ਵਿਸ਼ਵ ਕੱਪ 2019: ਮਹਾਰਾਜਾ ਪਟਿਆਲਾ ਦੀ ਅਗਵਾਈ ’ਚ ਬਣੀ ਭਾਰਤ ਦੀ ਪਹਿਲੀ ਕ੍ਰਿਕਟ ਟੀਮ ਦੀ ਕਹਾਣੀ

    • ਲੇਖਕ, ਪ੍ਰਸ਼ਾਂਤ ਕਿਦਾਮਬੀ
    • ਰੋਲ, ਇਤਿਹਾਸਕਾਰ

ਕਿਹਾ ਜਾਂਦਾ ਹੈ ਕਿ ਕ੍ਰਿਕਟ ਭਾਰਤੀ ਖੇਡ ਹੈ ਜਿਸ ਦੀ ਕਾਢ ਅਣਜਾਣੇ ਵਿੱਚ ਅੰਗਰੇਜ਼ਾਂ ਨੇ ਕੀਤੀ।

ਇਹ ਇੱਕ ਇਤਿਹਾਸਕ ਦੁਚਿੱਤੀ ਹੈ ਜਿਸ ਖੇਡ ਨੂੰ ਬਰਤਾਨਵੀ ਰਾਜ ਵੇਲੇ ਦੇ ਭਾਰਤੀ ਅਮੀਰਾਂ ਨੇ ਸੰਭਾਲਿਆ ਉਹ ਅੱਜ ਪੂਰੇ ਭਾਰਤ ਦਾ ਨੈਸ਼ਨਲ ਜਨੂੰਨ ਬਣ ਗਿਆ ਹੈ।

ਇੰਨੀ ਹੀ ਖ਼ਾਸ ਗੱਲ ਇਹ ਵੀ ਹੈ ਕਿ ਭਾਰਤ ਦੁਨੀਆਂ ਦੇ ਕ੍ਰਿਕਟ ਵਿੱਚ ਇਕੱਲੀ ਮਹਾਸ਼ਕਤੀ ਬਣ ਦੇ ਉਭਰਿਆ ਹੈ।

ਭਾਰਤ ਦੇ ਲੋਕਾਂ ਲਈ ਉਨ੍ਹਾਂ ਦੀ ਕ੍ਰਿਕਟ ਟੀਮ ਹੀ ਉਨ੍ਹਾਂ ਦਾ ਦੇਸ ਹੈ। ਉਹ 'ਟੀਮ ਇੰਡੀਆ' ਨੂੰ ਕੌਮੀ ਏਕਤਾ ਦੇ ਪ੍ਰਤੀਕ ਵਜੋਂ ਦੇਖਦੇ ਹਨ ਅਤੇ ਉਸ ਦੇ ਖਿਡਾਰੀਆਂ ਵਿੱਚ ਦੇਸ ਦੀ ਵਿਭਿੰਨਤਾ ਦੀ ਝਲਕ ਮਹਿਸੂਸ ਕਰਦੇ ਹਨ।

ਕ੍ਰਿਕਟ ਕੰਟਰੀ

2011 ਵਿੱਚ ਸਾਬਕਾ ਕ੍ਰਿਕਟ ਖਿਡਾਰੀ ਰਾਹੁਲ ਦ੍ਰਵਿੜ ਨੇ ਕਿਹਾ ਸੀ, "ਇਸ ਪਿਛਲੇ ਦਹਾਕੇ ਵਿੱਚ ਭਾਰਤੀ ਟੀਮ ਨੇ ਵੱਖ-ਵੱਖ ਸੱਭਿਆਚਾਰਾਂ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲਿਆਂ, ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ, ਵੱਖ-ਵੱਖ ਵਰਗਾਂ ਤੋਂ ਆਉਣ ਵਾਲੇ ਲੋਕਾਂ ਨੇ ਸਾਡੇ ਦੇਸ ਦੀ ਨੁਮਾਇੰਦਗੀ ਕੀਤੀ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ।"

ਪਰ ਕ੍ਰਿਕਟ ਅਤੇ ਦੇਸ ਵਿਚਾਲੇ ਇਹ ਸਬੰਧ ਨਾ ਤਾਂ ਸੁਭਾਵਿਕ ਹੈ ਅਤੇ ਨਾ ਹੀ ਜ਼ਰੂਰੀ ਹੈ। 12 ਸਾਲ ਦੀਆਂ ਕੋਸ਼ਿਸ਼ਾਂ ਅਤੇ ਤਿੰਨ ਵਾਰ ਰੱਦ ਹੋਣ ਤੋਂ ਬਾਅਦ ਪਹਿਲੀ ਭਾਰਤੀ ਟੀਮ 1911 ਦੀ ਗਰਮੀਆਂ ਵਿੱਚ ਕ੍ਰਿਕਟ ਮੈਦਾਨ ਤੱਕ ਪਹੁੰਚੀ ਸੀ।

ਇਹ ਵੀ ਪੜ੍ਹੋ:

ਆਮ ਧਾਰਨਾ ਤੋਂ ਵੱਖ - ਜਿਵੇਂ ਕਿ ਹਿੰਦੀ ਫ਼ਿਲਮ ਲਗਾਨ ਵਿੱਚ ਦਿਖਾਇਆ ਗਿਆ ਹੈ - 'ਕੌਮੀ ਟੀਮ' ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਬਲਕਿ ਉਨ੍ਹਾਂ ਵੱਲੋਂ ਬਣਾਈ ਗਈ ਸੀ।

ਕ੍ਰਿਕਟ ਪਿੱਚ 'ਤੇ ਭਾਰਤ ਨੂੰ ਲਿਆਣ ਦਾ ਆਈਡੀਆ ਭਾਰਤੀ ਵਪਾਰੀਆਂ, ਰਾਜਸ਼ਾਹੀ ਅਤੇ ਅਮੀਰ ਵਰਗ, ਬਰਤਾਨਵੀ ਗਵਰਨਰਾਂ ਨਾਲ ਕੰਮ ਕਰਨ ਵਾਲਿਆਂ, ਸਰਕਾਰੀ ਮੁਲਾਜ਼ਮਾਂ, ਪੱਤਰਕਾਰਾਂ, ਸਿਪਾਹੀਆਂ ਅਤੇ ਪ੍ਰੋਫੈਸ਼ਨਲ ਕੋਚਾਂ ਨੇ ਮਿਲ ਦੇ ਹਕੀਕਤ ਬਣਾਇਆ।

ਬਸਤੀਵਾਦੀਆਂ ਤੇ ਸਥਾਨਕ ਅਮੀਰ ਵਰਗ ਵਿਚਾਲੇ ਇਸ ਗੱਠਜੋੜ ਕਾਰਨ ਹੀ ਭਾਰਤ ਦੀ ਕ੍ਰਿਕਟ ਟੀਮ, ਵਿਰਾਟ ਕੋਹਲੀ ਦੀ ਟੀਮ 2019 ਦੇ ਆਈਸੀਸੀ ਵਿਸ਼ਵ ਕੱਪ ਵਿੱਚ ਜਾਣ ਤੋਂ ਪਹਿਲਾਂ 100 ਤੋਂ ਵੱਧ ਵਾਰ ਬਰਤਾਨੀਆ ਵਿੱਚ ਜਾ ਕੇ ਖੇਡ ਚੁੱਕੀ ਹੈ।

ਰਣਜੀ ਦਾ ਜਲਵਾ

'ਭਾਰਤੀ' ਕ੍ਰਿਕਟ ਟੀਮ ਬਣਾਉਣ ਦੀ ਯੋਜਨਾ ਦਾ ਲੰਬਾ ਅਤੇ ਪੇਚੀਦਾ ਇਤਿਹਾਸ ਰਿਹਾ ਹੈ।

ਇਸ ਨੂੰ ਲੈ ਕੇ ਪਹਿਲਾ ਵਿਚਾਰ 1898 ਵਿੱਚ ਉਸ ਵੇਲੇ ਆਇਆ ਸੀ, ਜਦੋਂ ਭਾਰਤੀ ਰਾਜਕੁਮਾਰ ਕੁਮਾਰ ਸ਼੍ਰੀ ਰਣਜੀਤ ਸਿੰਘਜੀ ਜਾਂ ਰਣਜੀ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਬਰਤਾਨੀਆ ਤੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤੀ ਸੀ।

ਇਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਪ੍ਰਮੋਟਰਾਂ ਨੇ ਸੋਚਿਆ ਕਿ, ਇੱਕ ਪੂਰੀ ਟੀਮ ਬਣਾਈ ਜਾਣੀ ਚਾਹੀਦੀ ਹੈ। ਕ੍ਰਿਕਟ ਤੋਂ ਮਿਲੀ ਮਸ਼ਹੂਰੀ ਨੂੰ ਰਣਜੀ ਨਵਾਨਗਰ ਦਾ ਰਾਜਾ ਬਣਨ ਲਈ ਇਸਤੇਮਾਲ ਕਰਨਾ ਚਾਹੁੰਦੇ ਸਨ। ਉਹ ਇਹ ਪ੍ਰੋਜੈਕਟ ਬਾਰੇ ਸੁਣ ਕੇ ਹੈਰਾਨ ਹੋ ਗਏ।

ਉਨ੍ਹਾਂ ਨੂੰ ਲਗ ਰਿਹਾ ਸੀ ਕਿ ਇਸ ਨਾਲ ਉਨ੍ਹਾਂ ਦੀ ਕੌਮੀ ਪਛਾਣ, ਖਾਸਕਰ ਕ੍ਰਿਕਟ ਦੇ ਮੈਦਾਨ 'ਤੇ ਇੰਗਲੈਂਡ ਦੀ ਟੀਮ ਦੀ ਨੁਮਾਇੰਦਗੀ ਕਰਨ ਦੇ ਹੱਕ 'ਤੇ ਸਵਾਲ ਚੁੱਕੇ ਜਾ ਸਕਦੇ ਹਨ।

ਅੰਗਰੇਜ਼ੀ ਹਕੂਮਤ ਵਿੱਚ ਵੀ ਕਈ ਲੋਕ ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ ਉਸ ਵੇਲੇ ਬੌਂਬੇ ਦੇ ਸਾਬਕਾ ਗਵਰਨਰ ਲੌਰਡ ਹੈਰਿਸ ਜਿਨ੍ਹਾਂ ਨੇ ਕਦੇ ਵੀ ਰਣਜੀ ਦੀ ਕ੍ਰਿਕਟ ਦੀ ਕਾਮਯਾਬੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਹ ਹਮੇਸ਼ ਉਨ੍ਹਾਂ ਨੂੰ ਹਮੇਸ਼ਾ 'ਪਰਵਾਸੀ ਪੰਛੀ' ਕਹਿੰਦੇ ਰਹੇ।

ਚਾਰ ਸਾਲ ਬਾਅਦ ਇੱਕ ਹੋਰ ਕੋਸ਼ਿਸ਼ ਹੋਈ। ਭਾਰਤ ਵਿੱਚ ਯੂਰਪੀਆਂ ਨੇ ਤਾਕਤਵਰ ਸਥਾਨਕ ਰਈਸਾਂ ਨਾਲ ਮਿਲ ਕੇ ਭਾਰਤੀ ਟੀਮ ਬਣਾਉਣ ਦੀ ਸੋਚੀ। ਪਰ ਇਹ ਕੋਸ਼ਿਸ਼ ਫਿਰ ਤੋਂ ਨਾਕਾਮ ਹੋਈ।

ਅਜਿਹਾ ਇਸ ਲਈ ਹੋਇਆ ਕਿਉਂਕਿ ਪ੍ਰਸਤਾਵਿਤ ਟੀਮ ਵਿੱਚ ਨੁਮਾਇੰਦਗੀ ਦੇ ਸਵਾਲ 'ਤੇ ਹਿੰਦੂਆਂ, ਮੁਸਲਮਾਨਾਂ ਤੇ ਪਾਰਸੀਆਂ ਵਿਚਾਲੇ ਭਾਰੀ ਮਤਭੇਦ ਹੋਇਆ।

1906 ਵਿੱਚ ਹੋਈ ਕੋਸ਼ਿਸ਼ ਵੀ ਪਹਿਲਾਂ ਵਾਂਗ ਹੀ ਨਾਕਾਮ ਰਹੀ ਸੀ।

ਸਾਲ 1907 ਅਤੇ 1909 ਵਿਚਾਲੇ ਨੌਜਵਾਨ ਭਾਰਤੀਆਂ ਵਿੱਚ ਕ੍ਰਾਂਤੀਕਾਰੀ ਹਿੰਸਾ ਦੀ ਲਹਿਰ ਵੇਖੀ ਗਈ, ਜਿਨ੍ਹਾਂ ਨੇ ਬਰਤਾਨੀਆ ਦੇ ਅਧਿਕਾਰੀਆਂ ਅਤੇ ਉਨ੍ਹਾਂ ਸਥਾਨਕ ਸਹਿਯੋਗੀਆਂ ਨੂੰ ਨਿਸ਼ਾਨੇ 'ਤੇ ਲਿਆ।

ਇਸ ਤੋਂ ਬਾਅਦ ਬਰਤਾਨੀਆ ਵਿੱਚ ਮੰਗ ਉੱਠਣ ਲੱਗੀ ਕਿ ਭਾਰਤੀਆਂ ਨੂੰ ਬਰਤਾਨੀਆ ਵਿੱਚ ਖੁੱਲ੍ਹੇ ਅਸਮਾਨ ਵਿੱਚ ਘੁੰਮਣ ਤੋਂ ਰੋਕਿਆ ਜਾਵੇ।

ਮਹਾਰਾਜਾ ਪਟਿਆਲਾ ਬਣੇ ਸੀ ਕਪਤਾਨ

ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਹੋਏ ਨਕਾਰਾਤਮਕ ਪ੍ਰਚਾਰ ਤੋਂ ਨਿਰਾਸ਼ ਮੁੱਖ ਵਪਾਰੀਆਂ ਅਤੇ ਮਸ਼ਹੂਰ ਹਸਤੀਆਂ ਦੇ ਨਾਲ ਮੁੱਖ ਭਾਰਤੀ ਰਾਜਕੁਮਾਰਾਂ ਨੇ ਕ੍ਰਿਕਟ ਟੀਮ ਬਣਾ ਕੇ ਲੰਡਨ ਭੇਜਣ ਦੇ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਨ ਬਾਰੇ ਸੋਚਿਆ।

ਇਹ ਉਹ ਇਤਿਹਾਸਕ ਪ੍ਰਸੰਗ ਹੈ ਜਿਸ ਦੇ ਤਹਿਤ ਪਹਿਲੀ 'ਆਲ ਇੰਡੀਆ' ਕ੍ਰਿਕਟ ਟੀਮ ਨੇ ਆਕਾਰ ਲਿਆ।

ਭਾਰਤ ਦੀ ਨੁਮਾਇੰਦਗੀ ਕਰਨ ਲਈ ਜਿਨ੍ਹਾਂ ਲੋਕਾਂ ਨੂੰ ਚੁਣਿਆ ਗਿਆ, ਉਹ ਬਹੁਤ ਹੀ ਵੱਖ-ਵੱਖ ਤਰ੍ਹਾਂ ਦੇ ਲੋਕ ਸਨ।

ਟੀਮ ਦੇ ਕਪਤਾਨ ਸੀ 19 ਸਾਲ ਦੇ ਭੁਪਿੰਦਰ ਸਿੰਘ, ਜੋ ਪਟਿਆਲਾ ਤੋਂ ਸੀ। ਉਹ ਭਾਰਤ ਦੇ ਸਭ ਤੋਂ ਤਾਕਤਵਰ ਸਿੱਖ ਰਿਆਸਤ ਦੇ ਨਵੇਂ ਬਣੇ ਰਾਜਾ ਸਨ।

ਬਾਕੀ ਦੀ ਟੀਮ ਨੂੰ ਧਰਮ ਦੇ ਆਧਾਰ 'ਤੇ ਚੁਣਿਆ ਗਿਆ ਸੀ, ਇਨ੍ਹਾਂ ਵਿੱਚ 6 ਪਾਰਸੀ, ਪੰਜ ਹਿੰਦੂ ਅਤੇ ਤਿੰਨ ਮੁਸਲਮਾਨ ਸਨ।

ਇਸ ਪਹਿਲੀ ਭਾਰਤੀ ਕ੍ਰਿਕਟ ਟੀਮ ਵਿੱਚ ਸਭ ਤੋਂ ਖ਼ਾਸ ਗੱਲ ਇਹ ਸੀ ਕਿ ਦੋ ਦਲਿਤ ਇਸ ਟੀਮ ਦਾ ਹਿੱਸਾ ਸਨ। ਪਾਲਵੰਕਰ ਭਾਈ ਬਾਲੂ ਤੇ ਸ਼ਿਵਰਾਮ ਬੌਂਬੇ ਤੋਂ ਸਨ।

ਉਹ ਜਾਤੀਵਾਦ ਨੂੰ ਚੁਣੌਤੀ ਦਿੰਦੇ ਹੋਏ ਆਪਣੇ ਵਕਤ ਦੇ ਮਹਾਨ ਖਿਡਾਰੀ ਬਣੇ।

ਇਹ ਟੀਮ ਦਿਖਾਉਂਦੀ ਹੈ ਕਿ ਕਿਵੇਂ 20ਵੀਂ ਸਦੀ ਦੀ ਸ਼ੁਰੂਆਤ ਦੌਰਾਨ ਬਸਤੀਵਾਦੀ ਭਾਰਤ ਵਿੱਚ ਕ੍ਰਿਕਟ ਨੇ ਸੱਭਿਆਚਾਰਕ ਅਤੇ ਸਿਆਸੀ ਝਲਕ ਪੇਸ਼ ਕੀਤੀ।

ਕਿਉਂ ਜ਼ਰੂਰੀ ਹੈ ਪਹਿਲੀ ਟੀਮ ਬਾਰੇ ਜਾਣਨਾ?

ਪਾਰਸੀਆਂ ਲਈ ਕ੍ਰਿਕਟ ਦਾ ਮੈਦਾਨ ਖ਼ਾਸ ਮਹੱਤਵ ਲੈ ਕੇ ਆਇਆ ਸੀ ਉਹ ਵੀ ਅਜਿਹੇ ਵੇਲੇ ਵਿੱਚ ਜਦੋਂ ਉਨ੍ਹਾਂ ਦੇ ਭਾਈਚਾਰੇ ਦੇ ਪਤਨ ਨੂੰ ਲੈ ਕੇ ਚਿੰਤਾਵਾਂ ਵਧਣ ਲਗੀਆਂ ਸਨ।

ਹਿੰਦੂ ਅਤੇ ਮੁਸਲਮਾਨ ਵਿੱਚ ਪਿੱਚ ਅਤੇ ਦੂਜੀਆਂ ਥਾਂਵਾਂ 'ਤੇ ਮੁਕਾਬਲਾ ਜ਼ਿਆਦਾ ਵੱਧ ਗਿਆ ਸੀ ਅਤੇ ਪਾਰਸੀ ਖੁਦ ਦੇ ਘਟਦੇ ਅਸਰ ਨੂੰ ਲੈ ਚਿੰਤਿਤ ਹੋ ਗਏ ਸਨ।

ਖ਼ਾਸ ਤੌਰ 'ਤੇ ਇਹ ਖੇਡ ਭਾਰਤ ਵਿੱਚ ਸਭ ਤੋਂ ਅਹਿਮ ਕਦਮਾਂ ਵਿੱਚੋਂ ਇੱਕ ਸੀ। ਇਸ ਨਾਲ ਮੁਸਲਮਾਨਾਂ ਨੂੰ ਨਵੀਂ ਸਿਆਸੀ ਪਛਾਣ ਬਣਾਉਣ ਵਿੱਚ ਮਦਦ ਮਿਲੀ।

ਪਹਿਲੀ ਭਾਰਤੀ ਟੀਮ ਵਿੱਚ ਚਾਰ ਮੁਸਲਮਾਨ ਖਿਡਾਰੀ ਸਨ। ਇਨ੍ਹਾਂ ਵਿੱਚੋਂ ਤਿੰਨ ਅਲੀਗੜ੍ਹ ਤੋਂ ਸਨ।

ਉਸੇ ਅਲੀਗੜ੍ਹ ਵਿੱਚ ਸਮਾਜਿਕ ਸੁਧਾਰਕ ਸਰ ਸੱਈਦਦ ਅਹਿਮਦ ਖ਼ਾਨ ਨੇ ਆਪਣੇ ਭਾਈਚਾਰੇ ਵਿੱਚ ਪੱਛਮੀ ਸਿੱਖਿਆ ਨੂੰ ਵਧਾਵਾ ਦੇਣ ਲਈ ਮੰਨੇ-ਪਰਮੰਨੇ ਸੰਸਥਾਨ, ਮੁਹੰਮਡਨ ਐਂਗਲੋ-ਓਰੀਐਂਟਲ ਕਾਲਜ ਦੀ ਸਥਾਪਨਾ ਕੀਤੀ ਸੀ।

ਇਹ ਵੀ ਪੜ੍ਹੋ:

ਕ੍ਰਿਕਟ ਉਹ ਪ੍ਰਿਜ਼ਮ ਵੀ ਬਣ ਗਿਆ ਸੀ ਜਿਸ ਕਾਰਨ ਹਿੰਦੂ ਸਮਾਜ ਨੂੰ ਜਾਤੀ ਵਿਵਸਥਾ ਦੇ ਮਾੜੇ ਅਸਰ ਬਾਰੇ ਵਿਚਾਰ ਕਰਨ ਬਾਰੇ ਮਜਬੂਰ ਹੋਣਾ ਪਿਆ।

ਪਾਲਵੰਕਰਾਂ ਲਈ ਕ੍ਰਿਕਟ ਵਿਤਕਰੇ ਦੇ ਖਿਲਾਫ਼ ਇਨਸਾਫ਼ ਤੇ ਆਤਮ ਸਨਮਾਨ ਦਾ ਸੰਘਰਸ਼ ਬਣ ਗਿਆ ਸੀ।

ਕ੍ਰਿਕਟ ਵਿੱਚ ਪੈਸਾ ਲਗਾਉਣ ਵਾਲੇ ਅਤੇ ਇਸ ਦਾ ਪ੍ਰਬੰਧ ਕਰਨ ਵਾਲਿਆਂ ਸਾਮਰਾਜ ਦੇ ਪ੍ਰਤੀ ਵਫ਼ਾਦਾਰ ਲੋਕਾਂ ਲਈ ਕ੍ਰਿਕਟ ਭਾਰਤ ਦੀ ਸਕਾਰਾਤਮਕ ਅਕਸ ਦਾ ਪ੍ਰਚਾਰ ਕਰਨ ਦਾ ਜ਼ਰਿਆ ਬਣ ਗਿਆ।

ਇਸ ਨਾਲ ਉਨ੍ਹਾਂ ਨੇ ਬਰਤਾਨੀਆ ਨੂੰ ਇਹ ਭਰੋਸਾ ਦਿੱਤਾ ਕਿ ਦੇਸ ਬਰਤਾਨਵੀ ਸਾਮਰਾਜ ਦਾ ਵਫ਼ਾਦਾਰ ਹਿੱਸਾ ਬਣ ਕੇ ਰਹੇਗਾ।

ਪਹਿਲੀ ਆਲ-ਇੰਡੀਆ ਕ੍ਰਿਕਟ ਟੀਮ ਦਾ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੌਰੇ ਦਾ ਮੁੱਖ ਮਕਸਦ ਇਹੀ ਸੀ।

ਇਹ ਕੋਈ ਇਤਫਾਕ ਦੀ ਗੱਲ ਨਹੀਂ ਸੀ ਕਿ ਇਸੇ ਸਾਲ ਜਾਰਜ ਪੰਜਵੇਂ ਨੂੰ ਰਸਮੀ ਤੌਰ 'ਤੇ ਲੰਦਨ ਵਿੱਚ ਸਮਰਾਟ ਦਾ ਤਾਜ ਪਹਿਨਾਇਆ ਗਿਆ ਅਤੇ ਫਿਰ ਉਹ ਦਿੱਲੀ ਦਰਬਾਰ ਲਈ ਭਾਰਤ ਦੌਰ 'ਤੇ ਆਏ ਸਨ।

ਅਜਿਹੇ ਵਕਤ ਵਿੱਚ ਇਸ ਭੁਲਾ ਦਿੱਤੇ ਗਏ ਇਤਿਹਾਸ ਨੂੰ ਯਾਦ ਰੱਖਣ ਜ਼ਰੂਰੀ ਹੈ ਜਦੋਂ ਉਪਮਹਾਂਦੀਪ ਵਿੱਚ ਕ੍ਰਿਕਟ ਨੂੰ ਅਤਿ ਰਾਸ਼ਟਰਵਾਦ ਨਾਲ ਜੋੜ ਦਿੱਤਾ ਗਿਆ ਹੈ।

(ਡਾ. ਪ੍ਰਸ਼ਾਂਤ ਕਿਦਾਮਬੀ ਯੂਨੀਵਰਸਿਟੀ ਆਫ ਲੈਸਟਰ ਵਿੱਚ ਬਸਤੀਵਾਦੀ ਸ਼ਹਿਰੀ ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ ਹਨ। ਉਨ੍ਹਾਂ ਨੇ 'ਕ੍ਰਿਕਟ ਕੰਟਰੀ: ਦਿ ਅਨਟੋਲਡ ਹਿਸਟਰੀ ਆਫ ਫਰਸਟ ਆਲ ਇੰਡੀਆ ਟੀਮ' ਨਾਂ ਨਾਲ ਕਿਤਾਬ ਵੀ ਲਿਖੀ ਹੈ ਜਿਸ ਨੂੰ ਪੈਂਗਵਿਨ ਵੀਈਕਿੰਗ ਨੇ ਛਾਪਿਆ ਹੈ।)

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)