਾਂ ਰਾਮ ਮੰਦਰ ਦੀ ਉਸਾਰੀ ਲਈ ਹਿੰਦੂ ਜਨਤਾ ਨੂੰ ਇਕਜੁੱਟ ਕਰਨ ਲਈ ਕੀਤੀ ਗਈ।

ਇਹ ਵੀ ਪੜ੍ਹੋ:

ਭਾਜਪਾ ਦੇ ਤਤਕਾਲੀ ਪ੍ਰਧਾਨ ਲਾਲ ਕ੍ਰਿਸ਼ਣ ਅਡਵਾਨੀ ਨੇ ਰਾਮ ਮੰਦਿਰ ਦੀ ਉਸਾਰੀ ਦੇ ਉਦੇਸ਼ ਨਾਲ ਅਯੁੱਧਿਆ ਤੱਕ ਰੱਥ ਯਾਤਰਾ ਕੱਢੀ ਅਤੇ ਦਸੰਬਰ 1992 ਵਿੱਚ 16ਵੀਂ ਸਦੀ ਵਿੱਚ ਬਣਾਈ ਗਈ ਮਸੀਤ ਢਾਹ ਦਿੱਤੀ ਗਈ।

ਭਾਜਪਾ ਦਾ ਮੰਨਣਾ ਹੈ ਕਿ ਮਸੀਤ ਰਾਮ ਮੰਦਰ ਢਾਹ ਕੇ ਬਣਾਈ ਗਈ ਸੀ।

ਉਸ ਸਮੇਂ ਤੋਂ ਭਾਜਪਾ ਲਗਾਤਾਰ ਰਾਮ ਦੀ ਵਰਤੋਂ ਵੋਟਰਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਕਰਦੀ ਆਈ ਹੈ।

2019 ਦੀਆਂ ਚੋਣਾਂ ਇਸ ਦਾ ਕੋਈ ਅਪਵਾਦ ਨਹੀਂ ਸਨ ਅਤੇ ਪਾਰਟੀ ਨੇ ਇਸੇ ਤਰ੍ਹਾਂ 543 ਮੈਂਬਰੀ ਲੋਕ ਸਭਾ ਵਿੱਚ 300 ਸੀਟਾਂ 'ਤੇ ਜਿੱਤ ਹਾਸਲ ਕੀਤੀ।

"ਸਭ ਕਾ ਸਾਥ, ਸਭ ਕਾ ਵਿਕਾਸ"

ਪ੍ਰਧਾਨ ਮੰਤਰੀ ਮੋਦੀ ਦਾ ਪਹਿਲਾ ਕਾਰਜ ਕਾਲ ਵੀ ਘੱਟ ਗਿਣਤੀਆਂ ਖ਼ਿਲਾਫ ਹਿੰਸਾ ਨਾਲ ਭਰਿਆ ਹੋਇਆ ਸੀ। ਮੁਸਲਮਾਨਾਂ ਨੂੰ ਕਥਿਤ ਗਊ ਰਾਖਿਆਂ ਨੇ ਆਪਣੀ ਹਿੰਸਾ ਦਾ ਨਿਸ਼ਾਨਾ ਬਣਾਇਆ। ਅਫ਼ਵਾਹਾਂ ਸਨ ਕਿ ਉਹ ਗਊਆਂ ਨੂੰ ਮਾਰਨ ਲਈ ਬੁੱਚੜਖਾਨੇ ਲਿਜਾ ਰਹੇ ਸਨ।

ਪ੍ਰਧਾਨ ਮੰਤਰੀ ਨੇ ਅਜਿਹੇ ਕਿਸੇ ਹਮਲੇ ਤੇ ਦੁੱਖ ਪ੍ਰਗਟ ਨਹੀਂ ਕੀਤਾ ਅਤੇ ਇਸ ਗੱਲੋਂ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਨ੍ਹਾਂ ਨੇ ਅਜਿਹੇ ਹਮਲਿਆਂ ਦੀ ਨਿੰਦਾ ਵੀ ਨਹੀਂ ਕੀਤੀ।

ਇਹ ਵੀ ਪੜ੍ਹੋ:

ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਕੇ ਮੁੜ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਨੇ ਮੁੜ, "ਸਭ ਕਾ ਸਾਥ, ਸਭ ਕਾ ਵਿਕਾਸ" ਦਾ ਨਾਅਰਾ ਦੁਹਰਾਇਆ। ਇਸ ਨਾਲ ਕੁਝ ਉਮੀਦ ਬੱਝੀ ਕਿ ਇਸ ਵਾਰ ਦੀ ਸਰਕਾਰ ਸ਼ਾਇਦ ਪਹਿਲਾਂ ਵਾਲੀ ਨਾਲੋਂ ਕੁਝ ਵੱਖਰੀ ਹੋਵੇਗੀ।

ਤਬਰੇਜ਼ ਦੇ ਕਤਲ ਤੋਂ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਸੰਸਦ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਨਾਲ ਬਹੁਤ ਦੁੱਖ ਹੋਇਆ ਹੈ ਕੇ ਕਸੂਰਵਾਰਾਂ ਨੂੰ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਹਾਲਾਂਕਿ, ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੈ ਕਿ ਉਹ ਆਪਣਾ ਵਾਅਦਾ ਪੂਰਾ ਕਰਨਗੇ।

ਸਾਲ 2014 ਤੋਂ ਬਾਅਦ ਅਜਿਹੀ ਹਿੰਸਾ ਵਿੱਚ ਭੀੜ ਵੱਲੋਂ ਕਈ ਦਰਜਨ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਜਦਕਿ ਸਜ਼ਾ ਗਿਣਤੀ ਦੇ ਮਾਮਲਿਆਂ ਵਿੱਚ ਹੀ ਕਿਸੇ ਨੂੰ ਹੋਈ ਹੈ।

ਸਰਕਾਰ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼

ਦੂਸਰੇ ਮਾਮਲਿਆਂ ਵਿੱਚ ਮੁਲਜ਼ਮ ਸਬੂਤਾਂ ਦੀ ਘਾਟ ਕਾਰਨ ਖੁੱਲ੍ਹੇ ਫਿਰਦੇ ਰਹੇ। ਕਈਆਂ ਨਾਲ ਤਾਂ ਮੋਦੀ ਦੇ ਮੰਤਰੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ।

ਭਾਜਪਾ ਅਕਸਰ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਘਟਾ ਕੇ ਦਰਸਾਉਂਦੀ ਹੈ। ਭਾਜਪਾ ਦਾ ਕਹਿਣਾ ਹੈ ਕਿ ਪ੍ਰੈੱਸ ਸਰਕਾਰ ਦਾ ਅਕਸ ਖ਼ਰਾਬ ਕਰਨ ਲਈ ਅਜਿਹੀਆਂ ਖ਼ਬਰਾਂ ਛਾਪਦੀ ਹੈ।

ਹਾਲ ਹੀ ਵਿੱਚ ਭਾਜਪਾ ਦੇ ਇੱਕ ਸੰਸਦ ਮੈਂਬਰ ਨੇ ਇੱਕ ਨਿਊਜ਼ ਵੈਬਸਾਈਟ ਨੂੰ ਦੱਸਿਆ ਕਿ ਜੈ ਸ਼੍ਰੀ ਰਾਮ ਇੱਕ "ਵਿਤਕਰੇ ਅਤੇ ਸਿਆਸਤ ਦੇ ਮੁਸਲਮਾਨਾਂ ਪੱਖੀ ਝੁਕਾਅ ਦਾ ਵਿਰੋਧ" ਹੈ।

ਇਹ ਨਾਅਰੇ ਸਾਬਤ ਕਰਦੇ ਹਨ ਕਿ ਅਸੀਂ ਹਿੰਦੂ ਹਾਂ ਤੇ ਹਿੰਦੂਆਂ

“ਇਸ ਨਾਅਰੇ ਰਾਹੀਂ ਉਹ ਇਸ ਗੱਲ ਤੇ ਵੀ ਜ਼ੋਰ ਦਿੰਦੇ ਹਨ ਕਿ ਉਹ ਹਿੰਦੂ ਹਨ ਤੇ ਸਾਡੀ ਅਹਿਮੀਅਤ ਹੈ।”

ਆਲੋਚਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੇ ਤਾਂ ਹੋਰ ਵੀ ਜ਼ਰੀਏ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)