ਸੰਗਰੂਰ 'ਚ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਬੋਲੀ ਦੌਰਾਨ ਦੋ ਧਿਰਾਂ ਵਿੱਚ ਹਿੰਸਕ ਝੜਪ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਸੰਗਰੂਰ ਤੋਂ ਬੀਬੀਸੀ ਪੰਜਾਬੀ ਲਈ

"ਸਾਡੇ ਪਿੰਡ ਦੀ ਗ੍ਰਾਮ ਸਭਾ 'ਚ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਲਿਤ ਭਾਈਚਾਰੇ ਨੂੰ 33 ਸਾਲ ਲਈ ਪਟੇ ਉੱਤੇ ਦੇਣ ਦਾ ਮਤਾ ਪਾਇਆ ਗਿਆ ਸੀ। ਇਸਦੇ ਬਾਵਜੂਦ ਸਿਵਲ ਅਧਿਕਾਰੀਆਂ ਵੱਲੋਂ ਜ਼ਮੀਨ ਦੀ ਬੋਲੀ ਰੱਖ ਦਿੱਤੀ ਗਈ ਤੇ ਜਦੋਂ ਅਸੀਂ ਇਸ ਦਾ ਵਿਰੋਧ ਕੀਤਾ ਤਾਂ ਪਿੰਡ ਦੇ ਕੁੱਝ ਲੋਕਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ।"

ਇਹ ਕਹਿਣਾ ਹੈ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਦੇ ਦਲਿਤ ਭਾਈਚਾਰੇ ਨਾਲ ਸਬੰਧਿਤ ਜਗਤਾਰ ਸਿੰਘ ਦਾ।

ਹੋਇਆ ਕੀ?

ਪਿੰਡ ਤੋਲੇਵਾਲ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਏ ਟਕਰਾਅ ਕਾਰਨ ਲਗਭਗ ਅੱਧਾ ਦਰਜਨ ਲੋਕ ਜ਼ਖ਼ਮੀ ਹੋ ਗਏ।

ਇਸ ਪਿੰਡ ਵਿੱਚ ਦਲਿਤ ਭਾਈਚਾਰੇ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਅੱਜ (1 ਜੁਲਾਈ) ਬੋਲੀ ਰੱਖੀ ਗਈ ਸੀ। ਦਲਿਤ ਵਰਗ ਦੇ ਲੋਕਾਂ ਨੇ ਬੋਲੀ ਸਬੰਧੀ ਇਤਰਾਜ਼ ਜਤਾਇਆ ਤਾਂ ਦੂਜੀ ਧਿਰ ਨਾਲ ਉਨ੍ਹਾਂ ਦਾ ਟਕਰਾਅ ਹੋ ਗਿਆ।

ਇਹ ਵੀ ਪੜ੍ਹੋ:

ਕੀ ਕਹਿੰਦੇ ਹਨ ਸਰਪੰਚ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ?

ਪਿੰਡ ਦੇ ਸਰਪੰਚ ਬੇਅੰਤ ਸਿੰਘ ਵੀ ਦਲਿਤ ਭਾਈਚਾਰੇ ਨਾਲ ਹੀ ਸਬੰਧਿਤ ਹਨ, ਉਨ੍ਹਾਂ ਇਸ ਘਟਨਾ ਬਾਰੇ ਕਿਹਾ, ''ਗ੍ਰਾਮ ਸਭਾ ਵੱਲੋਂ ਪਾਏ ਮਤੇ 'ਤੇ ਸਿਵਲ ਅਧਿਕਾਰੀਆਂ ਵੱਲੋਂ ਨਾ ਤਾਂ ਅਮਲ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਰੱਦ ਕੀਤਾ ਗਿਆ।''

ਉਨ੍ਹਾਂ ਅੱਗੇ ਕਿਹਾ, ''ਬੀਡੀਪੀਓ ਵੱਲੋਂ ਮਤੇ ਨਾਲ ਸਬੰਧਿਤ ਜ਼ਮੀਨ ਦੀ ਬੋਲੀ ਰੱਖੀ ਗਈ ਅਤੇ ਸਰਪੰਚ ਹੋਣ ਦੇ ਨਾਤੇ ਮੈਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ। ਮੌਕੇ ਉੱਤੇ ਵੀ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸਾਡੇ ਭਾਈਚਾਰੇ ਨੇ ਜਦੋਂ ਇਤਰਾਜ਼ ਜਤਾਇਆ ਤਾਂ ਸਾਡੇ ਉੱਤੇ ਪਿੰਡ ਦੇ ਕੁਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ"

ਇਹ ਵੀ ਪੜ੍ਹੋ:

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਮੁਕੇਸ਼ ਮਲੌਦ ਮੁਤਾਬਕ, "ਤੋਲੇਵਾਲ ਪਿੰਡ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ 33 ਸਾਲ ਪਟੇ ਉੱਤੇ ਦੇਣ ਦੀ ਮੰਗ ਕਰ ਰਹੇ ਸਨ।''

''ਪ੍ਰਸ਼ਾਸਨ ਵੱਲੋਂ ਇਸ ਮੰਗ ਉੱਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਪਿੰਡ ਦੇ ਲੋਕਾਂ ਨੇ ਗ੍ਰਾਮ ਸਭਾ ਸੱਦ ਕੇ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤ ਭਾਈਚਾਰੇ ਨੂੰ ਪਟੇ ਉੱਤੇ ਦੇਣ ਦਾ ਮਤਾ ਪਾਸ ਕਰ ਦਿੱਤਾ। ਹੁਣ ਪ੍ਰਸ਼ਾਸਨ ਮਤਾ ਪਾਉਣ ਦੇ ਬਾਵਜੂਦ ਇਸ ਜ਼ਮੀਨ ਦੀ ਬੋਲੀ ਕਰਵਾਉਣਾ ਚਾਹੁੰਦਾ ਹੈ"

ਪੁਲਿਸ ਅਤੇ BDPO ਨੇ ਕੀ ਕਿਹਾ?

ਉਧਰ ਪੰਜਾਬ ਪੁਲਿਸ ਦੇ ਅਮਰਗੜ੍ਹ ਸਥਿਤ DSP ਸੁਬੇਗ ਸਿੰਘ ਮੁਤਾਬਕ ਤੋਲੇਵਾਲ ਪਿੰਡ ਵਿੱਚ ਹੋਏ ਟਕਰਾਅ ਸਬੰਧੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ।

ਉਨ੍ਹਾਂ ਕਿਹਾ, ''ਜੇ ਸਿਵਲ ਅਧਿਕਾਰੀਆਂ ਵੱਲੋਂ ਕਾਰਵਾਈ ਲਈ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਜਿੱਥੋਂ ਤੱਕ ਝਗੜੇ ਵਿੱਚ ਜ਼ਖ਼ਮੀਆਂ ਦਾ ਸਵਾਲ ਹੈ, ਇਸ ਸਬੰਧੀ ਵੀ ਸਬੰਧਿਤ ਹਸਪਤਾਲ ਤੋਂ ਪੁਲਿਸ ਨੂੰ ਜੇ ਕੋਈ ਰੁੱਕਾ ਪ੍ਰਾਪਤ ਹੁੰਦਾ ਹੈ ਤਾਂ ਜ਼ਖ਼ਮੀਆਂ ਦੇ ਬਿਆਨਾਂ ਦੇ ਅਧਾਰ ਉੱਤੇ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।"

ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਲੇਰਕੋਟਲਾ ਅਮਨਦੀਪ ਕੌਰ ਨੇ ਕਿਹਾ, ''ਅਸੀਂ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਉਣ ਗਏ ਸੀ ਪਰ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਵਿਰੋਧ ਕਰਨ ਵਾਲਿਆਂ ਅਤੇ ਪਿੰਡ ਦੇ ਹੀ ਕੁਝ ਹੋਰ ਲੋਕਾਂ ਦਾ ਆਪਸ ਵਿੱਚ ਟਕਰਾਅ ਵੀ ਹੋਇਆ ਹੈ।''

''ਬੋਲੀ ਨਾ ਹੋਣ ਦੇਣ ਵਾਲੇ ਦਰਜਨ ਦੇ ਕਰੀਬ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਅਸੀਂ ਪੁਲਿਸ ਨੂੰ ਲਿਖ ਦਿੱਤਾ ਹੈ। ਜਿੱਥੋਂ ਤੱਕ ਗ੍ਰਾਮ ਸਭਾ ਵੱਲੋਂ ਦਲਿਤਾਂ ਨੂੰ ਜ਼ਮੀਨ ਪਟੇ ਉੱਤੇ ਦੇਣ ਦਾ ਮਾਮਲਾ ਹੈ, ਇਹ ਕਾਨੂੰਨੀ ਤੌਰ ਉੱਤੇ ਸੰਭਵ ਨਹੀਂ ਹੈ। ਪੰਚਾਇਤੀ ਜ਼ਮੀਨ ਕਿੱਸੇ ਨਿੱਜੀ ਵਿਅਕਤੀ ਨੂੰ ਪਟੇ ਉੱਤੇ ਦੇਣ ਦੀ ਕੋਈ ਪ੍ਰੋਵਿਜ਼ਨ ਨਹੀਂ ਹੈ।''

ਉਨ੍ਹਾਂ ਅੱਗੇ ਕਿਹਾ, ''ਪੰਚਾਇਤੀ ਜ਼ਮੀਨ ਕਿਸੇ ਲਘੂ ਉਦਯੋਗ ਲਈ, ਸਰਕਾਰੀ ਪ੍ਰੋਜੈਕਟ ਲਈ ਜਾਂ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਨੂੰ ਹੀ ਪਟੇ ਉੱਤੇ ਦਿੱਤੀ ਜਾ ਸਕਦੀ ਹੈ। ਉਸ ਲਈ ਵੀ ਸਰਕਾਰ ਦੀ ਮਨਜ਼ੂਰੀ ਲੈਣੀ ਹੁੰਦੀ ਹੈ ਅਤੇ ਇਹ ਵੀ ਬੋਲੀ ਰਾਹੀਂ ਹੀ ਦਿੱਤੀ ਜਾ ਸਕਦੀ ਹੈ।"

ਸਾਬਕਾ ਸਰਪੰਚ ਤੇ ਡਾਕਟਰ ਕੀ ਕਹਿੰਦੇ

ਪਿੰਡ ਤੋਲੇਵਾਲ ਦੇ ਸਾਬਕਾ ਸਰਪੰਚ ਲਾਲ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ, ''ਮੇਰਾ ਇਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਮੇਰੇ ਬਾਰੇ ਸੰਘਰਸ਼ ਕਮੇਟੀ ਨੂੰ ਇਸ ਕਰਕੇ ਭੁਲੇਖਾ ਪਿਆ ਕਿਉਂਕਿ ਬੋਲੀ ਵੇਲੇ ਮੈਂ ਸਿਵਲ ਅਧਿਕਾਰੀਆਂ ਨਾਲ ਸੀ। ਮੈਂ ਦਲਿਤ ਵਰਗ ਨੂੰ ਜ਼ਮੀਨ ਠੇਕੇ ਉੱਤੇ ਦਿਵਾਉਣ ਲਈ ਪਿਛਲੇ ਸਮੇਂ ਇਨ੍ਹਾਂ ਦੀ ਮਦਦ ਕੀਤੀ ਸੀ।''

ਉਨ੍ਹਾਂ ਅੱਗੇ ਕਿਹਾ, ''ਇਹ ਪਿੰਡ ਦੇ ਦਲਿਤ ਭਾਈਚਾਰੇ ਦੇ ਦੋ ਗਰੁੱਪਾਂ ਦਾ ਹੀ ਝਗੜਾ ਹੈ, ਇਸ ਦਾ ਜਨਰਲ ਵਰਗ ਨਾਲ ਕੋਈ ਸਬੰਧ ਨਹੀਂ ਹੈ। ਦਲਿਤਾਂ ਦੀ ਸੰਘਰਸ਼ ਕਮੇਟੀ ਵਾਲੀ ਧਿਰ 33 ਸਾਲਾ ਪਟੇ ਉੱਤੇ ਜ਼ਮੀਨ ਲੈਣਾ ਚਾਹੁੰਦੀ ਹੈ ਜਦਕਿ ਦੂਜੀ ਧਿਰ ਸਲਾਨਾ ਬੋਲੀ ਉੱਤੇ ਜ਼ਮੀਨ ਲੈਣਾ ਚਾਹੁੰਦੀ ਹੈ। ਸੰਘਰਸ਼ ਕਮੇਟੀ ਵਾਲੀ ਧਿਰ ਤਿੰਨ ਵਾਰ ਬੋਲੀ ਕੈਂਸਲ ਕਰਵਾ ਚੁੱਕੀ ਹੈ ਅਤੇ ਅੱਜ ਵੀ ਪਿੰਡ ਵਿੱਚ ਤਿੰਨ ਵਾਰੀ ਇਨ੍ਹਾਂ ਵੱਲੋਂ ਬੋਲੀ ਵਿੱਚ ਰੁਕਾਵਟ ਪਾਈ ਗਈ ਜਿਸ ਕਰਕੇ ਇਨ੍ਹਾਂ ਦੋ ਧਿਰਾਂ ਦਾ ਟਕਰਾਅ ਹੋ ਗਿਆ।"

ਸਰਕਾਰੀ ਹਸਪਤਾਲ ਅਮਰਗੜ੍ਹ ਦੇ ਡਾ.ਪ੍ਰੀਤਇੰਦਰ ਕੌਰ ਨੇ ਬੀਬੀਸੀ ਨੂੰ ਦੱਸਿਆ ਕਿ ਤੋਲੇਵਾਲ ਤੋਂ 16 ਮਰੀਜ਼ ਜ਼ਖ਼ਮੀ ਆਏ ਹਨ, ਜਿੰਨ੍ਹਾਂ ਵਿੱਚੋਂ ਇੱਕ ਔਰਤ ਦੇ ਸਿਰ ਵਿੱਚ ਸੱਟ ਹੋਣ ਕਰਕੇ ਖ਼ੂਨ ਆ ਰਿਹਾ ਸੀ, ਜਿਸ ਕਰਕੇ ਉਸਨੂੰ ਸਰਕਾਰੀ ਹਸਪਤਾਲ ਪਟਿਆਲਾ ਰੈਫ਼ਰ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਇੱਕ ਨੂੰ ਜ਼ਿਆਦਾ ਸੱਟਾਂ ਹੋਣ ਕਰਕੇ ਮਲੇਰਕੋਟਲਾ ਦੇ ਸਰਕਾਰੀ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ। ਬਾਕੀ ਮਰੀਜ਼ਾਂ ਦਾ ਇਲਾਜ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ।

ਇਹ ਵੀਡੀਓਜ਼ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)