ਕਰਨਾਟਕ 'ਚ ਕਾਂਗਰਸ-ਜੇਡੀਐੱਸ ਸਰਕਾਰ ਡਿੱਗੀ ਤਾਂ ਇਸਦੇ ਕਈ ਮਾਅਨੇ

    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਲਈ

ਕਰਨਾਟਕ 'ਚ ਜਨਤਾ ਦਲ ਸੈਕੂਲਰ (ਜੇਡੀਐੱਸ) ਅਤੇ ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਦੇ ਇੱਕ ਦਰਜਨ ਤੋਂ ਜ਼ਿਆਦਾ ਵਿਧਾਇਕਾਂ ਦੇ ਅਸਤੀਫ਼ੇ ਦੇਣ ਦੀ ਵਜ੍ਹਾ ਨਾਲ ਸੂਬਾ ਸਰਕਾਰ ਸੰਕਟ ਵਿੱਚ ਘਿਰ ਗਈ ਹੈ।

ਮੰਨਿਆ ਜਾ ਰਿਹਾ ਹੈ ਕਿ 12 ਜੁਲਾਈ ਤੋਂ ਸ਼ੁਰੂ ਹੋ ਰਹੇ ਵਿਧਾਨਸਭਾ ਸੈਸ਼ਨ ਦੌਰਾਨ ਭਾਰਤੀ ਜਨਤਾ ਪਾਰਟੀ ਕਰਨਾਟਕ ਦੀ ਕੁਮਾਰਸਵਾਮੀ ਸਰਕਾਰ ਖ਼ਿਲਾਫ਼ ਅਵਿਸ਼ਵਾਸ ਮਤਾ ਵੀ ਲਿਆ ਸਕਦੀ ਹੈ।

ਇੱਕ ਹੋਰ ਸਵਾਲ ਸਾਹਮਣੇ ਹੈ ਕਿ ਕੀ ਕਰਨਾਟਕ 'ਚ ਗੱਠਜੋੜ ਸਰਕਾਰ ਦੀ ਖ਼ਸਤਾ ਹਾਲਤ ਦੇਸ 'ਚ ਗੱਠਜੋੜ ਸਰਕਾਰਾਂ ਦੇ ਖ਼ਾਤਮੇ ਵੱਲ ਇਸ਼ਾਰਾ ਕਰ ਰਹੀ ਹੈ?

ਹਾਲ ਹੀ 'ਚ ਮੁਕੰਮਲ ਹੋਏ ਲੋਕਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਹੋਰ ਮਜ਼ਬੂਤ ਸਿਆਸੀ ਪਾਰਟੀ ਬਣ ਕੇ ਉੱਭਰੀ ਹੈ।

ਜਿਵੇਂ ਸਾਲ 1971 'ਚ ਪਾਕਿਸਤਾਨ ਨਾਲ ਲੜਾਈ ਜਿੱਤਣ ਤੋਂ ਬਾਅਦ ਸੱਤਾ ਦਾ ਕੇਂਦਰ ਇੰਦਰਾ ਗਾਂਧੀ ਹੋ ਗਏ ਸਨ, ਠੀਕ ਉਸੇ ਤਰ੍ਹਾਂ ਮੌਜੂਦਾ ਸਮੇਂ 'ਚ ਮੋਦੀ ਸੱਤਾ ਦੇ ਕੇਂਦਰ ਬਿੰਦੂ ਬਣ ਗਏ ਹਨ।

ਇੰਦਰਾ ਗਾਂਧੀ, ਲਾਲ ਬਹਾਦੁਰ ਸ਼ਾਸਤਰੀ ਦੇ ਦੇਹਾਂਤ ਤੋਂ ਬਾਅਦ ਸੱਤਾ ਵਿੱਚ ਆਏ ਸਨ ਅਤੇ ਬਹੁਤ ਘੱਟ ਸਮਾਂ ਹੀ ਲੰਘਿਆਂ ਸੀ ਕਿ ਉਨ੍ਹਾਂ ਨੂੰ 'ਗੂੰਗੀ ਗੁੜੀਆ' ਕਹਿ ਦਿੱਤਾ ਗਿਆ।

ਇਹ ਉਹ ਸਮਾਂ ਸੀ ਜਦੋਂ ਕਾਂਗਰਸ ਪਾਰਟੀ ਬਹੁਤ ਕਮਜ਼ੋਰ ਨਜ਼ਰ ਆ ਰਹੀ ਸੀ ਅਤੇ ਸਾਲ 1967 ਵਿੱਚ ਭਾਰਤ 'ਚ ਗੱਠਜੋੜ ਦੀ ਸਿਆਸਤ ਦੀ ਸ਼ੁਰੂਆਤ ਵੀ ਹੋਈ।

ਇਹ ਵੀ ਪੜ੍ਹੋ:

ਇਸਦੇ ਨਤੀਜੇ ਇਹ ਨਿਕਲਿਆ ਕਿ ਸੰਯੁਕਤ ਵਿਧਾਇਕ ਦਲ (ਐੱਸਵੀਡੀ) ਸਰਕਾਰ ਦਾ ਆਗਾਜ਼ ਹੋਇਆ ਜੋ ਭਾਰਤੀ ਕ੍ਰਾਂਤੀ ਦਲ, ਸੰਯੁਕਤ ਸੋਸ਼ਲਿਸਟ ਪਾਰਟੀ, ਪ੍ਰਜਾ ਸੋਸ਼ਲਿਸਟ ਪਾਰਟੀ ਅਤੇ ਭਾਰਤੀ ਜਨ ਸੰਘ (ਭਾਰਤੀ ਜਨ ਸੰਘ ਤੋਂ ਹੀ ਅੱਗੇ ਚੱਲ ਕੇ ਭਾਰਤੀ ਜਨਤਾ ਪਾਰਟੀ ਦਾ ਨਿਰਮਾਣ ਹੋਇਆ) ਦਾ ਗੱਠਜੋੜ ਸੀ।

ਪਰ ਜਦੋਂ ਉਨ੍ਹਾਂ ਨੇ ਪਾਕਿਸਤਾਨ ਦੇ ਦੋ ਹਿੱਸੇ ਕਰਕੇ ਬੰਗਲਾਦੇਸ਼ ਬਣਾਇਆ ਤਾਂ ਇੰਦਰਾ ਗਾਂਧੀ ਨੇ ਨਾ ਸਿਰਫ਼ ਬਹੁਮਤ ਦੇ ਨਾਲ ਦੇਸ ਦੀ ਕੇਂਦਰੀ ਸੱਤਾ ਨੂੰ ਹਾਸਿਲ ਕੀਤਾ ਸਗੋਂ ਵੱਖ-ਵੱਖ ਸੂਬਿਆਂ 'ਚ ਮੌਜੂਦਾ ਗੱਠਜੋੜ ਦੀਆਂ ਸਰਕਾਰਾਂ ਨੂੰ ਵੀ ਧਰਾਸ਼ਾਈ ਕਰਨ ਦਾ ਕੰਮ ਕੀਤਾ।

ਸੰਯੁਕਤ ਵਿਧਾਇਕ ਦਲ ਦੀਆਂ ਸਰਕਾਰਾਂ ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਪੰਜਾਬ, ਪੱਛਮ ਬੰਗਾਲ, ਓਡੀਸ਼ਾ, ਤਮਿਲਨਾਡੂ ਅਤੇ ਕੇਰਲ ਵਿੱਚ ਡਿੱਗ ਗਈਆਂ।

ਕੇਰਲ ਨੂੰ ਛੱਡ ਕੇ ਪੱਛਮ ਬੰਗਾਲ 'ਚ ਕਮਿਊਨਿਸਟ ਪਾਰਟੀ ਦੀ ਸਥਿਤੀ ਮਜ਼ਬੂਤ ਸੀ। ਉਧਰ ਤਮਿਲਨਾਡੂ 'ਚ ਦ੍ਰਵਿੜ ਪਾਰਟੀਆਂ ਦਾ ਸ਼ਾਸਨ ਬਣਿਆ ਰਿਹਾ।

ਗੱਠਜੋੜ ਦੀਆਂ ਸਰਕਾਰਾਂ ਬਣਨ ਦਾ ਦੂਜਾ ਪੜਾਅ 1989 'ਚ ਸ਼ੁਰੂ ਹੋਇਆ। ਇਹ ਉਹ ਸਮਾਂ ਸੀ ਜਦੋਂ ਕਈ ਗੱਠਜੋੜ ਪਾਰਟੀਆਂ ਦਾ ਆਗਾਜ਼ ਹੋਇਆ।

ਇਨ੍ਹਾਂ ਪਾਰਟੀਆਂ ਨੇ ਨਾ ਸਿਰਫ਼ ਸੂਬਾ ਪੱਧਰ 'ਤੇ ਸੱਤਾ ਦਾ ਸਵਾਦ ਲਿਆ ਸਗੋਂ ਕੇਂਦਰੀ ਪੱਧਰ 'ਤੇ ਵੀ ਸੱਤਾ 'ਚ ਰਹੀਆਂ।

1989 ਤੋਂ ਸ਼ੁਰੂ ਹੋਇਆ ਗੱਠਜੋੜ ਦਾ ਇਹ ਦੌਰ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੇ ਬਣਨ ਤੱਕ ਰਿਹਾ ਜਿਸ ਨੇ ਸਾਲ 2004 ਅਤੇ 2009 'ਚ ਕੇਂਦਰੀ ਪੱਧਰ 'ਤੇ ਦੋ ਸਫ਼ਲ ਕਾਰਜਕਾਲ ਪੂਰੇ ਕੀਤੇ।

ਇਹ ਸਿਲਸਿਲਾ ਮੋਦੀ ਸਰਕਾਰ ਦੇ ਸਾਲ 2014 'ਚ ਜਿੱਤ ਤੱਕ ਵੀ ਬਣਿਆ ਰਿਹਾ ਅਤੇ ਹੁਣ ਤਾਂ ਹਾਲ ਹੀ ਵਿੱਚ ਹੋਈਆਂ ਚੋਣਾਂ 'ਚ ਉਨ੍ਹਾਂ ਨੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਿਆ ਹੈ।

ਮਈ ਵਿੱਚ ਹੋਈਆਂ ਚੋਣਾਂ ਤੋਂ ਇੱਕ ਸਾਲ ਪਹਿਲਾਂ ਜਦੋਂ ਭਾਜਪਾ ਕਰਨਾਟਕ ਵਿਧਾਨਸਭਾ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਤਾਂ ਕਾਂਗਰਸ ਨੇ ਭਾਜਪਾ ਦੇ ਕਾਂਗਰਸ ਮੁਕਤ ਭਾਰਤ ਮੁੰਹਿਮ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ।

ਇਸਦਾ ਨਤੀਜਾ ਇਹ ਹੋਇਆ ਕਿ ਕਾਂਗਰਸ ਪਾਰਟੀ ਨੇ ਕੁਝ ਅਜਿਹੇ ਫ਼ੈਸਲੇ ਲਏ ਜਿਸ ਉੱਤੇ ਯਕੀਨ ਕਰਨਾ ਮੁਸ਼ਕਿਲ ਸੀ, ਮਸਲਨ ਪਾਰਟੀ ਨੇ ਜੇਡੀਐੱਸ ਦੇ ਐੱਚਡੀ ਕੁਮਾਰਾਸਵਾਮੀ ਨੂੰ ਮੁੱਖ ਮੰਤਰੀ ਅਹੁਦੇ ਦਾ ਪ੍ਰਸਤਾਵ ਦੇ ਦਿੱਤਾ।

ਚੋਣਾਂ ਵਿੱਚ ਭਾਵੇਂ ਜੇਡੀਐੱਸ ਨੇ 37 ਸੀਟਾਂ ਜਿੱਤੀਆਂ ਅਤੇ ਇਹ ਕਾਂਗਰਸ ਦੀਆਂ ਜਿੱਤੀਆਂ ਸੀਟਾਂ ਨਾਲੋਂ ਸ਼ਾਇਦ ਅੱਧੀਆਂ ਹੀ ਸਨ ਪਰ ਕਾਂਗਰਸ ਨੇ ਮੁੱਖ ਮੰਤਰੀ ਦੀ ਕੁਰਸੀ ਦਾ ਪ੍ਰਸਤਾਵ ਦੇ ਦਿੱਤਾ।

ਇਹ ਫ਼ੈਸਲਾ ਹੈਰਾਨ ਕਰਨ ਵਾਲਾ ਸੀ ਕਿਉਂਕਿ ਇਹ ਉਹੀ ਦੋ ਪਾਰਟੀਆਂ ਸਨ ਜੋ ਸਾਲਾਂ ਤੋਂ ਦੱਖਣ ਕਰਨਾਟਕ ਵਿੱਚ ਇੱਕ-ਦੂਜੇ ਦੀਆਂ 'ਦੁਸ਼ਮਣ' ਸਨ।

ਇਹ ਵੀ ਪੜ੍ਹੋ:

ਕਰਨਾਟਕ 'ਚ ਇਸ ਗੱਠਜੋੜ ਸਰਕਾਰ ਨੂੰ ਬਣੇ ਅਜੇ 14 ਮਹੀਨੇ ਹੀ ਹੋਏ ਹਨ ਅਤੇ ਜਿਵੇਂ ਦੀ ਹੁਣ ਉਸ ਦੀ ਸਥਿਤੀ ਹੈ ਉਸਨੂੰ ਦੇਖ ਕੇ ਤਾਂ ਲਗਦਾ ਹੈ ਕਿ ਜੇਡੀਐੱਸ-ਕਾਂਗਰਸ ਦਾ ਗੱਠਜੋੜ ਖ਼ਤਰੇ ਵਿੱਚ ਹੈ।

ਸਰਕਾਰ ਦੇ 13 ਵਿਧਾਇਕ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇਸ ਪਿੱਛੇ ਸੂਬੇ 'ਚ ਭਾਜਪਾ ਦੇ ਆਪਰੇਸ਼ਨ ਕਮਲ ਦਾ ਅਹਿਮ ਰੋਲ ਰਿਹਾ।

ਜਿਹੜੇ ਮੈਂਬਰ ਅਸਤੀਫ਼ਾ ਦੇ ਕੇ ਆਉਣਗੇ ਉਨ੍ਹਾਂ ਨੂੰ ਭਵਿੱਖ 'ਚ ਭਾਜਪਾ ਦੀ ਟਿਕਟ ਤੋਂ ਚੁਣੇ ਜਾਣ ਦਾ ਵਾਅਦਾ ਕੀਤਾ ਗਿਆ ਹੈ।

ਠੀਕ ਅਜਿਹਾ ਪ੍ਰਯੋਗ 2008 ਵਿੱਚ ਵੀ ਹੋਇਆ ਸੀ, ਜਦੋਂ ਕਰਨਾਟਕ ਵਿੱਚ ਭਾਜਪਾ ਸੱਤਾ ਵਿੱਚ ਚੁਣ ਕੇ ਆਈ ਸੀ।

ਤਾਂ ਅਜਿਹੇ ਵਿੱਚ ਜੋ ਹਾਲਾਤ ਬਣ ਰਹੇ ਹਨ ਕੀ ਉਨ੍ਹਾਂ ਦੇ ਅਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਇਹ ਦੇਸ ਮਜ਼ਬੂਤ ਇਕੱਲੀ ਸਿਆਸੀ ਪਾਰਟੀ ਵੱਲ ਵੱਧ ਰਿਹਾ ਹੈ?

ਕੀ ਇਸਦਾ ਮਤਲਬ ਇਹ ਕੱਢਿਆ ਜਾਣਾ ਚਾਹੀਦਾ ਹੈ ਕਿ ਗੱਠਜੋੜ ਸਰਕਾਰਾਂ ਦਾ ਦੌਰ ਖ਼ਤਮ ਹੋਣ ਦੇ ਕੰਢੇ ਉੱਤੇ ਹੈ?

ਧਾਰਵਾੜ ਯੂਨੀਵਰਸਿਟੀ ਵਿੱਚ ਰਾਜਨੀਤਿਕ ਵਿਗਿਆਨ ਵਿਭਾਗ ਦੇ ਪ੍ਰੋਫ਼ੈਸਰ ਹਰੀਸ਼ ਰਾਮਾਸਵਾਮੀ ਕਹਿੰਦੇ ਹਨ, "ਇੱਕ ਲਿਹਾਜ਼ ਨਾਲ ਅਜਿਹਾ ਹੈ। ਸਾਲ 2019 ਦੀਆਂ ਲੋਕਸਭਾ ਚੋਣਾਂ ਅਤੇ ਉਸਦੇ ਨਤੀਜਿਆਂ ਨਾਲ ਇਹ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿ ਭਾਰਤ 'ਚ ਸਿਆਸੀ ਪਾਰਟੀਆਂ ਨੇ ਆਪਣੀ ਸਾਖ ਗਵਾਈ ਹੈ।"

"ਨਾਲ ਹੀ ਭਾਜਪਾ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਵੀ ਮੌਜੂਦਾ ਸਮੇਂ 'ਚ ਕਿਸੇ ਪਾਰਟੀ ਕੋਲ ਨਹੀਂ ਹੈ।''

ਰਾਜਨੀਤਿਕ ਮਾਮਲਿਆਂ ਦੇ ਜਾਣਕਾਰ ਮਹਾਦੇਵ ਪ੍ਰਕਾਸ਼ ਕਰਨਾਟਕ 'ਚ ਸਾਲ 1983 ਵਿੱਚ ਹੋਏ ਪਹਿਲੇ ਗੱਠਜੋੜ ਵੱਲ ਇਸ਼ਾਰਾ ਕਰਦੇ ਹਨ।

ਇਹ ਗੱਠਜੋੜ ਰਾਮਕ੍ਰਿਸ਼ਣ ਹੇਗੜੇ ਦੀ ਅਗਵਾਈ ਵਾਲੀ ਜਨਤਾ ਪਾਰਟੀ-ਕ੍ਰਾਂਤੀਰੰਗ ਦੇ ਵਿਚਾਲੇ ਹੋਇਆ ਸੀ। ਇਸਨੂੰ ਭਾਜਪਾ ਅਤੇ ਕਮਿਊਨਿਸਟ ਪਾਰਟੀ ਦਾ ਵੀ ਸਮਰਥਨ ਸੀ।

ਪਰ ਜਦੋਂ ਸਾਲ 1984 'ਚ ਲੋਕਸਭਾ ਚੋਣਾਂ ਹੋਈਆਂ ਤਾਂ ਇਹ ਗੱਠਜੋੜ ਬੁਰੀ ਤਰ੍ਹਾਂ ਪੱਛੜ ਗਿਆ ਕਿਉਂਕਿ ਕਾਂਗਰਸ ਨੂੰ 28 ਲੋਕਸਭਾ ਸੀਟਾਂ ਵਿੱਚੋਂ 24 ਸੀਟਾਂ ਮਿਲੀਆਂ ਸਨ।

ਇਸ ਤੋਂ ਬਾਅਦ ਜਦੋਂ ਸਾਲ 2004 ਦੀਆਂ ਵਿਧਾਨਸਭਾ ਚੋਣਾਂ 'ਚ ਕਾਂਗਰਸ ਸਭ ਤੋਂ ਵੱਡੇ ਦਲ ਦੇ ਰੂਪ ਵਿੱਚ ਸਾਹਮਣੇ ਆਈ ਤਾਂ ਕਾਂਗਰਸ-ਜੇਡੀਐੱਸ ਦਾ ਗੱਠਜੋੜ ਵੀ ਟੁੱਟ ਗਿਆ।

ਐੱਚਡੀ ਕੁਮਾਰਸਵਾਮੀ ਨੇ ਗੱਠਜੋੜ ਦੀ ਸਰਕਾਰ ਚਲਾਉਣ ਲਈ ਸਾਲ 2006 'ਚ ਭਾਜਪਾ ਦੇ ਨਾਲ ਹੱਥ ਮਿਲਾਇਆ ਪਰ ਗੱਲ ਇੱਥੇ ਵੀ ਨਾ ਬਣੀ।

ਮਹਾਦੇਵ ਪ੍ਰਕਾਸ਼ ਕਹਿੰਦੇ ਹਨ ਕਿ ਜੇਡੀਐੱਸ ਅਤੇ ਕਾਂਗਰਸ ਦਾ ਗੱਠਜੋੜ, ਗੱਠਜੋੜ ਦੀਆਂ ਸਰਕਾਰਾਂ ਦੇ ਸੰਦਰਭ ਵਿੱਚ ਤੀਜਾ ਪ੍ਰਯੋਗ ਰਿਹਾ।

"ਜੇ ਗੱਲ ਸਾਲ 2019 ਦੀਆਂ ਲੋਕਸਭਾ ਚੋਣਾਂ ਦੀ ਕਰੀਏ ਤਾਂ ਪੂਰੇ ਦੇਸ ਦੀ ਜਨਤਾ ਨੇ ਗੱਠਜੋੜ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ। ਲੋਕਾਂ ਨੇ ਤੈਅ ਕੀਤਾ ਕਿ ਇੱਕ ਪਾਰਟੀ ਦੀ ਸਰਕਾਰ ਹੀ ਸਭ ਤੋਂ ਚੰਗੀ ਹੋਵੇਗੀ ਕਿਉਂਕਿ ਗੱਠਜੋੜ ਲੋਕਾਂ ਨੂੰ ਸ਼ਾਸਨ ਨਹੀਂ ਦੇ ਪਾਉਂਦਾ।''

ਇਧਰ ਮੈਸੂਰ ਯੂਨੀਵਰਸਿਟੀ 'ਚ ਪੌਲਿਟਿਕਲ ਸਾਈਂਸ ਦੇ ਪ੍ਰੋਫ਼ੈਸਰ ਮੁਜ਼ੱਫ਼ਰ ਅਸਾੱਦੀ ਮਹਾਦੇਵ ਪ੍ਰਕਾਸ਼ ਦੀਆਂ ਗੱਲਾਂ ਨਾਲ ਸਹਿਮਤੀ ਨਹੀਂ ਰੱਖਦੇ।

ਉਹ ਕਹਿੰਦੇ ਹਨ, ''ਗੱਠਜੋੜ ਦੀ ਸਰਕਾਰ ਤਮਾਮ ਰਾਜਨੀਤਿਕ ਅਤੇ ਹੋਰ ਕਈ ਮਤਭੇਦਾਂ ਦੇ ਬਾਵਜੂਦ ਕੰਮ ਕਰਨ ਵਿੱਚ ਸਮਰੱਥ ਸੀ। ਵਿਚਾਰਿਕ ਰੂਪ 'ਚ ਧਰਮ ਨਿਰਪੱਖਤਾ ਦੇ ਪੱਖ ਵਿੱਚ ਸਨ। ਇਹ ਤਮਾਮ ਪਿਛਲੀ ਰਾਜਨੀਤਿਕ ਲੜਾਈਆਂ ਅਤੇ ਹੰਕਾਰ ਦਾ ਟਕਰਾਅ ਹੀ ਹੈ ਜਿਸ ਨੇ ਮਤਭੇਦ ਪੈਦਾ ਕੀਤੇ ਹਨ।''

ਹਾਲਾਂਕਿ ਪ੍ਰੋਫ਼ੈਸਰ ਮੁਜ਼ੱਫ਼ਰ ਅਸਾੱਦੀ ਇਹ ਜ਼ਰੂਰ ਮੰਨਦੇ ਹਨ ਕਿ ਮੌਜੂਦਾ ਗੱਠਜੋੜ ਸਫ਼ਲ ਨਹੀਂ ਰਿਹਾ, ਪਰ ਉਹ ਇਸ ਪਿੱਛੇ ਭਾਜਪਾ ਨੂੰ ਮੰਨਦੇ ਹਨ।

ਉਨ੍ਹਾਂ ਦਾ ਕਹਿਣਾ ਹੈ, ''ਭਾਜਪਾ ਹਿੰਦੂ ਜਾਤੀ ਸਮੂਹਾਂ ਦਾ ਸੰਗਠਨ ਬਣਾਉਣ ਵਿੱਚ ਸਫ਼ਲ ਰਹੀ ਹੈ। ਭਾਜਪਾ ਨੇ ਸਾਰੀਆਂ ਹਿੰਦੂ ਜਾਤੀਆਂ ਨੂੰ ਇੱਕ ਮੰਚ ਉੱਤੇ ਲਿਆਉਣ ਦਾ ਕੰਮ ਕੀਤਾ ਹੈ ਜੋ ਭਾਜਪੇ ਦੇ ਹਿੰਦੁਤਵ ਤੋਂ ਬਿਲਕੁਲ ਵੱਖਰਾ ਹੈ।"

"ਕਰਨਾਟਕ 'ਚ ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ ਹਿੰਦੂਕਰਣ ਹੋਇਆ ਹੈ। ਹਾਲਾਂਕਿ ਜਦੋਂ ਮੈਂ ਇਹ ਕਹਿੰਦਾ ਹਾਂ ਤਾਂ ਮੇਰਾ ਮਤਲਬ ਹਿੰਦੂ ਧਰਮ ਤੋਂ ਬਿਲਕੁਲ ਨਹੀਂ ਹੈ। ਭਾਜਪਾ ਦਾ ਵੱਖ-ਵੱਖ ਜਾਤੀਆਂ ਨੂੰ ਇੱਕ ਮੰਚ ਉੱਤੇ ਲੈ ਕੇ ਆਉਣਾ ਕਾਂਗਰਸ ਅਤੇ ਜੇਡੀਐੱਸ ਦੇ ਸਮਾਜਿਕ ਆਧਾਰ ਦੇ ਖ਼ਿਲਾਫ਼ ਗਿਆ।''

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)